ਰਾਂਝਣ ਮਿਲਵਾਦੇ ਰੱਬਾ- ਗੁਰਮੀਤ ਕੜਿਆਲਵੀ

(ਹੁਣ ਦੱਸ ਕਾਹਦੇ ਮੇਲੇ ਹਾਕਮ ਯਾਰ ਬਿਨਾਂ )
ਗਿੱਦੜਬਾਹਾ ਪਹਿਲਾਂ ਵਾਂਗ ਹੀ ਘੁੱਗ ਵਸਦਾ ਹੈ। ਰੰਗੀਂ ਭਾਗੀਂ ਵਸਦੇ–ਰਸਦੇ ਨੇ ਲੋਕ। ਸਿਆਸਤ , ਗਾਇਕੀ, ਵਪਾਰ ਤੇ ਕੰਮ ਕਾਰ ਵਾਲੇ—ਉੱਚੇ ਸ਼ਮਲਿਆਂ ਤੇ ਮੁਰਾਤਬਿਆਂ ਵਾਲੇ। ਸ਼ਹਿਰ ਵਿੱਚ ਆਲੀਸ਼ਾਨ ਇਮਾਰਤਾਂ ਬਣ ਗਈਆਂ ਨੇ। ਵੱਡੇ-ਵੱਡੇ ਸਕੂਲ ਤੇ ਕਾਲਜ। ਸਿਆਸਤ ਦੇ ਘਨੇੜ੍ਹੇ ਚੜ੍ਹ ਕੇ ਗਿੱਦੜਬਾਹਾ ਨੇ ਆਪਣਾ ਮੂੰਹ ਮੱਥਾ ਵੀ ਖਾਸਾ ਸੁਆਰ ਲਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਹੀ ਗਿੱਦੜਬਾਹਾ ਕਿਸੇ ਨਾ ਕਿਸੇ ਸਖਸ਼ੀਅਤ ਕਰਕੇ ਚਰਚਾ ਵਿੱਚ ਰਿਹਾ ਹੈ। ਕੋਈ ਵਕਤ ਸੀ ਮੇਹਰ ਮਿੱਤਲ ਬਿਨਾਂ ਕੋਈ ਪੰਜਾਬੀ ਫਿਲਮ ਹੀ ਨਹੀਂ ਸੀ ਬਣਦੀ। ਉਸਦੀ “ਹੈਕਨਾ” ਦੀ ਪਾਲੀਵੁੱਡ ਵਿਚ ਤੂਤੀ ਬੋਲਦੀ। ਜੇ ਗਿੱਦੜਬਾਹੇ ਦੀ ਸਿਆਸਤ ਪੰਜਾਬ ਦੀ ਸੱਤਾ ‘ਤੇ ਕਬਜ਼ਾ ਜੰਮਾਈ ਬੈਠੀ ਰਹੀ ਤਾਂ ਗੁਰਦਾਸ ਮਾਨ ਨੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਪਰ ਗਿੱਦੜਬਾਹਾ ਹੁਣ ਉੱਕਾ ਈ ਖਿੱਚ ਨਹੀਂ ਪਾਉਂਦਾ। ਸੁੰਨ੍ਹਾ -ਸੁੰਨ੍ਹਾ ਜਿਹਾ। ਲੱਗਦਾ “ਹਾਕਮ ਸੂਫੀ ” ਯਾਰ ਬਿਨਾਂ ਉੱਥੇ ਹੁਣ ਹੈ ਈ ਕੀ ?
ਹਾਕਮ ਸੂਫੀ ਧਰਤੀ ਦਾ ਮਸਤ ਮੌਲਾ ਤੇ ਬੇਪਰਵਾਹ ਪੁੱਤ ਸੀ। ਨਸਵਾਰ ਬਣਾਉਣ ਲਈ ਜਾਣੀ ਜਾਂਦੀ ਗਿੱਦੜਬਾਹਾ ਮੰਡੀ ਦਾ ਰੇਲਵੇ ਸਟੇਸ਼ਨ ਲੰਘ ਕੇ ਉਸਨੂੰ ਮਿਲਣ ਜਾਣਾ ਤਾਂ ਮਾਂ ਨੇ ਆਖਣਾ,” ਤੁਸੀਂ ਬੈਠੋ ਪੁੱਤ, ਮੈਂ ਭਾਲ ਕੇ ਲਿਆਉਨੀ ਆਂ। ਐਥੇ ਕਿਸੇ ਕੋਲ ਬੈਠਾ ਹੋਊ। ਬੱਸ ਬੈਠਾ- ਬੈਠਾ ਈ ਟਿੱਭ ਗਿਆ ਕਿਧਰੇ।” ਅਸੀਂ ਹੈਰਾਨ ਹੁੰਦੇ , ਐਡਾ ਵੱਡਾ ਕਲਾਕਾਰ ਤੇ ਐਨੀ ਮਲੰਗੀ ?
“ਵੇ ਪੁੱਤ ਮੈਨੂੰ ਨ੍ਹੀ ਥਿਆਇਆ, ਅਹੁ ਦੂਰ ਟੇਸ਼ਣ ਤੱਕ ਵੀ ਦੇਖ ਆਈ ਆਂ। ਪਰ੍ਹਾਂ ਮੰਡੀ ਕੰਨੀ ਵੀ ਨਿਗਾਹ ਮਾਰਲੀ । ਕਿਤੇ ਨ੍ਹੀ ਮਿਲਿਆ। ਸ਼ੈਂਤ ਭਾਈ ਡੇਰੇ ਈ ਬਾਗਿਆ ਹੋਵੇ ?”
ਅਸੀਂ ਉਸਦੇ ਮਸੇਰ ਮੁੰਡੇ ਨੂੰ ਨਾਲ ਲੈ ਕੇ ਗਿੱਦੜਬਾਹੇ ‘ਚੋਂ ਹਾਕਮ ਨੂੰ ਭਾਲਣ ਚੜ੍ਹ ਜਾਂਦੇ । ਹਾਕਮ ਬਠਿੰਡੇ ਵਾਲੀ ਸੜਕ ‘ਤੇ ਬਣੇ ਰਜਨੀਸ਼ ਦੇ ਆਸ਼ਰਮ ਵਿੱਚ ਕੱਛਾ ਬਨੈਣ ਪਾਈ, ਫੁੱਲਾਂ-ਬੂਟਿਆਂ ਦੀ ਗੁੱਡ ਗੁਡਾਈ ਕਰਦਾ ਮਿਲਦਾ ਜਾਂ ਆਪਣੇ ਗੁਰ ਭਾਈਆਂ ਨਾਲ ਰਲ ਕੇ ਪਾਰਕ ਦੀ ਕਿਸੇ ਨੁੱਕਰੇ ਗਾਇਕੀ ਦੀ ਮਹਿਫ਼ਲ ਜਮਾਈ ਬੈਠਾ ਹੁੰਦਾ। ਇਹ ਰਜਨੀਸ਼ ਆਸ਼ਰਮ ਉਸਨੇ ਆਪਣੇ ਹੱਥੀਂ ਤਿਆਰ ਕੀਤਾ ਸੀ। ਛੋਟਾ ਤੇ ਪੱਧਰਾ ਤਲਾਅ, ਛੋਟੇ- ਛੋਟੇ ਫੁਹਾਰੇ , ਲੱਕੜੀ ਦੇ ਮੋਛੇ ਚੀਰ ਕੇ ਬਣਾਈਆਂ ਕੁਰਸੀਆਂ। ਬਾਂਸਾਂ ਦਾ ਬਣਾਇਆ ਚਬੂਤਰਾ, ਬਿਲਕੁੱਲ ਮਨ੍ਹੇ ਵਰਗਾ। ਚਾਰ ਚੁਫੇਰੇ ਦੀਆਂ ਦੀਵਾਰਾਂ ‘ਤੇ ਮੀਨਾਕਾਰੀ। ਸੂਫੀ ਦੇ ਹੱਥਾਂ ਵਿਚ ਲੋਹੜੇ ਦਾ ਜਸ ਸੀ। ਉਸਦੇ ਬਣਾਏ ਚਿਤਰ ਉਸਦੀ ਗਾਇਕੀ ਵਾਂਗ ਹੀ ਸੈਨਤਾਂ ਕਰਦੇ। ਅਸੀਂ ਲੱਕੜ ਦੀਆਂ ਪੌੜੀਆਂ ਚੜ੍ਹ ਕੇ ਉਸ ਮਨ੍ਹੇ ਉਪਰ ਜਾ ਬੈਠਦੇ। ਆਲੇ ਦੁਆਲੇ ਕਿਆਰੀਆਂ ਵਿਚ ਲੱਗਾ ਹਰਾ ਕਚੂਰ ਘਾਹ ਤੇ ਨਿੱਕੇ ਪਿਆਰੇ ਫੁੱਲ ਆਪਸ ਵਿੱਚ ਲੁਕਣਮੀਚੀ ਖੇਡਦੇ ਲੱਗਦੇ।
ਹਾਕਮ “ਓਸ਼ੋ ਰਜਨੀਸ਼” ਨੂੰ ਅਧਿਆਤਕ ਕਰਾਂਤੀਕਾਰੀ ਰਹਿਬਰ ਮੰਨਦਾ ਜੋ ਭਗੌੜੇ ਸੰਨਿਆਸੀਆਂ ਦੇ ਸਖਤ ਖਿਲਾਫ਼ ਸੀ। ਰਜਨੀਸ਼ ਦਾ ਜਾਤਪਾਤ ਵਿਰੋਧੀ, ਧਾਰਮਿਕ ਪਾਖੰਡੀਆਂ ਦੇ ਪਰਖਚੇ ਉਡਾਉਣ ਵਾਲਾ, ਫੋਕੀ ਆਜ਼ਾਦੀ ਤੇ ਵਿਕਾਸ ਦੇ ਗੁਣ-ਗਾਣ ਕਰਨ ਵਾਲੇ ਸਿਆਸਤਦਾਨਾਂ ਦੀ ਐਹੀ -ਤੈਹੀ ਫੇਰਨ ਵਾਲਾ ਫਲਸਫਾ– ਹਾਕਮ ਨੂੰ ਆਪਣੇ ਵੱਲ ਖਿੱਚ ਕੇ ਲੈ ਗਿਆ। ਹਾਕਮ 1978 ਵਿੱਚ ਓਸ਼ੋ ਰਜਨੀਸ਼ ਦੇ ਪੰਥ ਨਾਲ ਜੁੜਿਆ ਤੇ ਅੰਤ ਤੱਕ ਜੁੜਿਆ ਰਿਹਾ।
“ਓਸ਼ੋ ਇੱਕ ਅੱਗ ਸੀ। ਕਮਾਲ ਦਾ ਕ੍ਰਾਂਤੀਕਾਰੀ ਇਨਸਾਨ। ਹਰ ਤਰਾਂ ਦੇ ਪਾਖੰਡਾਂ, ਕਰਮਕਾਂਡਾਂ, ਲੁੱਟ-ਖਸੁੱਟ ਵਾਲੀ ਸਿਆਸਤ, ਇਤਿਹਾਸ ਦੇ ਨਾਂ ਹੇਠ ਪੜ੍ਹਾਏ ਜਾਂਦੇ ਮਿਥਿਹਾਸ, ਫਿਲਾਸਫੀ ਦੇ ਬਹਾਨੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਕੂੜ-ਕਬਾੜ ਅਤੇ ਧਾਰਮਿਕ ਕੱਟੜਤਾ ਦੇ ਖਿਲਾਫ਼ ਬਗਾਵਤ ਕਰਨ ਵਾਲਾ ਅਧਿਆਤਮਿਕ ਕ੍ਰਾਂਤੀਕਾਰੀ। ਉਸਦਾ ਭਾਸ਼ਨ ਜਾਦੂਈ ਸੀ। ਜੋ ਵੀ ਸੁਣਦਾ, ਉਸ ਵੱਲ ਖਿੱਚਿਆ ਤੁਰਿਆ ਆਉਂਦਾ। ਪ੍ਰੇਮ ਨੂੰ ਤਰਜੀਹ ਦਿੰਦਾ ਸੀ ਉਹ। ਬਾਬਿਆਂ ਦੀ ਮੇਰੇ ਉੱਪਰ ਬੜੀ ਕਿਰਪਾ ਸੀ। ਇਸੇ ਕਰਕੇ ਮੈਂ ਲੋਕਾਂ ਵਾਗੂੰ ਕੈਸੇਟਾਂ ਨ੍ਹੀਂ ਕਰਾਉਂਦਾ। ਮੈਂ ਕਿਸੇ ਤਰ੍ਹਾਂ ਵੀ ਫਰੱਸਟਡ ਨਹੀਂ। ਮੇਰੇ ਅੰਦਰ ਬੈਲੇਂਸ ਐ। ਮੈਂ ਕਿਸੇ ਦੌੜ ਵਿੱਚ ਨਹੀਂ ਪੈਂਦਾ। ਇਹ ਸਭ ਰਜਨੀਸ਼ ਜੀ ਦੀ ਬਦੌਲਤ ਐ। ਓਸ਼ੋ ਕਰਕੇ ਹੀ ਮੇਰੇ ਅੰਦਰ ਕਿੰਨੇ ਸਾਰੇ ਫੁੱਲ ਖਿੜੇ ਨੇ।” ਹਾਕਮ ਆਖਦਾ।
ਕਦੇ – ਕਦੇ ਹਾਕਮ ਨਾਲ ਲੰਮੀ ਬਹਿਸ ਛਿੜੀ ਜਾਂਦੀ। ਅਸੀਂ ਉਸਨੂੰ ਚਾਰ -ਚੁਫੇਰਿਓਂ ਘੇਰਨ ਦੀ ਕੋਸ਼ਿਸ਼ ਕਰਦੇ,
“ਬਾਈ ਤੇਰੀ ਸ਼ਾਇਰੀ ਵਿੱਚ ਸੂਫੀ ਰੰਗ। ਤੇਰੀ ਗਾਇਕੀ ਵਿੱਚ ਵੀ ਸੂਫੀਆਨਾ ਰੰਗਤ ਪਰ ਗੁਰੂ ਤੂੰ ਧਾਰ ਲਿਆ ਅਚਾਰੀਆ ਰਜ਼ਨੀਸ਼ ਨੂੰ? ਮੈਨੂੰ ਲੱਗਦਾ ਤੂੰ ਇਹਨਾਂ ਦੋਵਾਂ ਦੇ ਵਿੱਚ-ਵਿਚਾਲੇ ਈ ਲਟਕੀ ਜਾਨੈ ਕਿਧਰੇ?”
ਸਾਡੇ ਸੁਆਲ ਦੇ ਜਵਾਬ ਵਿੱਚ ਹਾਕਮ ਮਿੰਨ੍ਹੀ-ਮਿੰਨ੍ਹੀ ਮੁਸਕਰਾਹਟ ਹਵਾ ਵਿੱਚ ਬਿਖੇਰਦਾ।
“ਸੂਫੀਆਂ ਵਿੱਚ ਖਵਾਜ਼ਾ ਮੌਜੂਦੀਨ ਤੇ ਖੁਸਰੋ ਵਰਗੇ ਬਥੇਰੇ ਬੰਦੇ ਪੈਦਾ ਹੋਏ ਜਿਹੜੇ ਸੰਗੀਤ ਦੇ ਨਾਲ ਜੁੜੇ ਹੋਏ ਸਨ। ਇਹਨਾਂ ਸੂਫੀਆਂ ਨੇ ਸੰਗੀਤ ਨੂੰ ਨਵਾਂ ਰੂਪ ਦਿੱਤਾ। ਓਸ਼ੋ ਵਿਚ ਵੀ ਸਾਰੇ ਸੂਫੀਆਨਾ ਰੰਗ ਸਨ। ਉਹ ਬੰਦਾ ਆਪ ਵੀ ਨੱਚਦਾ ਸੀ ਤੇ ਦੂਜਿਆਂ ਨੂੰ ਵੀ ਨਚਾਉਂਦਾ ਸੀ, ਜਿਵੇਂ ਸਾਡੇ ਪੁਰਾਤਨ ਸੂਫ਼ੀ ਕਰਦੇ ਸਨ।”
ਮੈˆ “ਛੱਲਾ” ਲਿਖਿਆ ਅਜੇ ਕੱਲ ਹੀ। ਬਾਕੀ ਗੱਲਾਂ ਬਾਅਦ ‘ਚ ਕਰਦੇ ਆਂ ,ਪਹਿਲਾਂ “ਛੱਲਾ” ਸੁਣਲੋ:–
ਮਾਏ ਨ੍ਹੀ ਮੈਂ ਇੱਕ ਸੱਦ ਮਾਰੀ
ਛੱਲਾ ਰੋਂਦਾ ਰੋਂਦਾ ਮੁੜਿਆ ।
ਲੱਖ ਸਲਾਮਾਂ ਇੱਕ ਅਰਜੋਈ
ਦਿਲ ਟੁੱਟਦਾ-ਟੁੱਟਦਾ ਜੁੜਿਆ ।
ਬੇਰੀਆਂ ਦੇ ਪੱਕ ਗਏ ਬੇਰ ਵੇ
ਸਾਨੂੰ ਅੱਲ੍ਹਾ ਮਿਲਾਇਆ ਫੇਰ ਵੇ
ਮੈਂ ਰੱਤੀਓਂ ਹੋਈ ਦੁਸੇਰ ਵੇ।
ਛੱਲਾ ਘਰ ਮੁੜ ਆਇਆ
ਗਲ਼ ਲਾਚਾ ਪਾਇਆ
ਮੇਰਾ ਤਨ ਮਨ ਜਿਉੜਾ ਡੋਲ ਗਿਆ
ਹਾਏ! ਹਾਏ! ਨੀ ਛੱਲਾ ਬੋਲ ਪਿਆ।
ਹਾਕਮ ਦੀ ਗਾਇਕੀ ਸ਼ੂਕਦੇ ਦਰਿਆ ਵਰਗੀ ਸੀ। ਦਿਲ ਦੀਆਂ ਤਰਬਾਂ ਛੇੜਨ ਵਾਲੀ। ਉਸਦੇ ਗੀਤਾਂ ਵਿਚੋਂ ਦੋਧਾ ਛੱਲੀ ਵਰਗਾ ਸੁਆਦ ਆਉਂਦਾ। ਬਾਈ ਗੁਰਭਜਨ ਗਿੱਲ ਹਾਕਮ ਦੀ ਗਾਇਕੀ ਨੂੰ ਗੁੜ ਦੇ ਕੜਾਹ ਵਰਗੀ ਆਖਦਾ, ਜਿਸ ਵਿਚੋਂ ਮਹਿਕ ਵੀ ਆਉਂਦੀ ਹੈ ਤੇ ਸੁਣਕੇ ਰੂਹ ਨੂੰ ਤਸੱਲੀ ਵੀ ਮਿਲਦੀ ਹੈ। ਹਾਕਮ ਜਦੋਂ ਉਦਾਸ ਗੀਤ ਛੂਹ ਲੈਂਦਾ, ਜਿਵੇਂ ਅੰਦਰੋਂ ਰੁੱਗ ਹੀ ਭਰ ਲੈਂਦਾ। ਹਵਾ ਹੁਬਕੀਆਂ ਭਰਨ ਲੱਗਦੀ। ਬਾਹਰੋਂ ਕਿਸੇ ਝੀਲ ਦੇ ਨਿਤੇਰੇ ਪਾਣੀ ਵਰਗੇ ਸ਼ਾਂਤ ਨਜ਼ਰ ਆਉਂਦੇ ਹਾਕਮ ਦੇ ਅੰਦਰ ਦਰਦਾਂ ਦੇ ਪਤਾ ਨਹੀਂ ਕਿੰਨ੍ਹੇ ਕੁ ਦਰਿਆ ਵਹਿੰਦੇ ਸਨ। ਦਰਦ ਤਾਂ ਹਾਕਮ ਜਿਵੇਂ ਆਪਣੇ ਨਾਲ ਲੈ ਕੇ ਹੀ ਜੰਮਿਆ ਸੀ।
ਹਾਕਮ ਨੂੰ ਮੈਂ ਪਹਿਲੀ ਵਾਰ ਗਿੱਦੜਬਾਹੇ ਹੀ ਮਿਲਿਆ ਸੀ। ਉਦੋਂ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵਲੋ ਰਵੀ-ਪਾਸ਼ ਚੇਤਨਾ ਕਾਰਵਾਂ ਦੇ ਨਾਲ ਉੱਥੇ ਗਏ ਸਾਂ। ਇਹ ਕਾਰਵਾਂ, ਲੇਖਕਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਸ ਸਿਰਮੌਰ ਸੰਸਥਾ ਦੇ ਨਵੇਂ-ਨਵੇਂ ਬਣੇ ਜਨਰਲ ਸਕੱਤਰ ਡਾ: ਤਾਰਾ ਸਿੰਘ ਸੰਧੂ ਦੇ ਦਿਮਾਗ ਦੀ ਸਿਰਜਣਾ ਸੀ। ਤਾਰਾ ਜਨਰਲ ਸਕੱਤਰ ਬਨਣ ਤੋਂ ਪਹਿਲਾਂ “ਸਰਬ ਭਾਰਤ ਨੌਜਵਾਨ ਸਭਾ” ਦਾ ਪ੍ਰਧਾਨ ਰਿਹਾ ਸੀ। ਪਾਰਟੀ ਦੇ ਅੰਦਰਲੇ ਗਰੁੱਪਾਂ ਦੀ ਖਿੱਚਣ-ਧੱਕਣ ਵਾਲੀ ਖੇਡ ਦੇ ਚੱਲਦਿਆਂ ਕਾਮਰੇਡਾਂ ਨੇ ਉਸਨੂੰ ਚਾਲ ਨਾਲ ਕੌਮੀ ਸਿਆਸਤ ਦੀਆਂ ਗਤੀਵਿਧੀਆਂ ਤੋਂ ਪਾਸੇ ਕਰਕੇ ਸਾਹਿਤਕ ਸਰਗਰਮੀਆਂ ਦੇ ਜੂਲ੍ਹੇ ਥੱਲੇ ਦੇ ਦਿੱਤਾ ਸੀ। ਕਈ ਦਹਾਕੇ ਲੀਡਰੀ ਕਰ ਚੁੱਕਿਆ ਤਾਰਾ ਸੰਧੂ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਵੀ ਸਿਆਸਤ ਵਾਂਗੂੰ ਹੀ ਧੂਹੀ ਰੱਖਦਾ।
ਚੰਡੀਗੜ੍ਹ ਤੋਂ ਚੱਲਿਆ ਰਵੀ-ਪਾਸ਼ ਕਾਰਵਾਂ ਮਾਲਵੇ ਦੇ ਕਈ ਨਿੱਕੇ ਵੱਡੇ ਸ਼ਹਿਰਾਂ ਵਿੱਚ ਸਮਾਗਮ ਕਰਦਾ ਗਿੱਦੜਬਾਹੇ ਪਹੁੰਚਿਆ ਸੀ। ਘੁਸਮੁਸੇ ਜਿਹੇ ਗਿੱਦੜਬਾਹਾ ਦੇ ਸਾਹਿਤ ਪ੍ਰੇਮੀਆਂ ਨੇ ਕਿਸੇ ਜਗਾਹ ਇਕੱਠ ਕੀਤਾ ਸੀ। ਬਰਨਾਲੇ ਵਾਲਾ ਗ਼ਜ਼ਲ਼ਗੋ ਬੂਟਾ ਸਿੰਘ ਚੌਹਾਨ ਵੀ ਸਾਡੇ ਨਾਲ ਸੀ। ਹੁਣ ਇਹ ਤਾਂ ਯਾਦ ਨਹੀਂ ਆ ਰਿਹਾ ਕਿ ਸਮਾਗਮ ਹੋਇਆ ਕਿਹੜੀ ਥਾਂ ਸੀ ਪਰ ਏਨਾ ਯਾਦ ਹੈ ਇਸਦੇ ਮੋਹਰੀਆਂ ਵਿਚ ਬਿਕਰਮਜੀਤ ਨੂਰ ਅਤੇ ਹਾਕਮ ਸੂਫੀ ਹੀ ਸਨ। ਉਹਨਾਂ ਨੇ ਹੀ ਕਾਫ਼ਲੇ ਨੂੰ ਜੀਅ ਆਇਆਂ ਆਖਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਬੂਟਾ ਸਿੰਘ ਚੌਹਾਨ ਦੀ ਤਰੰਨਮ ਨਾਲ ਗਾਈ ਸ਼ਾਇਰੀ ਨਾਲ ਹੁੰਦੀ। ਫੇਰ ਵਾਰੀ ਆਉਂਦੀ ਮੇਰੇ ਗਰਾਈਂ ਬਲਜੀਤ ਦੀ। ਉਹ ਆਪਣੀ ਦਮਦਾਰ ਆਵਾਜ਼ ਨਾਲ ਇਨਕਲਾਬੀ ਜੁੱਸੇ ਵਾਲੇ ਗੀਤ ਸੁਣਾਉਂਦਾ। ਗਿੱਦੜਬਾਹੇ ਵੀ ਉਸਨੇ ਅਵਤਾਰ ਪਾਸ਼ ਦੀ ਗ਼ਜ਼ਲ਼ “ਦਹਿਕਦੇ ਅੰਗਿਆਰਾਂ ‘ਤੇ ਸੌਂਦੇ ਰਹੇ ਨੇ ਲੋਕ” ਸੁਣਾਈ ਸੀ।
ਫਿਰ ਉਸਨੇ ਮਰਹੂਮ ਸ਼ਾਇਰ ਸੰਤ ਰਾਮ ਉਦਾਸੀ ਦਾ ਗੀਤ “ਮੇਰੀ ਮੌਤ `ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ” ਅਤੇ ਅਨੂਪ ਵਿਰਕ ਦੇ ਲਿਖੇ ਗੀਤ “ਰੋਕੀਂ ਰੋਕੀਂ ਨੀ ਮਾਏ ਪੁੱਤ ਆਪਣੇ ਨੂੰ, ਇਹ ਤਾਂ ਗਲਤ ਨਿਸ਼ਾਨੇ ਪਿਆ ਲਾਂਵਦਾ ਈ” ਸਮੇਤ ਅਨੇਕਾਂ ਗੀਤ ਗਾਏ। ਬਲਜੀਤ ਦੇ ਗਾਉਣ ਸਮੇਂ ਹਰਮੋਨੀਅਮ ਗਿੱਦੜਬਾਹਾ ਦਾ ਕੋਈ ਉਸਤਾਦ ਸੰਗੀਤਕਾਰ( ਸ਼ਾਇਦ ਮੁਕਟ ਬਿਹਾਰੀ) ਵਜਾਉਂਦਾ ਰਿਹਾ ਸੀ ਤੇ ਤਪਲਾ ਵਜਾਇਆ ਸੀ ਸਾਡੇ ਮਹਿਬੂਬ ਕਲਾਕਾਰ “ਹਾਕਮ ਸੂਫੀ” ਨੇ। ਅਸੀਂ ਹੈਰਾਨ ਸਾਂ ਕਿ ਮਾਂ ਬੋਲੀ ਦਾ ਐਡਾ ਵੱਡਾ ਗੀਤਕਾਰ ਤੇ ਗਾਇਕ ਇੱਕ ਸਿਖਾਂਦਰੂ ਕਾਲਜੀਏਟ ਮੁੰਡੇ ਦੇ ਗੀਤਾਂ ‘ਤੇ ਤਪਲਾ ਵਜਾਉਂਦਾ ਸੀ। ਫੇਰ ਇੱਕ ਘੰਟੇ ਦੇ ਲਗਪਗ ਗਿੱਦੜਬਾਹੇ ਦੇ ਮਸਤ ਅਲਬੇਲੇ ਜਿਹੇ ਸ਼ਾਇਰ ਬਚਿਤਰ ਪਾਰਸ ਦੀਆਂ ਰਚਨਾਵਾਂ ਕਿਸੇ ਬਹੁਤ ਹੀ ਸੁਰੀਲੇ ਗਾਇਕ ਨੇ ਸੁਣਾਈਆਂ। ਹਾਕਮ ਚੌਕੜਾ ਮਾਰੀ ਪੂਰੇ ਵਜਦ ਵਿਚ ਆਕੇ ਤਪਲਾ ਵਜਾਉਂਦਾ ਰਿਹਾ। ਇਹ ਉਹ ਮਹਾਨ ਦਿਨ ਸੀ ਜਿੱਦਣ ਮੈਂ ਪਹਿਲੀ ਵਾਰ ਹਾਕਮ ਸੂਫੀ ਨੂੰ ਮਿਲਿਆ ਸਾਂ। ਉਸ ਦਿਨ ਦਰਵੇਸ਼ ਕਹੇ ਜਾਂਦੇ ਗਾਇਕ ਅੰਦਰਲੀ “ਦਰਵੇਸ਼ੀ” ਦੇ ਸ਼ਾਖਸ਼ਾਤ ਦਰਸ਼ਨ ਕੀਤੇ ਸਨ। ਹਾਕਮ ਲੰਮੇ ਲੰਮੇ ਵਾਲ ਵਧਾ ਕੇ ਤੇ ਗਲ਼ ‘ਚ ਵੰਨ-ਸੁਵੰਨੀਆਂ ਮਾਲਾਵਾਂ ਪਾ ਕੇ ਬਣਿਆ ਭੇਖੀ ਸੂਫੀ ਦਰਵੇਸ਼ ਨਹੀਂ ਸੀ। “ਦਰਵੇਸ਼ੀ” ਉਸਦੇ ਅੰਦਰ ਸੀ। ਉਹ ਆਤਮਾ ਤੋਂ ਸੂਫੀ ਸੀ, ਬਿਲਕੁੱਲ ਉਹੋ ਜਿਹਾ , ਜਿਹੋ ਜਿਹਾ ਪੰਜਾਬੀ ਦੇ ਮੁੱਢਲੇ ਕਵੀ, ਜੋਗੀ ਚਰਪਟ ਨਾਥ ਨੇ ਕਿਹਾ ਸੀ,
” ਭੇਖ ਕਾ ਜੋਗੀ ਮੈ ਨਾ ਕਹਾਊ , ਆਤਮੇ ਕਾ ਜੋਗੀ ਚਰਪਟ ਨਾਉ”
ਆਤਮਾ ਦੇ ਇਸ ਫਕੀਰ-ਜੋਗੀ ਨੂੰ ਸਾਰੀ ਉਮਰਾਂ ਹੀ ਮਾਇਆ ਮੋਹਣੀ ਮੋਹ ਨਾ ਸਕੀ। ਜੇ ਉਹ ਚਹੁੰਦਾ ਤਾਂ ਰਿਕਾਰਡਿੰਗ ਕੰਪਨੀਆਂ ਦੀ ਮਰਜ਼ੀ ਅਨੁਸਾਰ ਗਾ ਕੇ ਢੇਰਾਂ ਪੈਸੇ ਕਮਾ ਲੈਂਦਾ।
“ਨੋਟਾਂ ਦੇ ਤਾਂ ਯਾਰੋ ਮੈਂ ਭਮੇ ਟਰੱਕ ਭਰ ਲੈਂਦਾ , ਬਸ ਮਾੜਾ ਜਿਹਾ ਸਮਝੌਤਾ ਈ ਕਰਨਾ ਸੀ ਪਰ —ਮੈਤੋਂ ਨੀ ਹੋਇਆ। ਮੈਤੋਂ ਹੋਣਾ ਵੀ ਨ੍ਹੀ । ਨਾਲੇ ਕੀ ਕਰਨੇ ਨੋਟ ?–ਹਾ ਹਾ। ” ਆਖਦਿਆਂ ਉਹ ਉਹ ਗਾਉਣ ਲੱਗਦਾ ,
ਅਜੇ ਵਕਤ ਮੁਹਾਰਾਂ ਮੋੜ, ਸੋਹਣਿਆਂ ਠੱਗਿਆ ਜਾਵੇਂਗਾ ।
ਇਥੇ ਦਿਲ ਹੀ ਦਿਲ ਦਾ ਚੋਰ , ਸੋਹਣਿਆ ਠੱਗਿਆ ਜਾਵੇਂਗਾ।
ਤੇਰੀ ਝੋਲੀ ਦੇ ਵਿਚ ਰੋੜ , ਸੋਹਣਿਆਂ ਠੱਗਿਆ ਜਾਵੇਂਗਾ।
“ਮੇਰੇ ਉਸਤਾਦ, ਗੁਰੂਦੇਵ ਜ਼ਨਾਬ ਮੁਹੰਮਦ ਫਕੀਰ ਸਾਹਿਬ, ਡੱਬਵਾਲੀ ਰਹਿੰਦੇ ਸਨ। ਦਰਗਾਹ ‘ਤੇ ਕਵਾਲੀ ਕਰਿਆ ਕਰਦੇ। ਮੈਂ ਉਹਨਾਂ ਦਾ ਸਾਥ ਦਿੰਦਾ। ਇਹ ਸੂਫੀ ਤਖੱਲਸ ਵੀ ਮੇਰੇ ਗੁਰੂਦੇਵ ਦੀ ਦੇਣ ਐ। ਗੁਰੂ ਜੀ ਨੇ ਕਹਿਣਾ ਕਿ ਹਾਕਮਾਂ, ਅਸੀਂ ਚਹੁੰਨੇ ਆਂ ਤੇਰੇ ਅੰਦਰ ਅਧਿਆਤਮਕ ਫੁੱਲ ਖਿੜਨ। ਉਸਤਾਦ ਜੀਆਂ ਨੇ ਹੀ ਮੈਨੂੰ ਓਸ਼ੋ ਰਜ਼ਨੀਸ਼ ਦੇ ਲੜ ਲੱਗਣ ਲਈ ਆਖਿਆ ਸੀ। ਹੁਣ ਤੁਸੀਂ ਦੱਸੋ ਪੈਸਿਆਂ ਮਗਰ ਦੌੜ ਕੇ ਮੈਂ ਆਪਣੇ ਗੁਰੂਜਨਾਂ ਦੇ ਬੋਲਾਂ ਨੂੰ ਕਿਵੇਂ ਪਿੱਠ ਵਿਖਾ ਦਿਆਂ? ਬੰਦੇ ਦੇ ਅੰਦਰ ਇਕ ਚੀਜ ਈ ਖਿੜ ਸਕਦੀ ਐ ਜਾਂ ਪੈਸਾ ਤੇ ਜਾਂ ਫਿਰ ਫਕੀਰੀ। ਹਾ ਹਾ ਹਾ—–ਕਮਲੇ ਹੋ ਜੋ ਕਮਲੇ। ਕੀ ਲੈਣਾ ਸਿਆਣੇ ਬਣ ਕੇ। ਕਮਲੇ ਹੋ ਜੋ ਕਮਲੇ। ਬੱਸ ਫੇਰ ਅਨੰਦ ਈ ਅਨੰਦ।” ਹਾਕਮ ਉੱਚੀ ਉੱਚੀ ਹੱਸਣ ਲੱਗਦਾ ਹੈ। ‘ਕਮਲੇ ਹੋ ਜੋ ਕਮਲੇ` ਜਿਵੇਂ ਉਸਦਾ ਤਕੀਆ ਕਲਾਮ ਸੀ।
ਕਦੇ-ਕਦੇ ਹਾਕਮ ਬਹੁਤ ਉਦਾਸ ਹੋ ਜਾਂਦਾ, ਧੁਰ ਅੰਦਰ ਤੱਕ। ਉਦੋਂ ਉਹ “ਨਾਭੇ” ਸ਼ਹਿਰ ਦਾ ਜ਼ਿਕਰ ਛੇੜ ਲੈਂਦਾ। ਨਾਭਾ ਉਹ ਸ਼ਹਿਰ ਹੈ ਜਿੱਥੇ ਉਸਦੇ ਅੰਦਰ ਸ਼ਾਇਰੀ ਦੇ ਅੰਕੁਰ ਫੁੱਟੇ। ਨਾਭੇ ਹੀ ਉਸਨੂੰ ਇਸ਼ਕ ਹੋਇਆ ਜੋ ਪ੍ਰਵਾਨ ਨਾ ਚੜ ਸਕਿਆ। ਉਹ ਵਿਛੜ ਚੁੱਕੇ ਮਹਿਬੂਬ ਨੂੰ ਯਾਦ ਕਰ ਕਦੇ ਹੱਸਦਾ ਤੇ ਕਦੇ ਰੋਣ ਲੱਗ ਪੈਂਦਾ। ਕੋਈ ਅੱਖੀਆਂ ਪੂੰਝਣ ਵਾਲਾ ਆਪਣਾ ਕੋਲ ਹੋਵੇ, ਹਾਕਮ ਵਹਿ ਤੁਰਦਾ ਸੀ।
“ਯਾਰੋ ! ਮੈਨੂੰ ਇਕ ਆਰੀ ਪਟਿਆਲੇ ਗੇੜਾ ਕਢਾ ਲਿਆਉ, ਮੇਰੀ ਆਤਮਾ ਠਰਜੂ।” ਹਾਕਮ ਜਿਵੇਂ ਤਰਲਾ ਮਾਰਦਾ। ਉਹਦੀ ਮੁਹੱਬਤ ਹੁਣ ਪਟਿਆਲੇ ਰਹਿੰਦੀ ਸੀ। ਸਾਡੇ ਮਿੱਤਰ ਜਸਵਿੰਦਰ ਰੱਤੀਆਂ ਕੋਲ ਉਦੋਂ ਦੇਸੀ ਜਿਹੀ ਜੀਪ ਸੀ, ਉਸ ਹਾਕਮ ਨੂੰ ਬਹਾ ਕੇ ਜੀਪ ਪਟਿਆਲੇ ਲਿਜਾ ਵਾੜੀ।
“ਘਰ ਜਾਣਦੈਂ ? ” ਜਸਵਿੰਦਰ ਨੇ ਪੁੱਛਿਆ ਸੀ।
“ਹਾਂ! ” ਹਾਕਮ ਦੂਰ ਕਿਧਰੇ ਯਾਦਾਂ `ਚ ਗੁਆਚਿਆ ਪਿਆ ਸੀ।
“ਸਿਆਣ ਲੂ ਤੈਨੂੰ ? “
“ਨਹੀਂ ਭੁੱਲ ਸਕਦੀ ਉਹ! ” ਹਾਕਮ ਅੱਖਾਂ ਬੰਦ ਕਰਦਾ ਜੀਪ ਨੂੰ ਸੱਜੇ- ਖੱਬੇ ਮੋੜਨ ਦੀਆਂ ਹਿਦਾਇਤਾਂ ਕਰਦਾ, ਮਹਿਬੂਬ ਦੀ ਗਲੀ ਤੱਕ ਲੈ ਗਿਆ।
“ਖੜਕਾਦੇ ਘੰਟੀ ਬਾਈ–।” ਜੱਕੋ ਤੱਕੀ ਵਿਚ ਪਏ ਹਾਕਮ ਨੂੰ ਵੇਖਦਿਆਂ ਜਸਵਿਦਰ ਨੇ ਆਖਿਆ।
“ਨਹੀਂ ! ਬੱਸ ਮੋੜਲੈ ਜੀਪ ਪਿੱਛੇ ਨੂੰ।” ਹਾਕਮ ਨੇ ਆਪਣੀਆਂ ਅੱਖਾਂ ‘ਚ ਉੱਤਰ ਆਏ ਸਤਲੁਜ ਨੂੰ ਚੋਰੀ ਛੁਪੇ ਲੁਕਾਉਣ ਦਾ ਅਸਫਲ ਯਤਨ ਕੀਤਾ। ਜਸਵਿੰਦਰ ਇਸ ਮੌਕੇ ਹਾਕਮ ਦੀ ਹੀ ਕੈਸੇਟ ਚਲਾ ਦਿੰਦਾ। ਗੀਤ ਦੇ ਬੋਲ ਹਵਾ ਰਾਹੀਂ ਜਿਵੇਂ ਹਾਕਮ ਦੇ ਨਾਭੇ ਵਾਲੇ ਇਸ਼ਕ ਕੋਲ ਜਾ ਪਹੁੰਚੇ ਹੋਣ। ਹਾਕਮ ਵੀ ਨਾਲ -ਨਾਲ ਗਾਉਣ ਲੱਗਦਾ,
ਪਾਣੀ ਵਿੱਚ ਮਾਰਾਂ ਡੀਟਾਂ, ਕਰਦੀ ਪਈ ਰੋਜ਼ ਉਡੀਕਾਂ
ਰਾਝਣ ਮਿਲਵਾਦੇ ਰੱਬਾ ਪਾਵੀਂ ਨਾ ਦੂਰ ਤਾਰੀਕਾਂ
ਵਿਛੜਿਆ ਯਾਰ ਮਿਲਾਦੇ ਉਏ , ਸੱਜਣਾ ਦੇ ਮੇਲ ਕਰਾਦੇ ਉਏ–
ਢਾਬ ਉੱਤੇ ਬਹਿ ਕੇ ਕਦੇ ਕੀਤੀਆਂ ਸੀ ਗੱਲਾਂ,
ਹੁਣ ਇੰਜ ਲੱਗਦਾ ਏ , ਜਿਵੇਂ ਰੋਦੀਆਂ ਨੇ ਛੱਲਾਂ।
ਖਤ ਲਿਖਣਾ ਨਾ ਆਵੇ, ਕੀ ਸੁਨੇਹਾ ਤੈਨੂੰ ਘੱਲਾਂ।
ਹੁਣ ਬਹਿ ਕੇ ਬਨੇਰੇ , ਹੱਥ ਮਹਿੰਦੀ ਵਾਲੇ ਮੱਲਾਂ
ਤੂੰ ਮੇਰੀ- ਮੈਂ ਤੇਰਾ, ਲੱਗੀਆਂ ਦੇ ਬੋਲ ਪੁਗਾਦੇ ਉਏ—-
ਅਸੀਂ ਨਿੱਕੇ ਹੁੰਦੇ ਖੇਡਦੇ ਸਾਂ ਕੋਟਲਾ ਛਪਾਕੀ ,
ਸਾਡੇ ਪਿੰਡੇ ‘ਤੇ ਜਲੂਣੀ ਜਿਹੀ ਛੋਹ ਹਾਲੇ ਬਾਕੀ
ਤੂੰ ਤਾਂ ਇਸ਼ਕੇ ਦੀ ਬਾਜ਼ੀ , ਵਿੱਚ ਪਹਿਲੋਂ ਗਈ ਏਂ ਮਿੱਕ
ਅਸੀਂ ਰਹਿ ਗਏ ਹਾਂ ਫਾਡੀ , ਤੂੰ ਤਾਂ ਬਾਜ਼ੀ ਗਈਓਂ ਜਿੱਤ
ਕਿਵੇਂ ਮੇਲੇ ਵਿੱਚ ਜਾਵਾਂ, ਕਿਵੇਂ ਦਿਲ ਪਰਚਾਵਾਂ
ਕੋਈ ਬਾਂਹ ਉੱਤੇ ਨਾਂ ਖੁਣਵਾਦੇ ਉਏ, ਸੱਜਣਾ ਦੇ ਮੇਲ ਕਰਾਦੇ ਉਏ
ਹੱਥ ਪੂਣੀ ਨੂੰ ਜੇ ਲਾਵਾਂ, ਜਿੰਦ ਹਾੜੇ ਕੱਢਦੀ
ਸਾਡਾ ਇਸ਼ਕੇ ਦਾ ਸੇਕ, ਜਿੰਦ ਰਹੇ ਸੜਦੀ
ਇਹ ਕੀ ਹਾਕਮਾ ਤੂੰ ਕੀਤਾ, ਮੇਰਾ ਮਨ ਹਰ ਲੀਤਾ
ਮੈਂ ਤਾਂ ਹੋ ਗਈ ਹਾਂ ਮੌਲੀ, ਕੀ ਤਬੀਤ ਘੋਲ ਪੀਤਾ
ਕੋਈ ਅੱਲ੍ਹਾ ਵਾਲੀ ਭੁੱਲ ਬਖਸ਼ਾਦੇ ਉਏ,
ਸੱਜਣਾ ਦੇ ਮੇਲ ਕਰਾਦੇ ਉਏ—
“ਪਤਾ ਨਈਂ ਕਿੱਥੇ ਡੇਰੇ ਜਾ ਲਾਉਂਦੇ ਨੇ ਜਾਣ ਵਾਲੇ– ?” ਮੈਂ ਆਪਣੇ ਕਿਸੇ ਆਵਦੇ ਜ਼ਖਮਾਂ ਨੂੰ ਉਚੇੜਨ ਲੱਗਦਾ ਹਾਂ । ਹਾਕਮ ਡੂੰਘਾ ਜਿਹਾ ਹਾਉਂਕਾ ਭਰਦਾ। ਕੈਸੇਟ ਵਿਚੋਂ ਹਾਕਮ ਦੇ ਬੋਲ ਨਹੀਂ ਜਿਵੇਂ ਧਾਹਾਂ ਸੁਨਣ ਲੱਗਦੀਆਂ।
ਕਿੱਥੇ ਲਾਏ ਨੇ ਸੱਜਣਾਂ ਡੇਰੇ
ਕਿਥੇ ਲਾਏ ਨੇ ਸੱਜਣਾਂ ਡੇਰੇ
ਕਿਉਂ ਭੁੱਲ ਗਿਆ ਪਾਉਣੇ ਫੇਰੇ
ਵੇ ਹੁਣ ਭੁੱਲ ਪਾਉਣੇ ਫੇਰੇ ।
ਤੇਰੀਆਂ ਦਾਖਾਂ ਵਰਗੀਆਂ ਗੱਲ਼ਾਂ
ਨੀ ਸਾਡਾ ਜਿਉਣਾ ਦੁੱਭਰ ਕੀਤਾ
ਅਸੀਂ ਨਾ ਜਿਉਂਦੇ ਨਾ ਮੋਏ
ਸਾਨੂੰ ਸਾੜ ਕੇ ਭੁੱਬਲ ਕੀਤਾ ।
ਹੁਣ ਕਿਸ ਕੰਮ ਦਮ ਦੇ ਗੇੜੇ
ਜਿੰਦ ਸਹੇ ਨਾ ਇਸ਼ਕ ਲਫੇੜੇ
ਕਿੱਥੇ ਲਾਏ——–
ਅੱਕਾਂ ਦਿਆਂ ਭੱਬੂਆਂ ਵਾਂਗੂੰ
ਨੀ ਤੇਰੇ ਵਾਅਦੇ ਉੱਡ-ਪੁੱਡ ਖਿੰਡ ਗਏ
ਸਾਨੂੰ ਆਉਣ ਦਾ ਦੇਕੇ ਲਾਰਾ
ਤੁਸੀਂ ਪਤਾ ਨ੍ਹੀ ਕਿਹੜੇ ਪਿੰਡ ਗਏ
ਖੜਾ ਰਾਹ ਵਿੱਚ ਹਾਕਮ ਤੇਰੇ
ਕਿਤੇ ਮਿਲ ਜਾ ਮੂੰਹ ਹਨੇਰੇ
ਕਿੱਥੇ ਲਾਏ ਨੇ—-
“ਕਾਹਨੂੰ ਮੁੜਦਾ ਕੋਈ ਪਿੱਛੇ ਨੂੰ ?—–ਕੋਈ ਨ੍ਹੀਂ ਮੁੜਦਾ ਭਰਾਵੋ।” ਹਾਕਮ ਉਦਾਸੀ ਦੀ ਡੂੰਘੀ ਖੱਡ ਵਿਚੋਂ ਬੋਲਦਾ ਸਿਰ ਮਾਰਦਾ।
“ਬਾਈ ਹਾਕਮ, ਵਿਆਹ ਕਰਾਲੈ। ਤੂੰ ਤਾਂ ਹਰਨਾਂ ਦੇ ਸਿੰਗੀ ਚੜਿਆ ਰਹਿਨੈ, ਬੇਬੇ ਦੀ ਦੇਖ ਭਾਲ ਹੋਜੂ। ਘਰੇ ਆਇਆਂ ਨੂੰ ਕੋਈ ਤਾਂ ਮਿਲਜੂ ਚਾਹ-ਪਾਣੀ ਪਿਲਾਉਣ ਆਲਾ।” ਅਸੀਂ ਉਸਦਾ ਉਦਾਸ ਹੋਇਆ ਮੂਡ ਬਦਲਣ ਲਈ ਵਿਸ਼ਾ ਬਦਲ ਲੈਂਦੇ।
“ਹੁਣ ਹੱਦ ਟੱਪ ਗਈ ਐ। ਹੁਣ ਤਾਂ ਵਾਣ ਪ੍ਰਸਤ ਜਾ ਰਿਹੈ–‘ਹਾ ਹਾ!” ਤੇ ਉਹ ਰੋਂਦਾ ਰੋਂਦਾ ਚੱਲ ਰਹੇ ਅਨਾਰ ਵਾਂਗ ਖੁੱਲ ਕੇ ਹੱਸਣ ਲੱਗਦਾ।
ਹਾਕਮ ਕਲਾ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਕਰਨ ਵਾਲਾ ਸੀ। ਉਹ ਆਖਦਾ, “ਸਰੋਤੇ ਵੀ ਵਧੀਆ ਹੋਣ। ਕਿਸੇ ਨੂੰ ਸੁਨਣਾ ਵੀ ਕਲਾ ਐ। ਕਈ ਬਾਜੇ -ਬਾਜੇ ਬੰਦੇ ਐਹੋ ਜਿਹੇ ਹੁੰਦੇ, ਮੂਹਰੇ ਬੈਠੇ ਉਬਾਸੀਆਂ ਲਈ ਜਾਣਗੇ। ਕਈ ਸਿਰ ਦਾਹੜੀ ਤੇ ਪਿੰਡਾ ਈ ਖੁਰਕੀ ਜਾਣਗੇ ਜਿਮੇ ਖੁਰਕ ਪਈ ਹੋਵੇ। ਦੱਸੋ ਐਹੋ ਜਿਆਂ ਮੂਹਰੇ ਅਗਲਾ ਕੀ ਗਾਊ ?”
ਹਾਕਮ ਕਦੇ-ਕਦੇ ਬੱਚਿਆਂ ਵਾਗੂੰ ਰੁੱਸ ਜਾਂਦਾ। ਉਸਨੂੰ ਰੁਸਾ ਕਿ ਤੇ ਫਿਰ ਮੰਨਾਅ ਕਿ ਜਿਵੇਂ ਸਾਨੂੰ ਸੁਆਦ ਆਉਂਦਾ ਸੀ। ਉਸਦੀ ਜੁਆਕਾਂ ਵਾਲੀ ਰਿਹਾੜ ਚੰਗੀ-ਚੰਗੀ ਲੱਗਦੀ। ਜਵਾਂ ਹੀ ਨਿਰਛਲ ਤੇ ਮਾਸੂਮੀਅਤ ਭਰੀ। ਇੱਕ ਵਾਰ ਅਸੀਂ ਰਾਬਤਾ ਮੈਗਜ਼ੀਨ ਵਲੋਂ ਜਸਵਿੰਦਰ ਦੇ ਪਿੰਡ ਗਾਇਕੀ ਦਾ ਮੇਲਾ ਲਾਇਆ। ਦੂਰੋਂ ਨੇੜਿਓਂ ਆਪਣੀ ਲਿਹਾਜ਼ ਆਲੇ ਸਾਰੇ ਗਵੱਈਏ ਇਕੱਠੇ ਕਰ ਲਏ। ਰਣਜੀਤ ਕੌਰ ਤੋਂ ਲੈ ਕੇ ਸਾਬਰ ਕੋਟੀ ਤੱਕ ਬਹੁਤ ਸਾਰੇ ਸਥਾਪਤ ਗਾਇਕ ਜਸਵਿੰਦਰ ਦੇ ਤਕੀਏ ‘ਤੇ ਆ ਜੁੜੇ। ਹਾਕਮ ਵੀ ਆਪਣੇ ਸਾਜ਼ੀਆਂ ਸਮੇਤ ਦੁਪਿਹਰ ਤੋਂ ਪਹਿਲਾਂ ਹੀ ਆ ਢੁੱਕਿਆ। ਦੁਪਿਹਰ ਲੰਘਦਿਆਂ ਹੀ ਪੰਜਾਬੀ ਗਾਇਕਾਂ ਦਾ ਸਪੀਕਰ ਖੜਕਨ ਲੱਗਾ। ਗਵੱਈਏ ਆਪਣੀ ਆਪਣੀ ਵਾਰੀ ਭੁਗਤਾਉਣ ਲੱਗੇ। ਹਾਕਮ ਪੰਡਾਲ ਦੇ ਇਕ ਪਾਸੇ ਬੈਠ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ। ਬਹੁਤ ਸਾਰੇ ਲੋਕ ਹਾਕਮ ਨੂੰ ਹੀ ਸੁਨਣ ਆਏ ਸਨ। ਸਾਨੂੰ ਪਤਾ ਸੀ ਕਿ ਹਾਕਮ ਤੋਂ ਮਗਰੋਂ ਹੋਰ ਕਿਸੇ ਕਲਾਕਾਰ ਤੋਂ ਛੇਤੀ ਕਿਤੇ ਅਖਾੜਾ ਜੰਮ ਨਹੀਂ ਸਕਣਾ ਤੇ ਹਾਕਮ ਦੇ ਸਟੇਜ ਤੋਂ ਉਤਰਦਿਆਂ ਹੀ ਮੇਲਾ ਵਿੱਝੜ ਜਾਵੇਗਾ। ਅਸੀ ਇੱਕ ਇੱਕ ਕਰਕੇ “ਸਭਿਆਚਾਰਕ ਗਾਇਕਾਂ” ਨੂੰ ਪੰਜਾਬੀ ਸਭਿਆਚਾਰ ਬਚਾਉਣ ਲਈ ਸਟੇਜ ‘ਤੇ ਆਉਣ ਦਾ ਮੌਕਾ ਦਿੰਦੇ ਰਹੇ। ਹਾਕਮ ਬੈਠਾ ਉਸਲਵੱਟੇ ਲੈਂਦਾ ਰਿਹਾ। ਉਹ ਥੋੜੇ ਚਿਰ ਬਾਅਦ ਕਦੇ ਮੈਨੂੰ, ਕਦੇ ਜਸਵਿੰਦਰ ਨੂੰ ਤੇ ਕਦੇ ਪ੍ਰਬੰਧਕਾਂ `ਚੋਂ ਕਿਸੇ ਹੋਰ ਨੂੰ ਆਖਦਾ,”ਮੇਰੀ ਵਾਰੀ ਵੀ ਲਾਉ !”
“ਭੁਗਤਾਉ ਹੁਣ ਮੈਨੂੰ ਵੀ ।”
“ਮੈਨੂੰ ਕਦੋਂ ਲਾਉਣੈ ? ਜਦੋਂ ਸਾਰੇ ਲੋਕ ਘਰੋ-ਘਰੀ ਜਾ ਕੇ ਰਜਾਈਆਂ ‘ਚ ਵੜਗੇ!”
“ਮੈਂ ਤਾਂ ਲੱਗਦੈ ਕੁਰਸੀਆਂ ਨੂੰ ਈ ਸੁਣਾਊਂ!”
ਅਸੀਂ ਹਾਕਮ ਨੂੰ ਲਗਾਤਾਰ ਮਿੱਠੀਆਂ ਗੋਲੀਆਂ ਦੇਈ ਤੁਰੇ ਜਾਂਦੇ ਸਾਂ,”ਬੱਸ ਬਾਈ ਐਦੂੰ ਬਾਅਦ ਥੋਡ੍ਹੀ ਵਾਰੀ ਐ।”
“ਬਾਈ ਐਸ ਦੇਸੀ ਗੈਅਕ ਨੂੰ ਕਿਸੇ ਨ੍ਹੀ ਸੁਨਣਾ ਥੋਡੇ ਮਗਰੋਂ। ਇਹਦੇ ਦੋ ਗੀਤ ਸੁਣਲੀਏ। ਬੱਸ ਫੇਰ ਤੁਸੀਂ ਤਿਆਰ ਰਹੋ।”
“ਸੂਫੀ ਸਾਬ੍ਹ ਐਹ ਮੁੰਡਾ ਆਪਣੇ ਪਿੰਡਾਂ ਕੰਨ੍ਹੀ ਦਾ, ਨਵਾਂ ਨਵਾਂ ਗਾਉਣ ਲੱਗਿਆ। ਗਾਇਕੀ ਬੜੀ ਪਾਏਦਾਰ ਐ ਇਹਦੀ। ਇਹਨੂੰ ਸੁਣੀਏ, ਨਾਲੇ ਘਾਟ ਵਾਧ ਦੱਸਿਓ ਇਹਨੂੰ ਬਾਅਦ ‘ਚ!”
ਉਧਰ ਮੰਚ ਸੰਚਾਲਕ ਵੀ ਥੋੜੇ ਚਿਰ ਬਾਦ ਮਾਈਕ ਵਿਚ ਹਾਕਮ ਦੇ ਨਾਂ ਦੀ ਫੂਕ ਮਾਰ ਦਿੰਦਾ ਸੀ, “ਜਲਦ ਆ ਰਹੇ ਨੇ ਪੰਜਾਬੀ ਦੇ ਦਰਵੇਸ਼ ਸੂਫੀ ਗਾਇਕ ‘ਹਾਕਮ ਸੂਫੀ’। ਈਕੋ ਦੀ ਆਵਾਜ਼ ਮਗਰੋਂ ਕਈ ਵਾਰ ਹਾਕਮ ਸੂਫੀ-ਹਾਕਮ ਸੂਫੀ ਬੋਲਦੀ ਰਹਿੰਦੀ। “ਹਾਕਮ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ, ਬਸ ਪੰਜ ਮਿੰਟਾਂ ਤੱਕ ਸਟੇਜ ‘ਤੇ ਆ ਰਹੇ ਨੇ। “ਪਰ ਇਹ ਪੰਜ ਮਿੰਟ ਹਨੂੰਮਾਨ ਦੀ ਪੂਛ ਵਾਂਗੂੰ ਲੰਮੇ ਈ ਹੋਈ ਜਾਂਦੇ ਸਨ।
ਉਧਰ ਰਿਸ਼ਤਿਆਂ ਦੀ ਧੂਆ ਘੜੀਸੀ ਕਰਨ ਵਾਲੇ ਅਤੇ ਗਾਇਕੀ ਦੇ ਨਾਂ ‘ਤੇ ਘਰਾਟ ਰਾਗ ਗਾਉਣ ਵਾਲੇ ਗਾਇਕਾਂ ਨੂੰ ਸੁਣ-ਸੁਣ ਕੇ ਬੇਹੱਦ ਸਬਰ ਸੰਤੋਖ ਵਾਲੇ “ਹਾਕਮ” ਦਾ ਸਬਰ ਸੰਤੋਖ ਬਿਲਕੁਲ ਹੀ ਜਵਾਬ ਦੇ ਗਿਆ। ਰਾਤ ਦੇ ਨੌਂ-ਸਾਢੇ ਨੌਂ ਹੋ ਚੁੱਕੇ ਸਨ।
“ਭੈਣ ਮਰਾਵੇ—-ਥੋਡ੍ਹਾ ਸਭਿਆਚਾਰ। ਯਾਰਾਂ ਤੋ ਨ੍ਹੀ ਐਨ੍ਹਾ ਜ਼ਬਰ ਸਹਿਆ ਜਾਂਦਾ।” ਆਖਦਿਆਂ ਉਹ ਖੇਤਾਂ ਵਿੱਚ ਦੀ ਮੋਗੇ ਵੱਲ ਨੂੰ ਭੱਜ ਤੁਰਿਆ। ਅਖਾੜੇ ਵਿਚ ਲਾਅਲਾ–ਲਾਲਾ ਹੋ ਗਈ। ਮੁੰਡੀਹਰ ਹਾਕਮ ਨੂੰ ਫੜਨ ਵਾਸਤੇ ਮਗਰ ਭੱਜ ਪਈ। ਅੱਗੇ ਅੱਗੇ ਹਾਕਮ ਤੇ ਪਿੱਛੇ ਪਿੱਛੇ ਮੇਲੇ ਵਾਲੇ। ਜਵਾਨੀ ‘ਚ ਹਾਕਮ ਕਰਾਟੇ ਦਾ ਖਿਡਾਰੀ ਰਿਹਾ ਸੀ। ਜੁੱਸੇ ਵਿਚ ਜਵਾਨੀ ਵੇਲੇ ਦੀ ਫੁਰਤੀ ਅਜੇ ਪੂਰੀ ਕਾਇਮ-ਦਾਇਮ। ਜਵਾਨੀ ਵੇਲੇ ਬੇਬੇ ਦੇ ਹੱਥਾਂ ਦੀਆਂ ਮੰਨ ਵਰਗੀਆਂ ਰੋਟੀਆਂ ਸਾਗ ਨਾਲ ਵਲੇਟ ਜਾਣ ਵਾਲੇ ਹਾਕਮ ਨੂੰ ਫੜਨ ਲਈ, ਨੂਡਲ -ਬਰਗਰ ਖਾਣ ਵਾਲੀ ਜਵਾਨੀ ਨੂੰ ਸਖਤ ਮਿਹਨਤ ਕਰਨੀ ਪਈ। ਅਸੀਂ ਹਾਕਮ ਨੂੰ ਵਾਪਸ ਮੋੜ ਲਿਆਏ।
ਹਾਕਮ ਕਿਹੜਾ ਕੋਈ “ਸਟਾਰ ਕਲਾਕਾਰ” ਸੀ ਜਿਸਨੂੰ ਮਨਾਉਣਾ ਔਖਾ ਹੋ ਜਾਂਦਾ? ਉਸਨੇ ਤਾਂ ਬੱਸ ਏਨੀ ਕੁ ਹੀ ਰਿਹਾੜ ਕਰਕੇ ਦਿਖਾਉਣੀ ਸੀ। ਸਟੀਲ ਦੇ ਖੱਦਰ ਮਾਰਕਾ ਗਿਲਾਸ ਵਿਚ ‘ਤੱਤਾ ਪਾਣੀ’ ਫੜਾ ਕੇ ਉਸਦਾ ਗੁੱਸਾ ਠੰਡਾ ਕਰ ਲਿਆ। ਲੋਕ ਵੀ ਅਖਾੜੇ ਵਿਚ ਦੁਬਾਰਾ ਆ ਬਿਰਾਜੇ।
ਜਦੋਂ ਹਾਕਮ ਨੇ ਰਾਗ ਅਲਾਪਿਆ, ਰਾਤ ਹਲਕੇ ਹਲਕੇ ਪੱਬ ਧਰਦੀ ਘੜੀ ਦੀਆਂ ਸੂਈਆਂ ਨੂੰ ਆਪਣੇ ਨਾਲ ਸਰਕਾਉਂਦੀ ਗਿਆਰਾਂ ਵੱਜਣ ਦਾ ਸੁਨੇਹਾ ਦੇਣ ਲੱਗੀ ਸੀ। ਫਿਰ ਟਿਕੀ ਰਾਤ ਸੀ—ਹਾਕਮ ਸੀ –ਸਾਜ਼ ਸਨ—ਹਾਕਮ ਦੀ ਡਫ਼ਲੀ ਸੀ—ਹਾਕਮ ਦੇ ਬੋਲ ਸਨ ਤੇ ਇਹਨਾਂ ਬੋਲਾਂ ਦੇ ਜਾਦੂ ਨਾਲ ਕੀਲ਼ੇ ਹੋਏ ਸਰੋਤੇ। ਹਾਕਮ ਦੀ ਦਰਵੇਸ਼ੀ ਰੂਹ ‘ਚੋਂ ਨਿਕਲੇ ਗੀਤਾਂ ਨਾਲ ਮਦਹੋਸ਼ ਹੋਈ ਰਾਤ, ਜਿਵੇਂ ਉਸਦੇ ਸਿਰ ‘ਤੋਂ ਪਾਣੀ ਵਾਰ ਕੇ ਪੀ ਰਹੀ ਹੋਵੇ।
ਉਸ ਰਾਤ ਨਾ ਹਾਕਮ ਬੱਸ ਕਰਦਾ ਸੀ, ਨਾ ਸਰੋਤੇ ਹੀ ਉੱਠਦੇ ਸਨ। ਮੌਕਾ ਤਾੜ ਕੇ ਮੰਚ ਸੰਚਾਲਕ ਨੇ ਅਗਲੇ ਵਰ੍ਹੇ ਫੇਰ ਮਿਲਣ ਦਾ ਵਾਅਦਾ ਕਰਦਿਆਂ ਮੇਲੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ। ਅਖਾੜਾ ਬੰਦ ਕਰਦਿਆਂ ਕਰਦਿਆਂ ਵੀ ਹਾਕਮ ਚਾਰ-ਪੰਜ ਗੀਤ ਹੋਰ ਸੁਣਾ ਗਿਆ। ਨਖਰੇ ਅਦਾਵਾਂ ਨਾਲ ਉਸਨੇ ਸਰੋਤਿਆਂ ਦੀ ਮੰਗ ‘ਤੇ ਦੋ ਵਾਰ ਤਾਂ “ਕੋਕਾ” ਹੀ ਸੁਣਾਇਆ।
ਹਾੜੀ ਵੀ ਵੇਚੀ, ਸੌਣੀ ਵੀ ਖਾਧੀ
ਵਾਅਦਾ ਤੇਰਾ ਥੋਥਾ
ਵੇ ਹਾਣੀਆਂ ਕੋਕਾ ਘੜਵਾਦੇ ਵੇ ਮਾਹੀਆ ਕੋਕਾ
ਪਹੁ ਫੁੱਟੇ ਧਾਰ ਕੱਢਾਂ ਦੁੱਧ ਨਾਲੇ ਰਿੜਕਾਂ
ਰੋਟੀ ਟੁੱਕ ਕਰਾਂ ਨਾਲੇ ਸਹਾਂ ਨਿੱਤ ਝਿੜਕਾਂ
ਖੂਹੇ ਉੱਤੇ ਜਾਵਾਂ, ਉੱਤੋਂ ਨੱਕ ਚੜਾਉਂਦਾ ਬੋਤਾ,
ਵੇ ਹਾਣੀਆਂ —-
ਪੰਡਾਲ ਵਿਚ ਬੈਠੀਆਂ ਪੇਂਡੂ ਬੁੜੀਆਂ -ਕੁੜੀਆਂ ਅਸ਼-ਅਸ਼ ਕਰਦੀਆਂ ਪੱਬਾਂ ਭਾਰ ਹੋ ਗਈਆਂ ਸਨ। “ਕੋਕਾ” ਗਾ ਕੇ ਜਿਵੇਂ ਉਸਨੇ ਗਾਇਕੀ ਦੀ ਫੱਟੀ ਵਿੱਚ ਸੁਨਿਹਰੀ ਕੋਕਾ ਹੀ ਜੜ ਦਿੱਤਾ ਹੋਵੇ।
ਮਾਲਵੇ ਦੀ ਪਰਸਿੱਧ ਮੰਡੀ ਗਿੱਦੜਬਾਹਾ ਵਿਚ ਸਾਲ 1952 ਦੇ ਤੀਜੇ ਮਹੀਨੇ ਦੇ ਤੀਜੇ ਦਿਨ, ਬਾਪੂ ਕਰਤਾਰ ਸਿਹੁੰ ਦੇ ਘਰ , ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਜਨਮੇ ਹਾਕਮ ਦੇ ਵਡੇਰਿਆਂ ਦਾ ਪਿੰਡ `ਦੌਲਾ` ਸੀ। ਹਾਕਮ ਦਾ ਕੋਈ ਬਜ਼ੁਰਗ ਕੰਮਕਾਰ ਦੇ ਸਿਲਸਿਲੇ ਵਿਚ ਪਿੰਡ ਛੱਡ ਕੇ “ਨਸਵਾਰ” ਬਣਾਉਣ ਲਈ ਜਾਣੀ ਜਾਂਦੀ ਗਿੱਦੜਬਾਹਾ ਮੰਡੀ ਵਿਚ ਆ ਵੱਸਿਆ ਸੀ। ਕੋਟ ਫਤਿਹ ਪਿੰਡ ਦੇ ਦੋਹਤੇ ਨੇ ਸਕੂਲੀ ਪੜ੍ਹਾਈ ਕਰਦਿਆਂ ਹੀ ਹੇਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸਦੀਆਂ ਅੱਲੜ-ਪੱਲੜ ਹੇਕਾਂ ਨੂੰ ਬੈਂਜੋ ਤੇ ਤੂੰਬੀ ਦੀ ਸੁਰ ਵਿਚ ਬੰਨਣ ਦਾ ਮੁੱਢਲਾ ਕੰਮ ਮਾਸਟਰ ਦਰਸ਼ਨ ਪਰਵਾਨਾ ਜੀ ਨੇ ਕਰ ਦਿੱਤਾ। ਹਾਕਮ ਦੱਸਦਾ ਹੁੰਦਾ ਸੀ ਕਿ “ਗੁਰਦਾਸ ਮਾਨ” ਉਦੋਂ ਉਸਦੇ ਨਾਲ ਹੁੰਦਾ ਸੀ।
“ਸੱਚੀ ਗੱਲ ਐ, ਮੈਂ ਕਿਸੇ ਤੋਂ ਕਲਾਸੀਕਲ ਸੰਗੀਤ ਦੀ ਸਿੱਖਿਆ ਨਹੀਂ ਲਈ ਪਰ ਜਦੋਂ ਗਾਉਂਦਾ ਹਾਂ ਤਾਂ ਸਾਰੇ ਕਹਿੰਦੇ ਕਿ ਇਹਨੂੰ ਕਲਾਸੀਕਲ ਸੰਗੀਤ ਦਾ ਗਿਆਨ ਹੈ। ਸਭ ਕਾਦਰ ਦੀ ਕੁਦਰਤ ਐ। ਬੰਦੇ ਦੀ ਅੰਦਰਲੀ ਅੱਖ ਖੁੱਲੀ ਹੋਵੇ, ਆਪਣੇ ਆਪ ਸਭ ਕੁਝ ਆ ਜਾਂਦਾ।” ਆਪਣੀ ਤੀਜੀ ਸੰਗੀਤਕ ਅੱਖ ਜ਼ਰੀਏ ਹੀ ਹਾਕਮ ਆਪਣੇ ਸਾਜ਼ਿੰਦਿਆਂ ਵੱਲੋਂ ਵਜਾਏ ਜਾਂਦੇ ਸਾਜ਼ਾਂ ਨਾਲ ਇੱਕਸੁਰ ਹੋ ਜਾਂਦਾ ਸੀ ।
ਹਾਕਮ ਦੇ ਨਾਲ ਆਉਣ ਵਾਲੇ ਸਾਜ਼ਿੰਦੇ ਵੀ ਹਾਕਮ ਵਰਗੇ ਹੀ ਅਲਮਸਤ ਫੱਕਰ ਹੁੰਦੇ। ਹਾਕਮ ਵੀ ਉਹਨਾਂ ਨਾਲ ਕੋਈ ਤੇਰ-ਮੇਰ ਨਹੀਂ ਸੀ ਕਰਦਾ। ਪ੍ਰੋਗਰਾਮ ਦੀ ਸਮਾਪਤੀ ‘ਤੇ ਖੁੱਲ੍ਹੇ ਦਿਲ ਨਾਲ ਸਾਜ਼ੀਆਂ ਨੂੰ ਮਿਹਨਤਾਨਾ ਦਿੰਦਾ ਤੇ ਅਕਸਰ ਉਹਨਾਂ ਨਾਲ ਰਲ ਕੇ ਥਕਾਵਟ ਵੀ ਲਾਹ ਲੈਂਦਾ। ਕਈ ਵਾਰ ਤਾਂ ਇੱਕੋ ਗਿਲਾਸ ਵਿਚੋਂ ਹੀ ਸਾਰੇ ਘੁੱਟ- ਘੁੱਟ ਭਰੀ ਜਾਂਦੇ। ਹਾਕਮ ਇਸਨੂੰ “ਟੋਟਲੀ ਕਮਿਊਨਿਜ਼ਮ” ਆਖਦਾ ਹਾਸੇ ਦੀਆਂ ਫੁੱਲਝੜੀਆਂ ਚਲਾਉਂਦਾ।
ਜਦੋਂ ਕਦੇ ਹਾਕਮ ਕੋਲ ਕੋਈ ਪ੍ਰੋਗਰਾਮ ਬੁੱਕ ਨਾ ਹੁੰਦਾ ਤਾਂ ਉਸਦੇ ਸਾਜ਼ਿੰਦੇ ਬਠਿੰਡੇ ਦੇ “ਵੈਣ” ਮਾਰਕਾ ਗੌਣ ਗਾਉਣ ਲਈ ਮਸ਼ਹੂਰ ਇੱਕ ਦੋ ਗਵਈਆਂ ਨਾਲ ਵੀ ਚਲੇ ਜਾਂਦੇ ਸਨ। ਸੂਫੀ ਦੇ ਇਹ ਸਾਜ਼ਿੰਦੇ ਉਹਨਾਂ ਗਵਈਆਂ ਦੀਆਂ ਨਕਲਾਂ ਵੀ ਉਤਾਰਦੇ ਰਹਿੰਦੇ,
“ਬਾਈ ਉਹਨਾਂ ਗਾਇਕਾਂ ਨਾਲ ਸਾਜ਼ ਵਜਾਉਦਿਆਂ ਤਾਂ ਟੈਨਸ਼ਨ ਈ ਕੋਈ ਨ੍ਹੀ ਹੁੰਦੀ। ਉਹ ਤਾਂ ਵਿਚਾਰੇ ਸਾਰਾ ਅਖਾੜਾ ਇੱਕੋ ਸੁਰ ਵਿਚ ਈ ਲਾ ਦਿੰਦੇ ਐ। ਅਸੀਂ ਅਖਾੜੇ ਦੇ ਸ਼ੁਰੂ ਵਿਚ ਸਾਜ਼ ਉਸ ਸੁਰ ਵਿੱਚ ਫਿੱਟ ਕਰਕੇ ਆਪ ਸੌਂ ਜਾਨੇ ਆਂ। ਅਖਾੜਾ ਖਤਮ ਹੋਣ ‘ਤੇ ਨਾਲਦੇ ਜਗਾ ਦਿੰਦੇ ਐ। ਸਾਲਾ ਭੋਰਾ ਸੁਆਦ ਨ੍ਹੀ ਆਉਂਦਾ। ਉਹਨਾਂ ਪਤੰਦਰਾਂ ਦੇ ਸਾਰੇ ਗੀਤਾਂ ਦੀ ਤਾਂ ਇੱਕੋ ਈ ਤਰਜ਼ ਐ—–ਤੈਨੂੰ ਲੈਜੂ ਰੋਂਦੀ ਨੂੰ–।” ਢੋਲਕ ਵਜਾਉਣ ਵਾਲਾ ਹਸਾ -ਹਸਾ ਕੇ ਵੱਖੀਆਂ ਤੁੜਾ ਦਿੰਦਾ।
“ਬਾਈ ਸੁਆਦ ਤਾਂ ‘ਉਸਤਾਦ ਜੀ’ ਨਾਲ ਹੀ ਆਉਂਦਾ। ਉਸਤਾਦ ਦਾ ਪਤਾ ਹੀ ਨ੍ਹੀ ਲੱਗਦਾ, ਗਾਉਂਦਿਆਂ -ਗਾਉਂਦਿਆਂ ਕਿੱਧਰ ਮੁੜ ਜਾਣਾ। ਐਂ ਪੂਰਾ ਚੁਸਤ -ਫੁਰਤ ਹੋਕੇ ਰਹਿਣਾ ਪੈਂਦਾ। ਜਮ੍ਹਾ ਖੜੀ ਲੱਤ। ਸਮਝਲੋ ਸਾਜ਼ ਵਜਾਉਂਦਿਆਂ ਵੀ ਬਾਘੀਆਂ ਈ ਪਾਈਦੀਆਂ। ਬਠਿੰਡੇ ਆਲੇ ਉਹ ਗੈਕ ਵਿਆਹ ਸ਼ਾਦੀ `ਤੇ ਲਿਜਾਣ ਆਲੇ ਤਾਂ ਹੈਨੀ। ਪਤੰਦਰ ਊਈਂ ਵੈਣ ਜ੍ਹੇ ਪਾਈ ਜਾਣਗੇ। ਉਹ ਤਾਂ ਬਾਈ ‘ਭੋਗਾਂ-ਭਾਗਾਂ `ਤੇ ਈ ਲਿਜਾਣ ਆਲੇ ਐ।”
“ਪਰ ਦੇਖਲਾ ਤੇਰੇ ਉਸਤਾਦ ਦੀ ਸਾਰੀ ਉਮਰ ਲੰਘ ਚੱਲੀ ਐ, ਹਜੇ ਚਾਰ ਕੈਸਟਾਂ ਈ ਆਈਆਂ। ਜਿੰਨ੍ਹਾਂ ਨੂੰ ਤੂੰ ਭੋਗਾਂ ਆਲੇ ਗਾਇਕ ਆਖਦਾਂ, ਅਗਲਿਆਂ ਦੀਆਂ ਚਾਲੀ-ਚਾਲੀ ਕੈਸਟਾਂ ਆਈਆਂ। ਸਾਲ `ਚ ਤਿੰਨ ਕੈਸਟਾਂ ਕੱਢਦੇ ਐ।” ਮੇਰਾ ਗਰਾਈਂ ਬਲਤੇਜ ,ਹਾਕਮ ਦੇ ਸਾਜ਼ਿੰਦੇ ਨੂੰ ਛੇੜਦਾ ਹੈ।
“ਸੂੰਦੇ ਈ ਆਖ। ਕੁੱਤੀ ਦੇ ਸੂਣ ਆਗੂੰ।” ਢੋਲਕ ਮਾਸਟਰ ਤੁਰੰਤ ਜਵਾਬ ਦਿੰਦਾ।
“ਉਹਨਾਂ ਚਾਲੀ ਕੈਸਟਾਂ ਵਾਲਿਆਂ ਦਾ ਇੱਕ ਵੀ ਗੀਤ ਕਿਸੇ ਨੂੰ ਯਾਦ ਨ੍ਹੀ ਹੋਣਾ। ਮੈਂ ਗਿਣਤੀ ‘ਚ ਨਹੀਂ, ਗੁਣਾਂ `ਚ ਵਿਸਵਾਸ਼ ਰੱਖਦਾਂ!” ਹਾਕਮ ਨੂੰ ਆਪਣੀ ਗਾਇਕੀ ਅਤੇ ਗੀਤਕਾਰੀ `ਤੇ ਮਾਣ ਹੁੰਦਾ ਸੀ। ਇੱਕ-ਦੋ ਨਹੀਂ ਅਨੇਕਾਂ ਅਮਰ ਗੀਤ ਹਾਕਮ ਨੇ ਆਪਣੀ ਦਰਦ ਭਰੀ ਆਵਾਜ਼ ਨਾਲ ਮੁਹੱਬਤੀ ਰੂਹ ਦੇ “ਚਰਖੇ” `ਤੇ ਕੱਤੇ ਸਨ। ਉਸਨੂੰ ਜਿੰਦ ਦੇ ਘੁੰਮ ਰਹੇ ਚਰਖੇ ਨਾਲੋਂ, ਗੀਤਾਂ ਦੇ ਚਰਖੇ ਦੀ ਮਾਹਲ ਦੇ ਟੁੱਟ ਜਾਣ ਦਾ ਗਮ ਜ਼ਿਆਦਾ ਸਤਾਉਂਦਾ ਸੀ,
ਮੇਰੇ ਚਰਖੇ ਦੀ ਟੁੱਟਗੀ ਮਾਲ੍ਹ, ਵੇ ਚੰਨ ਕੱਤਾਂ ਕਿ ਨਾ
ਸਾਡਾ ਜੀਣਾ ਹੋਇਆ ਮੁਹਾਲ, ਵੇ ਚੰਨ ਕੱਤਾਂ ਕਿ ਨਾ
ਬਾਬਲ ਮੇਰੇ ਚਰਖਾ ਲਿਆਂਦਾ, ਤੇ ਵਿੱਚ ਸੋਨੇ ਦੀਆਂ ਮੇਖਾਂ
ਸੱਭੇ ਸਈਆਂ ਕੱਤ -ਕੱਤ ਮੁੜੀਆਂ ਤੇ ਮੈਂ ਰਾਹ ਸੱਜਣਾ ਦਾ ਵੇਖਾਂ
ਚਰਖਾ ਮੇਰਾ ਰੋਣਾ-ਧੋਣਾ, ਮੁੰਨ੍ਹੇ ਮੇਰੇ ਭਾਈ
ਗੁੱਡੀਆਂ ਮੇਰੀਆਂ ਸੱਕੀਆਂ ਭੈਣਾਂ, ਤੇ ਮਾਲ੍ਹ ਮੇਰੀ ਭਰਜਾਈ
ਅਸੀਂ ਜੜੀ ਕੋਕਿਆਂ ਨਾਲ, ਵੇ ਚੰਨ ਕੱਤਾਂ ਕਿ ਨਾ
ਮੇਰੇ ਚਰਖੇ ਦੀ ਟੁੱਟਗੀ ਮਾਲ੍ਹ ਵੇ ਚੰਨ ਕੱਤਾਂ ਕਿ ਨਾ
ਛਿੱਕੂ ਨਾਲ ਗਲੋਟਿਆਂ ਭਰਿਆ,
ਬੂਹ ਵੇ ਅੜਿਆ, ਕਿਉਂ ਤੂੰ ਲੜਿਆ
ਤੇਰਾ ਚੁੰਮ-ਚੁੰਮ ਰੱਖਾਂ ਰੁਮਾਲ
ਵੇ ਚੰਨ —
ਹੋਰ ਗਾਇਕ ਕਲਾਕਾਰਾਂ ਵਾਂਗ ਹਾਕਮ ਸੂਫੀ ਨੇ ਕੋਈ ਦਫ਼ਤਰ ਵੀ ਨਹੀਂ ਬਣਾਇਆ। ਹਾਕਮ ਤਾਂ ਜਿੱਥੇ ਬਹਿ ਜਾਂਦਾ, ਉੱਥੇ ਹੀ ਦਫਤਰ ਹੁੰਦਾ। ਜਿਵੇਂ ਸਾਰੀ ਕਾਇਨਾਤ ਹੀ ਉਸਦਾ ਦਫ਼ਤਰ ਹੋਵੇ। ਹਾਕਮ ਆਖਦਾ,
“ਕੀ ਕਰਨਾ ਦਫ਼ਤਰ-ਦੁਫ਼ਤਰ ਬਣਾ ਕੇ। ਜੀਹਨੇ ਸੱਚੇ ਦਿਲੋਂ ਮਿਲਣ ਦੀ ਧਾਰੀ ਹੋਵੇ, ਮਿਲ ਈ ਲੈਂਦਾ। ਤੁਸੀਂ ਨ੍ਹੀ ਲੱਭ ਲੈਂਦੇ ? ਨਾਲੇ ਦਫ਼ਤਰ ਤਾਂ ਅਜੇ ਤੱਕ ਮੇਰੇ ਅੰਦਰ ਦਾ ਨ੍ਹੀ ਬਣਿਆ, ਦੁਨੀਆਦਾਰੀ ਆਲੇ ਦਫਤਰ ਤੋਂ ਕੀ ਲੈਣਾ ?”
ਹਾਕਮ ਬੜੀ ਪਾਕ ਪਵਿਤਰ ਰੂਹ ਸੀ। ਉਸਦੀ ਸ਼ਾਇਰੀ ਵਿੱਚ ਵੀ ਇਸ ਪਵਿਤਰ ਰੂਹ ਦੀ ਦਖਲ ਅੰਦਾਜ਼ੀ ਬਣੀ ਰਹਿੰਦੀ। ਇਸੇ ਕਰਕੇ ਉਸਦੀ ਕਲਮ ਨੇ ਕੋਈ ਗੈਰ ਮਿਆਰੀ ਗੀਤ ਨਹੀਂ ਸਿਰਜਿਆ। ਨਾਭੇ ਫਾਈਨ ਆਰਟ ਦਾ ਡਿਪਲੋਮਾ ਕਰਦਿਆਂ ਜ਼ਹੀਨ ਸ਼ਾਇਰ ਜਨਾਬ ਕੰਵਰ ਚੌਹਾਨ ਅਤੇ ਜਨਾਬ ਗੁਰਦੇਵ ਨਿਰਧਨ ਵਰਗਿਆਂ ਦੀ ਸੰਗਤ ਨੇ ਹਾਕਮ ਅੰਦਰ ਵਿਚਾਰਧਾਰਕ ਪਕਿਆਈ ਲਿਆਂਦੀ ਸੀ। ਇਹਨਾਂ ਮਕਬੂਲ ਸ਼ਾਇਰਾਂ ਨੇ ਹਾਕਮ ਨੂੰ ਇਹ ਭੇਤ ਦੱਸ ਦਿੱਤਾ ਸੀ ਕਿ ਕਵੀ ਨੂੰ ਦਿਮਾਗ ਨਾਲ ਨਹੀਂ ਦਿਲ ਨਾਲ ਜਿਉਣਾ ਚਾਹੀਦਾ। ਜਿੱਥੇ ਤੁਹਾਡੀ ਕਵਿਤਾ ਵਿੱਚ ਦਿਮਾਗ ਦੀ ਦਖਲ ਅੰਦਾਜ਼ੀ ਵਧ ਜਾਵੇਗੀ, ਉੱਥੇ ਤੁਹਾਡੀ ਕਵਿਤਾ ਝੂਠੀ-ਮੂਠੀ ਜਿਹੀ ਹੋਵੇਗੀ। ਸ਼ਾਇਰੀ ਕਰਨ ਲਈ ਦਿਲ ਵਿੱਚ ਦਰਦ ਪੈਦਾ ਕਰਨਾ ਜਰੂਰੀ ਹੈ। ਸੂਫੀ ਅੰਦਰ ਤਾਂ ਲੋਹੜੇ ਦਾ ਦਰਦ ਸੀ, ਇਸੇ ਕਰਕੇ ਉਹ ਬਹੁਤ ਭਾਵੁਕ ਸੀ। ਉਸਦੇ ਆਪਣੇ ਕਹਿਣ ਅਨੁਸਾਰ, ” ਇੱਕ ਕੁੱਤਾ ਪਾਲ ਲਈਏ ਤਾਂ ਉਸ ਨਾਲ ਵੀ ਮੁਹੱਬਤ ਹੋ ਜਾਂਦੀ ਐ, ਇੱਕ ਮਨੱਖੀ ਸਰੀਰ ਨਾਲ ਮੁਹੱਬਤ ਪਾਉਣੀ ਤਾਂ ਬਹੁਤ ਵੱਡੀ ਗੱਲ ਐ। ਜੇ ਤੁਹਾਡੇ ਹਿਰਦੇ ਵਿਚ ਮੁਹੱਬਤ ਦਾ ਚੀਰ ਪਿਆ ਹੋਵੇ, ਫਿਰ ਤੁਹਾਨੂੰ ਪੈਰ ਹੇਠ ਆਏ ਪੱਤੇ ਦਾ ਵੀ ਦੁੱਖ ਮਹਿਸੂਸ ਹੁੰਦਾ ਹੈ। ਜਿਹੜਾ ਦਿਲ ਜ਼ਿੰਦਗੀ ਵਿੱਚ ਕਿਸੇ ਲਈ ਰੋਇਆ ਹੀ ਨਹੀਂ, ਉਹ ਵੀ ਭਲਾ ਕੋਈ ਦਿਲ ਐ ?”
ਹਾਕਮ ਸੂਫ਼ੀ ਜਿੰਨਾ ਜ਼ਿੰਦਗੀ ਵਿੱਚ ਪਾਕ-ਸਾਫ਼ ਸੀ, ਉਨ੍ਹਾ ਹੀ ਗਾਇਕੀ ਵਿਚ ਵੀ ਪਾਕ ਸਾਫ਼ ਸੀ। ਉਹ ਗਾਉਣ ਨੂੰ ਇਬਾਦਤ ਸਮਝਣ ਵਾਲਿਆਂ ਗਾਇਕਾਂ ਵਿੱਚੋਂ ਸੀ। ਉਹ ਆਖਦਾ, ” ਸੰਗੀਤ ਰੱਬ ਨੂੰ ਪਾਉਣ ਦੀ ਸੀੜੀ ਐ। ਸੰਗੀਤ ਮਨੁੱਖੀ ਜ਼ਜ਼ਬਿਆਂ ਦਾ ਵਹਿਣ ਐ। ਪੰਛੀਆਂ ਦੀ ਚਿਹਚਿਹਾਟ `ਚੋਂ, ਬੱਚਿਆਂ ਦੇ ਤੋਤਲੇ ਬੋਲਾਂ `ਚੋਂ , ਰੁੱਖਾਂ ਦੇ ਪੱਤਿਆਂ `ਚੋਂ, ਕਲ਼-ਕਲ਼ ਵਹਿੰਦੇ ਝਰਨਿਆਂ `ਚੋਂ, ਸ਼ੂਕਦੀ ਜਾਂਦੀ ਹਵਾ `ਚੋਂ, ਅਠਖੇਲੀਆਂ ਕਰਦੀ ਨਦੀ ਦੇ ਵਹਿੰਦੇ ਪਾਣੀ `ਚੋਂ ਅਤੇ ਸਮੁੱਚੀ ਕੁਦਰਤ ਦੀ ਕਾਇਨਾਤ ਵਿਚੋਂ ਸੰਗੀਤ ਪੈਦਾ ਹੋ ਰਿਹਾ। ਸੰਗੀਤ ਸਾਨੂੰ ਸਾਡੀ ਰੂਹ ਨਾਲ ਜੋੜਦਾ। ਗੀਤ ਬੁੱਤ ਅਤੇ ਸੰਗੀਤ ਰੂਹ ਐ। ਸੋ ਬਾਬਿਓ ਤਾਹੀਂ ਮੈਂ ਆਹਨਾ ਹੁੰਨੈ ਕਿ ਸੰਗੀਤ ਦੀ ਪਾਣ ਚੜਿਆ ਕੋਈ ਗੀਤ ਮਾੜਾ ਨਹੀਂ ਹੋਣਾ ਚਾਈਦਾ।”
ਹਾਕਮ ਦੀ ਦਰਵੇਸ਼ੀ ਰੂਹ ਦੇ ਬੋਲ ਸੁਣਦਿਆਂ ਕੋਈ ਵੀ ਬੰਦਾ ਅੱਕਦਾ-ਥੱਕਦਾ ਹੀ ਨਹੀਂ ਸੀ। ਜੀਅ ਕਰਦਾ ਹੁੰਦਾ ਸੀ, ਹਾਕਮ ਬੋਲੀ ਜਾਵੇ ਤੇ ਅਸੀਂ ਸੁਣੀ ਜਾਈਏ। ਉਹ ਸੰਨਿਆਸੀ ਜਰੂਰ ਸੀ ਪਰ ਜ਼ਿੰਦਗੀ ਤੋਂ ਭਗੌੜਾ ਨਹੀਂ ਸੀ। ਆਪ ਭਾਵੇਂ ਵਿਆਹ ਨਹੀਂ ਕਰਾਇਆ ਪਰ ਪਰਿਵਾਰਕ ਜ਼ੁੰਮੇਵਾਰੀਆਂ ਨੂੰ ਕਦੇ ਪਿੱਠ ਨਹੀਂ ਸੀ ਵਿਖਾਈ। ਹਾਕਮ ਹੁਰੀਂ ਚਾਰ ਭੈਣਾਂ ਤੇ ਚਾਰ ਭਾਈ ਸਨ। ਹਾਕਮ ਇਸ ਗੱਲ `ਤੇ ਹਮੇਸ਼ਾਂ ਸੰਤੁਸ਼ਟ ਰਹਿੰਦਾ ਸੀ ਕਿ ਉਹ ਪਰਿਵਾਰ ਲਈ ਕੁੱਝ ਕਰ ਸਕਿਆ ਹੈ। ਹਾਕਮ ਪਰਿਵਾਰ ਲਈ ਹੀ ਨਹੀਂ ਸਮਾਜ ਪ੍ਰਤੀ ਵੀ ਪੂਰਾ ਚਿੰਤਤ ਰਹਿੰਦਾ। ਗਾਇਕੀ ਦੇ ਨਾਂ ਹੇਠ ਉਸਨੇ ਆਪਣੇ ਗੀਤਾਂ ਵਿਚ ਨਸ਼ਿਆਂ ਦਾ ਪ੍ਰਚਾਰ ਨਹੀਂ ਕੀਤਾ, ਹਥਿਆਰ ਨਹੀਂ ਚਲਾਏ, ਮਨੁੱਖੀ ਰਿਸ਼ਤਿਆਂ ਨੂੰ ਦਾਗਦਾਰ ਨਹੀਂ ਕੀਤਾ ਤੇ ਨਾ ਹੀ ਵਿਦੇਸ਼ੀ ਟੂਰਾਂ ਬਹਾਨੇ ਕਬੂਤਰਬਾਜ਼ੀ ਕੀਤੀ। ਉਸਨੇ ਤੇਤੀ–ਚੌਂਤੀ ਸਾਲ ਬਠਿੰਡੇ ਜਿਲ੍ਹੇ ਦੇ ਜੰਗੀਰਾਣਾ ਪਿੰਡ ਦੇ ਸਕੂਲ ਵਿਚ ਡਰਾਇੰਗ ਮਾਸਟਰੀ ਕੀਤੀ। ਇੱਕ ਸਕੂਲ ਵਿਚ ਲਗਾਤਾਰ ਐਨੇ ਵਰ੍ਹੇ ਪੜ੍ਹਾਉਣ ਦਾ ਵੀ ਇਹ ਇਕ ਰਿਕਾਰਡ ਹੀ ਹੋਊ। ਇਹਨਾਂ ਵਰਿਆਂ ਵਿਚੋਂ ਕੁੱਲ ਮਿਲਾ ਕੇ ਛੇ-ਸੱਤ ਵਰ੍ਹੇ ਬਿਨਾਂ ਤਨਖਾਹ ਛੁੱਟੀ `ਤੇ ਰਿਹਾ। ਉਸਨੂੰ ਦੋਗਲਾਪਨ ਉੱਕਾ ਹੀ ਪਸੰਦ ਨਹੀਂ ਸੀ। ਉਹ ਫਰਲੋ ਮਾਰ ਕੇ ਤਨਖਾਹ ਬੋਝੇ ਪਾਉਣ ਨੂੰ ਆਪਣੇ ਵਿਦਿਆਰਥੀਆਂ ਨਾਲ ਫ਼ਰੇਬ ਸਮਝਦਾ ਸੀ। ਇਸੇ ਕਰਕੇ ਜਿਸ ਦਿਨ ਉਹ ਸਕੂਲ ਨਹੀਂ ਸੀ ਜਾਂਦਾ ਉਸ ਦਿਨ ਦੀ ਤਨਖਾਹ ਕਟਾ ਦਿੰਦਾ ਸੀ।
ਹਾਕਮ, ਮੇਰੇ ਵਰਗੇ ਹਜ਼ਾਰਾਂ ਲੋਕਾਂ ਦੇ ਦਿਲਾਂ ਦਾ ਹਾਕਮ ਸੀ। ਉਹ ਦਾਰੂ ਦਾ ਪੈਗ ਲਾਉਦਿਆਂ-ਲਾਉਂਦਿਆਂ ਗੀਤ ਲਿਖ ਦੇਣ ਵਾਲਾ ਗੀਤਕਾਰ ਨਹੀਂ ਸੀ। ਉਹ ਜਦੋਂ ਗੀਤ ਲਿਖਦਾ ਸੀ ਤਾਂ ਉਸਨੂੰ ਜਣੇਪੇ ਜਿਹੀਆਂ ਪੀੜਾਂ ਉਠਦੀਆਂ ਸਨ। ਉਹ ਪਿੰਡੋਂ ਬਾਹਰ ਸੂਏ ਦੀ ਪੱਟੜੀ-ਪਟੜੀ ਤੁਰਿਆ ਜਾਂਦਾ। ਉਹ ਆਪਣੀ ਮਿੱਟੀ ਨਾਲੋਂ ਇੱਕ ਮਿੰਟ ਲਈ ਵੀ ਨਹੀਂ ਸੀ ਟੁੱਟਦਾ। ਏਸੇ ਕਰਕੇ ਉਸਦੇ ਗੀਤਾਂ ਵਿਚੋਂ ਆਪਣੀ ਮਿੱਟੀ ਦੀ ਮਹਿਕ ਆਉਂਦੀ ਸੀ। ਉਸਦੇ ਗੀਤਾਂ ਵਿੱਚੋਂ ਅਧੂਰੀ ਰਹਿ ਗਈ ਮੁਹੱਬਤ ਦੀ ਚੀਸ ਮਹਿਸੂਸ ਹੁੰਦੀ ਸੀ।
ਕਹਿਣ ਨੂੰ ਤਾਂ ਹਾਕਮ ਆਖਦਾ ਸੀ ਕਿ ਉਸਦੇ ਅੰਦਰ “ਬੈਲੇਂਸ” ਹੈ ਪਰ ਉਹ ਇਕ ਬੇਅਰਾਮ ਰੂਹ ਸੀ। ਉਸਦੇ ਗੀਤਾਂ ਵਿਚੋਂ ਅੱਧਵਾਟੇ ਦਮ ਤੋੜ ਗਈ ਕੁਆਰੀ ਪਰੀਤ ਦਾ ਹਾਉਂਕਾ ਸੁਣਾਈ ਦਿੰਦਾ। ਹਾਕਮ ਸਾਰੀ ਹਯਾਤੀ ਆਪਣੇ ਅਧੂਰੇ ਰਹਿ ਗਏ ਇਸ਼ਕ ਦੀ ਪੀੜਾ ਨੂੰ ਸ਼ਬਦਾਂ ਦੀ ਜ਼ੁਬਾਨ ਦੇ ਕੇ ਅੱਲ੍ਹੇ ਜ਼ਖ਼ਮਾਂ `ਤੇ ਮੱਲਮ੍ਹ ਲਾਉਣ ਦਾ ਅਸਫ਼ਲ ਯਤਨ ਕਰਦਾ ਰਿਹਾ। ਰਿਆਸਤੀ ਸ਼ਹਿਰ ਨਾਭੇ ਦੀਆਂ ਗਲੀਆਂ ਵਿੱਚ ਗੁੰਮ ਗੁਆਚ ਗਈ ਮੁਹੱਬਤ ਪ੍ਰਤੀ ਗਿਲੇ-ਸ਼ਿਕਵੇ ਕਰਦਾ ਗੀਤ ਹਾਕਮ ਨੂੰ ਬਹੁਤ ਪਿਆਰਾ ਲੱਗਦਾ ਸੀ। ਬਹੁਤ ਹੀ ਨੇੜਲੇ ਦੋਸਤਾਂ ਵਿਚ ਬੈਠਿਆਂ ਉਹ ਅਕਸਰ ਇਹ ਗੀਤ ਸੁਣਾਇਆ ਕਰਦਾ ਸੀ:–
ਸੱਜਣ ਜੀ! ਮੇਰੇ ਗੀਤਾਂ ਦਾ ਮੁੱਲ ਪਾਇਆ ਨਾ
ਹੋਅ–ਡੂੰਘੀਆਂ ਅੱਖੀਆਂ ਵਾਲਿਆ ਸੱਜਣਾ ਆਇਆ ਨਾ
ਪੁੱਗ ਜਾਂਦਾ ਇਕਰਾਰ ਜੇ ਤੇਰਾ
ਗੀਤ ਰੰਡੇਪਾ ਕੱਟਦੇ ਨਾ
ਮੇਰੀ ਲਾਸ਼ ਤਾਂ ਕਬਰੇ ਪਹੁੰਚ ਗਈ
ਪਰ ਸੱਥਰ ਕਿਸੇ ਵਿਛਾਇਆ ਨਾ
ਸੱਜਣ ਜੀ ਮੇਰੇ—–
ਮੇਰੇ ਗੀਤਾਂ ਦੇ ਮੂੰਹ ਪੀਲੇ ਨੇ
ਕੋਈ ਹੱਡੀਂ ਪਾਰਾ ਬੈਠ ਗਿਆ ।
ਮੇਰੇ ਗੀਤਾਂ ਦੇ ਧੁਖਦੇ ਨੈਣੀ
ਕਿਸੇ ਕੱਜ਼ਲ ਅਸਰ ਵਿਖਾਇਆ ਨਾ
ਸੱਜਣ ਜੀ! ਮੇਰੇ ਗੀਤਾਂ ਦਾ ਮੁੱਲ ਪਾਇਆ ਨਾ।
“ਤੁਹਾਡੇ ਗੀਤਾਂ ਦਾ ਮੁੱਲ ਪਾਉਣ ਵਾਲੇ ਹਜ਼ਾਰਾਂ ਨਹੀਂ ਲੱਖਾਂ ਲੋਕ ਨੇ।” ਅਸੀਂ ਹਾਕਮ ਨੂੰ ਆਖਦੇ।
“ਹਾਂ—ਅ !” ਹਾਕਮ ਇੰਨਾ ਆਖਦਿਆਂ ਚੁੱਪ ਹੋ, ਦੂਰ ਖਲਾਅ ਵਿਚ ਵੇਖਣ ਲੱਗ ਜਾਂਦਾ, ਜਿਵੇਂ ਕੁੱਝ ਗੁਆਚਿਆ ਭਾਲ ਰਿਹਾ ਹੋਵੇ।
*********
9872640994