ਰੁਪਾਲੀ ਦੀ ਚੀਖ ਕਿਸ ਕਿਸ ਨੇ ਸੁਣੀ ਹੈ?
ਇਹ ਫੋਟੋ ਹਰ ਸੰਵੇਦਨਸ਼ੀਲ ਬੰਦੇ ਨੂੰ ਪਰੇਸ਼ਾਨ ਕਰਨ ਵਾਲੀ ਹੈ…ਧੁਰ ਅੰਦਰ ਤਕ ਝੰਜੋੜ ਸੁੱਟਣ ਵਾਲੀ ਹੈ..ਅਤੇ ਆਪਣੇ ਆਪ ਨੂੰ ਮਨੁੱਖ ਹੋਣ ਤੇ ਸ਼ਰਮਸ਼ਾਰ ਕਰਨ ਵਾਲੀ ਹੈ…ਇਸ ਨੂੰ ਦੇਖਣ ਦੀ ਜ਼ੁਰਅਤ ਕਰਨਾ ਵੀ ਮੇਰੇ ਵਰਗੇ ਬੰਦੇ ਲਈ ਅੱਗ ਦਾ ਦਰਿਆ ਪਾਰ ਕਰਨ ਵਾਲੀ ਗੱਲ ਹੀ ਹੈ। ਮੈਂ ਅਕਸਰ ਅਜਿਹੀ ਕੋਈ ਫੋਟੋ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕਰਦਾ..ਪਰ ਇਹ ਸੋਚ ਕੇ ਭਰੇ ਮਨ ਤੇ ਭਰੀਆਂ ਅੱਖਾਂ ਨਾਲ ਸਾਂਝੀ ਕਰ ਰਿਹਾ ਹਾਂ ਕਿ ਸ਼ਾਇਦ ਅਸੀਂ ਆਪਣੇ ਅੰਦਰਲੀ ਦਰਿੰਦਗੀ ਦੇ ਰੂਬਰੂ ਹੋ ਸਕੀਏ ਤੇ ਫੇਰ ਕਦੇ ਵੀ ਅਜਿਹੀ ਫੋਟੋ ਦੇਖਣ ਦੀ ਬਦਕਿਸਮਤੀ ਸਾਡੇ ਹਿੱਸੇ ਨਾ ਆਵੇ..
ਡੇਢ ਸਾਲ ਦੀ ਰੁਪਾਲੀ ਉਸ ਵਕਤ ਤੋਤਲੀ ਜ਼ੁਬਾਨ ਵਿਚ ਗੱਲਾਂ ਕਰ ਰਹੀ ਹੋਵੇਗੀ…ਨਿਆਣਿਆਂ ਨਾਲ ਹੱਸ ਰਹੀ ਹੋਵੇਗੀ..ਹਸਾ ਰਹੀ ਹੋਵੇਗੀ..ਕਿਲਾਕਾਰੀਆਂ ਮਾਰ ਰਹੀ ਹੋਵੇਗੀ…ਉਸ ਨੂੰ ਤਾਂ ਚਿਤ-ਚੇਤਾ ਵੀ ਨਹੀਂ ਹੋਵੇਗਾ ਕਿ ਕੁਝ ਪਲਾਂ ਬਾਅਦ ਉਹ ਖਿੱਲਾਂ ਜਿਉਂ ਭੁੱਜ ਜਾਏਗੀ…ਕਿਸੇ ਦੇ ਮਾਸਾ ਕੁ ਸੁਆਰਥ ਦੀ ਭੇਂਟ ਚੜ੍ਹ ਜਾਏਗੀ…
ਅਚਾਨਕ ਖੇਤਾਂ ਵਿਚ ਨਾੜ ਨੂੰ ਲਾਈ ਅੱਗ ਵਰੋਲੇ ਵਾਂਗ ਉਹਨਾਂ ਦੀਆਂ ਝੁੱਗੀਆਂ ਤਕ ਪਹੁੰਚੀ…ਰੁਪਾਲੀ ਅੱਗ ਤੋਂ ਡਰਦੀ ਆਪਣੀ ਝੁੱਗੀ ਦੇ ਅੰਦਰ ਵੜ ਗਈ…ਹੁਣ ਇਹ ਨਾ ਕਹਿਣਾ ਕਿ ਉਹ ਬੇਵਕੂਫ਼ ਸੀ, ਉਸ ਨੂੰ ਬਾਹਰ ਵੱਲ ਭੱਜਣਾ ਚਾਹੀਦਾ ਸੀ…ਅੰਦਰ ਵੱੜ ਕੇ ਤਾਂ ਇਹ ਹਾਦਸਾ ਹੋਣਾ ਹੀ ਸੀ…ਉਹ ਠੀਕ ਹੀ ਅੰਦਰ ਵੱਲ ਗਈ ਸੀ..ਡੇਢ ਸਾਲ ਦੇ ਬੱਚੇ ਲਈ ਮਾਂ-ਬਾਪ ਦੀ ਗੋਦੀ ਵਿਚ ਲੁਕਣ ਤੋਂ ਬਾਅਦ ਆਪਣਾ ਘਰ ਹੀ ਤਾਂ ਸਭ ਤੋਂ ਵੱਧ ਸੁਰੱਖਿਅਤ ਥਾਂ ਹੁੰਦਾ ਹੈ…ਮਾਂ-ਬਾਪ ਵਕਤਾਂ ਦੇ ਮਾਰੇ ਦਿਹਾੜੀਆਂ ਕਰਨ ਗਏ ਸੀ…ਤੁਸੀਂ ਸੋਚ ਸਕਦੇ ਹੋ ਤਾਂ ਸੋਚਿਓ ਉਸ ਵਕਤ ਰੁਪਾਲੀ ਦੀ ਕੀ ਹਾਲਤ ਹੋਵੇਗੀ ਜਦ ਅਗ ਦੀਆਂ ਲਪਟਾਂ ਉਸ ਤਕ ਪਹੁੰਚੀਆਂ ਹੋਣਗੀਆਂ…ਜਦ ਉਹ ਝੋਂਪੜੀ ਵਿਚ ਮੌਤ ਦੀਆਂ ਲਾਟਾਂ ਵਿਚ ਘਿਰੀ ਹੋਏਗੀ..ਉਹ ਲੋਹੇ ਦੇ ਮੰਜੇ ਦੇ ਪਾਵੇ ਨਾਲ ਸਹਿ ਕੇ ਬੈਠ ਗਈ ਅਤੇ ਫੇਰ ਮੰਜੇ ਨੂੰ ਆਪਣਾ ਰੱਖਿਕ ਮੰਨ ਕੇ ਉਸ ਦੇ ਪਾਵੇ ਨਾਲ ਚਿੰਬੜ ਗਈ ਕਿ ਸ਼ਾਇਦ ਅੱਗ ਇਥੇ ਨਹੀਂ ਪਹੁੰਚ ਸਕੇਗੀ …ਪਰ…ਉਫ਼..ਅੱਗ ਦਾ ਧਰਮ ਤਾਂ ਮਚਾਉਣਾ ਹੁੰਦਾ ਹੈ..ਬੰਦੇ ਦਾ ਧਰਮ ਹੀ ਬਚਾਉਣਾ ਹੁੰਦਾ ਹੈ।
ਜਦ ਬੰਦਾ ਆਪਣਾ ਧਰਮ ਨਾ ਨਿਭਾ ਕੇ ਬਚਾਉਣ ਦੀ ਥਾਂ ਮਚਾਉਣ ਦੇ ਰਾਹ ਤੁਰ ਪਏ ਤਾਂ ਅੱਗ ਨੂੰ ਮਚਾਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਸੀ..ਅੱਗ ਨੇ ਉਹੀ ਕੁਝ ਕੀਤਾ ਜੋ ਉਸ ਨੇ ਕਰਨਾ ਸੀ…ਰੁਪਾਲੀ ਅੱਗ ਵਿਚ ਭੁੰਨੀ ਗਈ..ਉਸ ਦੀ ਨਾਜ਼ੁਕ ਦੇਹ ਮੰਜੇ ਦੇ ਪਾਵੇ ਨਾਲ ਚਿਪਕ ਗਈ..ਤੇ ਰੁਪਾਲੀ ਸਦਾ ਸਦਾ ਲਈ ਸਾਡੇ ਮੱਥਿਆਂ ਤੇ ਦਾਨਵ ਹੋਣ ਦਾ ਕਲੰਕ ਲਾ ਕੇ ਇਸ ਚੀਖਦੀ-ਚਿਲਾਉਂਦੀ..ਤੜਫ਼ਦੀ ਇਸ ਜਹਾਨ ਤੋਂ ਕੂਚ ਕਰ ਗਈ..
ਹੁਣ ਦੇਈਂ ਜਾਓ ਦੋਸ਼ ਇਕ ਦੂਜੇ ਨੂੰ…ਕੋਈ ਜੱਟਾਂ ਨੂੰ ਗਾਲ੍ਹਾਂ ਕੱਢੇਗਾ..ਜੱਟ ਸਰਕਾਰਾਂ ਦੇ ਪੋਤੜੇ ਫੋਲਣਗੇ..ਸਰਕਾਰ ਚਾਰ ਬੋਲ ਹਮਦਰਦੀ ਦੇ ਬੋਲ ਕੇ ਤੇ ਕੋਈ ਚਾਰ ਛਿੱਲੜ ਮੁਆਵਜ਼ਾ ਦੇ ਕੇ ਹੰਝੂ ਪੂੰਝਣ ਦਾ ਕੰਮ ਕਰੇਗੀ ਤੇ ਅਸੀਂ ਕੁਝ ਦਿਨ ਫੇਸਬੁੱਕ ਤੇ ਚੀਕਾਂਗੇ ਤੇ ਫੇਰ ਕੋਈ ਹੋਰ ਪੋਸਟ ਪਾ ਕੇ ਆਪਣੇ ਸਮਾਜ ਪੱਖੀ ਹੋਣ ਦਾ ਨਵਾਂ ਦੰਭ ਸ਼ੁਰੂ ਕਰ ਦਿਆਂਗੇ…
ਜਦ ਕੁਝ ਦਿਨ ਪਹਿਲਾਂ ਨਾੜ ਨੂੰ ਲਾਈ ਅੱਗ ਕਾਰਨ ਸਕੂਲ ਵੈਨ ਪਲਟੀ ਸੀ ਅਤੇ ਉਸ ਨੂੰ ਅੱਗ ਲੱਗੀ ਸੀ, ਉਸ ਵਕਤ ਵੀ ਚੀਕ ਚਿਹਾੜਾ ਪਿਆ ਸੀ..ਪਰ ਕਿਸੇ ਨੇ ਕੀ ਸਬਕ ਸਿੱਖਿਆ?
ਮੈਂ ਪਿਛਲੇ ਦਿਨੀ ਪਾਈ ਪੋਸਟ ਦੇ ਵਿਚ ਵੀ ਕਿਹਾ ਸੀ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਕੋਈ ਤੁਕ ਹੀ ਨਹੀਂ ਬਣਦੀ..ਇਹ ਮਨੁੱਖਤਾ ਦੇ ਖਿਲਾਫ਼, ਕੁਦਰਤ ਦੇ ਖਿਲਾਫ਼, ਜੀਵ ਜੰਤੂਆਂ ਦੇ ਖਿਲਾਫ, ਆਬੋ-ਹਵਾ ਅਤੇ ਧਰਤ ਦੇ ਖਿਲਾਫ਼ ਅਤੇ ਆਪਣੇ ਆਪ ਦੇ ਖਿਲਾਫ਼ ਬਹੁਤ ਵੱਡਾ ਧਰੋਹ ਅਤੇ ਹਨੇਰਗਰਦੀ ਹੈ..
• 47 ਡਿਗਰੀ ਤਾਪਮਾਨ ਵਿਚ ਜਦ ਹਰ ਚੀਜ਼ ਅੱਗ ਵਾਂਗ ਭਖ ਰਹੀ ਹੋਵੇ, ਉਸ ਵਕਤ ਨਾੜ ਨੂੰ ਅੱਗ ਲਾਉਣ ਵੇਲੇ ਕਿਸਾਨ ਦੀ ਅਕਲ ਕਿੱਥੇ ਗਈ ਸੀ?
• ਵੈਨ ਨੂੰ ਅੱਗ ਲੱਗਣ ਵਾਲੇ ਹਾਦਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਰੋਕਣ ਲਈ ਕੀ ਸਰਗਰਮੀ ਦਿਖਾਈ?
• ਸਰਕਾਰ ਨੇ ਆਪਣੇ ਸਾਰੇ ਨੈਟਵਰਕ ਰਾਹੀਂ ਕੀ ਕਦਮ ਚੁੱਕੇ…ਕਿੰਨੀ ਨਿਗਰਾਨੀ ਕੀਤੀ..ਕਿੰਨੀ ਜਾਗਰੁਕਤਾ ਫੈਲਾਈ?
ਹਾਂ.ਹੁਣ ਜਦ ਇਕ ਹੋਰ ਵੱਡਾ ਹਾਦਸਾ ਵਾਪਰ ਗਿਆ ਹੈ ਤਾਂ ਅਸੀਂ ਬਹੁਤ ਕੁਝ ਅਵਾ-ਤਵਾ ਬੋਲਾਂਗੇ… ਕੁਝ ਲੋਕ ਇਸ ਅਹਿਮ ਮਸਲੇ ਨੂੰ ਜੱਟ ਬਨਾਮ ਦਲਿਤ ਬਣਾ ਕੇ ਪੇਸ਼ ਕਰਨਗੇ..ਇਕ ਖਾਸ ਜਾਤ/ਵਰਗ ਨੂੰ ਗਾਲ੍ਹਾਂ ਕੱਢਣਗੇ..ਕੁਝ ਹੋਰ ਇਸ ਦੇ ਹੱਕ-ਵਿਰੋਧ ਵਿਚ ਦਲੀਲਾਂ ਦੇਣਗੇ ਅਤੇ ਇੰਝ ਦਲੀਲਾਂ ਦਾ ਖੱਸੀ ਤਾਣਾ-ਬਾਣਾ ਬੁਣਿਆ ਜਾਂਦਾ ਰਹੇਗਾ ਕੋਈ ਹੋਰ ਹਾਦਸਾ ਹੋਣ ਤਕ..
ਇਹ ਮਸਲਾ ਜੱਟ ਬਨਾਮ ਦਲਿਤ ਨਹੀਂ ਹੈ, ਬਲਕਿ ਕਿਸਾਨੀ ਨਾਲ ਸਬੰਧਤ ਕੁਝ ਬੇਵਕੁਫ਼ ਲੋਕਾਂ ਦੀ ਮੂਰਖਤਾਨਾ ਕਾਰਵਾਈ ਹੈ, ਜਿਸ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ…ਤੇ ਹੋ ਰਿਹਾ ਹੈ। ਰੁਪਾਲੀ ਤਾਂ ਸੜ ਗਈ ਇਸ ਲਈ ਉਦਾਹਰਨ ਬਣ ਗਈ..ਪਰ ਹਜ਼ਾਰਾਂ ਲੱਖਾਂ ਬੇਜਾਨ ਪਰਿੰਦੇ, ਜੀਵ-ਜੰਤੂ ਜੋ ਇਸ ਅੱਗ ਵਿਚ ਸੜ ਕੇ ਸੁਆਹ ਹੋ ਜਾਂਦੇ ਨੇ, ਉਹਨਾਂ ਦੇ ਕਾਤਿਲਾਂ ਦੀ ਕਦੇ ਆਪਾਂ ਨਿਸ਼ਾਨਦੇਹੀ ਹੀ ਨਹੀਂ ਕੀਤੀ..
ਇਹ ਅੱਗਾਂ ਧਰਤੀ ਦੇ ਤਾਪਮਾਨ ਅਤੇ ਪ੍ਰਦੂਸ਼ਣ ਵਿਚ ਕਿੰਨਾ ਵਾਧਾ ਕਰਦੀਆਂ ਹਨ, ਇਸ ਬਾਰੇ ਤਾਂ ਆਪਾਂ ਕਦੇ ਸੁਖ ਨਾਲ ਸੋਚਿਆ ਹੀ ਨਹੀਂ।
ਇਹ ਮਸਲਾ ਨਾ ਕਿਸੇ ਇਕ ਬੰਦੇ ਦੇ ਅੱਗ ਲਾਉਣ ਦਾ ਹੈ, ਨਾ ਕਿਸੇ ਕਿਸੇ ਜਾਤ ਦੇ ਖਿਲਾਫ਼ ਗਾਲ੍ਹਾਂ ਕੱਢਣ ਦਾ ਹੈ, ਬਲਕਿ ਸਾਰੀਆਂ ਸਬੰਧਤ ਧਿਰਾਂ ਦੇ ਆਪਾ ਪੜਚੋਲਣ ਦਾ ਹੈ..ਤੇ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਦਾ ਹੈ..
ਕਣਕ ਦੇ ਮਾਮਲੇ ਵਿਚ ਅੱਗ ਲਾਉਣ ਦਾ ਸਾਡੇ ਕੋਲ ਕੋਈ ਤਰਕ ਹੀ ਨਹੀਂ..ਪਰ ਝੋਨੇ ਵੇਲੇ ਸੌ ਤਰਕ ਅਤੇ ਸੌ ਮਜ਼ਬੂਰੀਆਂ ਸਾਮ੍ਹਣੇ ਆ ਜਾਣਗੀਆਂ..ਇਸ ਹਾਦਸੇ ਲਈ ਜ਼ਿੰਮੇਵਾਰ ਧਿਰਾਂ ਨਾਲ ਨਜਿੱਠਣ ਦੇ ਨਾਲ ਨਾਲ ਆਓ ਵਕਤ ਰਹਿੰਦੇ ਅਗਲੇ ਕੁਝ ਮਹੀਨਿਆਂ ਵਿਚ ਝੇਨੇ ਦੀ ਪਰਾਲੀ ਦਾ ਕੋਈ ਹੱਲ ਲੱਭੀਏ..
ਅੱਗ ਕਿਸੇ ਵੀ ਹਾਲਤ ਵਿਚ ਨਹੀਂ ਲਾਈ ਜਾਣੀ ਚਾਹੀਦੀ..ਨਾ ਕਣਕ ਦੇ ਨਾੜ ਨੂੰ ਤੇ ਨਾ ਝੋਨੇ ਦੇ ਨਾੜ ਨੂੰ…ਇਸ ਨੂੰ ਰੋਕਣ ਲਈ ਹਰ ਹਾਲਤ ਵਿਚ ਪ੍ਰੇਰਕ ਮੁਹਿੰਮ ਚਲੱਣੀ ਚਾਹੀਦੀ ਹੈ, ਸਖ਼ਤੀ ਹੋਣੀ ਚਾਹੀਦੀ ਹੈ..ਪਰ ਨਾਲ ਨਾਲ ਪੀੜਤ ਧਿਰਾਂ ਨਾਲ ਬੈਠ ਕੇ ਇਸ ਦੇ ਹੋਰ ਬਦਲ ਲੱਭਣੇ ਚਾਹੀਦੇ ਹਨ..ਤੇ ਕਿਸੇ ਵੀ ਹਾਲਤ ਵਿਚ ਅੱਗ ਲਾਉਣ ਦਾ ਕੋਈ ਬਹਾਨਾ ਕਿਸੇ ਲਈ ਮੁਆਫੀਯੋਗ ਨਹੀਂ ਹੋਣਾ ਚਾਹੀਦਾ..
ਮਰਨ ਤੋਂ ਬਾਅਦ ਸਵਰਗ ਦੀਆਂ ਅਰਦਾਸਾਂ ਕਰਨ ਵਾਲੇ ਲੋਕੋ, ਇਸ ਧਰਤੀ ਨੂੰ ਨਰਕ ਬਣਾਉਣ ਵਿਚ ਆਪਣਾ ਹਿੱਸਾ ਨਾ ਪਾਓ..ਨਰਕ ਸਵਰਗ ਜੋ ਵੀ ਹੈ, ਇਸ ਧਰਤੀ ਤੇ ਹੀ ਹੈ।
ਰੁਪਾਲੀ ਧੀਏ ਤੂੰ ਤਾਂ ਤੜਫ਼ ਤੜਫ਼ ਚਲੀ ਗਈ..ਪਰ ਤੇਰੇ ਜਾਣ ਤੋਂ ਬਾਅਦ ਵੀ ਜੇਕਰ ਅਸੀਂ ਆਪਣੇ ਅੰਦਰਲੇ ਲੋਭ, ਲਾਲਚ, ਸੁਆਰਥ ਅਤੇ ਦਰਿੰਦਗੀਆਂ ਨੂੰ ਮਾਰ ਕੇ ਥੋੜਾ ਜਿਹਾ ਸਬਕ ਸਿੱਖ ਲਈਏ ਤਾਂ ਤੇਰੀ ਕੁਰਬਾਨੀ ਹੋਰ ਕਿੰਨੀ ਰੁਪਾਲੀਆਂ, ਧਰਤੀ ਮਾਂ, ਕੁਦਰਤ ਮਾਂ, ਪਾਣੀ, ਰੁੱਖ, ਫਸਲਾਂ ਅਤੇ ਸਮੁਚੀ ਮਨਾਵਤਾ ਨੂੰ ਬਚਾਉਣ ਦਾ ਆਧਾਰ ਬਣ ਸਕੇਗੀ..
ਕਾਸ਼ ! ਅਸੀਂ ਰੁਪਾਲੀ ਨੂੰ ਇਸ ਰੂਪ ਵਿਚ ਸ਼ਰਧਾਂਜਲੀ ਦੇ ਕੇ ਆਪਣਾ ਪਸ਼ਚਾਤਾਪ ਕਰ ਸਕੀਏ..
ਕੁਲਦੀਪ ਸਿੰਘ ਦੀਪ (ਡਾ.)