ਰੇਖਾ ਦਾ ਪੁਲ – ਕਮਲ ਰੰਗਾ/ਅਨੁਵਾਦ ਕੇਸਰਾ ਰਾਮ

ਰੇਖਾ ਦਾ ਪੁਲ
ਲੇਖਕ ਕਮਲ ਰੰਗਾ/ਅਨੁਵਾਦ ਕੇਸਰਾ ਰਾਮ

“ਕੀ ਹੈ ਇਹ| ਬੋਲ ਤਾਂ ਸਹੀ, ਇਹ ਹੈ ਕੀ ?”
ਰੇਖਾ ਰੋ ਪਈ। ਰੇਖਾ ਦੇ ਪਤੀ ਬੈਜਨਾਥ ਨੇ ਉਸਦੇ ਮੂੰਹ ‘ਤੇ ਅਖ਼ਬਾਰ ਵਗਾਹ ਕੇ ਮਾਰਿਆ। ਫਿਰ ਉਸਨੂੰ ਵਾਲਾਂ ਤੋਂ ਫੜ ਕੇ ਉਸਦਾ ਮੂੰਹ-ਮੱਥਾ ਅਖ਼ਬਾਰ ‘ਤੇ ਮਾਰਦਿਆਂ ਜ਼ੋਰ ਆਜ਼ਮਾਈ ਕਰਨ ਲੱਗਿਆ। ਰੇਖਾ ਨੇ ਦਰਦ ਕਾਰਨ ਅੱਖਾਂ ਮੀਚ ਲਈਆਂ। ਉਸਨੂੰ ਬਿਲਕੁਲ ਵੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਐ। ਪਤੀ ਦੇ ਹੱਥੋਂ ਆਪਣੇ ਵਾਲ ਛੁਡਾ ਕੇ ਜਦੋਂ ਉਸਨੇ ਅਖ਼ਬਾਰ ਦੇਖਿਆ, ਉਸ ਵਿਚ ਕਲ੍ਹ ਵਾਲੇ ਪ੍ਰੋਗ੍ਰਾਮ ਦੀ ਖ਼ਬਰ ਹੀ ਨਹੀਂ ਬਲਕਿ ਬੜੀ ਮਨਮੋਹਕ ਅਦਾ ਵਿਚ ਉਸਦੀ ਡਾਂਸ ਕਰਦੀ ਦੀ ਫੋਟੋ ਵੀ ਛਪੀ ਹੋਈ ਸੀ । ਹੁਣ ਉਸਨੂੰ ਸਾਰੀ ਗੱਲ ਦੀ ਸਮਝ ਲੱਗੀ।
“ਇਹ ਤਾਂ ਮੇਰੇ ਮਹਿਕਮੇ ਵਿਚ ਕਲ੍ਹ ਹੋਏ ਪ੍ਰੋਗ੍ਰਾਮ ਦੀ ਖ਼ਬਰ ਤੇ ਫੋਟੋ ਹੈ।” ਰੇਖਾ ਨੇ ਗੁੱਸੇ ਨਾਲ ਪੂਰੇ ਤਪੇ ਖੜ੍ਹੇ ਆਪਣੇ ਪਤੀ ਨੂੰ ਸਮਝਾਇਆ।
“ਤਾਂ ਫੇਰ ਹੁਣ ਤੂੰ ਆਪਣੇ ਮਹਿਕਮੇ ਵਿਚ ਮੁਜਰਾ ਕਰਨ ਲੱਗ ਪਈ ਐਂ ?” ਪਤੀ ਨੇ ਤਪਦੀ ਹੋਈ ਸਲਾਖ਼ ਵਰਗਾ ਸਵਾਲ ਦਾਗਿਆ।
“ਮੁਜਰਾ ? ਰੇਖਾ ਨੇ ਚੌਂਕ ਕੇ ਪੁੱਛਿਆ।
“ਠੀਕ ਤਰ੍ਹਾਂ ਦੇਖੋ, ਨੱਚਣ ਵਾਲੀ ਮੈਂ ਇਕੱਲੀ ਨਹੀਂ ਹਾਂ। ਟ੍ਰੇਨਿੰਗ ਵਿਚ ਸ਼ਾਮਲ ਸਾਰੀਆਂ ਔਰਤਾਂ ਹੀ ਹੱਸਦੀਆਂ, ਬੋਲਦੀਆਂ ਤੇ ਨੱਚਦੀਆਂ ਹਨ। ਇਹ ਤਾਂ ਟ੍ਰੇਨਿੰਗ ਦਾ ਹਿੱਸਾ ਹੈ।
“ਪਰ ਇਹ ਫੋਟੋ ਤਾਂ ਤੈਨੂੰ ਇੱਕਲੀ ਨੂੰ ਹੀ ਹੀਰੋਇਨ ਦਿਖਾ ਰਹੀ ਹੈ!” ਕਹਿੰਦਿਆਂ ਰੇਖਾ ਦੇ ਪਤੀ ਨੇ ਪਹਿਲਾਂ ਅਖ਼ਬਾਰ ਪਰ੍ਹਾਂ ਸੁੱਟਿਆ, ਫੇਰ ਚੁੱਕ ਲਿਆ।
“ਪਰ ਇਸ ਵਿਚ ਗਲਤ ਕੀ ਹੈ ?” ਰੇਖਾ ਨੇ ਪੁੱਛਿਆ।
“ਇਹੀ ਕਿ ਅੱਜ ਤੇਰੀ ਫੋਟੋ ਅਖ਼ਬਾਰ ਵਿਚ ਛਪੀ ਹੈ।” ਬੈਜਨਾਥ ਕਚੀਚੀਆਂ ਵੱਟਦਿਆਂ ਬੋਲਿਆ।
“ਅਖ਼ਬਾਰ ?” ਰੇਖਾ ਨੂੰ ਗੁੱਸਾ ਚੜ੍ਹਿਆ, “ਤੁਸੀਂ ਕਹਿਣਾ ਕੀ ਚਾਹੁੰਦੇ ਹੋ ? ਸਾਫ-ਸਾਫ ਕਰੋ।”
“ਉਹ ਗਲੋਡੀਆ ਸਾਹਬ ਸਾਡੇ ਘਰ ਨਹੀਂ ਆਉਣਾ ਚਾਹੀਦਾ ।” ਬੈਜਨਾਥ ਨੇ ਸਪਸ਼ਟ ਪਾਬੰਦੀ ਲਾਉਂਦਿਆਂ ਕਿਹਾ।
ਰੇਖਾ ਕੁਝ ਦੇਰ ਖਾਮੋਸ਼ ਰਹੀ। ਫਿਰ ਬੋਲੀ, “ਤਾਂ ਫਿਰ ਤੁਸੀਂ ਖੁਦ ਕਿਉਂ ਨਹੀਂ ਰੋਕਦੇ ਉਸਨੂੰ ? ਜਦੋਂ ਉਹ ਆਉਂਦੈ, ਉਸਦੇ ਅੱਗੇ-ਪਿੱਛੇ ਕਿਉਂ ਘੁੰਮਦੇ ਰਹਿੰਦੇ ਹੋ?
ਉਦੋਂ ਤਾਂ ਵੱਡਾ ਸਾਹਬ, ਵੱਡਾ ਸਾਹਬ ਕਹਿੰਦਿਆਂ ਦਾ ਮੂੰਹ ਨਹੀਂ ਸੁੱਕਦਾ।”
“ਮੈਨੂੰ ਮਿਲਣ ਆਉਂਦੈ ਉਹ? ਤੈਨੂੰ ਨਹੀਂ ?” ਬੈਜਨਾਥ ਨੇ ਰੇਖਾ ਦੀ ਗੱਲ ਕੱਟਦਿਆਂ ਕਿਹਾ।
“”ਮੈਂ ਕੋਈ ਉਹਨੂੰ ਸੱਦਾ ਦੇਣ ਜਾਨੀ ਆਂ ?” ਰੇਖਾ ਨੇ ਵੀ ਮੋਰਚਾ ਸਾਂਭ
ਲਿਆ। “ਤੂੰ ਨਹੀਂ, ਤੇਰਾ ਰੂਪ ਤਾਂ ਸੱਦਾ ਦਿੰਦੈ। ਨੀਚ ਕਿਸੇ ਥਾਂ ਦੀ।” ਉਹ ਬੁੜਬੜਾਇਆ।
“ਇਹ ਰੂਪ ਤਾਂ ਤੇਰੀ ਅਮਾਨਤ ਹੈ, ਤੈਨੂੰ ਹੀ ਸਾਂਭਣਾ ਚਾਹੀਦੈ।” ਰੇਖਾ ਨੇ ਆਪਣੇ ਰੂਪ ‘ਤੇ ਜਿਵੇਂ ਉਸ ਦੀ ਪੱਕੀ ਮੋਹਰ ਲਾ ਦਿੱਤੀ।
“ਹੈਂ।” ਬੈਜਨਾਥ ਜ਼ੋਰ ਨਾਲ ਚੀਕਿਆ ਤੇ ਪੈਰ ਪਟਕਦਾ ਹੋਇਆ ਕਮਰੇ ‘ਚੋਂ ਬਾਹਰ ਚਲਾ ਗਿਆ।
ਸਵਾ ਦਸ ਦੇ ਲਗਭਗ ਰੇਖਾ ਦਫਤਰ ਜਾਣ ਦੀ ਤਿਆਰੀ ਕਰਨ ਲੱਗੀ। ਰੇਖਾ ਨੌਕਰੀ ਕਰਦੀ ਹੈ। ਮਹਿਲਾ ਵਿਕਾਸ ਵਿਭਾਗ ਵਿਚ। ਇਹ ਨੌਕਰੀ ਕਰਨ ‘ਚ ਰੇਖਾ ਦੀ ਆਪਣੀ ਕੋਈ ਦਿਲਚਸਪੀ ਨਹੀਂ ਸੀ, ਸਗੋਂ ਬੈਜਨਾਥ ਦੀ ਹੀ ਮਰਜ਼ੀ ਸੀ। ਬੈਜਨਾਥ ਦੀ ਹੀ ਭੱਜ-ਨੱਠ ਕਰਕੇ ਕੁਝ ਲੈਣ-ਦੇਣ ਪਿੱਛੋਂ ਇਹ ਨੌਕਰੀ ਉਸਨੂੰ ਮਿਲੀ ਸੀ। ਦੋ ਸਾਲ ਹੋਗੇ, ਨੌਕਰੀ ਬਾਬਤ ਕਦੇ ਕੋਈ ਝੰਜਟ ਨਹੀਂ ਹੋਇਆ ਸੀ । ਝੰਜਟ ਸ਼ੁਰੂ ਹੋਇਆ ਗਲੋਡੀਆ ਸਾਹਬ ਦੇ ਆਉਣ ਨਾਲ। ਕਲੈਕਟਰ ਨੇ ਉਸਨੂੰ ਰੇਖਾ ਦੇ ਮਹਿਕਮੇ ਦਾ ਚਾਰਜ ਦੇ ਦਿੱਤਾ, ਉਦੋਂ ਤੋਂ ਹੀ ਉਹ ਇਸ ਦੇ ਸੰਪਰਕ ਵਿਚ ਆਈ ਸੀ। ਹੁਣ ਉਹ ਰੇਖਾ ਦੀ ਪ੍ਰਤਿਭਾ ਸਵਾਰਨ ਵਿਚ ਜੁਟ ਗਿਆ ਸੀ।
ਪਰ ਰੇਖਾ ਹੁਣ ਕਰੇ ਤਾਂ ਕੀ ਕਰੇ ? ਸੱਚੀ ਗੱਲ ਤਾਂ ਇਹ ਹੈ ਕਿ ਉਹ ਖ਼ੁਦ ਤਾਂ ਨੌਕਰੀ ਕਰਨੀ ਹੀ ਨਹੀਂ ਚਾਹੁੰਦੀ ਸੀ। ਪੇਕਿਆਂ ਤੋਂ ਤਾਂ ਉਹ ਅਜਿਹੇ ਸੰਸਕਾਰ ਲੈ ਕੇ ਆਈ ਸੀ ਕਿ ਔਰਤ ਤਾਂ ਬਸ ਔਰਤ ਹੀ ਹੁੰਦੀ ਹੈ। ਤੇ ਨੌਕਰੀ ? ਜਿਵੇਂ-ਕਿਵੇਂ ਰੇਖਾ ਨੇ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ, ਫਿਰ ਉਸਦਾ ਵਿਆਹ ਬੈਜਨਾਥ ਨਾਲ ਹੋ ਗਿਆ ਤੇ ਇਕ ਬੱਚਾ ਵੀ ਹੋ ਗਿਆ।
ਖਰਚਾ ਵਧਿਆ ਤਾਂ ਸਾਂਝੇ ਪਰਵਾਰ ਦੇ ਮੈਂਬਰ ਉਸਦੇ ਪਤੀ ਨੇ ਖ਼ੁਦ ਉਸਨੂੰ ਨੌਕਰੀ ਕਰਨ ਲਈ ਪ੍ਰੇਰਿਆ ਸੀ। ਪਹਿਲਾਂ ਰੇਖਾ ਨੇ ਇਹ ਨੌਕਰੀ ਅਣਮੰਨੇ ਜਿਹੇ ਮਨ ਨਾਲ ਮਨਜ਼ੂਰ ਕੀਤੀ ਸੀ । ਪਰ ਫੇਰ ਇਹ ਨੌਕਰੀ ਉਸਨੂੰ ਰਾਸ ਆਉਣ ਲੱਗੀ। ਔਰਤ ਜ਼ਾਤ ਤੇ ਉਹ ਵੀ ਪੇਂਡੂ ਔਰਤ। ਜਦੋਂ ਉਸਦਾ ਵਾਹ ਅੰਦਰਲੇ ਹਨੇਰੇ ਨਾਲ ਪਿਆ ਤਾਂ ਉਸਨੂੰ ਆਪਣੀ ਜ਼ਿੰਦਗੀ ਦੇ ਅਸਲ ਪਾਸਾਰ ਦੀ ਗੁੰਜਾਇਸ਼ ਪਤਾ ਚੱਲੀ । ਛੇਤੀ ਹੀ ਉਸਨੇ ਆਪਣੇ ਮਹਿਕਮੇ ਵਿਚ ਪਹਿਚਾਣ ਬਣਾ ਲਈ। ਉਹ ਵਿਭਾਗ ਦੇ ਸਭ ਕਰਮਚਾਰੀਆਂ ਦੀਆਂ ਨਜ਼ਰਾਂ ਵਿਚ ਛਾ ਗਈ । ਨੌਕਰੀ ਕਰਨਾ ਹੁਣ ਉਸ ਲਈ ਸਿਰਫ ਨੌਕਰੀ ਹੀ ਨਾ ਰਹਿ ਕੇ ਜ਼ਿੰਦਗੀ ਦਾ ਮਕਸਦ ਬਣ ਗਿਆ ਸੀ।
ਪਰ ਹੁਣ ਉਹ ਕਰੇ ਤਾਂ ਕੀ ਕਰੇ ? ਉਸਨੂੰ ਆਪਣੇ ਪਤੀ ਦੇ ਵਰਤਾਉ ਦੀ ਸਮਝ ਨਹੀਂ ਸੀ ਪੈ ਰਹੀ। ਜਦੋਂ ਉਹ ਉਸਨੂੰ ਸਮਝਾਉਣ ਲੱਗਦੀ ਤਾਂ ਬੈਜਨਾਥ ਖਿੱਝ ਜਾਂਦਾ ਤੇ ਇਸ ਖਿੱਝ ਨਾਲ ਬੁਖਲਾਇਆ ਹੋਇਆ ਕਹਿੰਦਾ, “ਇਸ ਨੌਕਰੀ ਤੋਂ ਪਿੱਛਾ हा।”
ਅੱਜ ਦੀ ਘਟਨਾ ਤਾਂ ਇਸ ਸਭ ਲਈ ਇਕ ਮਿਸਾਲ ਹੀ ਸੀ। ਰੇਖਾ ਇਹੋ ਜਿਹੇ ਇਸ਼ਤਿਹਾਰਾਂ ਤੋਂ ਨਾਵਾਕਫ ਨਹੀਂ ਸੀ।
ਰੇਖਾ ਆਪਣੇ ਦਫਤਰ ਪਹੁੰਚੀ। ਉੱਥੇ ਸਭ ਤੋਂ ਪਹਿਲਾਂ ਉਸਨੂੰ ਚਪੜਾਸਣ ਗੋਰਾਂ ਮਿਲੀ। ਹੱਸ ਕੇ ਕਹਿੰਦੀ, “ਵਧਾਈ ਹੋਵੇ ਭੈਣ ਜੀ, ਬਹੁਤ ਸੋਹਣੀ ਫੋਟੋ ਛਪੀ ।”
ਰੇਖਾ ਬਸ ਮੁਸਕਰਾ ਕੇ ਰਹਿ ਗਈ। ਉਹ ਚੁੱਪਚਾਪ ਆਪਣੀ ਸੀਟ ਵੱਲ ਵੱਧ ਰਹੀ ਸੀ ਕਿ ਹਮੇਸ਼ਾਂ ਵਾਂਗ ਉਸ ਵੱਲ ਆਉਂਦਿਆਂ, ਨੱਕ ‘ਤੇ ਜ਼ਰਾ ਸਰਕ ਆਏ ਚਸ਼ਮੇ ਨੂੰ ਠੀਕ ਕਰਦਿਆਂ, ਅੱਖਾਂ ਫਾੜ-ਫਾੜ ਕੇ ਦੇਖਦਿਆਂ ਵੱਡਾ ਬਾਬੂ ਸੂਰਜ ਮੱਲ ਬੋਲਿਆ, “ਰੇਖਾ ਜੀ, ਆਡਰ ਲੈ ਲੈਣਾ, ਸਾਹਬ ਆਪਣੇ ਜੈਪੁਰ ਦੌਰੇ ‘ਤੇ ਤੁਹਾਨੂੰ ਨਾਲ ਲੈ ਕੇ ਜਾਣਗੇ, ਠੀਕ ਹੈ!”
ਹੋ ਸਕਦੈ ਸੂਰਜ ਮੱਲ ਨੇ ਇਹ ਸਾਫ ਸਪਾਟ ਸੂਚਨਾ ਹੀ ਦਿੱਤੀ ਹੋਵੇ ਪਰ ਰੇਖਾ ਨੂੰ ਲੱਗਿਆ, ਇਸ ਵਿਚ ਡੂੰਘਾ ਵਿਅੰਗ ਛਿਪਿਆ ਹੋਇਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਪਰ ਰੇਖਾ ਅਜੇ ਤੱਕ ਗਲੋਡੀਓ ਸਾਹਬ ਦੇ ਘੇਰੇ ‘ਚੋਂ ਬਚਦੀ ਹੀ ਆ ਰਹੀ ਸੀ । ਭਾਵੇਂ ਇਕ ਦੋ ਵਾਰੀ ਗਲੋਡੀਓ ਸਾਹਬ ਨਾਲ ਜਾਂਦਿਆਂ, ਰਸਤੇ ਵਿਚ ਜਦੋਂ ਉਹ ਜੀਪ ਵਿਚ ਸਾਹਬ ਨਾਲ ਇਕੱਲੀ ਰਹਿ ਜਾਂਦੀ ਤਾਂ ਥੋੜ੍ਹੀ- ਬਹੁਤ ਛੇੜ-ਛਾੜ ਤਾਂ ਉਸਨੂੰ ਝੱਲਣੀ ਵੀ ਪਈ ਸੀ ਪਰ ਕੁਲ ਮਿਲਾ ਕੇ ਉਸਨੇ ਖ਼ੁਦ ਨੂੰ ਬਚਾ ਕੇ ਹੀ ਰੱਖਿਆ ਸੀ।
ਹਰ ਪੱਖੋਂ ਵਿਚਾਰਦਿਆਂ ਰੇਖਾ ਨੇ ਮਹਿਸੂਸ ਕੀਤਾ ਕਿ ਇਸ ਨੁਕਤੇ ਨੂੰ ਮੁੱਦਾ ਬਣਾ ਕੇ ਰੌਲਾ ਪਾਉਣ ਨਾਲ ਗਲੋਡੀਓ ਸਾਹਬ ਤੋਂ ਵੱਧ ਕਾਲਖ ਤਾਂ ਉਸ ਦੇ ਆਪਣੇ ਮੂੰਹ ‘ਤੇ ਹੀ ਪੋਚੀ ਜਾਣੀ ਸੀ । ਰੇਖਾ ਲੋਕਾਂ ਦੀ ਇਸ ਮਾਨਸਕਤਾ ਤੋਂ ਪੂਰੀ ਤਰ੍ਹਾਂ ਜਾਣੂ ਸੀ ਕਿ ਨੌਕਰੀ ਲਈ ਘਰੋਂ ਬਾਹਰ ਨਿਕਲੀ ਔਰਤ ਨੂੰ ਉਹ ਕਿਹੋ ਜਿਹੀਆਂ ਭੈੜੀਆਂ ਨਜ਼ਰਾਂ ਨਾਲ ਦੇਖਦੇ ਹਨ । ਨਾਲ ਉਹ ਇਹ ਵੀ ਦੇਖਦੀ ਰਹਿੰਦੀ ਸੀ ਕਿ ਉਸਦੇ ਨਾਲ ਕੰਮ ਕਰਨ ਵਾਲੇ ਸਭ ਕਰਮਚਾਰੀਆਂ ਦੇ ਮਨਾਂ ਵਿਚ ਬਸ ਇਹੋ ਜਿਹੀਆਂ ਹੀ ਭਾਵਨਾਵਾਂ ਪੈਦਾ ਹੁੰਦੀਆਂ ਹਨ ਕਿ ਪਵਿੱਤਰਤਾ ਸੰਬੰਧੀ ਨਾਰੀ-ਦੇਹ ਨਾਲ ਜੁੜੀਆਂ ਕਦਰਾਂ- ਕੀਮਤਾਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਜ਼ਰ ਨਹੀਂ ਆਉਂਦਾ। ਸਗੋਂ ਕਿਸੇ ਨਿੱਕੇ ਜਿਹੇ ਸੁਆਰਥ ਲਈ ਹੀ ਆਪਣੇ ਸਰੀਰ ਨੂੰ ਸਿੱਕੇ ਵਾਂਗ ਵਰਤਣਾ ਹੀ ਉਨ੍ਹਾਂ ਨੂੰ ਕੋਈ ਗੁਨਾਹ ਨਜ਼ਰ ਨਹੀਂ ਆਉਂਦਾ ਸੀ। ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਰੇਖਾ ਆਪਣੀ ਦੋ ਸਾਲ ਦੀ ਨੌਕਰੀ ਦੌਰਾਨ ਦੇਖ ਚੁੱਕੀ ਸੀ। ਉਹ ਜਾਣ ਚੁੱਕੀ ਸੀ, ਸਮਝ ਚੁੱਕੀ ਸੀ ਕਿ ਔਰਤ ਜੇ ਆਤਮ-ਸਨਮਾਨ ਦਾ ਏਨਾ ਝੰਜਟ ਸਮਝਦੀ ਹੋਵੇ ਫਿਰ ਤਾਂ ਕਰ ਲਈ ਨੌਕਰੀ।
ਰੇਖਾ ਸੂਰਜ ਮੱਲ ਨੂੰ ਕੋਈ ਜ਼ਵਾਬ ਦਿੱਤੇ ਬਿਨਾ ਆਪਣੀ ਸੀਟ ‘ਤੇ ਆ ਬੈਠੀ । ਉਹ ਸੋਚਣ ਲੱਗੀ ਕਿ ਗਲੋਡੀਓ ਸਾਹਬ ਦੇ ਇਸ ਚੱਕਰਵਿਊ ‘ਚੋਂ ਨਿਕਲਣ ਲਈ ਕੀ ਤਰੀਕਾ ਅਪਨਾਇਆ ਜਾਵੇ। ਆਰਡਰ ਅਨੁਸਾਰ ਰੇਖਾ ਨੇ ਐਤਵਾਰ ਨੂੰ ਰਾਤ ਦੇ ਸਮੇਂ ਗਲੋਡੀਓ ਸਾਹਬ ਨਾਲ ਜੈਪੁਰ ਜਾਣਾ ਸੀ ਤਾਂ ਕਿ ਦਫਤਰ ਦੇ ਸਮੇਂ ਸੋਮਵਾਰ ਸਵੇਰੇ ਤੱਕ ਪਹੁੰਚਿਆ ਜਾ ਸਕੇ। ਉਸਨੇ ਰਸਤਾ ਲੱਭਿਆ ਤੇ ਗਲੋਡੀਓ ਸਾਹਬ ਦੇ ਸਾਹਮਣੇ ਆ ਖੜ੍ਹੀ ਹੋਈ, “ਸਰ, ਐਤਵਾਰ ਨੂੰ ਮੈਂ ਨਹੀਂ ਜਾ ਸਕਦੀ। ਸੋਮਵਾਰ ਨੂੰ ਪਹਿਲੀ ਬਸ ਚੱਲ ਕੇ ਗਿਆਰਾਂ ਵਜੇ ਤੱਕ..”
“ਤੁਸੀਂ ਬੈਠੋ, ਮੈਂ ਹੁਣੇ ਗੱਲ ਕਰਦਾਂ” ਗਲੋਡੀਓ ਸਾਹਬ ਇਹ ਕਹਿ ਕੇ ਪਹਿਲਾਂ ਤੋਂ ਚੈਂਬਰ ਵਿਚ ਬੈਠੇ ਆਦਮੀ ਨਾਲ ਗੱਲਾਂ ਕਰਦੇ ਰਹੇ। ਰੇਖਾ ਪਿੱਛੇ ਵਾਲੀਆਂ ਕੁਰਸੀਆਂ ‘ਚੋਂ ਇਕਦਮ ਖੂੰਜੇ ਵਾਲੀ ਕੁਰਸੀ ‘ਤੇ ਸੁੰਗੜ ਕੇ ਬੈਠ ਗਈ। ਉਸ ਆਦਮੀ ਨੂੰ ਮਿਲ ਕੇ ਵਿਦਾ ਕਰਨ ‘ਚ ਗਲੋਡੀਓ ਸਾਹਬ ਨੂੰ ਦੋ ਮਿੰਟ ਤੋਂ ਵੱਧ ਸਮਾਂ ਨਹੀਂ ਲੱਗਿਆ। ਫਿਰ ਰੇਖਾ ਵੱਲ ਮੁਸਕਰਾਹਟ ਸੁੱਟਦਿਆਂ ਉਸਨੂੰ ਆਪਣੇ ਸਾਹਮਣੇ ਵਾਲੀ ਕੁਰਸੀ ‘ਤੇ ਆਉਣ ਲਈ ਇਸ਼ਾਰਾ ਕੀਤਾ। ਰੇਖਾ ਆ ਕੇ ਉੱਥੇ ਬੈਠ ਗਈ।
“ਹਾਂ, ਹੁਣ ਦੱਸੋ।” ਗਲੋਡੀਓ ਦੇ ਬੋਲਾਂ ਵਿਚ ਕੁਝ ਵਧੇਰੇ ਹੀ ਮਿਠਾਸ ਸੀ ।
“ਸਰ…!” ਰੇਖਾ ਨੇ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਸਰ ਨੇ ਟੋਕਿਆ, “ਡੈਂਟ ਕਰੀਏਟ ਏ ਪ੍ਰਾਬਲਮ ਰੇਖਾ ਮੈਂ ਸਭ ਸਮਝਦਾ ਹਾਂ।” ਗਲੋਡੀਓ ਸਾਹਬ ਨੇ ਰੇਖਾ ਨੂੰ ਪਤਾ ਨਹੀਂ ਕਿਸ ਗੱਲ ਲਈ ਹੌਸਲਾ ਦਿੰਦਿਆਂ ਕਿਹਾ, “ਮੈਂ ਤੁਹਾਨੂੰ ਸਪੋਰਟ ਕਰਨਾ ਚਾਹੁੰਦਾ ਹਾਂ । ਇਨਜੁਆਏ ਯੋਰ ਸੈਲਫ। ਮੇਰਾ ਸਾਥ ਤੁਹਾਨੂੰ ਬੁਰਾ ਨਹੀਂ ਲੱਗੇਗਾ। ਸੱਚ ਕਹਿ ਰਿਹਾਂ।”
“ਨਹੀਂ ਸਰ।”
“ਓ.ਕੇ.।” ਗਲੋਡੀਓ ਸਾਹਬ ਨੇ ਹੱਥ ਝਟਕਦਿਆਂ ਕਿਹਾ, “ਮੈਨੂੰ ਫੋਨ ਕਰ ਦੇਣਾ, ਜੋ ਵੀ ਫੈਸਲਾ ਹੋਇਆ।”

ਰੇਖਾ ਕੁਝ ਦੇਰ ਰੁਕੀ, ਫਿਰ ਹੱਥ ਜੋੜ ਕੇ ਚੈਂਬਰ ਚੋਂ ਬਾਹਰ ਆ ਗਈ। ਦਫਤਰ ‘ਚੋਂ ਨਿਕਲਦੀ ਰੇਖਾ ਵੱਲੋਂ ਗਲੋਡੀਓ ਸਾਹਬ ਦੇ ਦਫਤਰ ਦੇ ਇਕ ਬਾਬੂ ਨੇ ਖਚਰਾ ਜਿਹਾ ਹਾਸਾ ਹੱਸਦਿਆਂ ਦੇਖਿਆ।
ਐਤਵਾਰ ਸਵੇਰੇ ਰੇਖਾ ਨੇ ਬਿਸਤਰ ਵਿਚ ਲੇਟੇ ਆਪਣੇ ਪਤੀ ਨੂੰ ਚਾਹ ਲਿਆ ਕੇ ਫੜਾਈ। ਆਲਸ ਜਿਹਾ ਭੰਨਦਿਆਂ ਉਸਨੇ ਚਾਹ ਦਾ ਕੱਪ ਫੜਿਆ ਤੇ ਰੇਖਾ ਨੂੰ ਪੁੱਛਿਆ, “ਤਾਂ ਅੱਜ ਤੋਂ ਜੈਪੁਰ ਜਾਣੈ ?”
ਰੇਖਾ ਦੇ ਪੈਰ ਥਾਂਈਂ ਗੱਡੇ ਗਏ। ਉਹ ਦੰਗ ਖੜ੍ਹੀ ਰਹਿ ਗਈ ਕਿ ਉਸਨੂੰ ਕਿਵੇਂ ਪਤਾ ਚੱਲਿਆ ? ਮੈਂ ਤਾਂ ਹਾਲੇ ਕਿਸੇ ਕੋਲ ਜ਼ਿਕਰ ਤੱਕ ਨਹੀਂ ਕੀਤਾ।

“ਡਰ ਨਾ, ਅੱਜ ਮੈਂ ਬਿਲਕੁਲ ਗੁੱਸੇ ਵਿਚ ਨਹੀਂ ਹਾਂ ।” ਬੈਜਨਾਥ ਨੇ ਕੱਪ ਖੱਬੇ ਹੱਥ ਵਿਚ ਫੜਦਿਆਂ ਸੱਜੇ ਹੱਥ ਨਾਲ ਰੇਖਾ ਨੂੰ ਬਾਹੋਂ ਫੜ ਕੇ ਬੈਂਡ ‘ਤੇ ਬਿਠਾ ਲਿਆ, “ਜ਼ਿਲ੍ਹਾ ਪਰਿਸ਼ਦ ਵਿਚ ਮਾਸਟਰਾਂ ਦੀ ਭਰਤੀ ਦੀ ਮੈਰਿਟ ਲਿਸਟ ਬਣ ਰਹੀ ਹੈ। ਨਾ। ਉਸੇ ਸਿਲਸਿਲੇ ਵਿਚ ਮੈਂ ਗਲੋਡੀਓ ਸਾਹਬ ਨੂੰ ਮਿਲਿਆ ਸੀ । ਤੈਨੂੰ ਪਤਾ ਹੀ ਹੈ। ਆਪਣੇ ਰਾਜੂ ਦਾ ਕੇਸ… ਤਾਂਹ-ਨਾਂਹ ਕਰਕੇ ਉਸਨੂੰ ਇਸ ਲਿਸਟ ਵਿਚ ਥਾਂ ਮਿਲ ਸਕਦੀ ਹੈ। ਰਾਜੂ ਦੀ ਨੌਕਰੀ ਲੱਗ ਜਾਵੇ ਤਾਂ ਪਾਪਾ ਦੀ ਟੈਨਸ਼ਨ ਵੀ ਖਤਮ ਹੋ ਜਾਵੇਗੀ… ਨਾਲੇ ਉਹ ਹਾਲੇ ਕੁਆਰਾ ਬੈਠੈ… ਉਹ ਜਿਹੜਾ ਸੀ.ਆਈ.ਓ. ਹੈ ਨਾ ਜ਼ਿਲ੍ਹਾ ਪਰਿਸ਼ਦ ਵਿਚ… ਬਾਬੂ ਲਾਲ, ਗਲੋਡੀਓ ਸਾਹਬ ਦਾ ਬੈਚਮੇਟ ਹੈ।”
ਬੈਜਨਾਥ ਜ਼ਰਾ ਉਬਾਸੀ ਲੈ ਕੇ ਕਹਿਣ ਲੱਗਾ, “ਗਲੋਡੀਓ ਸਾਹਬ ਨੇ ਗਰੰਟੀ ਲਈ ਹੈ, ਤੇਰੇ ਬਾਰੇ ਵੀ ਕਹਿ ਰਿਹਾ ਸੀ, ਜੈਪੁਰ ਵਿਚ ਕਿਸੇ ਐਨ.ਜੀ.ਓ. ਨੂੰ ਰਾਜ ਸਰਕਾਰ ਵੱਲੋਂ ਦਿੱਤੇ ਗਏ ਪ੍ਰੋਜੈਕਟ ਵਿਚ ਤੈਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ… ਕਹਿ ਰਹੇ ਸੀ ਤੇਰੇ ਵਿਚ ਗਜ਼ਬ ਦਾ ਟੇਲੈਂਟ ਹੈ। ਇਸਨੂੰ ਐਕਸਪੋਜ਼ਰ ਮਿਲਣਾ ਚਾਹੀਦੈ।”

ਰੇਖਾ ਥੰਮੀ ਬਣੀ ਖੜ੍ਹੀ ਆਪਣੇ ਪਤੀ ਦੇ ਮੂੰਹ ਵੱਲ ਦੇਖ ਰਹੀ ਸੀ। ਇਹ ਬੰਦਾ ਕਿਵੇਂ ਰੰਗ ਬਦਲਦਾ ਹੈ! ਕਿਤੇ ਸਚਮੁਚ ਇਹ ਗਿਰਗਿਟ ਤਾਂ ਨਹੀਂ? ਇਕ ਦਿਨ ਵਿਚ ਹੀ ਇਹ ਏਨਾ ਹੇਠਾਂ ਕਿਵੇਂ ਗਿਰ ਗਿਆ ? ਕਿੱਥੇ ਗਈ ਇਸਦੀ ਅਣਖ ? ਪਹਿਲਾਂ ਤਾਂ ਖਸਮ ਬਣ ਕੇ ਬੜੇ ਅਧਿਕਾਰ ਜਮਾਉਂਦਾ ਸੀ ? ਹੁਣ ਸੌਦਾ ਕਰਨ ‘ਤੇ ਤੁਲਿਆ ਹੋਇਐ? ਇਨ੍ਹਾਂ ਦੋਵਾਂ ਵਿਚੋਂ ਕਿਹੜਾ ਰੰਗ ਅਸਲੀ ਹੋ ਸਕਦੈ, ਸਮਝ ਨ੍ਹੀਂ ਆਉਂਦੀ।
“ਫੇਰ ਤੈਂ ਕਰ ਦਿੱਤਾ ਫੋਨ ਗਲੋਡੀਓ ਸਾਹਬ ਨੂੰ ? ਉਂਝ ਤਾਂ ਉਨ੍ਹਾਂ ਨੇ ਮੈਨੂੰ ਕਿਹੈ ਕਿ ਸੱਤ ਵਜੇ ਦੇ ਲੱਗਭਗ ਉਹ ਆਪਣੀ ਕਾਰ ‘ਤੇ ਹੀ ਨਿਕਲਣਗੇ, ਅੰਬੇਡਕਰ ਚੌਂਕ ‘ਚੋਂ ਤੈਨੂੰ ਪਿਕ ਕਰ ਲੈਣਗੇ।”
ਰੇਖਾ ਬੁੱਤ ਬਣੀ ਸੁਣਦੀ ਰਹੀ । ਉਸਨੂੰ ਲੱਗ ਰਿਹਾ ਸੀ, ਜਿਵੇਂ ਉਸਦੇ ਕੰਨਾਂ ਵਿਚ ਇਹ ਸ਼ਬਦ ਨਹੀਂ, ਕੋਈ ਗੰਦਗੀ ਵਹਿ ਕੇ ਪੈ ਰਹੀ ਹੋਵੇ। ਚਾਣਚੱਕ ਉਸਦੇ ਅੰਦਰੋਂ ਵੱਤ ਜਿਹੇ ਉੱਠੇ । ਜੀ ਕੱਚਾ ਜਿਹਾ ਹੋਇਆ ਤਾਂ ਉਹ ਵਾਸ਼ਬੇਸਿਨ ਵੱਲ ਉਲਟੀ ਕਰਨ ਲਈ ਦੌੜ ਪਈ।
ਦੁਪਹਿਰੇ ਉਸਨੇ ਗਲੋਡੀਓ ਸਾਹਬ ਨੂੰ ਫੋਨ ਕੀਤਾ, “ਹਾਂ ਸਰ, ਮੈਂ ਚੱਲ ਰਹੀ ਹਾਂ… ਹਾਂ-ਹਾਂ ਤੁਹਾਡੇ ਸਾਥ ਦਾ ਪੂਰਾ ਲਾਭ ਉਠਾਵਾਂਗੀ। ਪਰ ਮੇਰੀ ਇਕ ਸ਼ਰਤ ਹੈ। ਸਰ… ਸਰਤ, ਜਿਸ ਕੰਮ ਲਈ ਮੇਰੇ ਹਸਬੈਂਡ ਤੁਹਾਨੂੰ ਮਿਲੇ ਸੀ, ਨਹੀਂ ਸਰ, ਮੇਰੀ ਸ਼ਰਤ ਇਹ ਹੈ ਕਿ ਉਹ ਕੰਮ ਨਹੀਂ ਹੋਣਾ ਚਾਹੀਦਾ ਹਰਗਿਜ਼ ਨਹੀਂ ਸਰ, ਓ.ਕੇ… ਥੈਂਕੂਯੂ ਸਰ…! ਮੈਂ ਅੰਬੇਡਕਰ ਚੌਂਕ ‘ ਚ ਇੰਤਜ਼ਾਰ ਕਰਾਂਗੀ…!”
ਫੋਨ ਰੱਖ ਕੇ ਰੇਖਾ ਮਨ ਹੀ ਮਨ ‘ਚ ਕਹਿ ਰਹੀ ਸੀ, ‘ਜੇ ਮੈਂ ਆਪਣੀ ਇਸ ਦੇਹੀ ਨੂੰ ਪੁਲ ਬਣਾਵਾਂਗੀ ਤਾਂ ਪਾਰ ਵੀ ਮੈਂ ਹੀ ਉਤਰਾਂਗੀ ਸਿਰਫ ਮੈਂ ।”
ਕੱਕੇ ਰੇਤੇ ਵਿਚ ਉੱਗੀਆਂ ਬਾਤਾਂ ਵਿਚੋਂ