ਲਤੀਫੇ ਦਾ ਦਰਦ: ਭੂਸ਼ਨ ਧਿਆਨਪੁਰੀ
ਗੁਰਦੇਵ ਚੌਹਾਨ
ਸਿ਼ਵ ਕੁਮਾਰ ਪਿਆਰ ਨਾਲ ਉਸ ਨੂੰ ਬਾਹਮਣ ਆਖਦਾ ਹੁੰਦਾ ਸੀ। ਹੁਣ ਲੇਖਕ ਦੋਸਤ ਉਅ ਨੂੰ ਪੰਡਿਤ ਕਹਿ ਕੇ ਬੁਲਾਉਂਦੇ ਹਨ। ਭਾਵੇਂ ਦੋਹਾਂ ਸ਼ਬਦਾਂ ਦਾ ਮੰਤਵ ਇਕੋ ਹੈ, ਪਰ ਭੂਸ਼ਨ ਸਿ਼ਵ ਦੇ ਵਰਤੇ ਬਾਹਮਣ ਸ਼ਬਦ ਨਾਲ ਭਿੱਜੀ ਬਿੱਲੀ ਬਣ ਜਦਾ ਸੀ ਅਤੇ ਅੱਜ ਪੰਡਤ ਸ਼ਬਦ ਨਾਲ ਗੋਭੀ ਦੇ ਫੁੱਲ ਵਾਂਗ ਖਿੜ ਜਾਂਦਾ ਹੈ। ਪਹਿਲਾਂ ਭੂਸ਼ਨ ਇਕ ਸੰਗਾਊ, ਲੈਰਾ ਹਿੰਦੂ ਮੁੰਡਾ ਹੁੰਦਾ ਸੀ। ਚੰਡੀਗੜ੍ਹ ਆ ਕੇ ਉਆਪਣੀ ਸ਼ਰਮ ਅਤੇ ‘ਗੁਰਬਤ’ ਦੀ ਠਰਨ ਭੰਨੀ। ਕਵਿਤਾ ਨੂੰ ਮੂੰਹ ਮਾਰਨ ਲੱਗ ਪਿਆ ਤਾਂ ਭੂਸ਼ਨ ਧਿਆਨਪੁਰੀ ਅਖਵਾਇਆ। ਅੱਜ ਕੱਕ੍ਹ ਉਹ ਕਵਿਤਾ ਨਾਲ ਕੱਟੀ ਕਰ ਕੇ ਵਿਅੰਗਕਾਰੀ ਵੱਲ ਹੋ ਗਿਆ ਹੈ ਅਤੇ ਸਿਰਫ਼ ਭੂਸ਼ਨ ਰਹਿ ਗਿਆ ਹੈ – ਇਕਦੰਮ ਬਾਹਮਣ ਅਤੇ ਬਾਣੀਆ – ਗਾਰਗੀ ਅਤੇ ਸਿ਼ਵ ਦਾ ਸੁਮੇਲ – ਵਾਰਤਕੀ ਕਵਿਤਾ ਅਤੇ ਵਿਅੰਗ ਦੀ ਦੁਮੇਲ। ਬਿਆਨ ਪੱਖੋਂ ਉਹ ਗਾਰਗੀ ਤੇ ਗਿਆ ਹੈ ਅਤੇ ਸ਼ਬਦਾਵਲੀ ਪੱਖੋਂ ਸਿ਼ਵ ਤੇ। ਸਿ਼ਵ ਨੂੰ ਉਸ ਤੇ ਕਰੋੜਾਂ ਆਸਾਂ ਸਨ, ਪਰ ‘ਉਦਾਸ ਸੂਰਜ’ ਦੀ ਤਖ਼ਲੀਕ ਸ਼ਾਇਦ ਇਨਾਂ੍ਹ ਕਰੋੜਾਂ ਆਸਾਂ ਵਿਚ ਸ਼ੁਮਾਰ ਕਰਨੀ ਉਹ ਭੁੱਲ ਗਿਆ ਸੀ।
ਮੁਨਸ਼ੀ ਪ੍ਰੇਮ ਚੰਦ ਦਾ ਅਸਲੀ ਨਾਂਅ ਧਨਪਤ ਰਾਏ ਸੀ ਅਤੇ ਨਾਨਕ ਸਿੰਘ ਦਾ ਹੰਸ ਰਾਜ ਸੂਰੀ। ਸਾਡੇ ਭੂਸ਼ਨ ਦਾ ਅਸਲੀ ਨਾਂ ਬੇਨਤੀ ਸਰੂਪ ਸ਼ਰਮਾ ਹੈ। ਪਰ ਨਾਂ ਵਿਚ ਕੀ ਪਿਆ ਹੈ? ਉਹ ਹੱਥਾਂ ਤੇ ਮੂੰਹ ਦਾ ਖਟਿਆ ਖਾਂਦਾ ਹੈ। ਗੱਲ ਭਾਵੇਂ ਕਿੰ਼ਤਾਂ ਵਿਚ ਕਰਦਾ ਹੈ ਪਰ ਨਰੋਈ ਕਰਦਾ ਹੈ। ਪੀਂਦਾ ਜੱਟਾਂ ਵਾਂਗ ਹੈ ਪਰ ਪਿਲਾਉਣ ਤੋਂ ਠੇਠ ਬਾਣੀਏ ਵਾਂਘ ਭੱਜਦਾ ਹੈ। ਲਤੀਫੇ ਘੜਦਾ ਹੈ। ਸਮਾਂ ਕੋਈ ਵੀ ਹੋਵੇ। ਮਸਲਨ ਉਹ ਬਾਰਸ਼ ਵਿਚ ਭਿੱਜਦਾ ਬੱਸ ਉਡੀਕ ਰਿਹਾ ਹੋਵੇ ਜਾਂ ਤੁੰਨੀ ਹੋਈ ਲੋਕਲ ਬੱਸ ਵਿਚ ਫਸ ਕੇ ਸਵਾਰੀ ਬਣਿਆ ਹੋਵੇ, ਉਹ ਲਤੀਫੇ ਦੀ ਲੱਤ ਨਹੀਂ ਛੱਡਦਾ। ਉਸ ਦੇ ਲਤੀਫਿਆਂ ਵਿਚ ਮੱਕੀ ਦੇ ਮੁਰਮੁਰਿਆਂ ਦੀ ਕੜਾਕੇਦਾਰ ਤਾਜ਼ਗੀ ਤੇ ਸਵਾਦ ਹੁੰਦਾ ਹੈ। ਕਹਿੰਦਾ ਹੈ: “ਜਦੋਂ ਜਿੰਦਗੀ `ਚੋਂ ਦਿਲਚਸਪੀ ਮੁੱਕ ਗਈ ਤਾਂ ਮਰਨ ਵਿਚ ਪਹਿਲ ਮੇਰੀ ਹੋਵੇਗੀ।” ਉਸ ਦੀ ਜਿੰਦਗੀ ਵਿਚਲੀ ਦਿਲਚਸਪੀ ਦਾ ਤਾਂ ਸਾਨੂੰ ਪਤਾ ਨਹੀਂ ਪਰ ਆਪਣੇ ਲਤੀਫਿਆਂ ਵਿਚਲੀ ਦਿਲਚਸਪੀ ਅਜੇ ਤੀਕ ਉਸ ਨੇ ਮਰਨ ਨਹੀਂ ਦਿੱਤੀ। ਲਤੀਫੇ ਸੁਨਣ ਲਈ ਵੀ ਉਸਦੇ ਮੂੰਹ ਵੱਲ ਵੇਖਦਿਆਂ ਤੁਹਾਨੂੰ ਇੰਤਜ਼ਾਰ ਕਰਨੀ ਪੈਂਦੀ ਹੈ ਉਸਦੇ ਮੂੰਹ `ਚੋਂ ਲਤੀਫੇ ਇੰਜ ਨਿਕਲਦੇ ਹਨ ਵਿੇਂ ਮਦਾਰੀ ਦੀ ਖਾਲੀ ਪਟਾਰੀ `ਚੋਂ ਜੀਂਦੇ ਗਦੇ ਕਬੂਤਰ। ਬੰਦਾ ਉਹ ਬਹੁਤ ਵਧੀਆ ਹੈ, ਪਰ ਲੰਮੀ ਦਾੜੀ੍ਹ ਨਾਲ ਨਕਲੀ ਜਾਪਦਾ ਹੈ ਅਤੇ ਲੰਭੀ ਦਾਹੜ੍ਹੀ ਤੋਂ ਬਗ਼ੈਰ ਵੀ ਨਕਲੀ।
ਭੂਸ਼ਨ ਨੂੰ ਪਾਠਕ ਸਜ਼ਾ ਵਾਂਗ ਮਿਲੇ ਹਨ। ਇਸ ਹੱਦ ਤੀਕ ਕਿ ਰਾਤ ਦੇ ਗਿਆਰਾਂ ਵਜੇਂ ਬਾਅਦ ਅਤੇ ਚਾਰ ਵਜੇ ਤੋਂ ਪਹਿਲਾਂ ਵੀ ਉਸਦਾ ਦਰਵਾਜ਼ਾ ਖੜਕਦਾ ਰਹਿੰਦਾ ਹੈ। ਖੜਕਦੇ ਦਰਵਾਜ਼ੇ ਦੇ ਬਾਵਜ਼ੂਦ ਲਿਖਣਾ, ਪੜ੍ਹਣਾ, ਲਤੀਫੇ ਘੜਣਾ ਅਤੇ ਬੋਲਾ ਹੋ ਜਾਣਾ ਉਸਦੀ ਆਦਤ ਬਣ ਗਈ ਹੈ। ਅੱਜਕੱਲ੍ਹ ਆਪਣੇ ਆਪ ਨੂੰ ਉਸ ਕੁਝ ਜਿ਼ਆਦਾ ਹੀ ਸਾਂਭ ਲਿਆ ਹੈ। ਮਸਲਨ ਤੁਹਾਨੂੰ ਚਾਹ ਪੁੱਛਣੀ ਵੀ ਅਕਸਰ ਉਸਨੂੰ ਯਾਦ ਨਹੀਂ ਰਹਿੰਦੀ। ਇਸ ਸਭ ਕੁਝ ਦਾ ਇਕ ਅਣ-ਸਾਹਿਤਕ ਕਾਰਣ ਇਹ ਹੈ ਕਿ ਉਸਨੂੰ ਮਿੱਤਰਾਂ ਦੀ ਲੋੜ ਨਹੀਂ, ਕਿਉਂਕਿ ਇਹਨਾਂ ਦੀ ਉਸਨੂੰ ਥੋੜ ਨਹੀਂ। ਹਾਂ, ਮਿੱਤਰਾਂ ਨੂੰ ਉਸਦੀ ਲੋੜ ਜ਼ਰੂਰ ਹੈ, ਚਾਹ-ਪੁਰਸੀ ਵਾਲੀ ਗੱਲ ਦੇ ਬਾਵਜ਼ੂਦ।
ਮੋਹਨ ਭੰਡਾਰੀ ਨਾਲ ਉਸਦੀ ਬਹੁਤ ਪੱਟਦੀ ਹੈ। ਦੋਵੇਂ ਜਣੇ ਕਾਫੀ਼ ਹਾਊਸ ਦੇ ਨੁੱਕਰ ਵਾਲੀ ਟੇਬਲ ਤੇ ਰੋਜ਼ਾਨਾ ਮਿਲਦੇ ਹਨ। ਕਦੇ ਕਦਾਈਂ ਦੋਸਤ ਵੀ ਸ਼ਾਮਿਲ ਹੋ ਜਾਂਦੇ ਹਨ। ਦੋਸਤ ਕੋਈ ਵੀ ਹੋਵੇ ਭੰਡਾਰੀ ਪਹਿਲਾਂ ਉਸਦੀ ਤਾਰੀਫ਼ ਕਰਦਾ ਹੈ ਅਤੇ ਭੂਸ਼ਨ ਆਲਮਾਨਾ-ਫਾਜ਼ਲਾਨਾ ਅੰਦਾਜ਼ ਵਿਚ ਉਸਦੀ ਤਾਈਦ ਕਰਦਾ ਹੈ। ਏਸੇ ਦੌਰਾਨ ਕਾਫੀ ਦੇ ਪਿਆਲੇ ਅਤੇ ਬਰਾਇਲਰ-ਨੁਮਾ ਲਤੀਫੇ ਨਮੂਦਾਰ ਹੋ ਜਾਂਦੇ ਹਨ। ਭੂਸ਼ਨ ਦੇ ਢਿੱਡ ਵਿਚ ਜਨਾਨੀ ਦੇ ਢਿੱਡ ਵਾਂਗ ਕੁਝ ਜੁੰਬਸ਼ ਜਿਹੀ ਹੁੰਦੀ ਹੈ ਅਤੇ ਲਤੀਫਾ ਪਲੇਟ ਵਿਚ ਆ ਡਿੱਗਦਾ ਹੈ। ਭੂਸ਼ਨ ਕੋਲ ਇਕੋ ਲਤੀਫ਼ੇ ਨੂੰ ਵਾਰ ਵਾਰ ਘੜਣ ਸੰਵਾਰਨ ਦੀ ਕਲਾ ਹੈ। ਉਸ ਨੂੰ ਆਪਣਾ ਬੇਹਾ ਮਾਲ ਤਾਜ਼ਾ ਕਰਕੇ ਵੇਚਣਾ ਆਉਂਦਾ ਹੈ। ਇੰਜ ਇਕੋ ਟੇਬਲ ਤੇ ਇਕੋ ਜਿਹੇ ਲਤੀਫਿਆਂ ਨਾਲ ਉਹ ਲਗਾਤਾਰ ਆਪਣੀ ਵਿਅੰਗ-ਰਾਜੀ ਸਰਕਾਰ ਚਲਾ ਸਕਦਾ ਹੈ। ਉਸ ਵਿਚ ਅਸੱਫਲ ਸਰਕਾਰੀ ਕਰਮਚਾਰੀ ਦੇ ਸਾਰੇ ਗੁਣ ਹਨ। ਇਨਾਂ ਵਿਚੋਂ ਬਹੁਤੇ ਉਸਨੂੰ ਵਿਰਾਸਤਨ ਜਾਂ ਆਦਤਨ ਮਿਲੇ ਹਨ। ਮਸਲਨ ਉਹ ਫੂਲ ਚੰਦਮਾਨਵ ਵਾਂਗ ਬੰਦਾ ਕੁਬੰਦਾ ਵੇਖ ਕੇ ਗੱਲ ਨਹੀਂ ਕਰਦਾ (ਖੁਦਾ ਖ਼ੈਰ ਕਰੇ!)। ਜੇ ਕੋਈ ਸਰਕਾਰੂ ਦਰਬਾਰੀ ਅਫਸਰ ਸਾਹਿਤਕਾਰ ਹੋਵੇ ਤਾਂ ਉਹ ‘ਬਠਿੰਡੇ ਦਾ ਬਾਣੀਆ’ ਲਿਖਣ ਬੈਠ ਜਾਵੇਗਾ ਅਤੇ ਅਗਰ ਕੋਈ ਹਮਾਤੜ੍ਹ ਤਮਾਤੜ੍ਹ ਹੋਵੇ ਤਾਂ ਆਪਣੀ ਠੇਠ ਪੰਡਤਾਈ ਝਾੜਣ ਲੱਗ ਪਵੇਗਾ। ਉਸਦੀ ਨਰਾਜ਼ਗੀ ਵੀ ਬੁਰੀ ਹੈ ਅਤੇ ਉਸ ਦੀ ਤੁਹਾਡੀ ਕੀਤੀ ਤਾਰੀਫ਼ ਵੀ।
ਦੇਹ ਧਾਰੀਆਂ ਨੂੰ ਭੰਡਣ ਲਈ ਉਸ ਕੋਲ ਦੋ-ਧਾਰੀ ਹਥਿਆਰ ਹੈ। ਇਹ ਝੂਠ ਨਹੀਂ ਹੋਵੇਗਾ ਜੇ ਮੈੰ ਕਹਾਂ ਕਿ ਲੋਕ ਉਸਦੇ ਘਰ ਜਾ ਕੇ ਉਸਦੀ ਸੇਵਾ ਪੁੱਛਦੇ ਹਨ ਕਿਉਂਕਿ ਉਹ ਉਸਦੀ ਆਲੋਚਨਾ ਤੋਂ ਡਰਦੇ ਹਨ। ਪਰ ਇਸਦਾ ਦੂਸਰਾ ਪਹਿਲੂ ਵੀ ਹੈ। ਪਾਠਕਾਂ ਦੇ ਨਾਲ ਨਾਲ ਭੂਸ਼ਨ ਨੇ ਆਪਣੇ ਦੁਸ਼ਮਣ ਵੀ ਪਾਲ ਲਏ਼ ਹਨ। ਉਹ ਕਦੇ ਆਪਣੀ ਆਈ ਤੋਂ ਟਲ਼ਦਾ ਨਹੀਂ, ਅਤੇ ਇਹ ਆਈ ਹਮੇਸ਼ਾਂ ਆਈ ਰਹਿੰਦੀ ਹੈ। ਉਹ ਕਦੇ ਨਕਲੀ ਸਿੱਕੇ ਨਹੀਂ ਮੰਨਦਾ ਅਤੇ ਨਾ ਕਦੇ ਆਪ ਚਲਾਂਦਾ ਹੈ। ਉਹ ਵਿਅੰਗ ਨੂੰ ਗਲਤ ਕੀਮਤਾਂ ਅਤੇ ਪੁਰਾਣੇ ਮੁੱਢਾਂ ਨੂੰ ਕੱਟਣ ਲਈ ਪਰਸਰਾਮ ਦੇ ਕੁਹਾੜੇ ਵਾਂਗ ਚਲਾਂਦਾ ਹੈ। ਭਾਵੇਂ ਇਹੀ ਕੁਹਾੜਾ ਉਹ ਕਈ ਵਾਰ ਆਪਣੇ ਪੈਰੀਂ ਵੀ ਮਾਰ ਲੈਂਦਾ ਹੈ।
ਬਹੁਤ ਚਿਰ ਦੀ ਗੱਲ ਹੈ ਕਿ ਇਕ ਦਿਨ ਮੈਂ ਅਤੇ ਭੂਸ਼ਨ ਰੋਪੜ ਨੂੰ ਜਾ ਰਹੇ ਸਾਂ ਕਿ ਰੋਪੜ ਦੇ ਅੱਡੇ ਉਤੇ ਮੀਸ਼ਾ ਮਿਲ ਗਿਆ। ਉਹ ਇਕ ਹੋਰ ਬੱਸ ਤੋਂ ਉਤਰਿਆ ਸੀ ਅਤੇ ਅਗਲੀ ਜਲੰਧਰ ਵਲ ਜਾਣ ਵਾਲੀ ਬੱਸ ਦੀ ੳਡੀਕ ਕਰ ਰਿਹਾ ਸੀ। ਮੀਸ਼ੇ ਨੇ ਗੱਲਾਂ ਗੱਲਾਂ ਵਿਚ ਭੂਸ਼ਨ ਨੂੰ ਕਿਹਾ ਕਿ ਉਹ ਉਸ ਦੀ ਕਵਿਤਾ ਦੀ ਆਲੋਚਨਾ ਨਾ ਲਿਖੇ, ਜਿਸ ਤਰ੍ਹਾਂ ਉਸ ਹੋਰ ਕਈਆਂ ਬਾਰੇ ਉਹਨਾਂ ਦਿਨਾਂ ਵਿਚ ਉਸ ਕੀਤਾ ਸੀ। ਭੂਸ਼ਨ ਅੱਤ ਮਿੱਤਰਾਨਾ ਅੰਦਾਜ਼ ਵਿਚ ਚੁੱਪ ਰਿਹਾ, ਜਿਸ ਦਾ ਭਾਵ ਸੀ ‘ਜਾਹ ਮਿੱਤਰਾ ਤੈਨੂੰ ਛੱਡ ਦਿੱਤਾ’ ਅਤੇ ਵਿਸਕੀ ਦਾ ਇਕ ਅੱਧਾ ਖ਼ਰਾ ਹੋ ਗਿਆ ਜਿਹੜਾ ਅਸੀਂ ਤਿੰਨਾਂ ਨੇ ਅੱਡੇ ਕੋਲ ਹੀ ਇਕ ਢਹੀ ਹੋਈ ਦੁਕਾਨ ਦੇ ਖੋਲੇ਼ ਵਿਚ ਖੜੋਤਿਆਂ ਪੀਤਾ।
ਭੂਸ਼ਨ ਕੋਲ ਨਰੋਈ ਯਾਦਦਾਸ਼ਤ ਹੈ, ਪਰ ਹਵਾ ਦੇ ਬੁੱਲੇ ਨਾਲ ਉਸਨੂੰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਨਾ ਪੈਂਦਾ ਹੈ। ਕਵਿਤਾ ਦੇ ਖਿਲਾਫ਼ ਗੱਲ ਕਰਦਾ ਉਹ ਸਿ਼ਵ ਕੁਮਾਰ ਵਾਂਗ ਉਦਾਸ ਹੋ ਜਾਂਦਾ ਹੈ ਅਤੇ ਭਾਵੁਕ ਵੀ। ਸ਼ਰਾਬ ਪੀ ਕੇ ਪੂਰੇ ਆਪੇ ਵਿਚ ਆ ਜਾਣ ਦੀ ਪਰੰਪਰਾ ਉਸ ਸਿ਼ਵ ਕੁਮਾਰੀ ਅੰਦਾਜ਼ ਵਿਚ ਕਾਇਮ ਰੱਖੀ ਹੈ। ਸ਼ਰਾਬ ਪੀਂਦਿਆਂ ਉਹ ਆਪਣੀ ਜੇਬ ਕੱਟ ਕੇ ਦੂਸਰੇ ਦੇ ਗਿਲਾਸ ਵਿਚ ਪਾ ਦਿੰਦਾ ਹੈ। ਭੂਸ਼ਨ ਦਾ ਸ਼ਿਵ ਨਾਲ ਚੰਡੀਗੜ੍ਹ ਵਿਚ ਸਭ ਤੋਂ ਵੱਧ ਨੇੜ ਸੀ। ਅੱਜ ਹਰ ਜਣੇ ਖਣੇ ਨਾਲ ਉਸਦਾ ਨੇੜ ਹੈ।
ਭੂਸ਼ਨ ਨਾਲ ਮੇਰੀ ਜਾਣਪਛਾਣ 1970 ਦੇ ਕਰੀਬ ਹੋਈ ਜਦੋਂ ਉਹ ‘ਕਵਿਤਾ’ ਅਤੇ ‘ਕਹਾਣੀ’ ਦਾ ਲੇਖਕ ਸੀ। ਮੁਲਾਕਤ ਦੇ ਪਹਿਲੇ ਹੀ ਦਿਨ ਮੈਂ ਵੇਖਿਆ ਕਿ ਉਸਦੇ ਹੱਥ ਵਿਚ ਸਿ਼ਵ ਕੁਮਾਰ ਦੀ ਕਿਤਾਬ ‘ਮੈਂ ਤੇ ਮੈਂ’ ਦੇ ਗੇਲੀ ਪਰੂਫ਼ ਸਨ। ਉਹ ਬਹੁਤ ਹੋਣਹਾਰ ਲੱਗਦਾ ਸੀ। ਇਕਦੰਮ ਮਿੱਤਰਾਨਾ ਅਤੇ ਉਦਾਸ। ਉਸਦੀ ਉਦਾਸੀ ਵਿਚ ਸਿ਼ਵ ਕੁਮਾਰ ਬੋਲਦਾ ਸੀ ਅਤੇ ਉਸਦੀਆਂ ਕਵਿਤਾਵਾਂ ਵਿਚ ਧਿਆਨਪੁਰ। ਉਹ ਇਕ ਕਸੂਤੀ ਜਿਹੀ ਬਰਸਾਤੀ ਵਿਚ ਰਹਿੰਦਾ ਸੀ ਅਤੇ ਸਿਗਰਟੀ ਧੂਏਂ ਨਾਲ ‘ਇਕ ਮਸੀਹਾ ਹੋਰ’ਦੀ ਉਡੀਕ ਕਰ ਰਿਹਾ ਸੀ। ਮੈਨੂੰ ਪਤਾ ਲੱਗਾ ਕਿ ਉਹ ਧਿਆਨਪੁਰ ਤੋਂ ਸਿੱਧਾ ਸਤਾਈ ਸੈਕਟਰ ਦੇ ਮਕਾਨ ਦੀ ਇਸ ਬਰਸਾਤੀ ਵਿਚ ਆ ਡਿੱਗਾ ਸੀ ਜਿਹੜੀ ਸ਼ਰਮਾ ਰੈਸਟੋਰੈਂਟ ਦੀ ੳਪਰਲੀ ਛੱਤ ਉੱਤੇ ਸੀ। ਇਸ ਐਟਕਨੁਮਾ ਕਮਰੇ ਵਿਚ ਸਟੋਵ ਤੋਂ ਇਲਾਵਾ ਇਕ ਮੰਜੀ ਵੀ ਹੁੰਦੀ ਸੀ ਜਿਸ ਉੱਤੇ ਅਤੇ ਕਦੇ ਬਾਹਰਲੀ ਰੌਂਸ ਉੱਤੇ ਬੈਠ ਕੇ ਡਾਕਟਰ ਹਰਿਭਜਨ ਸਿੰਘ ਅਤੇ ਪ੍ਰਿੰਸੀਪਲ ਪ੍ਰੀਤਮ ਸਿੰਘ ਵਰਗੀਆਂ ਹੱਸਤੀਆਂ ਉਸ ਦੇ ਲਤੀਫਿਆਂ ਨੂੰ ਚਾਹ ਵਿਚ ਡੋਬ ਕੇ ਖਾਂਦੀਆਂ ਸਨ। ਉਹਨਾਂ ਦਿਨਾਂ ਵਿਚ ਭੂਸ਼ਨ ਕੋਲ ਠੇਕੇ ਵਾਲਿਆਂ ਦੇ ਪਤੇ ਨਹੀਂ ਸਨ ਅਤੇ ਨਾ ਹੀ ਉਦੋਂ ਤੀਕ ਉਹ ਆਪਣੇ ਲਈ ਕਿਸੇ ਹੋਰ ਸੂਲੀ ਦਾ ਇੰਤਜ਼ਾਮ ਕਰ ਸਕਿਆ ਸੀ। ਫਿਰ ਅਕਸਰ ਉਸ ਨਾਲ ਮੁਲਾਕਾਤ ਹੁੰਦੀ ਰਹੀ। ਕਦੇ ਸਿ਼ਵ ਕੁਮਾਰ ਦੇ ਘਰ, ਕਦੇ ਸਿ਼ਵ ਕੁਮਾਰ ਦੇ 21 ਸੈਕਟਰ ਵਾਲੀਆਂ ਲਾਗਲੀਆਂ ਸੜਕਾਂ ਉੱਤੇ ਅਤੇ ਕਦੇ ਕਦੇ ਹੋਰ ਸਾਹਿਤਕ ਸਮਾਗਮਾਂ ਸਮੇਂ। ਮੈਂ ਵੇਖਿਆ ਕਿ ਉਸ ਕੋਲ ਹਮੇਸ਼ਾਂ ਚੋਂਦੀਆਂ ਖ਼ਬਰਾਂ ਦਾ ਭੰਡਾਰ ਹੁੰਦਾ।’ ਸਿ਼ਵ ਢਿੱਡ ਭਾਰ ਹੋ ਕੇ ਕਵਿਤਾ ਲਿਖਦਾ ਹੈ। ‘ਸੜਕ ਤੇ ਸਫ਼ੇ `ਤੇ’ ਦਿਲ ਰਖ ਕੇ ਰੰਗੀਨ ਜਵਾਨੀਆਂ ਸੋਹਜਵਾਦੀ ਕਵੀ ਨੂੰ ਮਿਲਦੀਆਂ ਹਨ। ਰਵਿੰਦਰ ਰਵੀ ਆਪਣੀ ਚਰਚਾ ਬੋਤਲ ਦੇ ਡੱਟ ਨਾਲ ਕਰਵਾਉਂਦਾ ਹੈ। ਕੱਲ੍ਹ ਨਿਰਮਲ ਅਰਪਨ ਨੇ ਸਤਿਆਰਥੀ ਦਾ ਘੋੜਾ ਬਾਦਸ਼ਾਹ ਗਟਰ ਵਿਚ ਸੁੱਟ ਦਿੱਤਾ ਜਿਸ ਤੋਂ ਨਰਾਜ਼ ਹੋ ਕੇ ਸਤਿਆਰਥੀ ਉਸੇ ਵੇਲੇ ਉਸ ਦਾ ਘਰ ਛੱਡ ਕੇ ਚਲੇ ਗਿਆ ਅਤੇ ਰਾਤ ਰੇਲਗੱਡੀ ਦੇ ਅਤਸਬਲ ਵਿਚ ਕੱਟੀ। ਵਗ਼ੈਰਾ ਵਗ਼ੈਰਾ। ਹੌਲੇ ਹੌਲੇ ਭੂਸਨ਼ ਮੇਰੇ ਲਈ ਕੁਝ ਦੇਰ ਲਈ ਦੁਰਲੱਭ ਵਸਤ ਹੋ ਗਿਆ, ਕਿਉਂਕਿ ਉਹ ਸਤਾਈ ਸੈਕਟਰ ਛੱਡ ਕੇ ਜਿੱਥੇ ਮੈਂ ਵੀ ਰਹਿੰਦਾ ਸਾਂ 20 ਸੈਕਟਰ ਵਿਚ ਚਲਾ ਗਿਆ ਸੀ। ਝੱਟ ਹੀ ਉਹ 20 ਸੈਕਟਰ ਵਿਚ ਦੋ ਤਿੰਨ ਮਕਾਨ ਬਦਲ ਕੇ 21 ਸੈਕਟਰ ਵਿਚ ਜਾ ਚੁੱਕਾ ਸੀ ਜਿੱਥੇ ਉਸ ਦੀ ਹੁਣ ਵਾਲੀ ਵਹੁਟੀ, ਜਿਹੜੀ ਉਦੋਂ ਅਜੇ ਮਿਸ ਸੁਰਿੰਦਰ ਹੁੰਦੀ ਸੀ ਅਤੇ ਸਕੱਤਰੇਤ ਵਿਚ ਉਸ ਵਾਂਘ ਹੀ ਨੌਕਰੀ ਕਰਦੀ ਸੀ, ਮੈਂ ਇਕ ਸਵੇਰ ਭੂਸ਼ਨ ਦੇ ਕਪੜੇ ਧੋਂਦੀ ਵੇਖੀ। ਭੂਸ਼ਨ ਹੁਣ ਲਗਾਤਾਰ ਮਿਹਨਤ ਕਰ ਰਿਹਾ ਸੀ ਅਤੇ ਹੰਢੇ ਹੋਏ ਸਾਹਿਤਕਾਰਾਂ ਨਾਲ ਬਹੁਤ ਮੇਲਜੋਲ ਰਖਦਾ ਸੀ। ਉਸ ਨੂੰ ਵਾਹ ਵਾਹ ਮਿਲਣ ਲੱਗ ਪਈ ਸੀ ਅਤੇ ਕੁੜੀਆਂ ‘ਇਕ ਮਸੀਹਾ ਹੋਰ’ ਦੀਆਂ ਧੜਾ ਧੜ ਗਾਹਕ ਬਣ ਰਹੀਆਂ ਸਨ , ਜਿਸ ਦਾ ਪਤਾ ਉਸ ਮੁਤਾਬਿਕ ਉਸ ਨੂੰ ਬਾਈ ਸੈਕਟਰ ਦੇ ਪਹਿਲਾਂ ਵਾਲੇ ਛੋਟੇ ਬੂਥ ਵਿਚ ਸਥਿੱਤ ਪੰਜਾਬ ਬੁੱਕ ਸੈਂਟਰ ਦੇ ਇੰਨਚਾਰਜ ਪ੍ਰਤਾਪ ਮਹਿਤਾ ਤੋਂ ਲੱਗ ਜਾਂਦਾ ਸੀ।
ਸਾਹਿਤ ਵਿਚ ਭੂਸ਼ਨ ਦਾ ਦਾਖਲਾ ਪੈਰੋਡੀ ਨਾਲ ਹੋਇਆ, ਜਿਹੜੀ ਲਿਖਣੀ ਜਾ ਜੋੜਣੀ ਉਸ ਹੁਣ ਤੀਕ ਨਹੀਂ ਛੱਡੀ। ਵਿਅੰਗਕਾਰ ਦਾ ਇਕ ਦੁਖਾਂਤ ਹੁੰਦਾ ਹੈ ਕਿ ਲੋਕੀਂ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਕੁਝ ਅਜੇਹਾ ਹੀ ਸਾਡੇ ਭੂਸ਼ਨ ਨਾਲ ਵੀ ਹੋਇਆ। ਜਦ ਉਹ ਗੰਭੀਰ ਹੁੰਦਾ ਹੈ ਤਾਂ ਸ਼ਰਾਰਤ ਭਰਿਆ ਜਾਪਦਾ ਹੈ ਅਤੇ ਇਸ ਲਈ ਨਾ ਇਤਬਾਰ ਕਰਨ ਯੋਗ, ਸ਼ਾਇਦ ਇਸੇ ਕਰਕੇ ਉਸ ਦੇ ਦੋਸਤ ਉਸ ਦੀ ਆਲੋਚਨਾ ਦੇ ਡਰ ਤੋਂ ਵੱਧ ਬਣੇ ਹਨ ਨਾ ਕਿ ਪਿਆਰ ਤੋਂ। ਕੁਝ ਇਸੇ ਤਰ੍ਹਾਂ ਹੈ ਕਿ ਲੋਕ ਉਸਦੇ ਲਤੀਫਿਆਂ ਅਤੇ ‘ਗਿਆਨ’ ਲਈ ਜਾਂਦੇ ਹਨ ਨਾ ਕਿ ਉਸ ਨਾਲ ਦੋਸਤੀ ਦਾ ਦੰਮ ਭਰਨ। ਉਹ ਵਿਚਾਰਾ ਬਹੁਤ ਇਕੱਲਾ ਹੈ ਆਪਣੇ ਆਲੇ ਦੁਆਲੇ ਜੁੜੀ ਭੀੜ ਵਿਚ , ਇਕ ਰਾਜੇ ਵਾਂਗ , ਜਿਹੜਾ ਭਰੇ ਦਰਬਾਰ ਵਿਚ ਵਿਚ ਇਕੱਲਾ ਹੁੰਦਾ ਹੈ, ਕਿਉਂਕਿ ਕੋਈ ਉਸ ਦੇ ‘ਹਾਣ’ ਦਾ ਨਹੀਂ ਹੁੰਦਾ। ਮਜ਼ਾਕੀਆ ਸੁਭਾ ਨੇ ਭੂਸ਼ਨ ਨੂੰ ਕਿਸੇ ਨਾਲ ਨਿੱਜੀ ਨਹੀਂ ਹੋਣ ਦਿੱਤਾ। ਇਹ ਕਾਲਾ ਮਜ਼ਾਕ ਹੈ , ਜਿਸ ਨਾਲ ਭੂਸ਼ਨ ਨੂੰ ਇਕੱਲਿਆਂ ਸਿਝਣਾ ਹੋਵੇਗਾ।
ਭੁਸ਼ਨ ਦਾ ਵਿਅੰਗ ਪੰਜਾਬੀ ਵਿਚ ਆਪਣੀ ਕਿਸਮ ਦਾ ਹੈ। ਹਿੰਦੀ ਵਿਚ ਹਰੀ ਸੰ”ਕਰ ਪਰਸਾਈ ਨਾਲ ਕਿਸੇ ਹੱਦ ਤੀਕ ਇਹ ਮਿਲਦਾ ਹੈ।, ਪਰ ਫਿਰ ਵੀ ਵੰਨਗੀ ਦਾ ਕੁਝ ਫ਼ਰਕ ਰਹਿ ਜਾਂਦਾ ਹੈ। ਉਹ ਭਾਵੇਂ ਕਦੇ ਜ਼ਾਤੀ ਪੱਧਰ ਦਾ ਵਿਅੰਗ ਵੀ ਕੱਸਦਾ ਹੈ ਪਰ ਉਸਦਾ ਵਿਅੰਗ ਇਤਨਾ ਸੂਖ਼ਮ ਹੁੰਦਾ ਹੈ ਕਿ ਗੱਲ ਲਗਭਗ ਸਾਫ ਹੁੰਦੀ ਹੋਈ ਵੀ ਸਾਫ਼ ਨਹੀਂ ਹੁੰਦੀ। ਉਸਦਾ ਮਜ਼ਾਕ ਤੁਹਾਡੇ ਨਾਲ ਲਸੂੜੇ ਦੀ ਗਿਟਕ ਵਾਂਗ ਚੁੰਮੜ ਜਾਂਦਾ ਹੈ। ਭੂਸ਼ਨ ਦਾ ਮੂੰਹ ਅਤੇ ਦਿਮਾਗ ਬਹੁਤ ਜ਼ਰਖ਼ੇਜ਼ ਹਨ। ਉਸ ਦੀ ਉਦਾਸੀ ਵੀ ਕਰਿਏਟਿਵ ਹੈ ਅਤੇ ਉਸਦੀ ਚਿੰਤਾ ਵੀ। ਇਹ ਗੁਣ ਬਹੁਤ ਥੁਹੜੇ ਲੇਖਕਾਂ ਵਿਚ ਹੁੰਦਾ ਹੈ। ਸਿ਼ਵ ਕੁਮਾਰ ਕੋਲ ਇਹ ਸੀ।
ਭੁਸ਼ਨ ਨੇ ਬਹੁਤ ਸਾਰੇ ਸ਼ਾਇਰ ਜੰਮਦੇ, ਮਕਬੂਲ ਹੁੰਦੇ ਅਤੇ ਮਰਦੇ ਵੇਖੇ ਹਨ। ਅਜੇ ਕੱਲ੍ਹ ਦੀ ਗੱਲ ਹੈ ਕਿ ਭੂਸ਼ਨ ਆਪਣੀ ਬਰਸਾਤੀ ਵਿਚ ਸ਼ਿਵ ਕੁਮਾਰ ਦੇ ਗਿਲਾਸ ਨਾਲ ਸਿਗਰਟ ਦੇ ਸਿਗਰਟ ਦੇ ਧੂਏਂ ਵਿਚ ਕਵਿਤਾ ਦੇ ਤਜ਼ਰਬੇ ਕਰਦਾ ਹੁੰਦਾ ਸੀ। ਅਜੇ ਕੱਲ੍ਹ ਉਹ ਅਤੇ ਅਮੀਤੋਜ਼ ਅੱਧੀ ਅੱਧੀ ਰਾਤ ਤੀਕ ਸੜਕਾਂ `ਤੇ ਬੈਠੇ ਰਾਤ ਦੇ ਸਬੰਧਾਂ ਬਾਰੇ ਵਿਚਾਰ ਕਰਦੇ ਰਹਿੰਦੇ ਸਨ, ਜਿਸ ਦਾ ਗਵਾਹ ਕਰਤਾਰ ਢਾਬੇ ਵਾਲਾ ਸੀ ਅਤੇ ਹੁਣ ਉਹ ਸੁਰਗਵਾਸ ਹੋ ਚੁੱਕਾ ਹੈ। ਅਜੇ ਕੱਲ੍ਹ ਸੁਰਜੀਤ ਪਾਤਰ ਉਸ ਨੂੰ ਆਪਣਾ ਕਲਾਮ ਸੁਣਾਇਆ ਕਰਦਾ ਸੀ ਅਤੇ ਭੂਸ਼ਨ ਵਾਹ ਵਾਹ ਕਰਦਾ ਹੁੰਦਾ ਸੀ, ਜਿਸ ਵਿਚ ਪਾਤਰ ਨੂੰ ਦਾਦ ਘੱਟ ਅਤੇ ਮਜ਼ਾਕ ਵਧੇਰੇ ਲੱਗਦਾ ਸੀ। ਪਰ ਭੂਸ਼ਨ ਦੇ ਮਜ਼ਾਕ ਮਜ਼ਾਕ ਵਿਚ ਹੀ ਉਹ ਮਕਬੂਲ਼ ਸ਼ਾਇਰ ਬਣ ਗਿਆ ਜਿਹੜੀ ਕੋਈ ਮਜ਼ਾਕ ਦੀ ਗੱਲ ਨਹੀਂ। ਅਜੇ ਕੱਲ੍ਹ ਅੱਠ ਸੈਕਟਰ ਵਿਚ ਰਹਿੰਦਾ ਉਰਦੂ ਦਾ ਸ਼ਾਇਰ ਪ੍ਰੇਮ ਬਾਰਬਰਟਨੀ ਉਸ ਦੇ ਘਰ ਬੈਠਾ ਪੰਜਾਬੀ ਦੀਆਂ ਗ਼ਜ਼ਲਾਂ ਸੁਣਾਉਂਦਾ ਹੋਇਆ ਕਿਤਾਬ ਛਪਾਉਣ ਬਾਰੇ ਸਲਾਹਾਂ ਕਰਦਾ ਹੁੰਦਾ ਸੀ। … ਭੂਸ਼ਨ ਨੇ ਬਹੁਤ ਕੁਝ ਵੇਖਿਆ ਸੁਣਿਆ ਅਤੇ ਫੱਕਿਆ ਹੈ। ਫੱਕਣ ਵਾਲੀਆਂ ਚੀਜ਼ਾਂ ਵਿਚ ਚੰਡੀਗੜ੍ਹ ਦੀ ਧੂੜ ਵੀ ਸ਼ਾਮਿਲ ਹੈ। ਇਥੋਂ ਦੀਆਂ ਸੜਕਾਂ, ਕਾਫੀ ਹਾਊਸ, ਠੇਕਿਆਂ ਅਤੇ ਹੋਸਟਲਾਂ ਨੇ ਉਸਦਾ ਘੇਰਾ ਇਤਨਾ ਮੋਕਲਾ ਕੀਤਾ ਹੈ ਕਿ ਉਹ ਖ਼ਬਰਾਂ, ਵਾਕਫੀਅੱਤਾਂ, ਸਾਹਿਤਕ ਅਤੇ ਗ਼ੈਰਸਾਹਿਤਕ ਲਤੀਫਿਆਂ ਦੀ ਡਾਇਰੈਕਟਰੀ ਬਣ ਗਿਆ ਹੈ। ਜਿਹੜੀ ਖ਼ਬਰ ਸਾਰੇ ਪੰਜਾਬ ਦੀ ਖ਼ਾਕ ਛਾਂਣਿਆਂ ਨਹੀਂ ਮਿਲਦੀ, ਉਹ ਭੂਸ਼ਨ ਨਾਲ ਇਕੋ ਭੇਂਟ ਵਿਚ ਮਿਲ ਜਾਂਦੀ ਹੈ। ਉਸ ਨੇ ਪੰਜਾਬੀ ਦਾ ਜ਼ਿਕਰ ਪੈਦਾ ਕੀਤਾ ਹੈ ਅਤੇ ਪੰਜਾਬੀ ਲਈ ਜ਼ਿਕਰ ਅਤੇ ਇਸ ਰਾਹੀਂ ਆਪਣਾ। ਉਸ ਦੇ ਅੰਦਾਜ਼ ਨੇ ਪੰਜਾਬੀ ਦੀ ਸਾਊ ਦੰਦ-ਸਿੱਕੜ ਭੰਨੀ ਹੈ। ਪਿੱਛੇ ਜਿਹੇ ਉਹ ਉਹ ਕਵਿਤਾ ਦੇ ਪਿੱਛੇ ਕਲਮ ਦਾ ਸੋਟਾ ਲੈ ਕੇ ਪੈ ਗਿਆ ਸੀ। ‘ਕਵਿਤਾ ਦਾ ਯੁੱਗ ਬੀਤ ਗਿਆ’ ਦਾ ਜ਼ਿਕਰ ਉਸ ਦੇ ਸਿਰਲੇਖ ਤੋਂ ਚੱਲਿਆ ਹੈ ਅਤੇ ਅੱਜ ਤੀਕ ਜ਼ੋਰ ਪਕੜ ਰਿਹਾ ਹੈ। ਉਸ ਦੇ ਬਕੌਲ ਕਈਆਂ ਨੇ ਉਸ ਦੇ ਲੇਖ ਪੜ੍ਹ ਕੇ ਹੀ ਕਵਿਤਾ ਲਿਖਣੀ ਛੱਡ ਦਿੱਤੀ ਹੈ, ਜਿਹੜੀ ਸਮਾਂ ਪਾ ਕੇ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਪ੍ਰਾਪਤੀ ਸਿੱਧ ਹੋ ਸਕਦੀ ਹੈ। ਉਸ ਦੇ ਦੋਸਤਾਂ ਵਿਚ ਵੰਨ ਸੁਵੰਨੇ ਲੋਕ ਸ਼ਾਮਿਲ ਹਨ, ਆੜ੍ਹਤੀਆਂ ਤੋਂ ਲੈ ਕੇ ਕਲਾਕਾਰਾਂ ਤੱਕ।
ਭੂਸ਼ਨ ਦੀ ਸੰਗਤ ਪਹਿਲਾਂ ਇਤਨੀ ਮਹਿੰਗੀ ਨਹੀਂ ਸੀ ਪੈਂਦੀ। ਅੱਜ ਕਲ੍ਹ ਤਾਂ ਸਾਰੇ 15 ਸੈਕਟਰ ਦਾ ਚੱਕਰ ਲਾ ਕੇ ਵੀ ਉਸ ਦਾ ਘਰ ਮਿਲਣਾ ਮੁਹਾਲ ਹੁੰਦਾ ਹੈ । ਅਤੇ ਜੇਕਰ ਰੱਬ ਸਬੱਬੀਂ ਮਿਲ ਵੀ ਜਾਵੇ , ਤਾਂ ਜਾਂ ਤਾਂ ਸਾਡੇ ਵਰਗਾ ਕੋਈ ਹੋਰ ਵਾਧੂ ਮਿੱਤਰ ਉਸ ਨਾਲ ਹੁੰਦਾ ਹੈ, ਜਾਂ ਕੋਈ ਜਲਦੀ ਹੀ ਬਾਹਰਲੇ ਬੂਹੇ ਵਿਚੋਂ ਜਿੰਨ ਵਾਂਗ ਕਿਸੇ ਛਿਣ ਵੀ ਆ ਟਪਕ ਸਕਦਾ ਹੁੰਦਾ ਹੈ ਅਤੇ ਇਸ ਤਰ੍ਹਾਂ ਭੂਸ਼ਨ ਨਾਲ ਗੱਲ ਨੂੰ ਤੁਸੀਂ ਆਪਣੀ ਤੋਰ ਨਹੀਂ ਦੇ ਸਕਦੇ। ਅਜੇਹੇ ਸਮੇਂ ਭੂਸ਼ਨ ਦੀ ਹਾਲਤ ਉਸ ਨਾਈ ਵਰਗੀ ਹੁੰਦੀ ਹੈ ਜਿਸ ਨੂੰ ਇਕੇ ਸਮੇਂ ਦੋ ਦੋ ਗਾਹਕ ਭੁਗਤਾਉਣੇ ਪੈ ਜਾਣ। ਭੂਸ਼ਨ ਕੋਲ ਮਾਈਮ ਦਾ ਵਧੀਆ ਆਰਟ ਹੈ, ਅਤੇ ਬਰ੍ਹਾਮਣ ਦਾ ਖ਼ਾਲਸ ਦਿਮਾਗ। ਇਹੀ ਕਾਰਣ ਹੈ ਕਿ ਉਸ ਦੇ ਲਤੀਫਿਆਂ ਵਿਚ ਵੀ ਸਤਿਅਮ ਤੋਂ ਸ਼ਿਵੰਮ ਤੀਕ ਦਾ ਸਫ਼ਰ ਜਾਂ ਸਫ਼ਰ ਦਾ ਆਗ਼ਾਜ਼ ਹੁੰਦਾ ਹੈ। ਇਹ ਗੁਣ ਵੀ ਪੰਜਾਬੀ ਵਿਚ ਦੁਰਲੱਭ ਹੀ ਕਿਹਾ ਜਾ ਸਕਦਾ ਹੈ। ਅਕਸਰ ਪੰਜਾਬੀ ਦੇ ਵਿਅੰਗਕਾਰ ਘਟਨਾਵਾਂ ਅਤੇ ਬਿਆਨ `ਚੋਂ ਹਾਸਾ ਪੈਦਾ ਕਰਦੇ ਹਨ ਜਦ ਕਿ ਭੁਸ਼ਨ ਖਾਲਸ ਮਿੱਟੀ ਵਾਲਾ ਦਿਮਾਗੀ ਹਾਸਾ ਉਪਜਾਉਂਦਾ ਹੈ। ਫਿਰ ਵੀ ਉਸ ਦਾ ਵਿਅੰਗ ਲੋਕਾਂ ਨਾਲੋਂ ਕੱਟਿਆ ਹੋਇਆ ਨਹੀਂ ਹੁੰਦਾ। ‘ਮਾਸਟਰ ਬਸਤਾ ਰਾਮ’ ਉਸ ਦਾ ਟੀਵੀ ਫੀਚਰ ਅਤੇ ਪੰਜਾਬੀ ਟ੍ਰਿਬਿਊਨ ਦਾ ਕਾਲਮ ‘ਬੋਲ ਕਬੋਲ’ ਇਸ ਦੀਆਂ ਜਿੰਦਾ ਮਿਸਾਲਾਂ ਹਨ। ਭਾਵੇਂ ਭੂਸ਼ਨ ਦੀ ਬੱਲੇ ਬੱਲੇ ਪੈਰੋਡੀਆਂ ਤੋਂ ਸ਼ੁਰੂ ਹੋਈ ਪਰ ਇਹ ਬਗ਼ੈਰ ਪੈਰ ਨੂੰ ਮੋਚ ਆਇਆਂ ਉਸ ਦੇ ਸੀਰੀਅਸ ਸਾਹਿਤਕ ਲੇਖਾਂ ਵੱਲ ਵੱਧ ਰਹੀ ਹੈ। ਉਸ ਦੀ ਪੁਸਤਕ ‘ਸਿਰਜਣਧਾਰਾ’ ਅਜਿਹੀ ਸਿਖ਼ਰਤਾ ਦੀ ਮਿਸਾਲ ਹੈ, ਜਿਥੋਂ ਡਿੱਗਿਆ ਉਹ ਸਿੱਧਾ ਸੁਰਗ ਨੂੰ ਜਾ ਸਕਦਾ ਹੈ। ਭੂਸ਼ਨ ਤੋਂ ਗੱਲ ਪੈਰੋਡੀ ਤੇ ਆ ਪਹੁੰਚੀ ਹੈ ਤਾਂ ਇਹ ਪੈਰੋਡੀ ਤੋਂ ਭੂਸ਼ਨ ਵੱਲ ਵੀ ਤੁਰੀ ਹੈ। ਅਸਲ ਵਿਚ ਭੂਸ਼ਨ ਵੇਖਣ ਨੂੰ , ਬੰਦਾ ਘੱਟ ਅਤੇ ਪੈਰੋਡੀ ਵੱਧ ਲਗਦਾ ਹੈ। ਉਸ ਨੇ ਪੈਰੋਡੀਆਂ ਕੇਵਲ ਉਹਨਾਂ ਸਾਹਿਤਕਾਰਾਂ ਜਾਂ ਉਨ੍ਹਾਂ ਦੀਆਂ ਕਵਿਤਾਵਾਂ ਆਦਿ ਬਾਰੇ ਲਿਖੀਆਂ ਹਨ , ਜਿਨ੍ਹਾਂ ਨੂੰ ਉਹ ਬੇਹੱਦ ਪਿਆਰ ਕਰਦਾ ਹੈ। ਕੁਝ ਵੰਨਗੀਆਂ ਹਾਜ਼ਰ ਹਨ ਜਿਹੜੀਆਂ ਇਸ਼ਤਿਆਰਾਂ ਵਾਂਗ ਭੁਸ਼ਨ ਦੀ ਪਿੱਠ ਤੇ ਚੁੰਮੜੀਆਂ ਹੋਈਆਂ ਹਨ:
ਸੰਤ ਸਿੰਘ ਸੇਖੋਂ ਆਖੇ ਤੇਜਵੰਤ ਨੂੰ / ਮੇਰੇ ਵਾਲਾ
ਹਾਲ ਹੋਣਾ ਤੇਰਾ ਅੰਤ ਨੂੰ।
ਗਲੀਏਂ ਗਲੀਏਂ ਫਿਰਦੇ ਪੰਜ ਹਜ਼ਾਰੀ ਹੁਣ
ਲੱਭਿਆਂ ਵੀ ਨਹੀਂ ਲੱਭਦੇ, ਲੋਕ-ਲਿਖਾਰੀ ਹੁਣ।
ਇਕ ਮਸੀਹਾ ਹੋਰ ਚੜ੍ਹਾ ਕੇ ਸੂਲੀ `ਤੇ/ ਰੋਂਦੇ ਫਿਰਦੇ ਸਾਹਿਤ ਦੇ ਪਟਵਾਰੀ ਹੁਣ
ਆਖ ਭੱਠੀ ਵਾਲੀ ਨੂੰ, ਨੀ ਪੀੜਾਂ ਦਾ ਪਰਾਗਾ ਮੇਰਾ/ ਸਾੜ ਕੇ ਸਵਾਹ ਕਰ ਦੇ/
ਆਟੇ ਦੀਆਂ ਚਿੜਆਂ ਨੂੰ ਕਾਵਾਂ ਨੇ ਘਿਰਾE ਕੀਤਾ/ ਝੂਠੀ ਮੂਠੀ ਠਾਹ ਕਰ ਦੇ।
ਡਾਕੀਆ ਅਮਰੂਦ ਲੈ ਕੇ ਆ ਗਿਆ/ ਕਰਨ ਲਈ ਕੁਝ ਨਾ ਰਿਹਾ
ਟੱਕਰਾਅ ਗਏ ਰਹਿਮਾਨ ਤੇ ਹਨੂਮਾਨ/ ਰਿਹਾਈ ਦਾ ਸ਼ਬਦ ਫਿਰ ਗੂੰਜਿਆ
ਭਗਤਾਂ ਦੀ ਮਹਿਫ਼ਲ `ਚੋ/ ਜਗਤ ਜਲਦਾ ਪਿਆ/ ਨਕਦ ਸੌਦਾ ਕਰੋ।
ਹੁਣ ਤਾਂ ਪਤਾ ਹੈ, ਮਾਸੂਮੀਅਤ ਕੀ ਹੈ/ ਸਾਈਡ ਪੋਜ਼ ਹੈ ਪਾਤਰ ਦਾ।
ਹੁਣ ਤਾਂ ਪਤਾ ਹੈ ਕਿ ਜੰਡ `ਤੇ ਤਰਕ਼ਸ਼ / ਸਾਹਿਬਾਂ ਨੇ ਨਹੀਂ, ਉਸਦੀ ਮਾਂ ਨੇ ਟੰਗਿਆ ਸੀ।
ਗਲੀ ਗਲੀ ਵਣਜਾਰੇ ਫਿਰਦੇ/ ਫੜ ਪ੍ਰੀਤਾਂ ਦੇ ਜਾਲ ਓ ਯਾਰ/ ਜੈ ਇੰਦਰਾ ਜੈ ਇੰਦਰਾ ਕੂਕਣ ਹੱਥ ਵਿਚ ਝੰਡੇ ਲਾਲ ਓ ਯਾਰ
ਇਕ ਕੁੜੀ ਨੇ ਇੱਛਿਆਧਾਰੀ / ਸੱਪਣੀ ਵੱਸ ਵਿਚ ਕੀਤੀ ਹੈ/ ਵਰਮੀ ਦੇ ਚੌਗਿਰਦੇ ਬੈਠੇ ਜੋਗੀ ਪਾਲੋ ਪਾਲ ਓ ਯਾਰ
ਅਸੀਂ ਸਰ ਸਰ ਕਰਦੇ ਹਾਂ/ ਸਰਕਾਰ ਤੋਂ ਡਰਦੇ ਹਾਂ
ਅੱਜਕੱਲ੍ਹ ਲੋਕਰਾਜ ਬਾਰੇ ਉਸਦੀ ਲੋਰੀ ਅਤੇ ਇਕ ਚੋਣ-ਗਜ਼ਲ ਬਹੁਤ ਮਕਬੂਲ ਹੋ ਰਹੀਆਂ ਹਨ, ਜਿਨ੍ਹਾਂ ਦਾ ਜ਼ਿਕਰ ਕੁਮਾਰ ਵਿਕਲ ਦੇ ਨਾਲ ਨਿਰੂਪਮਾ ਦੱਤ ਨੇ ਸੰਡੇ ਸਟੈਂਡਰਡ ਦੇ ਕਾਲਮ ‘ ਫਰਾਮ ਦ ਫ਼ਰੰਟ ਰੋਅ’ ਵਿਚ ਖੂਬਸੂਰਤੀ ਨਾਲ ਕੀਤਾ ਹੈ। ਪਰ ਸ਼ਾਇਦ ਸਭ ਤੋਂ ਵੱਧ ਉਸਦੇ ਵਿਅੰਗ ਦੀ ਵਧੀਆ ਮਿਸਾਲ ਨਾਗਮਣੀ ਦਾ ਵਿਅੰਗ ਵਿਸ਼ੇਸ਼ ਅੰਕ ‘ਦੇਖ ਕਬੀਰਾ ਹੱਸਿਆ’ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਭੂਸ਼ਨ ਕੇਵਲ ਵਿਅੰਗਕਾਰ ਹੀ ਹੈ? ਵਿਅੰਗ ਬਾਰੇ ਉਹ ਬਹੁਤ ਸੀਰੀਅਸ ਹੁੰਦਾ ਹੈ। ਭੂਸ਼ਨ ਪੜ੍ਹਾਈ ਲਿਖਾਈ ਵਿਚ ਵੀ ਹੁਸਿ਼ਆਰ ਰਿਹਾ ਹੈ। ਗਿਆਨੀ ਦਾ ਗੋਲਡ ਮੈਡਲ ਅਤੇ ਪੰਜਾਬੀ ਦੀ ਐਮ ਏ ਦੀ ਫਰਸਟ ਡਿਵੀਜ਼ਨ। ਕਵਿਤਾ ਤੋਂ ਪਹਿਲਾਂ ਸ਼ਾਇਦ ਉਹ ਪਤੰਗ ਉਡਾਉਂਦਾ ਹੋਵੇ ਕਿਉਂਕਿ ਕਵਿਤਾ ਤੋਂ ਬਾਅਦ ਉਹ ਅੱਜਕੱਲ੍ਹ ਉਹ ਕਵੀਆਂ ਦਾ ਮਖ਼ੌਲ ਉਡਾਉਂਦਾ ਹੈ। ‘ਪੰਜਾਬੀ ਕਵਿਤਾ ਦੀ ਇਹ ਹੋਨੀ, ਹਸਰਤ, ਬਾਗੀ , ਬੇਦੀ, ਸੋਨੀ’। ਹੁਣ ਉਹ ਪ੍ਰੋਫੈਸਰ ਹੈ। ਭੂਸ਼ਨ ਸਫਰ ਅਤੇ ਧੂੜ ਦਾ ਨਾਂ ਹੈ। ਇਕ ਵਾਰ ਉਸ ਸਿਗਰਟਾਂ ਛੱਡ ਦੇਣ ਦੀ ਤਆਰੀ ਕਰ ਲਈ। ਇਸ ਤਿਆਰੀ ਦੌਰਾਨ ਉਸ ਦੀਆਂ ਸੱਤ ਡੱਬੀਆਂ ਲੱਗ ਗਈਆਂ।
ਭੂਸ਼ਨ ਅਨੁਸਾਰ ਸਾਹਿਤ ਦੇ ਤਿੰਨ ਰੂਪ ਹੁੰਦੇ ਹਨ: ਲੋਕ ਸਾਹਿਤ, ਥੋਕ ਸਾਹਿਤ ਅਤੇ ਮੋਕ ਸਾਹਿਤ। ਛੌਥੀ ਵੰਨਗੀ ਵੀ ਉਸ ਦੱਸੀ ਸੀ, ਉਹ ਹੈ ਸੜਕ ਸਾਹਿਤ। ਭੂਸ਼ਨ ਆਪ ਵੀ ਸੜਕ ਸਾਹਿਤ ਦੀ ਵਧੀਆ ਮਿਸਾਲ ਹੈ।ਕਿੱਧਰ ਕਿਸੇ ਨਾਲ ਸਾਹਿਤ ਬਾਰੇ ਜਾਂ ਸਾਹਿਤ ਵਿਚਲੀ ਮਾਯੂਸੀ ਬਾਰੇ ਗੱਲ ਕਰੋ ਤਾਂ ਭੂਸ਼ਨ ਦਾ ਜਿ਼ਕਰ ਆ ਜਾਂਦਾ ਹੈ। ਭੂਸ਼ਨ ਇਕ ਘਸਿਆ ਸਿੱਕਾ ਹੈ, ਪਰ ਹੈ ਅਸਲੀ। ਖ਼ੂਬ ਚਲਦਾ ਹੈ ਕਿਉਂਕਿ ਇਸ ਦੀ ਪਛਾਣ ਗੁੰਮ ਨਹੀਂ ਹੋਈ। ਗੁੰਮ ਸ਼ਬਦ ਤੋਂ ਮੈਨੂੰ ਕਸ਼ਮੀਰ ਸਿੰਘ ਪੰਨੂੰ ਦੀਆਂ ‘ਗੁੰਮ ਹੋਈਆਂ ਚਾਬੀਆਂ’ ਦੀ ਯਾਦ ਆ ਗਈ ਜਿਸ ਦੀ ਭੂਮਿਕਾ ਭੂਸ਼ਨ ਨੇ ਲਿਖੀ ਹੈ: ‘ਸੂਤਰਧਾਰ ਦੀ ਭੂਮਿਕਾ’। ਭੂਸ਼ਨ ਸ਼ਾਇਦ ਆਪਣੇ ਬਾਰੇ ਸੱਚ ਬੋਲਦਾ ਹੈ। ਵੈਸੇ ਵੀ ਉਸ ਬਿੰਨਾ ਪੰਜਾਬੀ ਸਾਹਿਤ ਦਾ ਮੰਚ ਕਿਵੇਂ ਸਜ ਸਕਦਾ ਸੀ। ਭੂਸ਼ਨ ਕੋਲ ਵਧੀਆਂ ਸਕੀਮਾਂ ਹਨ, ਜਿਹਨਾਂ ਵਿਚੋਂ ਇਕ ਲੇਖਕ ਕਾਲੋਨੀ ਦੀ ਸਥਾਪਨਾ ਬਾਰੇ ਹੈ, ਜਿੱਥੇ ਅੰਮ੍ਰਿਤਾ ਪ੍ਰੀਤਮ ਪ੍ਰਿੰਟਿੰਗ ਪ੍ਰੈਸ ਹੋਵੇਗੀ, ਸੇਖੋਂ ਝੱਟਕਾ ਸ਼ਾਪ ਅਤੇ ਬਟਾਲਵੀ ਬਟਨ ਹਾਊਸ। ਇਹਨਾਂ ਸਕੀਮਾਂ ਵਿਚੋਂ ਇਕ ਹੈ ਮੇਰੇ ਨਾਲ ਰਲ ਕੇ ਸ਼ਿਵ ਕੁਮਾਰ ਬਾਰੇ ਵੱਡੀ ਕਿਤਾਬ ਲਿਖਣ ਦੀ।
ਉਸਦੇ ਬਹੁਤ ਦੋਸਤ ਹਨ, ਪਰ ਉਹ ਆਪ ਉਚੇਚ ਕਰਕੇ ਕਿਸੇ ਦਾ ਦੋਸਤ ਨਹੀਂ ਬਣਿਆ। ਉਸਦੇ ਦੋਸਤਾਂ ਵਿਚ ਸੂਬਾ ਸਿੰਘ ਵੀ ਆਉਂਦਾ ਸੀ : ‘ਸ਼ਾਹ ਕਾ ਮੁਸਾਹਿਬ’। ਉਹ ਕਵਿਤਾ ਦੇ ਖਿਲਾ਼ਫ ਹੈ , ਪਰ ਉਸ ਨੂੰ ਪੁੱਛੋ ਕਿ ਜੇਕਰ ਕਵਿਤਾ ਦਾ ਮੌਸਮ ਹੀ ਬੀਤ ਗਿਆ ਹੈ ਤਾਂ ਬਿੰਬਾਂ ਦੀ ਭਾਲ ਦਾ ਕੀ ਅਰਥ ਜਿਹੜਾ ਉਸ ਮੁਤਾਬਿਕ ਉਸ ਦਾ ਪੀਐਚ ਡੀ ਦਾ ਥੀਸਿਸ ਸੀ? ਪਰ ਬਿੰਬਾਵਲੀ ਬਾਰੇ ਕੋਈ ਅਜੇਹੀ ਨਿਯਮਾਵਲੀ ਉਸ ਅਜੇ ਬਣਾਈ ਨਹੀਂ ਜਾਪਦੀ।
ਭੂਸ਼ਨ ਆਲੋਚਕਾਂ ਦਾ ਬੜਾ ਤੇਜ਼ ਤਰਾਰ ਆਲੋਚਕ ਹੈ ਅਤੇ ਘੁਮਿਆਰ ਵਾਂਗ ਘੜ ਘੜ ਕੇ ਖੋਟ ਕਢਦਾ ਹੈ। ਬੰਸਾਵਲੀ ਅਨੁਸਾਰ ਉਹ ਸ਼ੰਕਰਅਚਾਰੀਆ ਦਾ ਆਧੁਨਿਕ ਵਾਰਸ ਹੈ। ‘ਕਵਿਤਾ’ ਵਾਲਿਆਂ ਉਸਨੂੰ ਪੰਜਾਬੀ ਸਾਹਿਤ ਦਾ ਮਿਰਾਸੀ ਕਿਹਾ ਸੀ; ‘ਸੰਕਲਪ’ ਵਾਲਿਆਂ ਬੀਰਬਲ ਦੀ ਉਪਾਧੀ ਦਿੱਤੀ ਸੀ, ‘ਨਾਗਮਣੀ’ ਅਤੇ ‘ਲਕੀਰ’ ਨੇ ਅਸ਼ਟਵੱਕਰ ਦੀ। ਸ਼ਾਇਦ ਕੱਲ੍ਹ ਨੂੰ ਕੋਈ ਨਾਰਦਮੁਨੀ ਵੀ ਕਹਿ ਦੇਵੇ ਕਿਉਂਕਿ ਭੂਸ਼ਨ ਕਿਸੇ ਦਾ ਸੱਕਾ ਨਹੀਂ, ਆਪਣੀ ਕਲਮ ਤੋਂ ਸਿਵਾ। ਸੁਰਜੀਤ ਪਾਤਰ ਅਨੁਸਾਰ ਸਿਗਰਟ ਉਸਦੀ ਛੇਵੀਂ ਧੁਖਦੀ ਉਂਗਲ ਹੈ, ਜਿਸ ਨਾਲੋਂ ਉਹ ਉੱਤਲੀ ਮੰਜ਼ਲ ਦਾ ਵਿਅੰਗ ਕਵਿਤਾਵਾਂ ਵਾਂਗ ਝਾੜਦਾ ਹੈ। ਨੀਚੇ ਰਹਿਣ ਵਾਲਿਆਂ ਦੇ ਭਾਵੇਂ ਇਹ ਸਿਰ `ਤੇ ਪਵੇ ਜਾਂ ਮੂੰਹ ਤੇ। ਉਸ ਕੋਲ ਸਾਈਕਲ ਨਹੀਂ ਹੈ, ਪੈਰ ਹਨ, ਦੁੱਖ ਨਹੀਂ ਹੈ, ਰਾਜਕਪੂਰੀ ਜੋਕਰ ਵਾਲੀ ਨਿਰਾਸ਼ਾ ਹੈ, ਚੁੱਪ ਨਹੀਂ ਮਜ਼ਾਕ ਹੈ। ਭੁੱਖ ਨਹੀਂ ਭੁੱਖ ਦਾ ਸਰਾਪ ਹੈ। ਉਹਦਾ ਬੱਚਾ ਸੌਂਦਾ ਨਹੀਂ ਤਾਂ ਉਹ ਲੋਰੀ ਘੜ ਲੈਂਦਾ ਹੈ, ਜਿਸ ਨਾਲ ਉਹ ਬੁੱਢਿਆਂ ਠੇਰਿਆਂ ਦੀ ਨੀਂਦਰ ਹਰਾਮ ਕਰ ਦੇਂਦਾ ਹੈ। ਇਸੇ ਲੋਰੀ ਨਾਲ ਹੀ ਉਹ ਆਜ਼ਾਦੀ ਦੇ ਨਕ਼ਸ਼ ਤਰਾਸ਼ਦਾ ਹੈ ਅਤੇ ਆਜ਼ਾਦੀ ਦੀ ਤ੍ਰਾਸਦੀ ਵੀ। “ਆਜ਼ਾਦੀ ਦੇ ਅਰਥ ਉਸ ਘੋੜੇ ਤੋਂ ਪੁੱਛੋਂ ਜਿਸ ਦੇ ਮੂੰਹ ਵਿਚ ਲਗਾਮ ਹੈ।”
ਭੂਸ਼ਨ ਇਕ ਸਿਗਰਟ ਹੈ ਅਤੇ ਉਸ ਦਾ ਧੂਆਂ ਵੀ। ਜਨਵਰੀ 1973 ਦਾ ਠੰਢਾ ਅਲਸਾਇਆ ਐਤਵਾਰ ਦਾ ਦਿਨ, ਬਾਈ ਸੈਕਟਰ, ਚੰਡੀਗੜ੍ਹ। ਭੂਸ਼ਨ, ਮੈਂ ਅਤੇ ਗੁਰਦਿਆਲ ਪੰਜਾਬੀ ਦੇਸੀ ਸ਼ਰਾਬ ਦੇ ਠੇਕੇ ਕੋਲ ਖਲੋਤੇ ਸਲਾਹ ਕਰ ਰਹੇ ਸਾਂ ਕਿ ਕਿੱਧਰ ਚਲ ਕੇ ਬੈਠੀਏ। ਭੂਸ਼ਨ ਦੇ ਕੋਟ ਦੀ ਓਟ ਵਿਚ ਪੂਰੀ ਬੋਤਲ ਸੀ ਕਿ ਅਚਾਨਕ ਰੋਡਭੋਡ ਰੋਇਆ ਸ਼ਿਵਕੁਮਾਰ ਕਿੱਧਰਿਓਂ ਨਿਕਲ ਆਇਆ। ਉਸ ਨੇ ਭੂਸ਼ਨ ਨੂੰ ਬੋਤਲ ਛੁਪਾਉਂਦਿਆਂ ਵੇਖ ਲਿਆ ਸੀ। ਕਹਿਣ ਲੱਗਾ,” ਉਏ ਬਾਹਮਣਾਂ! ਤੂੰ ਵੀ ਇਹ ਕੰਮ ਸ਼ੁਰੂ ਕਰ ਦਿੱਤਾ ਕਰ ਦਿੱਤਾ?” ਅਤੇ ਫਿਰ ਆਪਣੇ ਘੋਨਮੋਨ ਸਿਰ ਨੂੰ ਖੁਰਕਦਾ ਸੋਚਣ ਲੱਗਾ। ਦੋ ਸਾਹ ਲੈਣ ਬਾਅਦ ਬੋਲਿਆ, “ਯਾਰ ਮੇਰੇ ਖਿਆਲ ਵਿਚ ਐਥੇ ਘਾਹ ਤੇ ਹੀ ਬੈਠ ਜਾਈਏ, ਮੈਂ ਕਿਤਿਓਂ ਗਲਾਸ ਦਾ ਇੰਤਜ਼ਾਮ ਕਰਦਾ ਹਾਂ। ਉਹ ਆਪਣੇ ਘੜੀਆਂ ਵਾਲੇ ਯਾਰ ਪ੍ਰੀਤਮ ਦੀ ਦੁਕਾਨ ਹੈ, ਪਰ ਅੱਜ ਤਾਂ ਐਤਵਾਰ ਹੈ”। ਸ਼ਿਵ ਕੁਮਾਰ ਬਹੁਤ ਕਮਜ਼ੋਰ ਹੋ ਗਿਆ ਸੀ। ਉਸ ਦੇ ਗਲੇ ਦੀ ਨਾੜ ਤੇਜ਼ ਤੇਜ਼ ਫੜਕ ਰਹੀ ਸੀ। ਉਹ ਨਵਾਂ ਨਵਾਂ ਇੰਗਲੈਂਡ ਹੋ ਕੇ ਆਇਆ ਸੀ। ਉਸ ਲਈ ਸ਼ਰਾਬ ਘਾਤਕ ਸਿੱਧ ਹੋ ਸਕਦੀ ਸੀ। ਅਸੀਂ ਬੁਰੀ ਤਰ੍ਹਾਂ ਫਸ ਗਏ ਸਾਂ। ਖ਼ੈਰ…ਇਸ ਤੋਂ ਅਗਾਂਹ ਦੇ ਉਸ ਦਿਨ ਦਾ ਹਾਲ ਮੇਰੇ ਸ਼ਿਵ ਕੁਮਾਰ ਵਾਲੇ ਲੇਖ ਵਿਚ ਦਰਜ ਹੈ। ਸ਼ਿਵ ਦੇ ਚੰਡੀਗੜ੍ਹ ਵਿਚ ਵਾਸ ਦਾ ਸ਼ਾਇਦ ਇਹ ਆਖਰੀ ਤੋਂ ਪਹਿਲਾ ਸਪਤਾਹ ਸੀ।
ਖ਼ੈਰ ਗੱਲ ਚੱਲੀ ਸੀ ਸ਼ਬਦ ‘ਬਾਹਮਣ’ ਤੋਂ ਜਿਹੜਾ ਕਦੇ ਭੂਸ਼ਨ ਲਈ ਸਿ਼ਵ ਕੁਮਾਰ ਵਰਤਦਾ ਹੁੰਦਾ ਸੀ। ਅੱਜ ਥੁਹੜੀ ਜਿਹੀ ਸੁਖਾਵੀਂ ਤਬਦੀਲੀ ਨਾਲ ਲਿਖਾਰੀ ਦੋਸਤ ਭੂਸ਼ਨ ਲਈ ‘ਪੰਡਿਤ’ ਸ਼ਬਦ ਵਰਤਦੇ ਹਨ। ਅੰਮ੍ਰਿਤਾ ਪ੍ਰੀਤਮ ਦੀ ਨਜ਼ਰ ਵਿਚ ਭੂਸ਼ਨ ਇਕ ਡੂੰਘਾ ਚਿੰਤਕ ਅਤੇ ਤਿੱਖਾ ਵਿਅੰਗਕਾਰ ਹੈ। ਪਰ, ਮੈਂ ਸਿਰਫ਼ ਇਹੀ ਆਖਾਂਗਾਂ ਕਿ ਉਹ ਪੰਜਾਬੀ ਸਾਹਿਤ ਦਾ ਭੂਸ਼ਨ ਹੈ ਜਿਹੜਾ ਪਤਾ ਨਹੀਂ ਕਦੋਂ ਤੋਂ ਹਾਲਤ ਦੇ ਗਹਿਣੇ ਪਿਆ ਹੋਇਆ ਹੈ!
ਅਜ ਭੂਸ਼ਨ ਨੂੰ ਇਸ ਪੰਜ ਭੂਤਕ ਸਰੀਰ ਨੂੰ ਛੱਡਿਆਂ ਵੀ ਕਈ ਸਾਲ ਹੋ ਗਏ ਹਨ ਅਤੇ ਮੇਰੇ ਉਪਰਲੇ ਲੇਖ ਨੂੰ ਤਾਂ ਕਈ ਦਹਾਕੇ ਬੀਤ ਗਏ ਹਨ। ਇਹਨਾਂ ਸਾਲਾਂ ਵਿਚ ਭੂਸ਼ਨ ਨੇ ਚੰਡੀਗੜ੍ਹ ਤੋਂ ਪੰਜਾਬ ਸਕੱਤਰੇਤ ਵਿਚਲੀ ਨੌਕਰੀ ਛੱਡ ਕੇ ਪੰਜਾਬੀ ਦੇ ਪਰੋਫੈਸਰ ਵਜੋਂ ਸਰਕਾਰੀ ਕਾਲਜ ਰੂਪਨਗਰ ਵਿਚ ਢਾਈ ਕੁ ਦਹਾਕੇ ਨੌਕਰੀ ਕੀਤੀ ਅਤੇ ਉੱਥੇ ਹੀ ਨਹਿਰ ਕੰਢੇ ਆਪਣਾ ਮਕਾਨ ਖਰੀਦ ਕੇ ਰਹਿਣ ਲੱਗਾ। ਮੈਂ ਜਦ ਵੀ ਆਪਣੇ ਪਿੰਡ, ਕੁਕੜਾਂ, ਜਿਹੜਾ ਗੜ੍ਹਸ਼ੰਕਰ ਦੇ ਕੋਲ ਹੈ ਜਾਂਦਾ ਤਾਂ ਆਉਂਦੇ ਹੋਏ ਜਾਂ ਜਾਂਦੇ ਹੋਏ ਰੂਪਨਗਰ ਉਸ ਦੇ ਕੋਲ ਕੁਝ ਘੰਟਿਆਂ ਲਈ ਗਲਬਾਤ ਲਈ ਰੁਕਣਾ ਮੈਨੂੰ ਬਹੁਤ ਚੰਗਾ ਲਗਦਾ ਅਤੇ ਕਈ ਵਾਰ ਤਾਂ ਮੈਂ ਉਸ ਨੂੰ ਮਿਲਣ ਖ਼ਾਤਰ ਹੀ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲੈਂਦਾ।ਇਕ ਵਾਰ ਅਜਿਹੀ ਮਿਲਣੀ ਵਿਚ ਉਸ ਦੀ ਪਤਨੀ ਦਾ ਪਗੜੀਧਾਰੀ ਵੀ ਹਾਜ਼ਰ ਸੀ ਜਿਹੜਾ ਇੰਗਲੈਂਡ ਰਹਿੰਦਾ ਸੀ ਅਤੇ ਡੂੰਘਾ ਸਾਹਿਤ ਪ੍ਰੇਮੀ ਸੀ। ਉਸ ਨਾਲ ਅੰਗਰੇਜ਼ੀ ਸਾਹਿਤ ਬਾਰੇ ਕਾਫੀ ਵਿਚਾਰ ਵਟਾਂਦਰਾ ਹੋਇਆ ਜਿਹੜਾ ਰੋਚਕ ਹੋਣ ਦੇ ਨਾਲ ਜਾਣਕਾਰੀ ਭਰਪੂਰ ਵੀ ਸੀ।
ਫਿਰ ਜਦ ਉਹ ਰੀਟਾਇਰ ਹੋ ਕੇ ਚੰਡੀਗੜ੍ਹ ਆ ਗਿਆ ਤਾਂ ਉਹ 44 ਸੈਕਟਰ ਵਿਚ ਦੂਜੀ ਮੰਜ਼ਲ ਉੱਤੇ ਆਪਣੇ ਮਕਾਨ ਵਿਚ ਰਹਿਣ ਲੱਗਾ। ਉਸ ਦੇ ਦੋਵੇਂ ਬੇਟੇ ਹੁਣ ਤੀਕ ਆਪੋ ਆਪਣੇ ਕਾਰੋਬਾਰ ਵਿਚ ਫਿਟ ਹੋ ਕੇ ਬਾਹਰ ਚਲੇ ਗਏ ਸਨ। ਸਬੱਬ ਨਾਲ ਗੁੱਲ ਚੌਹਾਨ,ਸਿੱਧੂ ਦਮਦਮੀ ਅਤੇ ਮੋਹਨ ਭੰਡਾਰੀ ਵੀ ਉਸੇ ਸੈਕਟਰ ਵਿਚ ਰਹਿੰਦੇ ਹੋਣ ਕਰਕੇ ਮੇਰਾ ਉਸ ਦੇ ਘਰ ਆਉਣਾ ਜਾਉਣਾ ਹੋਰ ਵੀ ਵੱਧ ਗਿਆ ਅਤੇ ਅਸਾਨ ਹੋ ਗਿਆ। ਕਈ ਵਾਰ ਮਿਲਣਾ ਗੁੱਲ ਨੂੰ ਹੁੰਦਾ, ਸਿੱਧੂ ਨੂੰ ਜਾਂ ਮੋਹਨ ਭੰਡਾਰੀ ਨੂੰ ਤਾਂ ਵੀ ਉਸ ਨਾਲ ਅਤੇ ਮਲਕੀਤ ਆਰਟਿਸਟ, ਬੇਦੀ,ਗੱਬੀ ਹੋਰਨਾਂ ਨਾਲ ਮੇਲ ਹੋ ਜਾਂਦਾ। ਕਦੇ ਉਹ ਹਰ ਸ਼ਾਮ ਉਸੇ ਸੈਕਟਰ ਦੀ ਪਾਰਕ ਵਿਚ ਇਕੱਠੇ ਸੈਰ ਕਰਦੇ ਮਿਲ ਜਾਂਦੇ।
ਇਸ ਵਿਚਕਾਰ ਮੈਂ ਕੈਨੇਡਾ ਵਿਚ ਚਲੇ ਗਿਆ ਸਾਂ ਅਤੇ ਭ਼ੂਸ਼ਨ ਨੂੰ ਬੁਰੀ ਤਰ੍ਹਾਂ ਮਿਸ ਕਰ ਰਿਹਾਂ ਸਾਂ। ਪਰ ਮੈ ਜਦੋਂ ਵੀ ਭਾਰਤ ਆਉਂਦਾ ਤਾਂ ਸ਼ਹਿਰ ਵਿਚ ਸਭ ਤੋਂ ਪਹਿਲਾਂ ਉਸ ਨੂੰ ਮਿਲਣਾ ਪਸੰਦ ਕਰਦਾ। ਸੰਨ 2008 ਆਪਣੀ ਬੇਟੀ ਦੇ ਵਿਆਹ ਲਈ ਮੈਂ ਲਗਭੱਗ ਸਾਰਾ ਸਾਲ ਮੁਹਾਲੀ ਹੀ ਰਿਹਾ। ਭੂਸ਼ਨ ਦੀ ਸਲਾਹ ਉੱਤੇ ਹੀ ਮੈਂ ਆਪਣੀਆਂ ਦੋ ਵਾਰਤਕ ਪੁਸਤਕਾਂ, ਆਸ ਪਾਸ ਅਤੇ ਚਸ਼ਮਦੀਦ ਅਤੇ ਵਿਅੰਗ ਪੁਸਤਕ, ਦੇਸੀ ਮੁਰਗ ਵਲਾਇਤੀ ਬਾਂਗ, ਪ੍ਰਕਾਸ਼ਤ ਕਰਨ ਦੀ ਸਲਾਹ ਬਣਾਈ। ਇਹਨਾਂ ਪੁਸਤਕਾਂ ਦੇ ਲਗਭੱਗ ਸਾਰੇ ਲੇਖ ਅਤੇ ਵਿਅੰਗ ਪੰਜਾਬੀ ਟ੍ਰਿਬਿਊਨ, ਲੋਅ ਅਤੇ ਹੋਰ ਪੰਜਾਬੀ ਮੈਗਜ਼ੀਨਾਂ ਵਿਚ ਛਪ ਚੁੱਕੇ ਸਨ ਪਰ ਅਧਿਕਤਰ ਮਿਲ ਨਹੀਂ ਸਨ ਰਹੇ। ਭੂਸ਼ਨ ਦਿਆਂ ਯਤਨਾਂ ਨਾਲ ਹੀ ਇਹਨਾਂ ਵਿਚੋਂ ਕਾਫੀ ਕੁਝ ਪ੍ਰਾਪਤ ਹੋ ਸਕਿਆ, ਖਾਸ ਕਰ ਕੇ ਲੋਅ ਵਾਲੇ ਲੜੀਵਾਰ ਲੇਖ। ਕਹਾਣੀਕਾਰ ਬਲੀਜੀਤ ਦੀ ਦੱਸ ਵੀ ਉਸੇ ਨੇ ਪਾਈ ਸੀ ਜਿਸ ਪਾਸ ਕਾਫੀ ਮੈਗਜੀ਼ਨ ਸਨ ਜਿਹਨਾਂ ਵਿਚ ਮੇਰੇ ਲੇਖ ਸ਼ਾਮਿਲ ਸਨ। ਕਦੇ ਕਦੇ ਉਹ ਆਪਣੇ ਰੂਪਨਗਰ ਵਾਲੇ ਮਕਾਨ ਦੇ ਨਾ ਵਿਕ ਸਕਣ ਦਾ ਜਿ਼ਕਰ ਕਰਦਾ ਉਦਾਸ ਹੋ ਜਾਂਦਾ ਅਤੇ ਕਦੇ ਕਦੇ ਪੁਰਾਣੀਆਂ ਯਾਦਾਂ ਵਿਚ ਅਸੀਂ ਦੋਵੇਂ ਖੋ ਜਾਂਦੇ।
ਭਾਵੇਂ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਉਹਨਾਂ ਦਿਨਾਂ ਵਿਚ ਕੋਈ ਲੱਛਣ ਨਹੀਂ ਸੀ ਨਜ਼ਰ ਆ ਰਿਹਾ ਪਰ ਭੂਸ਼ਨ ਆਪਣੀ ਉਮਰ ਦੇ ਆਖਰੀ ਸਾਲਾਂ ਵਿਚ ਅਧਿਤਾਮਿਕ ਰੁਚੀਆਂ ਰੱਖਣ ਲਗ ਪਿਆ ਸੀ। ਮੈਂ ਜਦ ਵੀ ਉਸ ਨੂੰ ਕਿਸੇ ਕਿਤਾਬਾਂ ਦੀ ਦੁਕਾਨ ‘ਤੇ ਜਾਂ ਬੁੱਕ ਫੇਅਰ ਵਿਚ ਮਿਲਦਾ ਤਾਂ ਵੇਖਦਾ ਕਿ ਉਸ ਦਾ ਪੜ੍ਹਣ ਰੁਝਾਨ ਓਸ਼ੋ ਅਤੇ ਫਿਰ ਜੇ ਕ੍ਰਿਸ਼ਨਾਮੂਰਤੀ ਦੁਆਲੇ ਘੁੰਮਣ ਲੱਗ ਪਿਆ ਸੀ। ਉਸ ਨਾਲ ਇਕ ਦੋ ਬਾਰ ਇਸ ਸੰਬੰਧ ਵਿਚ ਗਲ ਹੋਈ ਤਾਂ ਪਤਾ ਲੱਗਾ ਕਿ ਹੁਣ ਉਹ ਜੇ ਕ੍ਰਿਸ਼ਨਾਮੂਤੀ ਦਾ ਪੂਰੀ ਤਰ੍ਹਾਂ ਭਗਤ ਬਣ ਚੁੱਕਾ ਸੀ। ਇਕ ਅੱਧ ਕਿਤਾਬ ਮੈਂ ਵੀ ਇਸ ਵਿਸ਼ੇ ਬਾਰੇ ਉਸ ਨੂੰ ਦਿੱਤੀ ਸ਼ਾਇਦ ਉਹ ਕ੍ਰਿਸ਼ਨਾਮੂਰਤੀ ਦੀ ਬਾਇਆਗਰਾਫੀ ਸੀ ਜਿਹੜੀ ਅੰਗਰੇਜ਼ ਦੀ ਕਿਸੇ ਮਸ਼ਹੂਰ ਭਾਰਤੀ ਲੇਖਿਕਾ ਨੇ ਲਿਖੀ ਸੀ।
ਉਮਰ ਦੇ ਆਖਰੀ ਵਰ੍ਹਿਆਂ ਵਿਚ ਜਦ ਮੈਂ ਉਸ ਨੂੰ ਮਿਲਿਆ ਤਾਂ ਭੂਸ਼ਨ ਨੇ ਸਿੱਧੂ ਦਮਦਮੀ ਦੇ ਕਹਿਣ ਉੱਤੇ ਕਿਸ਼ਤਵਾਰ ਪੰਜਾਬੀ ਟ੍ਰਿਬਿਊਨ ਵਿਚ ਆਪਣੀ ਸਵੈ ਜੀਵਨੀ ਲਿਖਣੀ ਸ਼ੁਰੂ ਕਰ ਦਿੱਤੀ ਹੋਈ ਸੀ ਜਿਹੜੀ ਮਸਾਲੇਦਾਰ ਅਤੇ ਜ਼ਾਇਕੇਦਾਰ ਹੋਣ ਕਰਕੇ ਛੇਤੀਂ ਹੀ ਸਭ ਦਾ ਸਵਾਦ ਬਣ ਗਈ ਸੀ। ਭੂਸ਼ਨ ਪਹਿਲਾਂ ਵੀ ਇਸੇ ਅਖਬਾਰ ਲਈ ਲੜੀਵਾਰ ਲਿਖਦਾ ਰਿਹਾ ਸੀ ਅਤੇ ਆਪਣਾ ਪਾਠਕਵਰਗ ਬਣਾ ਚੁੱਕਾ ਸੀ। ਸੋ ਉਸ ਦਾ ਇਹ ਜੀਵਨ ਬ੍ਰਿਤਾਂਤ ਛੇਤੀਂ ਹੀ ਕਾਫੀ ਚਰਚਿੱਤ ਹੋ ਗਿਆ। ਸੋ ਇਸ ਤਰ੍ਹਾਂ ਕਈ ਵਾਰ ਸਿੱਧੂ ਵਰਗੇ ਕਿਸੇ ਲੇਖਕ ਅਤੇ ਪੱਤਰਕਾਰ ਦਾ ਲੇਖਕਾਂ ਨੂੰ ਮੰਚ ਮਹੱਈਆ ਕਰਨਾ ਅਤੇ ਉਤਸ਼ਾਹਤ ਕਰਨਾ ਵੀ ਸਾਹਤ-ਰਚਨਾ ਅਤੇ ਸਾਹਿਤ ਪ੍ਰਕਿਰਿਆ ਦਾ ਅੰਗ ਬਣ ਜਾਂਦਾ ਹੈ। ਸੰਖ ਵਿਚਲੇ ਭੂਸ਼ਨ ਦੇ ਲੇਖ ਵੀ ਇਸੇ ਪਾਸੇ ਇਸ਼ਾਰਾ ਕਰਦੇ ਹਨ।
ਮੈਂ ਸਮਝਦਾ ਹਾਂ ਕਿ ਜਿਉਂਦੇ ਜੀ ਭੂਸ਼ਨ ਨੂੰ ਜਿੰਨੀ ਪ੍ਰਸਿੱਧੀ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ। ਉਸ ਦਾ ਬਹੁਤਾ ਜਿ਼ਕਰ ਉਸ ਦੇ ਮਰਨ ਉਪਰੰਤ ਹੀ ਹੋਇਆ ਹੈ। ਸਿ਼ਵ ਨਾਲ ਵੀ ਇਵੇਂ ਹੀ ਹੋਇਆ ਸੀ। ਭਾਰਤ ਵਿਚ ਬਹੁਤੇ ਲੇਖਕਾਂ ਨਾਲ ਅਕਸਰ ਇਵੇਂ ਹੁੰਦਾ ਹੈ ਅਤੇ ਹੁੰਦਾ ਰਿਹਾ ਹੈ। ਇਹ ਕਿਉਂ ਹੈ? ਸ਼ਾਇਦ ਇਸ ਲਈ ਕਿ ਅਸੀਂ ਲੇਖਕਾਂ ਪ੍ਰਤੀ ਉਹਨਾਂ ਦੇ ਜੀਉਂਦੇ ਜੀ ਇਤਨੇ ਉਤਸ਼ਾਹਿਤ ਨਹੀਂ ਹੁੰਦੇ ਜਿੰਨਾ ਉਹਨਾਂ ਦੇ ਮਰਨ ਉਪਰੰਤ ਹੁੰਦੇ ਹਾਂ। ਪਰ ਖਿਡਾਰੀਆਂ, ਕਲਾਕਾਰਾਂ ਅਤੇ ਗੀਤਕਾਰਾਂ ਪ੍ਰਤੀ ਸਾਡੀ ਪ੍ਰਸੰਸਾ ਦਾ ਪ੍ਰਗਟਾ ਤੁਰੰਤ ਹੁੰਦਾ ਹੈ। ਸ਼ਾਇਦ ਇਹ ਇਸ ਲਈ ਹੈ ਕਿ ਲਿਖਤ ਤਾਂ ਸਦਾ ਜੀਵਤ ਰਹਿ ਸਕਦੀ ਹੈ ਪਰ ਗਾਇਕ ਦਾ ਸਰੀਰਕ ਤੌਰ ‘ਤੇ ਹਾਜ਼ਰ ਹੋਣਾ ਆਪਣੇ ਆਪ ਵਿਚ ਰਚਨਾਤਮਿਕ ਕਾਰਜ ਹੁੰਦਾ ਹੈ। ਇਕ ਹੋਰ ਵੀ ਕਾਰਣ ਹੈ। ਪੰਜਾਬੀ ਸਭਿਆਚਾਰ ਮੂਲ ਰੂਪ ਵਿਚ ਮੌਖਿਕ ਸੁਭਾ ਰਖਦਾ ਹੈ। ਅਸੀਂ ਅਜੇ ਲਿਖਤੀ ਸਭਿਆਚਾਰ ਨੂੰ ਪੂਰੀ ਤਰ੍ਹਾਂ ਅਪਣਾ ਨਹੀਂ ਸਕੇ। ਇਸੇ ਲਈ ਕਵੀਆਂ ਅਤੇ ਕਹਾਣੀਕਾਰਾਂ ਨਾਲੋਂ ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਪੰਜਾਬੀ ਸਭਿਆਚਾਰ ਵਿਚ ਵੱਧ ਸਵੀਕਾਰੇ ਜਾਂਦੇ ਹਨ ਅਤੇ ਵੱਧ ਨਾਮਣਾ ਖੱਟਦੇ ਹਨ। ਇਹ ਸਾਡੀ ਸਭਿਆਚਾਰਕ ਕੱਚਘਰੜਤਾ ਦਾ ਲੱਛਣ ਹੈ।