ਸਰਕਾਰੀ ਰਿਕਾਰਡ ਮੁਤਾਬਕ ਵਰਿਆਮ ਸਿੰਘ ਸੰਧੂ ਦਾ ਜਨਮ ਪਿੰਡ ਚਵਿੰਡਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ 10 ਸਤੰਬਰ 1945(ਅਸਲ 5 ਦਸੰਬਰ 1945) ਨੂੰ ਪਿਤਾ ਦੀਦਾਰ ਸਿੰਘ ਦੇ ਘਰ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ।
ਵਰਿਆਮ ਸਿੰਘ ਨੂੰ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੋਣ ਦੇ ਕਾਰਨ, ਪਿਤਾ ਦੀ ਮੌਤ ਬਾਅਦ ਮਾਂ ਦੇ ਨਾਲ਼ ਪਰਿਵਾਰ ਦੀ ਸਾਰੀ ਜ਼ੁੰਮੇਵਾਰੀ ਵੀ ਨਿਭਾਉਣੀ ਪਈ। ਵਰਿਆਮ ਸੰਧੂ ਆਪਣੀ ਮਿਹਨਤ ਤੇ ਲਗਨ ਨਾਲ਼ ਐੱਮ.ਏ., ਬੀ.ਐੱਡ ਕਰਕੇ ਅਧਿਆਪਨ ਕਿੱਤੇ ਨਾਲ਼ ਜੁੜ ਗਿਆ। ਅਧਿਆਪਨ ਕਿੱਤੇ ਦੌਰਾਨ ਵੀ ਪੜ੍ਹਾਈ ਨਾਲ਼ ਜੁੜਿਆ ਰਿਹਾ ਤੇ ਸੰਧੂ ਨੇ ਅੱਗੇ ਐੱਮ.ਫਿੱਲ ਖੋਜ-ਕਾਰਜ ਕੁਲਵੰਤ ਸਿੰਘ ਵਿਰਕ ਦੀ ਕਹਾਣ ‘ਤੇ ਕੀਤਾ।
ਵਰਿਆਮ ਸੰਧੂ ਪੜ੍ਹਾਈ ਦੌਰਾਨ ਵਾਲੀਬਾਲ ਤੇ ਫੁੱਟਬਾਲ ਦਾ ਵਧੀਆ ਖਿਡਾਰੀ ਰਿਹਾ ਤੇ ਉੱਚੀ ਛਾਲ ਲਗਾਉਣ ਵਿੱਚ ਮੰਨਿਆ ਹੋਇਆ ਅਥਲੀਟ ਵੀ ਸੀ।
ਵਰਿਆਮ ਸਿੰਘ ਸੰਧੂ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲੰਬਾਂ ਸਮਾਂ ਲੈਕਚਰਾਰ ਦੇ ਤੌਰ ‘ਤੇ ਸੇਵਾ ਨਿਭਾਈ। ਸੰਧੂ ਨੇ ਅੱਗੇ ਆਪਣੀ ਲੰਬੇ ਸਮੇਂ ਦੀ ਮਿਹਨਤ ਨੂੰ ਸੋਹਣ ਸਿੰਘ ਸੀਤਲ ਦੇ ਨਾਵਲਾਂ ਤੇ ਪੀ.ਐੱਚ.ਡੀ ਵੀ ਕਰਕੇ ਪੂਰ ਚੜ੍ਹਾਇਆ।
ਕਹਾਣੀ ਜਗਤ ਵਿੱਚ ਵਰਿਆਮ ਸਿੰਘ ਸੰਧੂ ਨੂੰ ਲੰਬੀ ਕਹਾਣੀ ਦੇ ਬਾਦਸ਼ਾਹ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸੰਧੂ ਆਪਣੇ ਘੱਟ ਪਰ ਵਧੀਆ ਲਿਖਣ ਬਾਰੇ ਦੱਸਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਘੱਟ ਲਿਖਣ ਵਾਲ਼ਾ ਲੇਖਕ ਹਾਂ।
ਉਹ ਦੱਸਦਾ ਹੈ ਕਿ ਮੈਂ 1960 ਦੇ ਨਜ਼ਦੀਕ ਲਿਖਣਾ ਸ਼ੁਰੂ ਕੀਤਾ ਸੀ।
1960-70 ਦਾ ਦਹਾਕਾ ਮੇਰੇ ਲਿਖਣ ਦਾ ਸਿਖਾਂਦਰੂ ਦੌਰ ਕਿਹਾ ਜਾ ਸਕਦਾ ਹੈ। ਜਦੋਂ ਹਜੇ ਪਤਾ ਨਹੀਂ ਸੀ ‘ਲਿਖਣਾ ਚੀਜ਼ ਕੀ ਹੁੰਦੀ ਹੈ’ ਉਦੋਂ ਬੜਾ ਲਿਖਿਆ। ਕਵਿਤਾ ਵੀ ਲਿਖੀ, ਕਹਾਣੀਆਂ ਵੀ ਤੇ ਇੱਕ ਨਾਵਲ ਵੀ। ਪਰ ਜਦੋਂ ਥੋੜ੍ਹੀ ਥੋੜ੍ਹੀ ਅਕਲ ਜਿਹੀ ਆਉਣ ਲੱਗੀ ਤਾਂ ਪਤਾ ਲੱਗਾ ਕਿ ਲਿਖਣਾ ਕੋਈ ਛੋਕਰਿਆਂ ਦੀ ਖੇਡ ਨਹੀਂ।
‘ਲੋਹੇ ਦੇ ਹੱਥ’ ਕਹਾਣੀ-ਸੰਗ੍ਰਿਹ (1971) ਪ੍ਰਕਾਸ਼ਿਤ ਕਰਨਾ ਸੀ ਤਾਂ ਉਦੋਂ ਤੱਕ ਲਿਖੀਆਂ ਗਈਆਂ ਲਗਭਗ ਪੰਜ ਦਰਜਨ ਕਹਾਣੀਆਂ ਦੇ ‘ਥੱਬੇ’ ਵਿੱਚੋਂ ਚੋਣ ਕਰਨੀ ਪਈ ਤਾਂ ਮਸਾਂ ਅੱਸੀ ਕੁ ਕਿਤਾਬੀ ਸਫਿਆਂ ਜੋਗੀਆਂ ਦਸ ਕੁ ਕਹਾਣੀਆਂ ਹੀ ਕੰਮ ਦੀਆਂ ਲੱਭੀਆਂ। ਉਸ ਤੋਂ ਬਾਅਦ ਮੈਂ ਬਹੁਤ ਹੀ ਧੀਮੀ ਗਤੀ ਨਾਲ ਲਿਖਿਆ।
ਵਰਿਆਮ ਸਿੰਘ ਸੰਧੂ ਦੀ ਪਹਿਚਾਣ ਕਹਾਣੀਕਾਰ ਦੇ ਤੌਰ ‘ਤੇ ਬਣੀ ਉਹ ਗੱਲ ਵੱਖਰੀ ਹੈ ਪਰ ਸੰਧੂ ਨੇ ਸਰਬਾਂਗੀ ਸਾਹਿਤਕਾਰ ਦੇ ਤੌਰ ਤੇ ਆਪਣੀ ਕਲਮ ਚਲਾਈ। ਵਰਿਆਮ ਸਿੰਘ ਸੰਧੂ ਦੇ ਕਹਾਣੀ ਜਗਤ ਵਿੱਚ ਉਹਨਾਂ ਦੀਆਂ ਮੁਢਲੀਆਂ ਕਹਾਣੀਆਂ 1962 ਵਿੱਚ ‘ਅਕਾਲੀ ਪੱਤ੍ਰਿਕਾ’ ਅਖਬਾਰ ਵਿੱਚ ਛਪਣ ਦਾ ਵੇਰਵਾ ਮਿਲ਼ਦਾ ਹੈ। ਉਹਨਾਂ ਦੇ ਕਹਾਣੀ ਸੰਗ੍ਰਹਿ ‘ਲੋਹੇ ਦੇ ਹੱਥ’ (1971) 10 ਕਹਾਣੀਆਂ, ‘ਅੰਗ-ਸੰਗ’(1981) 11 ਕਹਾਣੀਆਂ, ‘ਭੱਜੀਆਂ ਬਾਹੀਂ’(1987) 6 ਕਹਾਣੀਆਂ, ‘ਚੌਥੀ ਕੂਟ’ (1998) 5 ਕਹਾਣੀਆਂ, ‘ਚੋਣਵੀਆਂ ਕਹਾਣੀਆਂ’, ‘ਤਿਲ-ਫੁੱਲ’, ‘ਤਿਲ-ਫੁੱਲ ਤੇ ਹੋਰ ਕਹਾਣੀਆਂ’, ਸ਼ਾਹਮੁਖੀ ਲਿਪੀ ਵਿਚ ‘ਦਲਦਲ’, ਹਿੰਦੀ ਵਿਚ ‘ਚੌਥੀ ਦਿਸ਼ਾ’, ‘ਵਰਿਆਮ ਸਿੰਹ ਸੰਧੂ ਕੀ ਸ੍ਰੇਸ਼ਠ ਕਹਾਨੀਆਂ’, ‘ਵਾਪਸੀ’ ਛਪੇ ਮਿਲ਼ਦੇ ਹਨ।
ਅੰਗਰੇਜ਼ੀ ਵਿੱਚ ਛਪੇ ਦੋ ਕਹਾਣੀ ਸੰਗ੍ਰਿਹ ‘ਸਿਲੈਕਟਿਡ ਸ਼ੌਰਟ ਸਟੋਰੀਜ਼ ਆਫ ਵਰਿਆਮ ਸਿੰਘ ਸੰਧੂ’ ਤੇ ‘ਦਿ ਫੋਰਥ ਡਾਇਰੈਕਸ਼ਨ ਐਂਡ ਅਦਰ ਸਟੋਰੀਜ਼’ ਮਿਲ਼ਦੇ ਹਨ।
ਸੰਧੂ ਦੀ ਕਹਾਣੀ ‘ਚੌਥੀ ਕੂਟ’ ਨੂੰ ਭਾਰਤੀ ਭਾਸ਼ਾਵਾਂ ‘ਚੋਂ ਚੋਟੀ ਦੀਆਂ 12 ਕਹਾਣੀਆਂ ਦੇ ਮਿਨੀ ਕ੍ਰਿਸ਼ਨਨ ਦੀ ਸੰਪਾਦਨਾ ਹੇਠ ਛਪੇ ਅੰਗਰੇਜ਼ੀ ਸੰਗ੍ਰਿਹ ‘ਮੈਮੋਰੇਬਲ ਸਟੋਰੀਜ਼ ਆਫ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿੱਚ ਪ੍ਰਕਾਸ਼ਤ ਹੋਣ ਦਾ ਮਾਣ ਵੀ ਮਿਲ਼ਿਆ।
ਅੱਗੇ ਸੰਪਾਦਕ ਦੇ ਤੌਰ ‘ਤੇ ‘ਕਰਵਟ’, ‘ਕਥਾ-ਧਾਰਾ’, ‘ਆਤਮ-ਅਨਾਤਮ’, ‘ਕਥਾ-ਰੰਗ’, ‘ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਕਹਾਣੀ’, ‘ਪੰਜਾਬੀ ਕਹਾਣੀ ਆਲੋਚਨਾ-ਰੂਪ ਤੇ ਰੁਝਾਨ’, ‘ਦਾਇਰਾ’, ‘ਵੀਹਵੀਂ ਸਦੀ ਦੀ ਪੰਜਾਬੀ ਵਾਰਤਕ’, ‘ਭਗਤ ਸਿੰਘ ਦੀ ਪਛਾਣ’, ‘ਅਲਵਿਦਾ! ਗੁਰਬਖਸ਼ ਸਿੰਘ ਬੰਨੋਆਣਾ’, ‘ਪੰਜਾਬੀ ਵਾਰਤਕ ਦਾ ਉਚਾ ਬੁਰਜ ਸਰਵਣ ਸਿੰਘ’ ਅਤੇ ਸੁਰ ਸਿੰਘ ਦੇ ਗਦਰੀ ਯੋਧਿਆਂ ਦੀ ਯਾਦ ਵਿੱਚ ਗਦਰ ਸ਼ਤਾਬਦੀ ਕਮੇਟੀ ਟੋਰਾਂਟੋ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਤ ਸਾਲ-2013 ਦੇ ਕੈਲੰਡਰ ਵਾਸਤੇ ‘ਗਦਰ ਪਾਰਟੀ ਦਾ ਸੰਖੇਪ ਇਤਿਹਾਸ’ ਆਦਿ ਦਾ ਵੇਰਵਾ ਸਾਡੇ ਸਾਹਮਣੇ ਹੈ।
ਇਤਿਹਾਸਕਾਰ ਵਜੋਂ ‘ਗਦਰ ਲਹਿਰ ਦੀ ਗਾਥਾ’ ਤੇ ‘ਗਦਰੀ ਬਾਬੇ ਕੌਣ ਸਨ’ ਪੁਸਤਕਾਂ ਮਿਲਦੀਆਂ ਹਨ।
ਜੀਵਨੀਕਾਰ ਦੇ ਤੌਰ ‘ਤੇ ‘ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ’, ‘ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ’, ‘ਕੁਸ਼ਤੀ ਦਾ ਧਰੂ-ਤਾਰਾ ਕਰਤਾਰ’, ਹਿੰਦੀ ਵਿਚ ‘ਕੁਸ਼ਤੀ ਕਾ ਧਰੁਵ-ਤਾਰਾ ਕਰਤਾਰ ਸਿੰਹ ਜੀਵਨੀਆਂ ਵੀ ਲਿਖੀਆਂ। ਮੇਰੀ ਸਵੈਜੀਵਨੀ ਦੇ ਨਾਲ਼ ਨਾਲ਼ ‘ਗੁਫਾ ਵਿਚਲੀ ਉਡਾਣ’ ਵਰਗਾ ਸਵੈਜੀਵਨਕ ਬਿਰਤਾਂਤ ਵੀ ਲਿਖਿਆ। ਇਸ ਤੋਂ ਇਲਾਵਾ ‘ਪਰਦੇਸੀ ਪੰਜਾਬ’ ਤੇ ‘ਵਗਦੀ ਏ ਰਾਵੀ’ ਸਫ਼ਰਨਾਮੇ ਵੀ ਲਿਖੇ।
ਆਲੋਚਕ ਦੇ ਤੌਰ ‘ਤੇ ‘ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ’, ‘ਨਾਵਲਕਾਰ ਸੋਹਣ ਸਿੰਘ ਸੀਤਲ-ਸਮਾਜ ਸ਼ਾਸ਼ਤਰੀ ਪਰਿਪੇਖ’ ਅਤੇ ‘ਪੜ੍ਹਿਆ-ਵਾਚਿਆ’ ਪੁਸਤਕਾਂ ਮਿਲਦੀਆਂ ਹਨ।
ਵਰਿਆਮ ਸਿੰਘ ਸੰਧੂ ਪੰਜਾਬੀ ਕਹਾਣੀ ਵਿੱਚ ਵਿਸ਼ੇਸ਼ ਨਾਂ ਹੈ ਜਿਸ ਨੇ ਲੰਬੀ ਤੇ ਹੁਨਰੀ ਕਹਾਣੀ ਲਿਖਣ ਦੀ ਪਿਰਤ ਪਾਈ। ਸੰਧੂ ਦੀ ਕਹਾਣੀ 52 ਪੰਨਿਆਂ ਤੱਕ ਦਾ ਸਫ਼ਰ ਵੀ ਤੈਅ ਕਰ ਜਾਂਦੀ ਹੈ।
ਪ੍ਰਿੰ. ਸਰਵਣ ਸਿੰਘ ਸੰਧੂ ਨੂੰ ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ ਦਾ ਮਾਣ ਬਖ਼ਸ਼ਦਾ ਹੈ।
ਡਾ. ਅਤਰ ਸਿੰਘ ਸੰਧੂ ਬਾਰੇ ਲਿਖਦੇ ਹਨ, “ਪੰਜਾਬ ਜਿਸ ਘੋਰ ਸੰਕਟ ਵਿਚੋਂ ਲੰਘਿਆ ਹੈ, ਉਸ ਦੀ ਥਾਹ ਅਜੇ ਕਿਸੇ ਨੇ ਨਹੀਂ ਪਾਈ। ਇਸ ਖੇਤਰ ਵਿਚ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਮੈਂ ਹੁਣ ਠੀਕ ਠਾਕ ਹਾਂ’ ਪੰਜਾਬੀ ਕਹਾਣੀ ਦੀ ਵਡਮੁੱਲੀ ਪ੍ਰਾਪਤੀ ਹਨ।
ਰਾਮ ਸਰੂਪ ਅਣਖੀ ਲਿਖਦਾ ਹੈ “ਵਰਿਆਮ ਸਿੰਘ ਸੰਧੂ ਸਾਡੇ ਸਮਿਆਂ ਦਾ ਘੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਹੈ। ਉਹ ਦੂਜਿਆਂ ਦੀ ਚੰਗੀ ਰਚਨਾ ਪੜ੍ਹ ਕੇ ਤਾਰੀਫ ਕਰਦਾ ਹੈ ਜਦਕਿ ਉਹਦੀ ਰਚਨਾ ਦੀ ਕੋਈ ਤਾਰੀਫ ਕਰੇ ਤਾਂ ਸ਼ਰਮਾ ਜਾਂਦਾ ਹੈ। ਕਿਸੇ ਵੱਡੇ ਲੇਖਕ ਦਾ ਇਹ ਵੀ ਗੁਣ ਹੁੰਦਾ ਹੈ ਕਿ ਉਹ ਹੋਰਨਾਂ ਦਾ ਵੀ ਪ੍ਰਸੰਸਕ ਹੋਵੇ। ਵਰਿਆਮ ਸੰਧੂ ਦੀ ਜਿੰਨ੍ਹਾਂ ਨੇ ਵੀ ਨਿੰਦਿਆ ਕੀਤੀ,ਆਪ ਛੋਟੇ ਹੋ ਗਏ। ਉਹ ਉਥੇ ਦਾ ਉਥੇ ਖੜ੍ਹਾ ਹੈ, ਥੰਮ੍ਹ ਵਾਂਗ।”
ਕੁਲਵੰਤ ਸਿੰਘ ਵਿਰਕ ਸੰਧੂ ਬਾਰੇ ਕਹਿੰਦਾ ਹੈ ਕਿ ਵਿਰਕ ਤੇ ਸੰਧੂ ਗੁਆਂਢੀ ਕੌਮਾਂ ਹਨ। ਅਸੀਂ ਰਾਵੀਓਂ ਪਾਰ ਸੀ, ਇਹ ਲਾਹੌਰ ਵਿੱਚ ਰਾਵੀਓਂ ਉਰਾਰ ਸਨ। ਸਾਡੀ ਬੋਲੀ, ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਾ ਕਿ ਇਹ ਸਾਡਾ ਇਲਾਕਾ ਬੋਲਦਾ ਹੈ; ਇਹ ਅਸੀਂ ਬੈਠੇ ਹਾਂ।
ਜਸਵੰਤ ਸਿੰਘ ਸੰਧੂ ਲਿਖਦਾ ਹੈ ਕਿ ਉਹ ਤਹਿਰੀਰ ਤੇ ਤਕਰੀਰ ਦਾ ਚੈਂਪੀਅਨ ਹੈ।
ਜਸਵੰਤ ਸਿੰਘ ਸੰਧੂ ਇੱਕ ਲਿਖਤ ਵਿੱਚ ਵਰਿਆਮ ਸਿੰਘ ਸੰਧੂ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ ਪਾਸ਼ ਨੂੰ ਜਵਾਬ ਦਿੰਦਿਆਂ ਉਸ ਨੇ ‘ਰੋਹਿਲੇ ਬਾਣ’ ਮੈਗਜ਼ੀਨ ਵਿਚ ਇੱਕ ਲੇਖ ਲਿਖ ਕੇ ਕਿਹਾ ਕਿ ਸਾਨੂੰ ਸਿੱਖ ਧਰਮ ਦੇ ਚਾਨਣੇ ਤੇ ਇਨਕਲਾਬੀ ਪੱਖ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ।
ਡਾ. ਜੋਗਿੰਦਰ ਸਿੰਘ ਰਾਹੀਂ ਅਨੁਸਾਰ ਵਰਿਆਮ ਸੰਧੂ ਦੀਆਂ ਬਹੁਤੀਆਂ ਕਹਾਣੀਆਂ ਬੜੀ ਤੇਜ਼ੀ ਨਾਲ ਬੇਜ਼ਮੀਨ ਹੋ ਰਹੀ ਛੋਟੀ ਕਿਰਸਾਨੀ ਦੀਆਂ ਆਰਥਕ, ਭਾਈਚਾਰਕ, ਸਭਿਆਚਾਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਨਾਲ ਸੰਬੰਧਤ ਹਨ।
ਵਰਿਆਮ ਸਿੰਘ ਸੰਧੂ ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਸੰਧੂ ਦੇ ਸਮਕਾਲੀ ਕਹਾਣੀਕਾਰ ਵੀ ਕਹਾਣੀ ਦੇ ਖੇਤਰ ਵਿੱਚ ਸੰਧੂ ਨੂੰ ਇੱਕ ਸਮਰੱਥ ਕਹਾਣੀਕਾਰ ਮੰਨਦੇ ਹਨ। ਪੰਜਾਬੀ ਕਹਾਣੀ ਜਗਤ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਕਿਹਾ ਜਾਂਦਾ ਰਿਹਾ ਕਿ ਦੋ ਕਹਾਣੀਕਾਰਾਂ ਬਾਰੇ ਬਹੁਤ ਚਰਚਾ ਹੋ ਰਹੀ ਹੈ ਅਤੇ ਇਹ ਪੰਜਾਬੀ ਕਹਾਣੀ ਦਾ ਅੱਧਾ ਅੱਧਾ ਅਸਮਾਨ ਨੇ- ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸਿੰਘ ਸੰਧੂ।
ਪੰਜਾਬੀ ਸਾਹਿਤ ਨੂੰ ਦੇਣ ਬਦਲੇ ਵੱਖ-ਵੱਖ ਸੰਸਥਾਵਾਂ ਵੱਲੋਂ ਸਮੇਂ-ਸਮੇਂ ਉਹਨਾਂ ਨੂੰ ਅਨੇਕਾਂ ਹੀ ਮਾਣ ਸਨਮਾਨ ਮਿਲ਼ਦੇ ਰਹੇ। ‘ਚੌਥੀ ਕੂਟ’ ਲਈ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਇਲਾਵਾ ਹੀਰਾ ਸਿੰਘ ਦਰਦ ਇਨਾਮ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਨਾਮ,ਕੁਲਵੰਤ ਸਿੰਘ ਵਿਰਕ ਇਨਾਮ,ਸਰੇਸ਼ਠ ਕਹਾਣੀਕਾਰ,ਸੁਜਾਨ ਸਿੰਘ ਇਨਾਮ,ਨਵਤੇਜ ਸਿੰਘ ਪੁਰਸਕਾਰ,ਵਾਰਿਸ ਸ਼ਾਹ ਪੁਰਸਕਾਰ-ਪੰਜਾਬੀ ਸੱਥ, ਪੰਜਾਬ ਦਾ ਪੁੱਤ-‘ਪੰਜਾਬ ਕੁਸ਼ਤੀ ਸੰਸਥਾ’ ਵੱਲੋਂ ਇਕਵੰਜਾ ਹਜ਼ਾਰ ਦੀ ਰਾਸ਼ੀ ਨਾਲ ਸਨਮਾਨ,ਸਾਹਿਤ ਟਰੱਸਟ ਢੁੱਡੀਕੇ ਪੁਰਸਕਾਰ,ਪਾਸ਼ ਯਾਦਗਾਰੀ ਪੁਰਸਕਾਰ,ਹਾਸ਼ਮ ਸ਼ਾਹ ਪੁਰਸਕਾਰ
ਕਰਤਾਰ ਸਿੰਘ ਧਾਲੀਵਾਲ ਪੁਰਸਕਾਰ,ਪੰਜਾਬ ਰਤਨ ਪੁਰਕਾਰ,ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਭਾਸ਼ਾ ਵਿਭਾਗ), ‘ਸਾਹਿਤ ਸੇਵਾ ਪੁਰਸਕਾਰ’ ਸੈਂਟਰਲ ਐਸੋਸੀਏਸ਼ਨ ਆਫ਼ ਪੰਜਾਬੀ ਰਾਈਟਰਜ਼ ਆਫ਼ ਨੌਰਥ ਅਮਰੀਕਾ ਸਰੀ (ਕਨੇਡਾ),’ਆ-ਜੀਵਨ ਪ੍ਰਾਪਤੀ ਪੁਰਸਕਾਰ’ ‘ਪੰਜਾਬੀ ਕਲਮਾਂ ਦਾ ਕਾਫ਼ਲਾ’- ਟਰਾਂਟੋ (ਕਨੇਡਾ), ਪੰਜਾਬ ਗੌਰਵ ਪੁਰਸਕਾਰ (ਪੰਜਾਬ ਆਰਟ ਕੌਂਸਲ) ਆਦਿ ਹੋਰ ਵੀ ਢੇਰਾਂ ਮਾਣ-ਸਨਮਾਨ ਮਿਲ਼ੇ।
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਮੇਂ ਦੇ ਹਾਣ ਨਾਲ਼ ਆਪਣੀਆਂ ਕਹਾਣੀਆਂ ਨੂੰ ਮੜਕ ਨਾਲ਼ ਤੋਰਨ ਦਾ ਹੁਨਰ ਵਰਿਆਮ ਸਿੰਘ ਸੰਧੂ ਕੋਲ਼ ਹੀ ਹੈ। ਉਹ ਕਹਾਣੀ ਵਿਧਾ ਵਿੱਚ ਆਪਣੀ ਕਹਿਣੀ ਤੇ ਕਰਨੀ ਨੂੰ ਹਾਣੋ ਹਾਣੀ ਰੱਖਦਾ ਹੋਇਆ ਮੜਕ ਵਾਲ਼ੀ ਚਾਲ ਚੱਲਦਾ ਆ ਰਿਹਾ ਹੈ। ਵਰਿਆਮ ਸਿੰਘ ਸੰਧੂ ਦੀਆਂ ਸਾਹਿਤਕ ਕਿਰਤਾਂ ਦੇ ਹਾਣੀ ਪਾਠਕਾਂ ਨੂੰ ਇਸ ਗੱਲ ਦਾ ਹਮੇਸ਼ਾਂ ਮਾਣ ਰਹੇਗਾ ਕਿ ਉਹ ਵਰਿਆਮ ਦੇ ‘ਕਥਾ ਜਗਤ’ ਦੇ ‘ਅੰਗ-ਸੰਗ’ ਰਹਿਕੇ ਸਾਹਿਤ ਦੀ ਬਹੁਰੰਗੀ ਤੇ ਬਹੁਵਿਧਾਵੀ ਦੁਨੀਆਂ ਵਿੱਚ ਵਿਚਰੇ ਹਨ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)ਸ
ਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ