ਸ਼ਿਵ ਇਕ ਮਿੱਥ- ਹਰਜੀਤ ਅਟਵਾਲ
ਇਹ ਤਸਵੀਰ ਸਾਥੀ ਲੁਧਿਆਣਵੀ ਤੇ ਸ਼ਿਵ ਕੁਮਾਰ ਬਟਾਲਵੀ ਦੀ ਹੈ| ਸਾਥੀ ਲੁਧਿਆਣਵੀ ਕੁਰਸੀ ‘ਤੇ ਬੈਠਾ ਚਾਹ ਪੀ ਰਿਹਾ ਹੈ ਤੇ ਸ਼ਿਵ ਕੁਮਾਰ ਹੇਠਾਂ ਕਾਰਪੈੱਟ ‘ਤੇ ਹੀ ਸਿਰਹਾਣਾ ਲਈ ਪਿਆ ਹੈ| ਉਸ ਦੇ ਕੋਲ ਹੀ ਸਿਗਰਟਾਂ ਦੀ ਡੱਬੀ, ਤੀਲਾਂ ਦੀ ਡੱਬੀ ਤੇ ਐਸ਼ਟ੍ਰੇ ਪਿਆ ਹੈ| ਸਾਥੀ ਦੇ ਚਾਹ ਪੀਣ ਤੋਂ ਜਾਪਦਾ ਹੈ ਕਿ ਇਹ ਸਵੇਰ ਦਾ ਸਮਾਂ ਹੈ, ਸ਼ੀਸ਼ੇ ਵਿੱਚੋਂ ਦੀ ਪੈਂਦੀ ਧੁੱਪ ਵੀ ਇਹੋ ਸ਼ਾਹਦੀ ਭਰਦੀ ਹੈ| ਸ਼ਿਵ ਵੀ ਸ਼ਾਇਦ ਸ਼ਰਾਬ ਦੀ ਭਾਨ ਦਾ ਭੰਨਿਆਂ ਪਿਆ ਹੋਵੇ ਕਿਉਂਕਿ ਸ਼ਰਾਬ ਸ਼ਿਵ ਦੀ ਰੋਜ਼ਮਰਾਹ ਦੀ ਜ਼ਿੰਦਗੀ ਵਿੱਚ ਸ਼ਾਮਲ ਸੀ| ਯਕੀਨਨ ਇਹ ਤਸਵੀਰ 1972 ਦੀ ਹੈ| ਉਸੇ ਸਾਲ ਹੀ ਸ਼ਿਵ ਇੰਗਲੈਂਡ ਆਇਆ ਸੀ| ਅਜਿਹੀਆਂ ਹੀ ਸ਼ਿਵ ਕੁਮਾਰ ਦੀਆਂ ਯੂਕੇ ਵਿੱਚਲੀਆਂ ਬਹੁਤ ਤਸਵੀਰਾਂ ਹਨ| ਕਾਫੀ ਮੈਂ ਦੇਖੀਆਂ ਹਨ, ਕੁਝ ਸ਼ਾਇਦ ਨਾ ਵੀ ਦੇਖੀਆਂ ਹੋਣਗੀਆਂ| ਸੰਨ 1972 ਵਿੱਚ ਸ਼ਿਵ ਨੇ ਪੂਰੇ ਯੂਕੇ ਵਿੱਚ ਭਰਵੀਂ ਹਾਜ਼ਰੀ ਲਵਾਈ ਸੀ| ਕੋਈ ਅਜਿਹਾ ਸ਼ਹਿਰ ਨਹੀਂ ਹੋਵੇਗਾ ਜਿਥੇ ਸ਼ਿਵ ਕੁਮਾਰ ਲਈ ਮੁਸ਼ਾਇਰਾ ਨਾ ਕਰਾਇਆ ਗਿਆ ਹੋਵੇ| ਬ੍ਰਿਟਿਸ਼ ਮੀਡੀਏ ਨੇ ਵੀ ਉਸ ਦਾ ਨੋਟਿਸ ਲਿਆ ਸੀ| ਬੀ.ਬੀ.ਸੀ. ਵਲੋਂ ਉਸ ਨਾਲ ਕੀਤੀ ਇੰਟਰਵਿਊ ਅੱਜ ਵੀ ਯੂਟਿਊਬ ‘ਤੇ ਉਪਲੱਬਧ ਹੈ| ਜਦੋਂ ਸ਼ਿਵ ਯੂਕੇ ਆਇਆ ਤਾਂ ਮੈਂ ਇਥੇ ਨਹੀਂ ਸਾਂ| ਮੈਂ ਸ਼ਿਵ ਦੀ ਫੇਰੀ ਤੋਂ ਪੰਜ ਸਾਲ ਬਾਅਦ ਇੰਗਲੈਂਡ ਆਇਆ ਸਾਂ ਪਰ ਲੋਕ ਉਸ ਬਾਰੇ ਇਵੇਂ ਗੱਲਾਂ ਕਰਦੇ ਸਨ ਜਿਵੇਂ ਸ਼ਿਵ ਕੱਲ ਹੀ ਇਥੇ ਹੋ ਕੇ ਗਿਆ ਹੋਵੇ|ਕਦੇ ਕਦੇ ਮੇਰਾ ਮਨ ਚਾਹੁੰਦਾ ਹੈ ਕਿ ਕਾਸ਼ ਜਦ ਸ਼ਿਵ ਇੰਗਲੈਂਡ ਆਇਆ ਤਾਂ ਮੈਂ ਇਥੇ ਹੁੰਦਾ। ਪਰ ਮਨ ਦਾ ਕੀ ਹੈ, ਮਨ ਤਾਂ ਸ਼ਿਵ ਦਾ ਸਮਕਾਲੀ ਹੋਣਾ ਵੀ ਲੋਚਦਾ ਹੈ। ਸ਼ਿਵ ਕੁਮਾਰ ਇੰਗਲੈਂਡ ਦੀ ਫੇਰੀ ਤੋਂ ਸਾਲ ਬਾਅਦ ਬਲਕਿ ਕੁਝ ਮਹੀਨੇ ਬਾਅਦ ਹੀ ਤੁਰ ਗਿਆ ਸੀ| ਲੋਕ ਦੱਬੀ ਜ਼ਬਾਨ ਵਿੱਚ ਕਿਹਾ ਕਰਦੇ ਸਨ ਕਿ ਇੰਗਲੈਂਡ ਵਾਲਿਆਂ ਨੇ ਸ਼ਿਵ ਦੇ ਅੰਤ ਨੂੰ ਨੇੜੇ ਖਿੱਚ ਲਿਆਂਦਾ ਹੈ| ਉਸ ਨੂੰ ਸ਼ਰਾਬ ਇੰਨੀ ਪਿਆਈ ਗਈ ਕਿ ਸ਼ਿਵ ਜਾਣ ਵਿੱਚ ਕਾਹਲ ਕਰ ਗਿਆ| ਇਕ ਵਾਰ ਸੁਰਜੀਤ ਪਾਤਰ ਇੰਗਲੈਂਡ ਆਇਆ ਮੈਨੂੰ ਪੁੱਛ ਰਿਹਾ ਸੀ ਕਿ ਉਹ ਕਿਹੜੇ ਲੋਕ ਸਨ ਜੋ ਸ਼ਿਵ ਕੁਮਾਰ ਨੂੰ ਜਾਣ ਬੁੱਝ ਕੇ ਸ਼ਰਾਬ ਪਿਆਉਂਦੇ ਸਨ| ਇਹ ਗੱਲ ਬਿਲਕੁਲ ਗਲਤ ਹੈ ਕਿ ਕੋਈ ਸ਼ਿਵ ਨੂੰ ਜਾਣਬੁੱਝ ਕੇ ਸ਼ਰਾਬ ਪਿਆਉਂਦਾ ਹੋਵੇਗਾ| ਸ਼ਿਵ ਆਪ ਹੀ ਸ਼ਰਾਬ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ| ਜਿਵੇਂ ਲੋਕ ਰਾਤ ਨੂੰ ਸਿਰਹਾਣੇ ਪਾਣੀ ਰੱਖ ਕੇ ਸੌਂਦੇ ਹਨ, ਸ਼ਿਵ ਸ਼ਰਾਬ ਦੀ ਬੋਤਲ ਰੱਖ ਕੇ ਪੈਂਦਾ ਸੀ| ਸਵੇਰੇ ਉਠਦਿਆਂ ਵੀ ਚਾਹ ਦੀ ਥਾਵੇਂ ਉਸ ਨੂੰ ਸ਼ਰਾਬ ਚਾਹੀਦੀ ਸੀ| ਇਹ ਗੱਲ ਛੁਪੀ ਨਹੀਂ ਸੀ ਕਿ ਸ਼ਿਵ ਜੋਬਨ ਰੁੱਤੇ ਮਰਨ ਦੀਆਂ ਗੱਲਾਂ ਕਰਦਾ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਇਲਜ਼ਾਮ ਵਲਾਇਤੀਆਂ ਦੀ ਪ੍ਰਾਹੁਣਚਾਰੀ ਸਿਰ ਲੱਗਦਾ ਰਿਹਾ ਹੈ|
ਇਕ ਵਾਰ ਮੈਂ ਬਰੈਡਫੋਰਡ ਤਾਂ ਮੇਰਾ ਮਿੱਤਰ ਸਤਵਿੰਦਰ ਸਿੰਘ ਆਖਣ ਲੱਗਾ ਕਿ ਚੱਲ ਆਪਾਂ ਉਸ ਪੱਬ ਵਿੱਚ ਜਾਂਦੇ ਹਾਂ ਜਿਥੇ ਸ਼ਿਵ ਕੁਮਾਰ ਜਾਇਆ ਕਰਦਾ ਸੀ| ਅਸੀਂ ਉਸ ਪੱਬ ਵਿੱਚ ਗਏ ਤਾਂ ਉਹ ਇਕ ਕੁਰਸੀ ਵੱਲ ਇਸ਼ਾਰਾ ਕਰਦਾ ਦੱਸ ਰਿਹਾ ਸੀ ਕਿ ਸ਼ਿਵ ਇਸ ਸੀਟ ‘ਤੇ ਬੈਠਦਾ ਸੀ| ਇਵੇਂ ਹੀ ਸਾਊਥਾਲ ਦੇ ਬਹੁਤ ਸਾਰੇ ਪੱਬਾਂ ਵਿੱਚ ਵੀ ਹੁੰਦਾ ਸੀ| ਇਕ ਵਾਰ ਗਲਾਸਗੋ ਗਿਆ ਤਾਂ ਉਥੋਂ ਦੇ ਸੇਵਾ ਸਿੰਘ ਕੋਹਲੀ ਕਹਿਣ ਲੱਗੇ ਕਿ ਚੱਲ ਤੈਨੂੰ ਉਹ ਹਾਲ ਦਿਖਾਵਾਂ ਜਿਥੇ ਸ਼ਿਵ ਦਾ ਅਸੀਂ ਮੁਸ਼ਾਇਰਾ ਕਰਾਇਆ ਸੀ| ਇਕ ਵਾਰ ਗਿਆਨੀ ਦਰਸ਼ਨ ਸਿੰਘ ਦੇ ਘਰ ਗਿਆ ਤਾਂ ਉਸ ਨੇ ਦਿਖਾਇਆ ਕਿ ਸ਼ਿਵ ਇਸ ਕਮਰੇ ਵਿੱਚ ਠਹਿਰਿਆ ਕਰਦਾ ਸੀ| ਇਵੇਂ ਹੀ ਇੰਗਲੈਂਡ ਦੇ ਪੰਜਾਬੀ ਲੇਖਕਾਂ ਕੋਲ ਸ਼ਿਵ ਬਾਰੇ ਕਈ-ਕਈ ਕਹਾਣੀਆਂ ਸਨ| ਜਿਸ ਜਿਸ ਕੋਲ ਵੀ ਸ਼ਿਵ ਠਹਿਰਿਆ ਸੀ ਉਸ ਕੋਲ ਹੀ ਉਸ ਦੀਆਂ ਕਹਾਣੀਆਂ ਦੀਆਂ ਵੰਨਗੀਆਂ ਕੁਝ ਵੱਖਰੀਆਂ ਸਨ, ਉਹ ਸ਼ਿਵ ਉਪਰ ਵਧੇਰੇ ਮੇਰ ਕਰਦੇ ਸਨ| ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਬ੍ਰਤਾਨਵੀ ਲੇਖਕਾਂ ਨੇ ਸ਼ਿਵ ਬਾਰੇ ਲਿਖਿਆ ਵੀ ਸੀ ਪਰ ਕਾਫੀ ਕੁਝ ਸ਼ਾਇਦ ਰਹਿ ਵੀ ਗਿਆ ਹੋਵੇਗਾ| ਇਥੋਂ ਦੇ ਇਹ ਸਾਰੇ ਲੇਖਕ ਜਲਦੀ ਹੀ ਮੇਰੇ ਦੋਸਤ ਵੀ ਬਣ ਗਏ ਸਨ, ਜਦ ਵੀ ਵਕਤ ਮਿਲਦਾ ਮੈਂ ਇਹ ਕਹਾਣੀਆਂ ਸੁਣਨ ਬਹਿ ਜਾਇਆ ਕਰਦਾ ਸਾਂ| ਹੁਣ ਉਸ ਪੀੜ੍ਹੀ ਦੇ ਬਹੁਤੇ ਲੇਖਕ ਤੁਰ ਗਏ ਹਨ ਤੇ ਸ਼ਿਵ ਬਾਰੇ ਗੱਲਾਂ ਵੀ ਘਟ ਗਈਆਂ ਹਨ| ਪਰ ਜਦ ਬ੍ਰਤਾਨਵੀ ਪੰਜਾਬੀ ਸਾਹਿਤ ਦੀਆਂ ਮਹਿਫਲਾਂ ਆਪਣੇ ਅਰੂਜ਼ ‘ਤੇ ਸਨ ਤਾਂ ਸ਼ਾਇਦ ਹੀ ਕੋਈ ਅਜਿਹੀ ਮਹਿਫਲ ਹੋਏਗੀ ਜਿਸ ਵਿੱਚ ਸ਼ਿਵ ਕੁਮਾਰ ਦੀਆਂ ਗੱਲਾਂ ਨਾ ਹੋਈਆਂ ਹੋਣਗੀਆਂ| ਹਰ ਕੋਈ ਸ਼ਿਵ ਨਾਲ ਆਪਣੀ ਨੇੜਤਾ ਦਰਸਾਉਣ ਦੇ ਆਹਰ ਵਿੱਚ ਹੁੰਦਾ| ਕਦੇ ਕਦੇ ਸ਼ਿਵ ਬਾਰੇ ਅਜਿਹੀਆਂ ਗੱਲਾਂ ਸੁਣਨ ਲਈ ਵੀ ਮਿਲਦੀਆਂ ਕਿ ਜਾਪਦਾ ਜਿਵੇਂ ਸੁਣਾਉਣ ਵਾਲਾ ਆਪਣੇ ਅੰਦਰਲੇ ਟੋਏ ਹੀ ਪੂਰ ਰਿਹਾ ਹੋਵੇ| ਇਥੇ ਇਕ ਗੱਲ ਹੋਰ ਦਾ ਜ਼ਿਕਰ ਬਹੁਤ ਜ਼ਰੂਰੀ ਹੈ| ਅੱਜ ਦੇ ਕਵੀ ਬਾਹਰੋਂ ਪੌਂਡਾਂ/ਡਾਲਰਾਂ ਨਾਲ ਜੇਬ੍ਹਾਂ ਭਰ ਕੇ ਲੈ ਜਾਂਦੇ ਹਨ ਪਰ ਸ਼ਿਵ ਨੇ ਅਜਿਹਾ ਕੁਝ ਨਹੀਂ ਕੀਤਾ| ਮਲੰਗਾਂ ਨੂੰ ਪੈਸੇ ਦਾ ਮੋਹ ਨਹੀਂ ਹੁੰਦਾ|
ਭਾਵੇਂ ਸ਼ਿਵ ਕੁਮਾਰ ਸਿਰਫ ਸੈਂਤੀ ਸਾਲ ਹੀ ਜੀਵਿਆ ਪਰ ਉਸ ਨੂੰ ਯੁੱਗ ਪੁਰਸ਼ ਕਹਿਣਾ ਗਲਤ ਨਹੀਂ ਹੋਵੇਗਾ| ਉਸ ਨੇ ਇਕ ਲੰਮਾ ਸਮਾਂ ਜੀਉਣ ਵਾਲੇ ਸ਼ਾਇਰ ਤੋਂ ਵੀ ਵੱਧ ਲਿਖਿਆ ਹੈ ਤੇ ਲਿਖਿਆ ਵੀ ਪਾਏ ਦਾ ਹੈ| ਉਸ ਦੀ ਹਰ ਕਵਿਤਾ, ਹਰ ਕਿਤਾਬ ਨਵਾਂਪਨ ਲੈ ਕੇ ਆਉਂਦੀ ਸੀ| ‘ਲੂਣਾਂ’ ਉਸ ਦੀ ਸ਼ਾਹਕਾਰ ਸੀ| ਸ਼ਿਵ ਕੁਮਾਰ ਦੀ ਕਵਿਤਾ ਬਾਰੇ, ਉਸ ਦੇ ਜੀਵਨ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ| ਉਸ ਦੇ ਜੀਉਂਦੇ ਜੀ ਵੀ ਤੇ ਮਰਨ ਤੋਂ ਬਾਅਦ ਵੀ| ਦੋਨਾਂ ਸਮਿਆਂ ਵਿੱਚ ਉਸ ਬਾਰੇ ਲਿਖਣ ਵਿੱਚ ਕੁਝ ਫਰਕ ਸੀ| ਉਸ ਦੇ ਮਰਨ ਤੋਂ ਬਾਅਦ ਇਵੇਂ ਹੀ ਲਿਖਿਆ ਗਿਆ ਜਿਵੇਂ ਇਕ ਮਿੱਥ ਬਾਰੇ ਲਿਖਿਆ ਜਾਂਦਾ ਹੈ| ਉਸ ਦੇ ਜੀਉਂਦੇ ਜੀ ਉਸ ਬਾਰੇ ਲਿਖੀਆਂ ਲਿਖਤਾਂ ਵਿੱਚ ਕੁਝ ਗੁੱਸਾ, ਕੁਝ ਈਰਖਾ, ਕੁਝ ਪਰਸੰਸਾ ਆਦਿ ਮਿਲੇ ਹੁੰਦੇ ਸਨ| ਸਭ ਤੋਂ ਵਧੀਆ ਉਸ ਬਾਰੇ ਗਾਰਗੀ ਨੇ ਹੀ ਲਿਖਿਆ| ਗਾਰਗੀ ਕਿੱਸਾਕਾਰਾਂ ਵਾਂਗ ਲਿਖਤ ਨੂੰ ਸ਼ਿੰਗਾਰਨ ਲਈ ਕੁਝ ਵਧਾ-ਘਟਾ ਵੀ ਲੈਂਦਾ ਸੀ| ਉਸ ਨੇ ਸ਼ਿਵ ਬਾਰੇ ਦੋ ਲੇਖ ਲਿਖੇ ਸਨ, ਇਕ ਲੇਖ ਵਿੱਚ ਸ਼ਿਵ ਦੀ ਮਹਿਬੂਬਾ ਤੇ ਉਸ ਦੇ ਫੌਜੀ ਪਤੀ ਦਾ ਜ਼ਿਕਰ ਆਉਂਦਾ ਹੈ, ਜੋ ਮੈਨੂੰ ਘੜਿਆ ਜਾਪਦਾ ਹੈ| ਫਿਰ ਵੀ ਗਾਰਗੀ ਨੇ ਸ਼ਿਵ ਬਾਰੇ ਵਧੀਆ ਤੇ ਦਿਲਚਸਪ ਲਿਖਿਆ ਹੈ| ਹੁਣ ਤਾਂ ਜਿਵੇਂ ਸ਼ਿਵ ਬਾਰੇ ਲਿਖਣ ਦਾ ਇਕ ਫੈਸ਼ਨ ਹੀ ਹੋ ਗਿਆ ਹੋਵੇ| ਜਿਹੜੇ ਬੰਦੇ ਨੇ ਉਸ ਨੂੰ ਦੇਖਿਆ ਵੀ ਨਹੀਂ ਉਹ ਵੀ ਉਸ ਨਾਲ ਦੋਸਤੀ ਦੀਆਂ ਗੱਲਾਂ ਕਰਨ ਲੱਗਦਾ ਹੈ| ਇਵੇਂ ਹੀ ਸ਼ਿਵ ਬਾਰੇ ਕੁਝ ਕਹਾਣੀਆਂ ਬਣਾ ਵੀ ਲਈਆਂ ਜਾਂਦੀਆਂ ਹਨ| ਇਹ ਕੁਦਰਤੀ ਹੈ, ਜਦ ਇਨਸਾਨ ਮਿੱਥ ਬਣਦਾ ਹੈ ਤਾਂ ਇਵੇਂ ਹੀ ਹੁੰਦਾ ਹੈ| ਸ਼ਿਵ ਦਾ ਜਲਦੀ ਮਰਨਾ ਪਾਠਕਾਂ ਲਈ ਉਸ ਦੇ ਜੀਵਨ ਨੂੰ ਹੋਰ ਵੀ ਰੁਮਾਂਚਿਤ ਕਰ ਜਾਂਦਾ ਹੈ| ਉਸ ਦੇ ਜਲਦੀ ਮਰਨ ਦਾ ਹੋਰ ਕਿਸੇ ਨੂੰ ਤਾਂ ਨਹੀਂ ਪਰ ਉਸ ਦੀ ਕਵਿਤਾ ਨੂੰ ਫਾਇਦਾ ਹੋਇਆ ਹੈ| ਬਦਲਦੇ ਹਾਲਾਤ ਕਾਰਨ ਜੇ ਉਸ ਵਿੱਚ ਖੜੋਤ ਆ ਜਾਂਦੀ, ਜਿਸ ਦੀਆਂ ਨਿਸ਼ਾਨੀਆਂ ਦਿਸਣ ਵੀ ਲੱਗੀਆਂ ਸਨ, ਤਾਂ ਸ਼ਿਵ ਰੁਲ਼ ਜਾਣਾ ਸੀ|
ਸ਼ਿਵ ਕੁਮਾਰ ਇਕ ਮਹਾਨ ਕਵੀ ਹੋਇਆ ਹੈ ਤੇ ਵੀਹਵੀਂ ਜਾਂ ਇੱਕੀਵੀਂ ਸਦੀ ਦਾ ਕੋਈ ਵੀ ਪੰਜਾਬੀ ਸ਼ਾਇਰ ਉਸ ਦੇ ਬਰਾਬਰ ਨਹੀਂ ਖੜਦਾ| ਅੱਜ ਵੀ ਕਵਿਤਾ ਵਿੱਚ ਜੇ ਕੋਈ ਵਿਕਦਾ ਹੈ ਤਾਂ ਉਹ ਸ਼ਿਵ ਹੈ| ਸ਼ਿਵ ਤੋਂ ਬਿਨਾਂ ਸ਼ਾਇਦ ਹੀ ਕਿਸੇ ਕਵੀ ਦੀਆਂ ਕਵਿਤਾਵਾਂ, ਗਜ਼ਲਾਂ, ਗੀਤ ਲੋਕਾਂ ਨੂੰ ਜ਼ੁਬਾਨੀ ਯਾਦ ਹੋਣਗੇ| ਮੇਰੇ ਤੋਂ ਕਵਿਤਾ ਬਹੁਤੀ ਪੜ੍ਹੀ ਨਹੀਂ ਜਾਂਦੀ, ਖਾਸ ਕਰਕੇ ਗੀਤ ਆਦਿ ਪਰ ਸ਼ਿਵ ਇਕ ਅਪਵਾਦ ਹੈ| ਸ਼ਿਵ ਤਕਰੀਬਨ ਮੈਂ ਸਾਰਾ ਹੀ ਪੜ੍ਹਿਆ ਹੋਇਆ ਹੈ| ਮੇਰੇ ਫੋਨ ਵਿੱਚ ਉਸ ਦੀ ਸਾਰੀ ਹੀ ਕਵਿਤਾ ਹੈ ਤੇ ਜਦ ਦਿਲ ਕਰੇ ਪੜ੍ਹਨ ਲੱਗਦਾ ਹਾਂ| ਉਸ ਦੀਆਂ ਕਵਿਤਾਵਾਂ ਜਾਂ ਗੀਤ ਮੈਨੂੰ ਜ਼ੁਬਾਨੀ ਯਾਦ ਹਨ ਇਸ ਦਾ ਮੈਨੂੰ ਨਹੀਂ ਸੀ ਪਤਾ| ਮੇਰੇ ਨਾਲ ਇਕ ਛੋਟੀ ਜਿਹੀ ਘਟਨਾ ਵਾਪਰੀ ਤਾਂ ਪਤਾ ਚੱਲਿਆ ਕਿ ਉਸ ਦਾ ਤਾਂ ਬਹੁਤ ਕੁਝ ਮੇਰੇ ਚੇਤੇ ਵਿੱਚ ਉਕਰਿਆ ਪਿਆ ਹੈ| ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਆਪਣੇ ਦੋਸਤ ਟੌਮ ਨਾਲ ਆਇਰਲੈਂਡ ਗਿਆ| ਅਸੀਂ ਵੇਲਜ਼ ਦੀ ਬੰਦਰਗਾਹ ਫਿਸ਼ਗਾਰਡ ਤੋਂ ਫੈਰੀ ਲੈ ਕੇ ਆਇਰਲੈਂਡ ਦੀ ਬੰਦਰਗਾਹ ਰਸਲੇਅਰ ‘ਤੇ ਜਾ ਉਤਰੇ| ਅਸੀਂ ਕੌਰਕ ਜਾਣਾ ਸੀ| ਜਦ ਅਸੀਂ ਵਾਟਰਫੋਰਡ ਪੁੱਜੇ ਤਾਂ ਰਾਤ ਦੇ ਬਾਰਾਂ ਵੱਜ ਚੁੱਕੇ ਸਨ| ਕੁਝ ਖਾਣਾ ਪੀਣਾ ਚਾਹੁੰਦੇ ਸਾਂ ਪਰ ਸਭ ਕੁਝ ਬੰਦ ਸੀ| ਸਾਨੂੰ ਇਕ ਪੱਬ ਖੁੱਲ੍ਹਾ ਦਿਸ ਪਿਆ| ਅਸੀਂ ਅੰਦਰ ਚਲੇ ਗਏ| ਪੱਬ ਦੇ ਗਵਨੇ ਨੇ ਸਾਨੂੰ ਸਰਵ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਬੰਦ ਕਰਨ ਦਾ ਵਕਤ ਹੋ ਚੁੱਕਾ ਸੀ| ਭਾਵੇਂ ਹਾਲੇ ਬਹੁਤ ਸਾਰੇ ਲੋਕ ਬੈਠੇ ਆਪਣਾ ਅੱਜ ਦਾ ਆਖਰੀ ਬੀਅਰ ਦਾ ਪਿੰਟ ਪੀ ਰਹੇ ਸਨ| ਪਰ ਸਟੇਜ ‘ਤੇ ਇਕ ਔਰਤ ਬੈਠੀ ਹਾਲੇ ਵੀ ਗਾ ਰਹੀ ਸੀ| ਉਸ ਨੇ ਮੋਢ੍ਹੇ ਨਾਲ ਵੱਡਾ ਹਾਰਪ ਲਾਇਆ ਹੋਇਆ ਸੀ| ਹਾਰਪ ਆਇਰਲੈਂਡ ਦਾ ਕੌਮੀ ਸਾਜ਼ ਹੈ| ਇਹ ਤਿਕੋਨਾ ਹੁੰਦਾ ਹੈ, ਇਸ ਵਿੱਚਲੀਆਂ ਤਾਰਾਂ ਨੂੰ ਛੇੜ ਕੇ ਵਜਇਆ ਜਾਂਦਾ ਹੈ| ਟੌਮ ਨੇ ਗਵਨੇ ਨੂੰ ਮੇਰੇ ਬਾਰੇ ਕਿਹਾ ਕਿ ਇਹ ਬੰਦਾ ਯੌਰਪ ਤੋਂ ਸਰਵੇ ਕਰਨ ਆਇਆ ਹੈ ਤਾਂ ਕਿ ਆਇਰਲੈਂਡ ਨੂੰ ਯੌਰਪੀਅਨ ਯੂਨੀਅਨ ਵਿੱਚ ਲਿਆ ਜਾ ਸਕੇ| ਉਦੋਂ ਆਇਰਲੈਂਡ ਹਾਲੇ ਈ.ਯੂ. ਵਿੱਚ ਸ਼ਾਮਲ ਨਹੀਂ ਸੀ ਹੋਇਆ| ਪਰ ਪੱਬ ਦਾ ਗਵਨਾ ਸਾਨੂੰ ਸਰਵ ਕਰਨ ਲਈ ਨਾ ਮੰਨਿਆਂ| ਫਿਰ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਕਿ ਉਸ ਨੇ ਕਿਹਾ ਕਿ ਜੇ ਇਹ ਆਪਣੀ ਬੋਲੀ ਵਿੱਚ ਕੋਈ ਗੀਤ ਗਾਵੇਗਾ ਤਾਂ ਇਸ ਨੂੰ ਮੁਫਤ ਬੀਅਰ ਪਿਲਾਈ ਜਾਵੇਗੀ| ਟੌਮ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੈਨੂੰ ਸਟੇਜ ‘ਤੇ ਜਾਣ ਤੋਂ ਹੀ ਡਰ ਲੱਗਦਾ ਸੀ, ਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ| ਪਰ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ ਕਿ ਮੈਂ ਸਟੇਜ ‘ਤੇ ਚੜ੍ਹ ਗਿਆ| ਹਾਰਪ ਵਾਲੀ ਔਰਤ ਕੋਲ ਜਾ ਖੜਿਆ ਤੇ ਮਾਈਕ ਲੈ ਕੇ ਸ਼ਿਵ ਦਾ ਗੀਤ, ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ’ ਗਾਉਣ ਲੱਗਾ| ਇਕ ਹੈਰਾਨੀ ਕਿ ਮੈਂ ਗਾਇਆ ਤੇ ਦੂਜੀ ਗੱਲ ਇਹ ਕਿ ਪੂਰੇ ਦਾ ਪੂਰਾ ਗੀਤ ਗਾਇਆ, ਉਹ ਵੀ ਲੰਮੀ ਹੇਕ ਵਿੱਚ| ਗੀਤ ਖਤਮ ਹੋਇਆ ਤਾਂ ਲੋਕਾਂ ਨੇ ਭਰਪੂਰ ਤਾੜੀਆਂ ਵਜਾਈਆਂ| ਟੌਮ ਨੇ ਸਟੇਜ ‘ਤੇ ਆ ਕੇ ਮੈਨੂੰ ਜੱਫੀ ਪਾ ਲਈ| ਪੱਬ ਦੇ ਗਵਨੇ ਨੇ ਹਾਜ਼ਰ ਸਭ ਲੋਕਾਂ ਨੂੰ ਮੁਫਤ ਬੀਅਰ ਵਰਤਾਈ| ਫਿਰ ਸਟੇਜ ‘ਤੇ ਬੈਠੀ ਹਾਰਪ ਲੇਡੀ ਕਿੰਨੀ ਦੇਰ ਤੱਕ ਸ਼ਿਵ ਦੇ ਗੀਤ ਵਾਲੀ ਧੁੰਨ ਵਜਾਉਂਦੀ ਰਹੀ| ਮੈਂ ਬਹੁਤ ਦਿਨਾਂ ਤੱਕ ਸੋਚਦਾ ਰਿਹਾ ਕਿ ਇਹ ਸਭ ਕੀ ਸੀ, ਇਹ ਸ਼ਿਵ ਦੀ ਕਵਿਤਾ ਦੀ ਤਾਕਤ ਸੀ| ਉਸ ਦਿਨ ਤੋਂ ਬਾਅਦ ਅੱਜ ਵੀ ਕਾਰ ਚਲਾਉਂਦਿਆਂ ਕਈ ਵਾਰ ਗੁਣਗੁਣਾ ਕੇ ਦੇਖਦਾ ਹਾਂ ਸ਼ਿਵ ਦੀ ਪੂਰੀ ਦੀ ਪੂਰੀ ਕਵਿਤਾ ਮੇਰੇ ਜ਼ਿਹਨ ਵਿੱਚ ਆ ਉਤਰਦੀ ਹੈ| ਅਜਿਹੇ ਸ਼ਾਇਰ ਦਾ ਤੁਹਾਡੇ ਨਾਲ ਨਾਲ ਰਹਿਣਾ ਕੁਦਰਤੀ ਗੱਲ ਹੈ|
ਜਦ ਮੈਂ ਸਾਹਿਤਕ ਤੌਰ ‘ਤੇ ਗਰੋਅ ਹੋ ਰਿਹਾ ਸਾਂ ਤਾਂ ਉਹ ਨੈਕਸਲਬਾੜੀ ਲਹਿਰ ਦਾ ਦੌਰ ਸੀ ਜਿਸ ਨੇ ਸਾਹਿਤ ਦਾ ਬਹੁਤ ਸਾਰਾ ਆਕਾਸ਼ ਮੱਲ ਰੱਖਿਆ ਸੀ| ਕਵਿਤਾ ਦੀ ਸੁਰ ਇਨਕਲਾਬੀ ਜਾਂ ਅਗਾਂਹਵਧੂ ਸੀ| ਹਰ ਕਵੀ ਨਿਜ਼ਾਮ ਵਿੱਚ ਤਬਦੀਲੀ ਬਾਰੇ ਕਵਿਤਾ ਲਿਖ ਰਿਹਾ ਸੀ| ਉਹਨਾਂ ਨੂੰ ਸ਼ਿਵ ਬਿਲਕੁਲ ਪਸੰਦ ਨਹੀਂ ਸੀ| ਨੈਕਸਲਬਾੜੀ ਨਾਲ ਜੁੜੇ ਸਾਹਿਤਕਾਰ ਸ਼ਿਵ ਨੂੰ ਭੰਡ ਰਹੇ ਸਨ| ਉਹ ਸ਼ਿਵ ਦੀ ਕਵਿਤਾ ਨੂੰ ਰੁਦਨ ਦੀ ਕਵਿਤਾ ਆਖਦੇ ਸਨ ਜਿਸ ਦੀ ਮਨੁੱਖਤਾ ਨੂੰ ਲੋੜ ਨਹੀਂ ਸੀ| ਜਿਹੜਾ ਸ਼ਿਵ ਕਿਸੇ ਵੇਲੇ ਮੁਸ਼ਾਇਰਿਆਂ ਦੀ ਜਾਨ ਹੋਇਆ ਕਰਦਾ ਸੀ, ਇਸ ਦੌਰ ਵਿੱਚ ਹੂਟ ਕੀਤਾ ਜਾਣ ਲੱਗਾ| ਕਈ ਗਰਮ ਕਵੀ ਉਸ ਦੀ ਸਟੇਜ ਖਰਾਬ ਕਰਨ ਤੱਕ ਜਾਂਦੇ ਸਨ| ਮੈਂ ਅਜਿਹੇ ਹੀ ਇਕ ਮੁਸ਼ਾਇਰੇ ਦਾ ਚਸ਼ਮਦੀਦ ਗਵਾਹ ਹਾਂ| ਇਹ ਮੁਸ਼ਾਇਰਾ ਐਗਰੀਕਲਚਰਲ ਯੂਨੀਵਰਸਟੀ ਲੁਧਿਆਣਾ ਵਿੱਚ ਹੋਇਆ ਸੀ| ਮੈਂ ਤੇ ਸਰਦਾਰਾ ਸਿੰਘ ਮਾਹਲ ਉਚੇਚੇ ਤੌਰ ‘ਤੇ ਇਸ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਗਏ ਸਾਂ| ਸਾਡੇ ਕਾਲਜ ਦੇ ਦਿਨ ਸਨ| ਅਸੀਂ ਦੂਰ ਦੂਰ ਤੱਕ ਸਹਿਤਕ ਇਕੱਠਾਂ ਵਿੱਚ ਜਾਇਆ ਕਰਦੇ ਸਾਂ| ਮੁਸ਼ਾਇਰੇ ਵਿੱਚ ਅਸੀਂ ਪਿਛਲੀਆਂ ਕੁਰਸੀਆਂ ‘ਤੇ ਬੈਠੇ ਸਾਂ| ਸ਼ਿਵ ਆਪਣੇ ਕੁਝ ਦੋਸਤਾਂ ਨਾਲ ਆਇਆ ਤੇ ਉਹ ਸਾਡੇ ਨਾਲ ਦੀਆਂ ਕੁਰਸੀਆਂ ‘ਤੇ ਬਹਿ ਗਏ| ਸਾਫ ਦਿਸਦਾ ਸੀ ਕਿ ਸ਼ਿਵ ਸ਼ਰਾਬੀ ਹੈ| ਉਸ ਦੀ ਵਾਰੀ ਆਈ ਤਾਂ ਕਿਸੇ ਨੇ ਵੀ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਨਾ ਕੀਤਾ| ਇਸ ਮੁਸ਼ਾਇਰੇ ਵਿੱਚ ਨੈਕਸਲਬਾੜੀ ਲਹਿਰ ਨਾਲ ਜੁੜੇ ਲੋਕਾਂ ਦਾ ਬੋਲਬਾਲਾ ਸੀ| ਸ਼ਾਇਦ ਪ੍ਰੋ ਮੋਹਨ ਸਿੰਘ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਕਰ ਰਹੇ ਸਨ| ਇਥੇ ਮੈਂ ਹਰਭਜਨ ਹਲਵਾਰਵੀ ਤੇ ਪਾਸ਼ ਬਹੁਤ ਸਾਰੇ ਕਵੀਆਂ ਨੂੰ ਪਹਿਲੀ ਵਾਰ ਮਿਲਿਆ ਸਾਂ| ਸਰਦਾਰਾ ਸਿੰਘ ਮਾਹਲ ਇਹਨਾਂ ਦਾ ਪਹਿਲਾਂ ਹੀ ਵਾਕਫ ਸੀ| ਸ਼ਿਵ ਨੂੰ ਬਿਹਰਾ ਜਾਂ ਰੁਦਨ ਦਾ ਕਵੀ ਮੰਨਦੇ ਹੋਏ ਸਰੋਤੇ ਉਸ ਨੂੰ ਅਣਗੌਲ ਰਹੇ ਸਨ| ਬਲਕਿ ਕਈ ਤਾਂ ਉਲਟੇ ਸਿੱਧੇ ਆਵਾਜ਼ੇ ਵੀ ਕੱਸ ਰਹੇ ਸਨ| ਸ਼ਿਵ ਨੇ ਬਾਬਾ ਬੂਝਾ ਸਿੰਘ ਬਾਰੇ ਕਵਿਤਾ ਪੜ੍ਹੀ ਸੀ, ਸਰੋਤਿਆਂ ਵਿੱਚ ਕਾਨਫੂਸੀ ਹੋਈ ਸੀ ਕਿ ਹੁਣ ਸ਼ਿਵ ਆਪਣੇ ਆਪ ਨੂੰ ਇਨਕਲਾਬੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ| ਸਰੋਤਿਆਂ ਵਲੋਂ ਹੁੰਘਾਰਾ ਨਾ ਮਿਲਣ ‘ਤੇ ਸ਼ਿਵ ਉਦਾਸ ਹੋ ਗਿਆ ਸੀ| ਕਵਿਤਾ ਪੜ੍ਹ ਕੇ ਉਹ ਚੁਪ-ਚਾਪ ਬਾਹਰ ਨਿਕਲ ਗਿਆ ਸੀ| ਮੁਸ਼ਾਇਰੇ ਲੁੱਟਣ ਵਾਲੇ ਸ਼ਾਇਰ ਦਾ ਅਜਿਹੀ ਹਾਲਤ ਵਿੱਚ ਉਦਾਸ ਹੋਣਾ ਕੁਦਰਤੀ ਸੀ| ਇਹਨਾਂ ਆਲੋਚਕਾਂ ਜਾਂ ਵਿਰੋਧੀਆਂ ਦੇ ਜਵਾਬ ਵਿੱਚ ਹੀ ਸ਼ਿਵ ਨੇ ਕਵਿਤਾ ਲਿਖੀ ਸੀ, ‘ਕੁੱਤਿਓ, ਭੌਂਕੋ…|’
ਸ਼ਿਵ ਕੁਮਾਰ ਨੈਕਸਲਾਈਟ ਲਹਿਰ ਤੋਂ ਪਹਿਲਾਂ ਹੀ ਸਟੇਜਾਂ ਦਾ ਸਟਾਰ ਕਵੀ ਬਣ ਚੁੱਕਾ ਸੀ| ਨੈਕਸਲਾਈਟ ਲਹਿਰ ਨਾਲ ਸਟੇਜਾਂ ਵਾਲੇ ਮੁਸ਼ਾਇਰੇ ਕੁਝ ਮੱਧਮ ਵੀ ਪੈ ਗਏ ਸਨ| ਮੈਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਸਟੇਜ ਤੋਂ ਬੋਲਦਿਆਂ ਆਪਣੇ ਕਾਲਜ ਵਿੱਚ ਹੀ ਦੇਖਿਆ ਸੀ, ਸੰਨ 1967-68 ਵਿੱਚ| ਸ਼ਿਵ ਸਾਡੇ ਕਾਲਜ ਦੇ ਯੂਥ ਫੈਸਟੀਵਲ ਦੀ ਪ੍ਰਧਾਨਗੀ ਕਰਨ ਆਇਆ ਸੀ| ਸਿੱਖ ਨੈਸ਼ਨਲ ਕਾਲਜ ਬੰਗਾ ਦੀ ਸੈਂਟਰਲ ਅਸੌਸੀਏਸ਼ਨ ਯੂਥ ਫੈਸਟੀਵਲ ਕਰਾਇਆ ਕਰਦੀ ਸੀ| ਪ੍ਰੇਮ ਮਾਨ ਸੈਂਟਰਲ ਅਸੌਸੀਏਸ਼ਨ ਦਾ ਪ੍ਰਧਾਨ ਸੀ ਤੇ ਯੂਥ ਫੈਸਟੀਵਲ ਦੀ ਸਟੇਜ ਉਹੀ ਚਲਾ ਰਿਹਾ ਸੀ| ਸ਼ਿਵ ਕੁਮਾਰ ਤੇ ਕੁਝ ਹੋਰ ਖਾਸ ਵਿਅਕਤੀ ਸਟੇਜ ‘ਤੇ ਸਸ਼ੋਬਤ ਸਨ| ਉਸ ਦਿਨ ਪੂਰਾ ਯੂਥ ਫੈਸਟੀਵਲ ਮੈਂ ਬਹਿ ਕੇ ਦੇਖਿਆ ਸੀ| ਸ਼ਿਵ ਕੁਮਾਰ ਦੀਆਂ ਕਵਿਤਾਵਾਂ ਵੀ ਸੁਣੀਆਂ ਸਨ| ਉਦੋਂ ਮੈਨੂੰ ਨਹੀਂ ਸੀ ਪਤਾ ਕਿ ਸ਼ਿਵ ਕੁਮਾਰ ਏਡਾ ਵੱਡਾ ਕਵੀ ਹੈ| ਜਦ ਇਹ ਕਿਹਾ ਗਿਆ ਕਿ ਉਸ ਦੀ ਕਿਤਾਬ ਐਮ.ਏ. ਦੀਆਂ ਕਲਾਸਾਂ ਵਿੱਚ ਲੱਗੀ ਹੋਈ ਹੈ ਤਾਂ ਮਨ ਵਿੱਚ ਜ਼ਰੂਰ ਇਹ ਗੱਲ ਆਈ ਸੀ ਕਿ ਇਹ ਤਾਂ ਆਪ ਹਾਲੇ ਵਿਦਿਆਰਥੀ ਜਿਹਾ ਹੀ ਜਾਪਦਾ ਹੈ| ਉਸ ਦਿਨ ਤੋਂ ਬਾਅਦ ਮੈਂ ਸ਼ਿਵ ਕੁਮਾਰ ਦੀਆਂ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਨ ਪਰ ਉਦੋਂ ਮੈਨੂੰ ਉਹਦੀ ਕਵਿਤਾ ਨਾਲੋਂ ਨੈਕਸਲਬਾੜੀ ਲਹਿਰ ਵਾਲੀ ਕਵਿਤਾ ਜ਼ਿਆਦਾ ਟੁੰਬਦੀ ਸੀ| ਜਲਦੀ ਹੀ ਉਸ ਨੇ ਇਕ ਫਿਲਮ, ਸ਼ੌਕਣ ਮੇਲੇ ਦੀ, ਦੇ ਗੀਤ ਵੀ ਲਿਖੇ| ਉਸ ਦੇ ਗੀਤਾਂ ਦੇ ਮਹਿਨੇ ਬਹੁਤ ਡੂੰਘੇ ਸਨ| ਉਦੋਂ ਖ਼ਬਰਾਂ ਆਉਣ ਲੱਗੀਆਂ ਕਿ ਸ਼ਿਵ ਕੁਮਾਰ ਫਿਲਮਾਂ ਦੇ ਗੀਤ ਲਿਖਣ ਬੰਬਈ ਚਲੇ ਗਿਆ ਹੈ| ਉਸ ਦੀਆਂ ਦੇਵਾ ਨੰਦ ਤੇ ਹੋਰ ਐਕਟਰਾਂ ਨਾਲ ਅਖ਼ਬਾਰਾਂ ਵਿੱਚ ਤਸਵੀਰਾਂ ਵੀ ਛਪੀਆਂ| ਫਿਰ ਜਲੰਧਰ, ਸ਼ਾਇਦ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪ੍ਰੋਗਰਾਮ ਹੋਇਆ| ਉਥੇ ਫਿਰ ਸ਼ਿਵ ਕੁਮਾਰ ਦੀ ਮਾੜੀ ਕਿਸਮਤ ਕਿ ਸਾਰੇ ਹੀ ਇਨਕਲਾਬੀ ਸ਼ਾਇਰ ਹਾਜ਼ਰ ਸਨ ਜੋ ਸਾਨੂੰ ਇਹ ਦੱਸ ਰਹੇ ਸਨ ਕਿ ਇਨਕਲਾਬ ਕੁਝ ਦਿਨ ਹੀ ਦੂਰ ਹੈ| ਸ਼ਿਵ ਕੁਮਾਰ ਬੰਬਈ ਤੋਂ ਮੁੜਿਆ ਸੀ, ਜੇ ਮੈਂ ਭੁਲਦਾ ਨਹੀਂ ਤਾਂ ਉਸ ਨੇ ਲਾਲ ਕੋਟ ਪਾਇਆ ਹੋਇਆ ਸੀ| ਅਜੀਤ ਰਾਹੀ ਲਹਿਰ ਦਾ ਖਾਸ ਕਵੀ ਸੀ| ਉਸ ਦੀ ਕਵਿਤਾ ਦੀ ਵਾਰੀ ਆਈ ਤਾਂ ਉਹ ਦੱਸਣ ਲੱਗਾ ਕਿ ਕੁਝ ਦਿਨ ਪਹਿਲਾਂ ਪੁਲੀਸ ਨੇ ਉਸ ਦੇ ਘਰ ਰੇਡ ਮਾਰੀ ਹੈ| ਉਸ ਦੀ ਮਾਂ ਪੁਲੀਸ ਨੂੰ ਦੇਖ ਕੇ ਘਬਰਾ ਰਹੀ ਸੀ| ਅਜੀਤ ਰਾਹੀ ਦੱਸ ਰਿਹਾ ਸੀ ਕਿ ਮਾਂ ਦੀ ਕੀ ਸਥਿਤੀ ਸੀ ਤੇ ਉਸ ਨੇ ਮਾਂ ਨੂੰ ਕਿਵੇਂ ਸ਼ਾਂਤ ਕੀਤਾ| ਨਾਲ ਹੀ ਉਸ ਨੇ ਸ਼ਿਵ ਕੁਮਾਰ ਉਪਰ ਵੀ ਟਕੋਰ ਮਾਰੀ ਕਿ ਜਿਹਨੇ ਫਿਲਮੀ ਗਾਣੇ ਲਿਖਣੇ ਹੋਏ ਉਹਨੂੰ ਪੁਲੀਸ ਦਾ ਕਾਹਦਾ ਡਰ| ਪ੍ਰੋਗਰਾਮ ਦੇ ਦੁਰਮਿਆਨ ਸ਼ਿਵ ਗਰਮ ਹੋਣ ਲਈ ਬਾਹਰ ਚਲੇ ਗਿਆ ਤੇ ਆ ਕੇ ਉਸ ਨੇ ਸਟੇਜ ‘ਤੇ ਸਿਰ ਸੁੱਟ ਕੇ ਗੀਤ ਗਾਇਆ, ‘ਕੁੱਤਿਓ, ਭੌਂਕੋ, ਏਨਾ ਭੌਂਕੋ ਕਿ ਮੈਨੂੰ ਨੀਂਦ ਨਾ ਆਵੇ|’ ਉਸ ਦੀ ਆਵਾਜ਼ ਵਿੱਚ ਜੋ ਦਰਦ ਸੀ ਉਹ ਤਾਂ ਹੈ ਹੀ ਸੀ ਪਰ ਇਸ ਗੀਤ ਵਿੱਚ ਇਕ ਪੀੜਤ ਰੂਹ ਦਾ ਦਰਦ ਵੀ ਜਮ੍ਹਾਂ ਸੀ|
ਉਹਨਾਂ ਦਿਨਾਂ ਵਿੱਚ ਸ਼ਿਵ ਕੁਮਾਰ ਦਾ ਸ਼ਰੇਆਮ ਵਿਰੋਧ ਹੋਇਆ ਕਰਦਾ ਸੀ| ਨਵੀਂ ਪੀੜ੍ਹੀ ਨੇ ਉਸ ਨੂੰ ਨਕਾਰ ਦਿੱਤਾ ਸੀ| ਮੈਂ ਵੀ ਅਗਾਂਹਵਧੂ ਲਹਿਰ ਦੇ ਪ੍ਰਭਾਵ ਹੇਠ ਆ ਕੇ ਸ਼ਿਵ ਨੂੰ ਕਾਫੀ ਦੇਰ ਪਸੰਦ ਨਹੀਂ ਕੀਤਾ ਪਰ ਫਿਰ ਹੌਲੀ ਹੌਲੀ ਮੈਨੂੰ ਉਸ ਦੀ ਕਵਿਤਾ ਚੰਗੀ ਲੱਗਣ ਲੱਗੀ| ਉਸ ਦੀ ਕਿਤਾਬ ‘ਲੂਣਾਂ’ ਆਈ ਤੇ ਇਕ ਦਮ ਛਾ ਗਈ ਸੀ| ਸਰਦਾਰਾ ਸਿੰਘ ਮਾਹਲ ਕਿਹਾ ਕਰਦਾ ਸੀ ਕਿ ਜੇ ਥੋੜਾ ਬਹੁਤ ਸ਼ਿਵ ਜਿਉਂਦਾ ਰਿਹਾ ਤਾਂ ਉਹ ਲੂਣਾਂ ਕਰਕੇ ਹੀ ਰਹਿ ਸਕੇਗਾ| ਉਸ ਨੂੰ ਕਵਿਤਾ ਦੀ ਖਾਸੀ ਸਮਝ ਸੀ| ਲੂਣਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਵੀ ਮਿਲਿਆ ਸੀ| ਅਗਾਂਹਵਧੂ ਲਹਿਰ ਵਾਲੇ ਕੁਝ ਵੀ ਕਹਿੰਦੇ ਪਏ ਹੋਣਗੇ ਪਰ ਪੰਜਾਬੀ ਲੇਖਕਾਂ ਦੀਆਂ ਉਪਰਲੀਆਂ ਸਫਾਂ ਵਿੱਚ ਸ਼ਿਵ ਇਕ ਬਹੁਤ ਵੱਡਾ ਨਾਂ ਬਣ ਚੁੱਕਾ ਸੀ| ਸਾਰੇ ਹੀ ਉਸ ਦਾ ਮੋਹ ਕਰਦੇ ਸਨ| ਜਦ ਲੰਡਨ ਦੇ ਬੀ.ਬੀ.ਸੀ. ਵਾਲੇ ਸ਼ਿਵ ਨੂੰ ਟੈਲਵੀਯਨ ਉਪਰ ਵਧੀਆ ਤਰੀਕੇ ਨਾਲ ਪੇਸ਼ ਨਹੀਂ ਸਨ ਕਰ ਸਕੇ ਤਾਂ ਅੰਮ੍ਰਿਤਾ ਬਹੁਤ ਤੜਫੀ ਸੀ| ਉਸ ਬਾਰੇ ਤਕਰੀਬਨ ਸਾਰੇ ਵੱਡੇ ਲੇਖਕਾਂ ਨੇ ਲਿਖਿਆ ਸੀ| ਸ਼ਿਵ ਨੇ ਵੀ ਕੁਝ ਲੇਖਕਾਂ ਬਾਰੇ ਲਿਖਿਆ ਸੀ, ਖਾਸ ਕਰਕੇ ਸ਼ਾਇਰ ਦੇਵ ਬਾਰੇ| ਉਸ ਦੀ ਮੌਤ ਕਾਰਨ ਪੰਜਾਬੀ ਸਾਹਿਤ ਵਿੱਚ ਇਕ ਸੰਨਾਟਾ ਜਿਹਾ ਛਾ ਗਿਆ ਸੀ ਜੋ ਹਾਲੇ ਵੀ ਕਾਇਮ ਹੈ|
ਸ਼ਿਵ ਦੇ ਮਰਨ ਤੋਂ ਬਾਅਦ ਜਿਹਨਾਂ ਲੋਕਾਂ ਦਾ ਉਸ ਨਾਲ ਵਿਰੋਧ ਸੀ ਉਹ ਸਾਰੇ ਵੀ ਉਸ ਨੂੰ ਪਸੰਦ ਕਰਨ ਲੱਗੇ ਸਨ| ਪਾਸ਼ ਚੜ੍ਹਦੀ ਉਮਰੇ ਭਾਵੇਂ ਸ਼ਿਵ ਦਾ ਕੱਟੜ ਵਿਰੋਧੀ ਸੀ ਪਰ ਫਿਰ ਉਸ ਦੀ ਕਵਿਤਾ ਦੀ ਗੱਲ ਕਰਨ ਲੱਗ ਪਿਆ ਸੀ| ਇੰਗਲੈਂਡ ਆਇਆ ਪਾਸ਼ ਅਕਸਰ ਉਸ ਬਾਰੇ ਗੱਲਾਂ ਕਰਦਾ| ਉਹ ਉਸ ਬਾਰੇ ਗੱਲ ਕਰਦਾ ਉਸ ਨੂੰ ਸ਼ਿਵ ਸੂੰਹ ਕਹਿ ਕੇ ਗੱਲ ਤੋਰਦਾ| ਪਾਸ਼ ਨੇ ਬਹੁਤ ਸਾਰੇ ਲੇਖਕਾਂ ਦੇ ਆਪਣੇ ਹੀ ਨਾਂ ਰੱਖੇ ਹੋਏ ਸਨ| ਪਾਸ਼ ਦੇ ਜਿਉਂਦੇ ਜੀ ਵੀ ਕਈ ਲੋਕ ਸ਼ਿਵ ਤੇ ਪਾਸ਼ ਦਾ ਮੁਕਾਬਲਾ ਕਰਨ ਲੱਗਦੇ ਸਨ, ਖਾਸ ਕਰਕੇ ਜਲਦੀ ਹਰਮਨ-ਪਿਆਰਤਾ ਮਿਲ ਜਾਣ ਕਾਰਨ, ਫਿਰ ਪਾਸ਼ ਦੀ ਮੌਤ ਤੋਂ ਬਾਅਦ ਦੋਵਾਂ ਦੀ ਜਲਦੀ ਮੌਤ ਹੋ ਜਾਣ ਕਾਰਨ ਵੀ ਪਰ ਦੋਵਾਂ ਦੇ ਖੇਤਰ ਬਿਲਕੁਲ ਭਿੰਨ ਸਨ| ਦੋਵੇਂ ਕਵੀ ਸਨ ਪਰ ਵੱਖ ਵੱਖ ਤਕਲੀਫ ਦੇ|
ਇਹ ਪੰਜਾਹ ਸਾਲ ਪਹਿਲੀਆਂ ਯਾਦਾਂ ਹਨ ਇਸ ਕਰਕੇ ਧੁੰਧਲਾਈਆਂ ਵੀ ਹੋ ਸਕਦੀਆਂ ਹਨ| ਮੈਂ ਸ਼ਿਵ ਨੂੰ ਪੰਜ ਕੁ ਵਾਰ ਦੇਖਿਆ ਹੈ| ਮੈਨੂੰ ਚਾਰ ਵਾਰ ਉਸ ਨੂੰ ਸਟੇਜ ਤੋਂ ਸੁਣਨ ਦੇ ਮੌਕੇ ਮਿਲੇ ਹਨ, ਇਕ ਵਾਰ ਤਾਂ ਸਾਡੇ ਹੀ ਕਾਲਜ ਯੂਥ ਫੈਸਟੀਵਲ ਵਿੱਚ, ਦੂਜੀ ਵਾਰ ਉਸ ਦੇ ਮੂੰਹੋਂ ਉਸ ਦਾ ਗੀਤ ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ’ ਸਟੇਜ ਤੋਂ ਸੁਣਿਆਂ ਸੀ| ਇਹ ਗੀਤ ਲੋਕਾਂ ਨੇ ਮੱਲੋ ਮੱਲੀ ਵਾਤਾਵਰਣ ਨਾਲ ਜੋੜ ਦਿੱਤਾ ਹੈ| ਤੀਜੀ ਵਾਰ ਉਸ ਨੂੰ ‘ਕੁੱਤਿਓ ਭੌਂਕੋ…’ ਵਾਲਾ ਗੀਤ ਗਾਉਂਦਿਆਂ ਵੀ ਸੁਣਿਆਂ| ਬਾਬਾ ਬੂਝਾ ਸਿੰਘ ਬਾਰੇ ਉਸ ਦੀ ਕਵਿਤਾ ਵੀ ਉਸ ਕੋਲੋਂ ਹੀ ਸੁਣੀ ਹੋਈ ਹੈ| ਸ਼ਾਇਦ ਹੋਰ ਵੀ ਬਹੁਤ ਕੁਝ ਹੋਵੇਗਾ ਜੋ ਚੇਤੇ ਵਿੱਚ ਸਿਰਕ ਗਿਆ ਹੈ| ਪੰਜਾਹ ਸਾਲ ਵਿੱਚ ਬਹੁਤ ਸਾਰੀਆਂ ਫਾਈਲਾਂ ਡੀਲੀਟ ਜਾਂ ਕੁਰੱਪਟ ਹੋ ਜਾਂਦੀਆਂ ਹਨ| ਹਾਂ, ਸ਼ਿਵ ਉਂਜ ਦਾ ਉਂਜ ਚੇਤਿਆਂ ਵਿੱਚ ਵਸਦਾ ਹੈ ਤੇ ਉਸ ਦੀ ਕਵਿਤਾ ਵੀ| ਉਸ ਦੀ ਕਵਿਤਾ ਹਾਲੇ ਵੀ ਇਕੱਲ ਵਿੱਚ ਮੇਰਾ ਸਾਥ ਦਿੰਦੀ ਹੈ| ਪਾਸ਼ ਦੇ ਅੰਦਾਜ਼ ਵਿੱਚ, ‘ਸ਼ਿਵ ਸੂੰਹ, ਜ਼ਿੰਦਾ ਬਾਦ!’
***