ਸੁਰਜੀਤ ਪਾਤਰ ਦੇ ਨਾਂ ਪਾਸ਼ ਦਾ ਖ਼ਤ- ਜਲੰਧਰ ਜੇਲ੍ਹ (ਅਪ੍ਰੈਲ 1975)

ਸੁਰਜੀਤ ਪਾਤਰ ਦੇ ਨਾਂ
ਜਲੰਧਰ ਜੇਲ੍ਹ (ਅਪ੍ਰੈਲ 1975)
ਮੇਰੇ ਪਿਆਰੇ ਸੁਰਜੀਤ ਪਾਤਰ, ਮੈਂ ਉਸ ਰਾਤ ਦੇ ਜਸ਼ਨ ਤੋਂ ਅਗਲੀ ਸਵੇਰ ਹੀ ਫੜਿਆ ਗਿਆ ਸਾਂ। ਉਸ ਤੋਂ ਪਹਿਲਾਂ ਜਦ ਮੈਂ ਲੁਧਿਆਣੇ ਆਇਆ ਸਾਂ ਤਾਂ ਬੜੀ ਬੇਚੈਨੀ ਵਿਚ ਸਾਂ। ਕੁਝ ਹੋਰ ਦੋਸਤਾਂ ਕਰਕੇ ਮੈਂ ਆਪਣੀ ਸਾਰੀ ਅੰਦਰਲੀ ਹਿਲਜੁਲ ਨੂੰ ਤੇਰੇ ਸਾਹਮਣੇ ਨਹੀਂ ਰੱਖ ਸਕਿਆ ਸਾਂ। ਉਂਜ ਵੀ ਮੈਨੂੰ ਧੁਰ ਅੰਦਰਲੀਆਂ ਗੱਲਾਂ ਨੂੰ ਹੂ-ਬ-ਹੂ ਪ੍ਰਗਟ ਕਰਨ ਦੀ ਜਾਚ ਨਹੀਂ ਆਉਂਦੀ। ਮੈਂ ਜੋ ਕਹਿਣਾ ਚਾਹੁੰਦਾ ਹੁੰਦਾ ਹਾਂ, ਉਸ ਦਾ ਕੁਝ ਹਿੱਸਾ ਹੀ ਕਹਿ ਪਾਉਂਦਾ ਹਾਂ ਉਹ ਵੀ ਢੇਰ ਸਾਰੀ ਲੋਲੋ-ਪੋਪੋ ਨਾਲ ਲਾ ਕੇ। ਇੰਜ ਕੇਵਲ ਗੱਲਾਂ ਬਾਤਾਂ ਵਿਚ ਹੀ ਹੁੰਦਾ ਹੈ; ਕਵਿਤਾ ਵਿਚ ਨਹੀਂ। ਮੇਰੀ ਬੇਚੈਨੀ ਕੇਵਲ ਤੇਰੀਆਂ ਕਵਿਤਾਵਾਂ ਬਾਰੇ ਹੀ ਨਹੀਂ ਸੀ, ਮੈਂ ਸਮੁੱਚੀ ਪੰਜਾਬੀ ਕਵਿਤਾ ਬਾਰੇ ਆਪਣੇ ਕੁਝ ਸੰਸੇ ਤੇਰੇ ਨਾਲ ਸਾਂਝੇ ਕਰਨਾ ਚਾਹੁੰਦਾ ਸਾਂ-ਮੈਨੂੰ ਦੁੱਖ ਹੈ, ਸਗੋਂ ਸ਼ਰਮ ਹੈ ਕਿ ਗੱਲ ਨਾ ਕੇਵਲ ਉਸ ਤਰ੍ਹਾਂ ਹੀ ਨਹੀਂ ਹੋਈ, ਸਗੋਂ ਬਿਲਕੁਲ ਉਸ ਤੋਂ ਉਲਟ ਹੋ ਗਈ ਹੈ-ਮੈਂ ਉਨ੍ਹਾਂ ਖੁਸ਼ਕਿਸਮਤਾਂ ਚੋਂ ਸਭ ਤੋਂ ਬੌਂਗਾ ਆਦਮੀ ਹਾਂ, ਜੋ ਤੇਰੀ ਮਹਾਨ ਤੇ ਨਿੱਗਰ ਕਵਿਤਾ ਦੀ ਤਾਕਤ ਨੂੰ ਆਪਣੇ ਸਾਦ ਮੁਰਾਦੇ ਦਿਲਾਂ ਅੰਦਰ ਝੱਲਦੇ ਹਨ (ਮਾਫ਼ ਕਰੀਂ ਜਿਵੇਂ ਕੋਈ ਹੁੰਦਲਹੇੜ ਕੁਆਰੀ ਕਿਸੇ ਖਰਾਂਟ ਛੜੇ ਨੂੰ ਝੱਲਣ ਦੀ ਖ਼ੁਸ਼ੀ ਅਤੇ ਪੀੜ ਨੂੰ ਜਰਦੀ ਹੈ) ਮੈਂ ਤੇਰੀ ਕਵਿਤਾ ਪੜ੍ਹਕੇ ਕਈ ਵਾਰ ਤੈਨੂੰ ਖ਼ੁਸ਼ੀ ਵਰਗੇ ਅਹਿਸਾਸ ‘ਚ ਗਾਲ੍ਹਾਂ ਕੱਢੀਆਂ ਹਨ, ਅਪਣੱਤ ਨਾਲ ਕਈ ਵਾਰ ਡਾਢਾ ਹੈਰਾਨ, ਉਤੇਜਿਤ ਤੇ ਭੈਭੀਤ ਹੋਇਆ ਹਾਂ। ਮੇਰਾ ਅੰਦਰ ਪਾਟਣ ਵਾਲਾ ਹੋ ਜਾਂਦਾ ਰਿਹਾ ਹੈ। ਤੂੰ ਨਿਰਸੰਦੇਹ ਮੇਰੇ ਸਮੇਂ ਦਾ ਬਹੁਤ ਵੱਡਾ ਕਵੀ ਏਂ। ਇਹ ਤੇਰੀ ਤਾਕਤ ਈ ਏ, ਜੋ ਮੇਰੇ ਵਰਗੇ ਤੈਥੋਂ ਵੱਖਰੀ ਵਿਚਾਰ-ਧਾਰਾ ਵਾਲੇ ਬੰਦੇ ਨੂੰ ਇੰਜ ਕਹਿਣ ਤੇ ਮਜਬੂਰ ਕਰਦੀ ਹੈ।-ਹਾਂ ਆਪਾਂ ਬਹੁਤ ਵੱਖਰੀ (ਤੇ ਸ਼ਾਇਦ ਉਲਟ ਵੀ) ਵਿਚਾਰਧਾਰਾ ਦੇ ਹਾਂ। ਇਸ ਗੱਲ ਨੂੰ ਮੈਂ ਕੁਝ ਚਿਰ ਲਈ ਪਾਸੇ ਛੱਡ ਦਿਆਂਗਾ। ਅਸਲ ਵਿਚ ਕਿਸੇ ਭੈੜੀ ਵਿਚਾਰਧਾਰਾ ਦੀ ਵੀ ਬਹੁਤ ਚੰਗੀ ਕਵਿਤਾ ਲਿਖੀ ਜਾ ਸਕਦੀ ਹੈ ਤੇ ਬਹੁਤ ਚੰਗੀ ਵਿਚਾਰਧਾਰਾ ਬਾਰੇ ਨਹਾਇਤ ਬੁਰੀ ਕਵਿਤਾ ਵੀ ਲਿਖ ਹੋ ਸਕਦੀ ਹੈ। ਸਗੋਂ ਪੰਜਾਬੀ ਵਿਚ ਤਾਂ ਹੋਇਆ ਹੀ ਇੰਜ ਹੈ ਕਿ ਚੰਗੀ ਵਿਚਾਰਧਾਰਾ ਬਾਰੇ ਬਹੁਤ ਹੀ ਘਟੀਆ ਕਵਿਤਾਵਾਂ ਲਿਖੀਆਂ ਗਈਆਂ ਹਨ।-ਤੂੰ ਸ਼ਾਇਦ ਸਮਝੇਂ ਕਿ ਮੈਂ ਆਪਣੇ ਵਲੋਂ ਹੋਈਆਂ ਪਿਛਲੇ ਦਿਨਾਂ ਦੀਆਂ ਗੱਲਾਂ ਉਤੇ ਪਰਦਾ ਪਾਉਣ ਲਈ ਏਦਾਂ ਕੋਸ਼ਿਸ਼ ਕਰ ਰਿਹਾ ਹਾਂ, ਜੋ ਤੇਰੇ ਵਿਰੁੱਧ ਜਾਂਦੀਆਂ ਹਨ। ਪਰ ਅਸਲ ਵਿਚ ਵਿਰੋਧ ਵਾਲੀ ਕੋਈ ਗੱਲ ਹੀ ਨਹੀਂ ਸੀ। ਕੁਝ ਲੋਕ ਦੇਵ ਉਤੇ ਇਲਜ਼ਾਮ ਲਾਉਂਦੇ ਹਨ ਕਿ ਦੇਵ ਨੇ ‘ਸਫ਼ੇਦ ਲਿਟ’ ਕਵਿਤਾ ਵਿਚ ਰੀੜ੍ਹ ਦੀ ਹੱਡੀ ਗ਼ਾਇਬ ਹੋਣ ਵਾਲੀ ਸਤਰ ਧੂਮਿਲ ਦੀ ਕਵਿਤਾ ਵਿਚੋਂ ਲਈ ਹੈ। ਪਰ ਧੂਮਿਲ ਤੋਂ ਪਹਿਲਾਂ ਇਸੇ ਵਾਕ ਨੂੰ ਗੋਰਕੀ ਨੇ ਇਕ ਰੂਸੀ ਐਕਟਰ ਸਤਾਨਿਸਲਾਵਸਕੀ ਨੂੰ ਲਿਖੇ ਖ਼ਤ ਵਿਚ ਇਸੇ ਤਰ੍ਹਾਂ ਲਿਖਿਆ ਹੈ ਤੇ ਗੋਰਕੀ ਤੋਂ ਪਹਿਲਾਂ ਫਲਾਬੇਅਰ ਨੇ । ਅੱਗੇ. ਉਸ ਤੋਂ ਪਹਿਲਾਂ ਪਤਾ ਨਹੀਂ ਕਿਸ ਨੇ। ਅਸਲ ਵਿਚ ਲੋਕਾਂ ਦੀ ਜ਼ਿੰਦਗੀ ਨੂੰ ਜਦ ਗੈਂਗਣ ਵਾਲੀ ਬਣਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਹੀ ਗ਼ਾਇਬ ਕਰਦੇ ਹਨ। ਇਥੇ ਕੋਈ ਵੀ ਭੱਦਰ ਪੁਰਸ਼ ‘ਗੋਡੇ ਦੀ ਚੱਪਣੀ’ ਸ਼ਬਦ ਨਹੀਂ ਵਰਤ ਸਕਦਾ। ਅਤੇ ਤੇਰੀ ਖ਼ਤਾਂ ਵਾਲੀ ਤਾਂ ਗੱਲ ਬਹੁਤ ਵੱਖਰੀ ਹੈ। ਏਥੇ ਸਿਰਫ਼ ਸ਼ਬਦ ਰਲਗੱਡ ਹੁੰਦੇ ਹਨ ਸਿੰਬਲ ਨਹੀਂ। ਪਾਬਲੋ ਦਾ ਡਾਕੀਆ ਆਉਂਦਾ ਹੈ ਤੇ ਖ਼ਤ ਵਿਚ ਕਿਸੇ ਮੌਤ ਦੀ ਖ਼ਬਰ ਹੁੰਦੀ ਹੈ ਜਾਂ ਅੱਗੇ ਜਾ ਕੇ ਕਈ ਆਪਣੀਆਂ ਸਾਜ਼ਿਸ਼ੀ ਤੰਦਾਂ ਵਿਚ ਤੁਹਾਨੂੰ ਮੱਕੜੀ ਦੇ ਜਾਲੇ ਵਾਂਗ ਲਪੇਟ ਲੈਂਦਾ ਹੈ। ਤੇਰਾ ਡਾਕੀਆ ਕੈਨਵਸ ਤੋਂ ਬਾਹਰ ਹੈ ਜਾਂ ਤੂੰ ਉਸ ਬਾਰੇ ਸੋਚਣਾ ਹੀ ਨਹੀਂ ਚਾਹੁੰਦਾ, ਤੇਰੀਆਂ ਨਜ਼ਰਾਂ ਵਿਚ ਸ਼ਾਇਦ ਉਹ ਹੈ ਹੀ ਨਹੀਂ ਜਾਂ ਉਹਦਾ ਕੋਈ ਮਹੱਤਵ ਨਹੀਂ ਹੈ (?) ਸਿਰਫ਼ ਮੌਤ ਹੈ ਜੋ ਖ਼ਤ ਵਾਂਗ ਖੁੱਲ੍ਹਦੀ ਹੈ ਤੇ ਸਾਨੂੰ ਇਕੋ ‘ਚ ਪੜ੍ਹਨਾ ਪੈਂਦਾ ਹੈ (ਜਿਵੇਂ ਕਿਸੇ ਬੁਰੇ ਸਵਾਦ ਵਾਲੀ ਦਵਾਈ ਪੀਵੀਦੀ ਹੈ) ਪੜ੍ਹਦਿਆਂ ਪੜ੍ਹਦਿਆਂ ਸਾਡਾ ਵਜੂਦ ਖੁਰਚਿਆ ਜਾਂਦਾ ਹੈ।-ਸੋ ਇਹ ਹੈ ਮੇਰੇ ਦੋਸਤ ਜਿਸ ਨੂੰ ਨਕਲ ਕਿਹਾ ਜਾ ਸਕਦਾ ਹੈ। ਮੈਂ ਕੋਈ ਇਲਜ਼ਾਮ ਨਹੀ ਸ਼ਕਾਇਤ ਲੈ ਕੇ ਆਇਆ ਸਾਂ। ਹੁਣ ਜੇ ਤੁਹਾਨੂੰ ਦੋਹਾਂ ਕਵੀਆਂ ਨੂੰ ਇਸ ਮੇਲ ਦਾ ਸਵੱਬ ਪੁੱਛਿਆ ਜਾਏ ਤਾਂ ਤੁਸੀਂ ਕਹੋਗੇ ਅਸੀਂ ਇਨ੍ਹਾਂ ਚੀਜ਼ਾਂ ਨੂੰ ਪਹਿਲਾਂ ਪੜ੍ਹਿਆ ਹੀ ਨਹੀਂ ਹੈ। ਖ਼ਾਸ ਕਰ ਪੰਛੀ ਉੱਡਣ ਵਾਲੀ ਗੱਲ।* ਤੇ ਮੈਨੂੰ ਪਤਾ ਹੈ ਤੁਸੀਂ ਸੱਚ ਕਹਿ ਰਹੇ ਹੋਵੋਗੇ। ਮੇਰੀ ਸ਼ਕਾਇਤ ਏਥੋਂ ਹੀ ਸ਼ੁਰੂ ਹੁੰਦੀ ਹੈ। ਏਡੇ ਮੌਲਿਕ ਤੇ ਸਮਰੱਥਾ ਵਾਲੇ ਕਵੀਆਂ ਲਈ ਘੱਟ ਪੜ੍ਹਨਾ ਨਾ-ਬਖ਼ਸ਼ਣ ਯੋਗ ਅਪਰਾਧ ਹੈ। ਕਸਰ ਇਹ ਹੀ ਨਹੀਂ ਕਿ ਬਿਆਨ ਦੇ ਹੰਢ ਚੁੱਕੇ ਅੰਦਾਜ਼ਾਂ ਜਾਂ ਵਿਧੀਆਂ ਦੀ ਵਰਤੋਂ ਹੋ ਰਹੀ ਹੈ ਸਗੋਂ ਇਹ ਹੈ ਕਿ ਨਵੀਆਂ ਅਤੇ ਮੌਲਿਕ ਵਿਧੀਆਂ ਦੇ ਪਣਪਣ ਦੇ ਮੌਕਿਆਂ ਨੂੰ ਵਿਅਰਥ ਗਵਾਇਆ ਜਾ ਰਿਹਾ ਹੈ, ਜਿਨ੍ਹਾਂ ਨਾਲ ਸਾਡੀ ਕਵਿਤਾ ਨੇ ਹੋਰ ਅਮੀਰ ਹੋਣਾ ਹੈ। ਮੇਰਾ ਖ਼ਿਆਲ ਹੈ ਮੈਂ ਪਿਛਲੇ ਦੋ ਸਾਲਾਂ ਵਿਚ ਕਾਫ਼ੀ ਜ਼ਿਆਦਾ ਅਤੇ ਵੱਖ ਵੱਖ ਕਿਸਮ ਦੀ ਵਿਦੇਸ਼ੀ ਕਵਿਤਾ ਪੜ੍ਹੀ ਹੈ ਅਤੇ ਤੁਹਾਥੋਂ ਕਿਤੇ ਜ਼ਿਆਦਾ ਨਕਲ ਮਾਰੀ ਹੈ। ਸਗੋਂ ਸੁਚੇਤ ਨਕਲ ਮਾਰੀ ਹੈ। ਇਹ ਨਕਲ ਬਿੰਬਾਂ, ਸ਼ਬਦਾਵਲੀ ਜਾਂ ਅਹਿਸਾਸਾਂ ਦੀ ਨਹੀਂ, ਸਗੋਂ ਇਸ ਤਰ੍ਹਾਂ ਦੀ ਹੈ ਕਿ ਮੈਂ ਉਨ੍ਹਾਂ ਦੇ ਮਹਿਸੂਸ ਕਰਨ ਦੇ ਢੰਗ ਨੂੰ ਸਮਝ ਕੇ ਆਪਣੀ ਮਹਿਸੂਸਣ ਵਿਧੀ ਵਿਚ ਵਿਕਾਸ ਕੀਤਾ ਹੈ। ਹਾਲੇ ਜੋ ਕੁਝ ਮੈਂ ਸਿੱਖਿਆ ਹੈ ਉਸ ਨੂੰ ਭਲੀ ਭਾਂਤ ਕਵਿਤਾ ਵਿਚ ਪ੍ਰਗਟ ਨਹੀਂ ਕਰ ਸਕਿਆ ਪਰ ਕਈ ਥਾਈਂ ਵਰਤਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਸਗੋਂ ਵਰਤਦਾ ਤਾਂ ਮੈਂ ਤੈਨੂੰ, ਮਨਜੀਤ ਤੇ ਅਮਿਤੋਜ ਨੂੰ ਵੀ ਹਾਂ। ਸੋ ਏਸ ਨੁਕਤੇ ਬਾਰੇ ਮੈਂ ਤੇਰੇ ਨਾਲ ਏਹੀਉ ਕਰਨ ਆਇਆ ਸਾਂ। ਤੇ ਹੋਇਆ ਕੀ? ਤੇਰੇ ਕੁਝ ਦੋਸਤ ਹਨ ਜੋ ਤੇਰੇ ਚੋਖੇ ਪ੍ਰਸ਼ੰਸਕ ਹਨ। ਪਰ ਉਹ ਤੇਰੀ ਪਰਸ਼ੰਸਾ ਕਰਦੇ ਹੋਏ ਵੀ ਆਪਣੇ ਆਪ ਨੂੰ ਦੱਬੇ ਦੱਬੇ ਮਹਿਸੂਸ ਕਰਦੇ ਹਨ ਤੇ ਤੈਥੋਂ ਸੱਚਮੁੱਚ ਔਖੇ ਵੀ (ਜ਼ਰੂਰੀ ਨਹੀਂ ਕਿ ਔਖਿਆਈ ਈਰਖਾ ਕਾਰਨ ਹੀ ਹੋਵੇ ਵਿਚਾਰਾਂ ਦੇ ਵਿਰੋਧਾਂ ਕਾਰਨ ਵੀ ਹੋ ਸਕਦੀ ਹੈ)। ਉਨ੍ਹਾਂ ਨੂੰ ਮੇਰੀ ਬਕਵਾਸ ਜਿਹੀ ਕਵਿਤਾ ‘ਇਕ ਲਿਬਰਲ ਦੀ ਆਤਮਕਥਾ’ ਇਸੇ ਤਰ੍ਹਾਂ ਲੱਭੀ, ਜਿਵੇਂ ਜਾਲ ‘ਚ ਫਸਿਆਂ ਨੂੰ ਕੋਈ ਚਾਕੂ ਲਭ ਪਵੇ। ਤੇ ਮੈਨੂੰ ਛਪਦੇ ਛਪਦੇ ਖ਼ਬਰ ਮਿਲੀ ਹੈ ਕਿ ਇਸ ਕਵਿਤਾ ਨੂੰ ਫੈਲਾਇਆ ਜਾ ਰਿਹਾ ਹੈ। ਇਸ ਵਿਚ ਮੇਰੀ ਬਹੁਤ ਵੱਡੀ ਹੱਤਕ ਹੈ, ਤੇਰੇ ਤੋਂ ਵੀ ਵੱਧ। ਮੇਰਾ ਦੁੱਖ ਨਾਲ ਰੋਣ ਨੂੰ ਜੀਅ ਕਰਦਾ ਹੈ। ਏਹੋ ਸੌਖਾ ਕੰਮ ਹੈ ਜੋ ਮੈਂ ਏਥੇ ਜੇਲ੍ਹ ਵਿਚ ਬੈਠਾ ਕਰ ਸਕਦਾ ਹਾਂ। ਮੈਂ ਇਹ ਕਵਿਤਾ ਸਿਰਫ਼ ਤੈਨੂੰ ਤੇ ਕੁਝ ਆਪਣੇ ਖ਼ਾਸ ਮਿੱਤਰਾਂ ਨੂੰ ਸ਼ੁਗ਼ਲ ਵਿਚ ਸੁਨਾਉਣ ਲਈ ਲਿਖੀ ਸੀ। ਪਰ ‘ਗਾਂਹ ਦੀ ਗਾਂਹ’ ਮੈਂ ਇਸ ਤਰ੍ਹਾਂ ਫਸਦਾ ਗਿਆ ਕਿ ਮੈਨੂੰ ਤਿੰਨ ਬੰਦਿਆਂ ਨੂੰ ਸੁਨਾਉਣੀ ਪਈ, ਉਨ੍ਹਾਂ ‘ਚੋਂ ਦੋ ਅਜਿਹੇ ਹਨ ਜਿਨ੍ਹਾਂ ਨੂੰ ਸੁਨਾਉਣਾ ਮੇਰੇ ਪ੍ਰੋਗਰਾਮ ਵਿਚ ਨਹੀਂ ਸੀ। ਖ਼ੈਰ ਮੈਨੂੰ ਗੱਲ ਅੱਗੇ ਤੋਰਨ ਦੇਹ। ਮੇਰੇ ਤੇਰੇ ਵਿਚ ਨਿੱਜੀ ਪਿਆਰ ਤੋਂ ਬਿਨਾਂ ਇਕ ਹੋਰ ਵੀ ਸਾਂਝ ਹੈ ਜਿਸਨੂੰ ਭੌਤਿਕ ਵਿਗਿਆਨ ਕਹਿੰਦਾ ਹੈ Unity of opposition ਤੇ ਇਹ ਕੋਈ ਬੁਰੀ ਚੀਜ਼ ਨਹੀਂ। ਆਪਣੀ ਇਹ ਸਾਂਝ ਵੀ ਆਂਸ਼ੰਕ ਰੂਪ ਵਿਚ ਹੈ ਐਬਸੋਲੂਟਿਲੀ ਨਹੀਂ। ਸੁਹਜ ਬਾਰੇ ਆਪਣੀ ਸਮਝ ਵਿਚ ਬਹੁਤ ਫ਼ਰਕ ਹੈ। ਮੈਂ ਅੱਜ ਤੱਕ ਵੀ ਸਾਰੀ ਸਭਿਆਚਾਰਕ ਤੇ ਖ਼ਾਸਕਰ ਸਦਾਚਾਰਕ ਪ੍ਰਗਤੀ ਨੂੰ ਇਨਸਾਨੀ ਪ੍ਰਗਤੀ ਨਹੀਂ ਮੰਨਦਾ ਨਿੱਜੀ ਜਾਇਦਾਦ ਦੇ ਜਨਮ ਤੋਂ ਲੈ ਕੇ ਸਭ ਕੁਝ ਕਾਬਜ਼ ਜਮਾਤਾਂ ਲਈ ਅਤੇ ਉਨ੍ਹਾਂ ਦੇ ਹਿੱਤ ਵਿਚ ਵਿਕਸਤ ਹੋਇਆ ਹੈ। ਆਮ ਆਦਮੀ ਨੇ ਟੋਟਲ ਵੈਲਿਊਜ਼ ਨੂੰ ਸਿਰਫ਼ ਸਵੀਕਾਰਿਆ ਹੈ, ਪੈਦਾ ਨਹੀਂ ਕੀਤਾ। ਏਥੋਂ ਤੱਕ ਕਿ ਚੀਜ਼ਾਂ ਨੂੰ ਮਹਿਸੂਸ ਕਰਨ ਦੇ ਢੰਗ ਵੀ ਅਸੀਂ ਲੁਟੇਰੀਆਂ ਜਮਾਤਾਂ ਤੋਂ ਲਏ ਹਨ। ਮਾਰਕਸਵਾਦੀ ਸੁਹਜ ਪ੍ਰਣਾਲੀ ਦੀ ਨਾ ਅਜੇ ਕੋਈ ਖ਼ਾਸ ਉਮਰ ਹੈ ਤੇ ਨਾ ਖ਼ਾਸ ਪ੍ਰਾਪਤੀ। ਸਗੋਂ ਇਹਦੇ ਆਸਾਰ ਵੀ ਭਲੀ ਭਾਂਤ ਨਿਸ਼ਚਿਤ ਨਹੀਂ ਹੋਏ ਹਨ। ਪਲੈਖਾਨੋਵ ਤੇ ਲੂਨਾਚਾਰਸਕੀ ਨੇ ਸੁਹਜ ਦੇ ਮਾਮਲੇ ਵਿਚ ਲੁਟੇਰੀ ਜਮਾਤ ਦੇ ਸਿਰਫ਼ ਸਿਆਸੀ ਪ੍ਰਭਾਵਾਂ ਨੂੰ ਤੋੜਨ ਲਈ ਜ਼ੋਰ ਲਾਇਆ ਹੈ। ਉਨ੍ਹਾਂ ਨੇ ਸੁਹਜ ਨੂੰ ਇਤਿਹਾਸਕ ਪ੍ਰੌਸਪੈਕਟਿਵ ਅਤੇ ਪ੍ਰਾਸਿਸ ਵਿਚ ਨਹੀਂ ਪਰਖਿਆ ਅਤੇ ਲੁਕਾਚ ਨੇ ਬਿਲਕੁਲ ਆਧੁਨਿਕ ਕਾਲ ਤੋਂ ਆਪਣਾ ਕੰਮ ਸ਼ੁਰੂ ਕਰ ਲਿਆ ਹੈ, ਉਹ ਇਤਿਹਾਸ ਵੱਲ ਕੇਵਲ ਓਦੋਂ ਜਾਂਦਾ ਹੈ ਜਦ ਉਸ ਤੋਂ ਬਿਨਾਂ ਸਰਦਾ ਹੀ ਨਹੀਂ। ਕੇਵਲ ਹੈ (ਮੈਂ ਉਸ ਨੂੰ ਬਹੁਤ ਮਾਮੂਲੀ ਪੜ੍ਹਿਆ ਹੈ) ਜੋ ਟ੍ਰਾਟਸਕੀ ਦੇ ਕਲਾਤਮਕ ਸੂਖਮਤਾ ਬਾਰੇ ਚੁੱਕੇ ਕੁਝ ਕੁ ਸਥੂਲ ਨੁਕਤਿਆਂ ਨੂੰ ਹਿਲਾਉਂਦਾ ਹੈ, ਪਰ ਉਹ ..ਸਭਿਆਚਾਰ ਤਕ ਆਨ ਦੀ ਕਰਦਾ ਹੈ? ਸੁਹਜ ਦੇ ਮਾਮਲੇ ਤੱਕ ਨਹੀਂ ਪਹੁੰਚਦਾ। ਲੈਨਿਨ ਤੇ ਮਾਉ ਸਭਿਆਚਾਰ ਤਕ ਵੀ ਨਹੀ, ਬਹੁਤਾ ਕਰਕੇ ਸਿਆਸੀ ਸਭਿਆਚਾਰ ਤਕ ਹੀ ਰਹਿ ਜਾਂਦੇ ਹਨ। ਸੋ ਇਹ ਹੈ ਮੇਰੇ ਮਿੱਤਰ ਸਾਡੀ ਹਾਲਤ। ਸ਼ੋਸ਼ਿਤ ਵਰਗ ਦਾ ਬਰੀਕ ਅਤੇ ਮੌਲਿਕ ਆਤਮਿਕ ਜੀਵਨ ਕਿਹੜੀਆਂ ਨੀਹਾਂ ਤੇ ਉਸਰੇਗਾ, ਇਹ ਕੇਵਲ ਚਿੰਤਕ ਹੀ ਨਹੀਂ ਦੱਸ ਸਕਦੇ। ਅਨੇਕਾਂ ਮੇਰੇ ਵਰਗੇ ਲਟਬੌਰਿਆਂ ਨੂੰ ਪ੍ਰਯੋਗਸ਼ਾਲਾ ਦਾ ਮਾਲ ਬਣਨਾ ਪਵੇਗਾ, ਜਿਵੇਂ ਚੰਦ ਉਤੇ ਪਹਿਲਾਂ ਚੂਹੇ ਭੇਜੇ ਜਾਂਦੇ ਸਨ। ਮੇਰੇ ਉਤੇ ਅਤੇ ਸਾਰੇ ਚੌੜ ਚਾਨਣਾਂ ਉਤੇ ਸੁਹਜ ਸੰਕਲਪ ਦੇ ਬੁਰਜੁਆ ਤੰਤੂ ਪ੍ਰਬੰਧ ਦੀ ਪ੍ਰੇਤ ਸਾਇਆ ਮੰਡਰਾ ਰਹੀ ਹੈ। ਸਾਡੇ ਕੋਲ ਨਾ ਅੱਗ ਹੈ ਨਾ ਲੋਹਾ। ਇਕੋ ਰਾਹ ਹੈ ਕਿ ਕਲਾ ਵਿਚ ਅਰਾਜਕਤਾ ਫੈਲਾ ਦੇਈਏ। ਪ੍ਰੰਪਰਾਗਤ ਸੰਕਲਪਾਂ ਨੂੰ ਢਾਹ ਢੇਰੀ ਕਰਨ ਦਾ ਤਾਣ ਲਾਈਏ। ਇਹ ਕੰਮ ਕੇਵਲ ਅਸ਼ੁਧ ਕਵਿਤਾ ਨਾਲ ਹੀ ਹੋ ਸਕਦਾ ਹੈ, ਜਿਸ ਦਾ ਇਸ਼ਾਰਾ ਪਾਬਲੋ ਨਿਰੂਦਾ ਨੇ ਦਿੱਤਾ ਸੀ। ਅਸੀਂ ਲੋਕ ਤੁਹਾਡੇ ਨਾਲੋਂ ਵੱਧ ਅਸੁਰੱਖਿਅਤ ਹਾਂ। ਪਰ ਅਸੀਂ ਤੁਹਾਡੇ ਵਾਂਗ ਮਰਨ ਵਿਚ ਸਵਾਦ ਨਹੀਂ ਲੈਂਦੇ, ਜੀਣ ਪ੍ਰਤੀ ਕੋਤੁਹਲ ਸਾਡੇ ਵਿਚ ਵਧੇਰੇ ਤਿੱਖਾ ਹੈ। ਤੇ ਬੁਰਜ਼ੂਆ ਕਲਾ ਪ੍ਰਬੰਧ, ਜੋ ਕਿ ਹੁਣ ਬੁਰਜੁਆਜ਼ੀ ਦੇ ਨਾਲ ਹੀ ਆਪਣੇ ਵਿਕਾਸ ਦੇ ਅੰਤਮ ਚਰਨਾਂ ਵਿਚ ਪਹੁੰਚ ਚੁੱਕਾ ਹੈ ਹੁਣ ਦਵੰਦਾਂ ਵਿਚੋਂ ਰਾਹ ਭਾਲਣ ਦੀ ਥਾਂ ਦਵੰਦਾਂ ਨੂੰ ਹੀ ਰਾਹ ਜਾਂ ਮੰਜ਼ਲ ਦੇ ਤੌਰ ਤੇ ਸਥਾਪਤ ਕਰਨ ਦੀ ਮਜਬੂਰੀ ਵਰਗੀ ਸਾਜ਼ਿਸ਼ ‘ਚ ਰੁਝਾ ਹੋਇਆ ਹੈ। ਇਹ ਉਸ ਦੀ ਮੌਤ ਦੀ ਨਿਸ਼ਾਨੀ ਹੈ। ਸਮੁੱਚੇ ਬੁਰਜ਼ੁਆ ਕਲਾ ਸੰਸਾਰ ਵਿਚ ਮੌਤ ਦੀ ਗੂੰਜ ਝਰਨੇ ਵਾਂਗ ਸੁਣੀ ਜਾ ਰਹੀ ਹੈ। ਇਸ ਅੰਦਰੂਨੀ ਵਹਾਉ ਨੇ ਉਨ੍ਹਾਂ ਦੇ ਵਿਸ਼ਿਆਂ ਨੂੰ ਵੀ ਪ੍ਰਭਾਵਤ ਕੀਤਾ ਹੈ। ਸਸਪੈਂਸ ਨੇ ਓੜਕਾਂ ਦਾ ਜ਼ੋਰ ਫੜਿਆ ਹੈ। ਤੇਰੀ ਕਵਿਤਾ ‘ਖ਼ਤਾਂ ਦੀ ਉਡੀਕ’ ਤੇ ਘਰਰ ‘ਘਰਰ’ ਕੁਝ ਅਜਿਹੀ ਹੀ ਉਪਜ ਹਨ। ਮਾਫ਼ ਕਰੀਂ ਮੈਂ ਵਿਸ਼ੇ ਤੋਂ ਬਾਹਰ ਤੁਰਿਆ ਜਾ ਰਿਹਾ ਹਾਂ।
ਹੁਣ ਤੱਕ ਹਰਿਭਜਨ ਪੰਜਾਬੀ ਦਾ ਇਕ ਅਜਿਹਾਂ ਬੰਦਾ ਹੈ, ਜੋ ਸੰਵਾਦੀ ਵੀ ਹੈ ਤੇ ਕਵੀ ਵੀ। ਉਂਜ ਆਹਲੂਵਾਲੀਆ ਤੇ ਹਰਭਜਨ ਹੁੰਦਲ ਤੇ ਬਹੁਤ ਸਾਰੇ ਅਖੌਤੀ ਕ੍ਰਾਂਤੀਕਾਰੀ ਵੀ ਸੰਵਾਦੀ ਹਨ, ਪਰ ਉਹ ਕਵੀ ਨਹੀਂ ਹਨ। ਮੈਨੂੰ ਡਰ ਹੈ ਕਿ ਤੂੰ ਵੀ ਸੰਵਾਦੀ ਬਣਦਾ ਜਾ ਰਿਹਾ ਏਂ। ਤੇਰੀ ਕਵਿਤਾ ‘ਪੁਲ’ ਭਾਵੇਂ ਤੇਰੀ ਇਕ ਵੱਖਰੀ ਕਿਸਮ ਦੀ ਉਦਾਸੀ ਦਾ ਪ੍ਰਗਟਾਵਾ ਹੈ, ਪਰ ਇਹ ਵੀ ਆਪਣੇ ਅੰਦਰ ਇਕ ਸੰਵਾਦ ਲਈ ਬੈਠੀ ਹੈ। ‘ਏਸੇ ਤਰ੍ਹਾਂ ਮਕਤੂਲ ਸੱਜਣ ਨੋਟ ਕਰ’ ਤੇ ਹੋਰ ਕਈ ਕਵਿਤਾਵਾਂ (ਜੋ ਹੁਣ ਮੈਨੂੰ ਯਾਦ ਨਹੀਂ ਆ ਰਹੀਆਂ) ਰੱਬ ਦਾ ਵਾਸਤਾ ਈ ਤੂੰ ਇਹ ਨਾ ਬਣ। ਇਹ ਕੰਮ ਡਾ: ਹਰਿਭਜਨ ਲਈ ਰਹਿਣ ਦੇਹ। ਉਹਦੀ ਰੋਜ਼ੀ ਤੇ ਲੱਤ ਨਾ ਮਾਰ। ਸਾਡੇ ਮਾਰਕਸਵਾਦੀ ਬਹੁਤ ਸਿਆਣੇ ਨਹੀਂ ਹਨ। ਉਨ੍ਹਾਂ ਨਾਲ ਸੰਵਾਦ ਚਲਾਉਣ ਦਾ ਮੌਕਾ ਨਹੀਂ ਹੈ। ਇਹ ਕਿਸੇ ਦੀ ਮਿੱਟੀ ਪਲੀਤ ਕਰ ਸਕਦੇ ਹਨ। ਸੰਵਾਦ ਨਹੀਂ ਕਰ ਸਕਦੇ। ਆਪਣੀ ਮਿੱਟੀ ਉਨ੍ਹਾਂ ਕੋਲ ਹੈ ਹੀ ਨਹੀਂ। ਮੈਂ ਤੇਰੀ ਮਿੱਟੀ ਪਲੀਤ ਹੋਣ ਤੋਂ ਨਹੀਂ ਡਰਦਾ, ਤੇਰੀ ਕਵਿਤਾ ਦੇ ਵਿਕਾਸ ਦਾ ਲੋਭੀ ਹਾਂ। ਅਤੇ ਜੇ ਤੂੰ ਨਹੀਂ ਟਲਣਾ ਤਾਂ ਸਾਡਾ ਪੱਧਰ ਤੈਨੂੰ ਪਤਾ ਹੀ ਹੈ। ‘ਲਿਬਰਲ ਦੀ ਆਤਮਕਥਾ’ ਕੇਵਲ ਇਕ ਨਮੂਨੇ ਵਜੋਂ ਸੀ। ਇਹ ਧਮਕੀ ਨਹੀ, ਇਕ ਹਿੰਡ ਹੈ, ਜੋ ਮਾਰਕਸਵਾਦੀ ਨਹੀਂ ਸਗੋਂ ਜਟਕੀ ਹੈ। ਮਨਜੀਤ ਟਿਵਾਣਾ ਤੇਰੇ ਨਾਲੋਂ ਵਧੇਰੇ ਮੌਲਿਕ ਤੇ ਵਧੇਰੇ ਵਿਸਤਰਤ ਹੈ। ਪਰ ਉਹ ਤੈਥੋਂ ਘੱਟ ਕਾਵਿਕ ਤੇ ਸ਼ਬਦਾਂ ਦੀ ਰੂਹ ਪ੍ਰਤੀ ਲੋਫ਼ਰ ਆਸ਼ਕਾਂ ਵਾਲਾ ਵਤੀਰਾ ਲਈ ਬੈਠੀ ਹੈ। ਅਜੀਬ ਗੱਲ ਇਹ ਹੈ ਕਿ ਉਹ ਤੇਰੇ ਨਾਲੋਂ ਘੱਟ ਵਿਦਰੋਹੀ ਤੇ ਵਧੇਰੇ ਇਨਕਲਾਬੀ ਹੈ। ਭਾਵੇਂ ਉਹ ਕਮਿਊਨਿਸਟਾਂ ਨੂੰ ਘਿਰਣਾ ਕਰਦੀ ਹੈ। ਪਰ ਉਹ ਘਿਰਣਾ ਇਸ ਤਰ੍ਹਾਂ ਦੀ ਹੈ, ਜਿਵੇਂ ਕਿਸੇ ਬੱਚੇ ਨੂੰ ਦਾਹੜੀਆਂ ਵਾਲਿਆਂ ਤੋਂ ਹੋਵੇ। ਅਮਿਤੋਜ ਤੇਰੇ ਨਾਲੋਂ ਵਧੇਰੇ ਨਾਟਕੀ, ਵਧੇਰੇ ਸਥੂਲ ਅਤੇ ਵਧੇਰੇ ਆਦਮੀ ਦੀ ਸ਼ਕਤੀ ਵਿਚ ਯਕੀਨ ਰੱਖਣ ਵਾਲਾ ਕਵੀ ਹੈ। ਉਹ ਸਾਡੀ ਪੀੜ੍ਹੀ ‘ਚੋਂ ਵਧੇਰੇ ਪ੍ਰਤਿਭਾ ਰੱਖਦਾ ਹੈ। ਪਰ ਵਿਸ਼ਾਲਤਾ ਨੇ ਉਸ ਨੂੰ ਬੇ-ਆਰਾਮੀ ਭਰਿਆ ਆਲਸੀ ਬਣਾ ਦਿੱਤਾ ਹੈ। ਉਹ ਜੇ ਕੋਸ਼ਿਸ਼ ਕਰੇ ਤਾਂ ਘੱਟੋ-ਘੱਟ ਤੇਰੇ ਜਿੰਨੀ ਚੰਗੀ ਕਵਿਤਾ ਲਿਖ ਸਕਦਾ ਹੈ। ਤੇ ਦੇਵ? ਉਹ ਤੁਹਾਡੇ ਤਿੰਨਾਂ ਵਿਚੋਂ ਸਭ ਤੋਂ ਸਪੱਸ਼ਟ ਸਥੂਲ ਭਾਵੀ ਹੈ, ਜਿਸ ਕੋਲ ਸਮਾਜ ਲਈ ਇਕ ਸਾਰਥਕ ਵਤੀਰਾ ਵੀ ਹੈ। ਪਰ ਉਹ ਬਹੁਤ ਕਰਕੇ ਅਨਕਾਵਿਕ ਰਹਿੰਦਾ ਹੈ ਤੇ ਜ਼ਿੰਦਗੀ ਨੂੰ ਕਿਸੇ ਨਿੱਕੇ ਜਿਹੇ ਪੈਗ਼ੰਬਰ ਵਾਂਗ ਦੇਖਦਾ ਹੈ। ਚਿਤਰ ਸ਼ੈਲੀ ਕਰਕੇ ਵੀ ਉਹਦੀਆਂ ਕੁਝ ਸੀਮਾਵਾਂ ਹਨ। ਤੇ ਅਹਿਸਾਸੀ ਧਾਰਾ ਵਿਚ ਤੇਰਾ ਕੱਦ ਬਹੁਤ ਉੱਚਾ ਹੈ ਦੋਸਤ। ਸਭ ਤੋਂ ਉੱਚਾ। ਤੇਰੀਆਂ ਕਵਿਤਾਵਾਂ ਸਾਡੀ ਪੀੜ੍ਹੀ ਦਾ ਹਨ। ਇਨ੍ਹਾਂ ਅਹਿਸਾਸਾਂ ਦੇ ਸਮਾਜਕ ਲੱਛਣਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਮੈਂ ਇਹ ਹਾਸੋ ਹੀਣੇ ਜਹੇ ਮੁਕਾਬਲੇ ਇਸ ਲਈ ਕੀਤੇ ਹਨ ਕਿ ਤੈਨੂੰ ਇਹ ਪਤਾ ਲਾ ਸਕਾਂ ਕਿ ਮੈਂ ਆਪਣੇ ਸਮਕਾਲੀਆਂ ਅਤੇ ਅਜੋਕੀ ਕਵਿਤਾ ਬਾਰੇ ਕਿਸਤਰ੍ਹਾਂ ਸੋਚਦਾ ਹਾਂ। ਮੇਰਾ ਇਹ ਢੰਗ ਬੜਾ ਭੌਂਡਾ ਹੈ, ਪਰ ਇਸ ਤੋਂ ਛੁਟਕਾਰਾ ਨਹੀਂ ਹੈ। ਮੈਂ ਕੁਝ ਆਪਣੇ ਬਾਰੇ ਵੀ ਕਹਾਂ। ਮੇਰੀਆਂ ਕਵਿਤਾਵਾਂ (ਅਸਲ ਵਿਚ ਕਵਿਤਾ ਵਰਗੀ ਚੀਜ਼ ਬਹੁਤ ਘੱਟ ਹੈ ਮੇਰੇ ਕੋਲ) ਬਹੁਤੀਆਂ ਚੰਗੀਆਂ ਨਹੀਂ ਹਨ। ਇਨ੍ਹਾਂ ਦੀ ਥੋੜੀ ਬਹੁਤ ਸ਼ਕਤੀ ਜੋ ਹੈ, ਕੇਵਲ ਇਨ੍ਹਾਂ ਦੀ ਵਿਲੱਖਣਤਾ ਵਿਚ ਹੈ। ਮੈਂ ਵੱਡੇ ਅਹਿਸਾਸਾਂ ਵਾਲਾ ਕਵੀ ਨਹੀਂ ਹਾਂ। ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਤੇ ਅੰਤਾਂ ਦੀਆਂ ਸਾਧਾਰਨ ਚੀਜ਼ਾਂ ਤੇ ਘਟਨਾਵਾਂ ਨੂੰ ਸ਼ਬਦਾਂ ਦੇ ਪ੍ਰੋਜੈਕਟਰ ‘ਚੋਂ ਲੰਘਾਉਂਦਾ ਹਾਂ ਬੱਸ। ਤੇ ਪੇਂਡੂ ਨੌਜਵਾਨਾਂ ਨੂੰ ਉਹੀ ਤਸਵੀਰ ਦਿਸਦੀ ਹੈ, ਜਿਸ ਵਿਚਲੇ ਖੋਲ ਨੂੰ ਉਹ ਬੜੇ ਚਿਰ ਤੋਂ ਹੰਡਾ ਰਹੇ ਹੁੰਦੇ ਹਨ। ਉਹ ਸਾਰਾ ਕੁਝ ਜੋ ਮੈਂ ਪੇਸ਼ ਕੀਤਾ ਹੁੰਦਾ ਟੁਕੜਿਆਂ ਵਿਚ ਉਹ ਪਹਿਲਾਂ ਵੀ ਸੋਚ ਚੁੱਕੇ ਹੁੰਦੇ ਹਨ। ਮੈਂ ਵਾਹ ਲੱਗਦੇ ਆਪਣੀ ਕਵਿਤਾ ਰਾਹੀਂ ਇਕ ਨਿੱਕਾ ਜਿਹਾ ਪਰ ਮਹਾਨ ਕੰਮ ਕਰ ਰਿਹਾ ਹੁੰਦਾ ਹਾਂ। ਉਹ ਇਹ ਕਿ ਮੁੰਡਿਆਂ ਵਿਚੋਂ ਕਲਚਰਲ ਬੈਕਵਰਡਨੈੱਸ ਬਾਰੇ ਛਾਏ ਹੋਏ ਹੀਣਤਾ ਦੇ ਅਹਿਸਾਸ ਨੂੰ ਖਦੇੜਦਾ ਹਾਂ। ਤੇ ਉਨ੍ਹਾਂ ਨੂੰ ਇਕ ਬਹੁਮੁਖੀ ਜਹਾਲਤ, ਜਿਸ ਵਿਚ ਸ਼ਕਤੀ ਅਤੇ Adventure ਵਰਗੇ ਕੁਝ ਹਾਂ-ਪੱਖੀ ਗੁਣ ਵੀ ਹਨ, ਵਿਚ ਮੁੜ ਯਕੀਨ ਬਣਾਉਣ ਦਾ ਬਾਇਸ ਬਣਦਾ ਹਾਂ ਇਸ ਤਰ੍ਹਾਂ ਮੈਂ ਉਸ ਮਰਦਾਨਗੀ ਦੇ ਨਿਕਾਸ ਵਿਚ ਰੋਕਾਂ ਪਾਉਂਦਾ ਹਾਂ ਜੋ ਸਾਡੇ ਸਹੁਜਵਾਦੀ ਕਵੀ ਨੌਜਵਾਨਾਂ ਦੇ ਦਿਲਾਂ ਵਿਚ ਪੈਦਾ ਕਰ ਰਹੇ ਹਨ। ਮੈਂ ਭਾਵੇਂ ਸਿਆਸਤ ਨਾਲ ਬਹੁਤਾ ਸਬੰਧਤ ਨਹੀਂ। ਪਰ ਇਕ ਗੱਲ ਮੈਂ ਸਿੱਖ ਲਈ ਹੈ ਕਿ ਭੀੜ ਵਿਚ ਧੁਤੂ ਵਜਾਉਣ ਨਾਲ ਕੁਝ ਨਾ ਕੁਝ ਲਾਭ ਹੋ ਹੀ ਜਾਂਦਾ ਹੈ। ਕੋਈ ਆਪਣੇ ਖੀਸੇ ਵਿਚ ਹੱਥ ਪਾਉਂਦਾ ਆਉਂਦਾ ਹੈ ਤੇ ਕਹਿੰਦਾ ਹੈ ਕਿ “ਭਾਈ ਇਕ ਲਾਟਰੀ ਮੇਰੀ ਵੀ ਕੱਟ ਦੇਹ”.ਉਂਜ ਸਮੁੱਚੀ ਪੰਜਾਬੀ ਕਵਿਤਾ ਵਿਚ ਮੇਰੀ ਥਾਂ ਕਿਤੇ ਵੀ ਨਹੀਂ ਹੈ। ਸਰਦਾਰਾ ਸਿੰਘ ਮਾਹਲ ਅਤੇ ਸਰਦਾਰਜੀਤ ਬਾਵਾ ਨੇ ਕੁਝ ਮੈਥੌਂ ਵਧੀਆ ਤੱਤੇ ਲਹੂ ਦੀਆਂ ਕਵਿਤਾਵਾਂ ਲਿਖੀਆਂ ਨੇ। ਤਾਂ ਵੀ ਮੇਰੀ ਕਵਿਤਾ ਓਨੀ ਮਾੜੀ ਨਹੀਂ, ਜਿੰਨੀ ਇਸ ਨੂੰ ਪ੍ਰੀਤਮ ਸਿੰਘ ਤੇ ਆਹਲੂਵਾਲੀਆਂ ਆਦਿ ਦਰਸਾਉਂਦੇ ਹਨ। ਆਪਣੀ ਸਭ ਤੋਂ ਖ਼ੁਸ਼ਕਿਸਮਤੀ ਹੈ ਆਧੁਨਿਕ ਪੰਜਾਬੀ ਕਵੀ ਵੱਡੀ ਹੱਦ ਤਾਈਂ ਮੌਲਿਕ ਅਤੇ ਨਿੱਜੀ ਅਕੀਦਿਆਂ ਵਾਲੇ ਹਨ। ਇਨ੍ਹਾਂ ‘ਚੋਂ ਕਿਸੇ ਦਾ ਵੀ ਦੂਜੇ ਨਾਲ ਮੁਕਾਬਲਾ ਕਰਨਾ ਗ਼ਲਤ ਹੈ। ਆਪਣੇ ਟਕਰਾਉ ਜੇ ਥੋੜੇ ਬਹੁਤ ਹੁੰਦੇ ਵੀ ਹਨ, ਤਾਂ ਇਸ ਲਈ ਕਿ ਇਕੋ ਹੀ ਸੀਮਤ Readership ਹੈ ਜੋ ਸਾਨੂੰ ਸਾਰਿਆਂ ਨੂੰ ਪੜ੍ਹਦੀ ਹੈ: ਘੱਟੋ ਘੱਟ ਆਪਣੇ ਦੋਹਾਂ ਵਿਚ ਤਾਂ ਕੋਈ ਮੁਕਾਬਲਾ ਨਹੀਂ ਹੈ। ਤਾਂ ਵੀ ਮੇਰੇ ਤੇਰੇ ਲਈ ਅੰਤਾਂ ਦੇ ਪਿਆਰ ਵਿਚ ਅਜਿਹਾ ਹੈ, ਜੋ ਉਸ ਦੀ ਹੋਂਦ ਦੇ ਵਿਰੁੱਧ ਹੈ, ਜੋ ਤੇਰੀ ਕਵਿਤਾ ਦੇ ਪ੍ਰਭਾਵ ਦੀ ਹੁੰਦੀ ਹੈ। ਨਿੱਜੀ ਜ਼ਿੰਦਗੀ ਵਿਚ ਤੈਥੋਂ ਬਹੁਤ ਵੱਖਰਾ ਹੁੰਦਾ ਹੋਇਆ ਵੀ ਕਈ ਥਾਈਂ ਤੇਰੇ ਵਰਗਾ ਹੀ ਲਿਬਰਲ, ਗ਼ੈਰ-ਸਿਆਸੀ ਤੇ ਅਵਿਸ਼ਵਾਸੀ ਹਾਂ। ਰਾਜ ਪ੍ਰਬੰਧਾਂ ਪ੍ਰਤੀ ਮੈਂ ਬਹੁਤਾ ਆਸਾਵੰਦ ਨਹੀਂ ਹਾਂ। ਇਨ੍ਹਾਂ ਪ੍ਰਤੀ ਮੇਰੀ ਸੋਚ ਉਲਝੀ ਹੋਈ ਹੈ ਅਤੇ ਮੇਰੇ ਅੰਦਰ ਇਨ੍ਹਾਂ ਤੋਂ ਇਕ ਤ੍ਰਿਸਕਾਰ ਭਰਿਆ ਭੈਅ ਹੈ। ਮੈਂ ਏਥੇ ਜੇਲ੍ਹ ਦੀ ਕੋਠੜੀ ‘ਚ ਆਪਣੇ ਉਤੇ ਕੁੱਦਦੀਆਂ ਗੰਦੀਆਂ ਟਿੱਡੀਆਂ (ਜਾਂ ਟਿੱਡੀਆਂ ਦੀ ਵੀ ਕੋਈ ਲਿਜ਼ਲਿਜ਼ੀ ਕਿਸਮ) ਵੀ ਨਹੀਂ ਮਾਰ ਸਕਦਾ। ਹਿੰਸਾ ਮੈਨੂੰ ਕਿਸੇ ਉਲਟ ਸੰਸਾਰ ਦਾ ਘਿਨੌਣਾ ਪਾਂ ਮਾਰਿਆ ਕੁੱਤਾ ਲੱਗਦੀ ਹੈ। ਮੈਂ ਕਿਸੇ ਵੀ ਹਿੰਸਾ ਵਿਚ ਯਕੀਨ ਰੱਖਣ ਵਾਲੇ ਬੰਦੇ ਜਾਂ ਸੰਸਥਾ ਨੂੰ ਦਿਲੋਂ ਪਿਆਰ ਨਹੀਂ ਕਰ ਸਕਦਾ। ਇਨ੍ਹਾਂ ਸਾਝਾਂ ਸਦਕਾ ਹੀ ਮੈਂ ਤੈਨੂੰ ਤੇਹ ਕਰਦਾ ਹਾਂ ਕਿ ਤੇਰੇ ਚਿੱਤ ‘ਚ ਹੀ ਨਹੀਂ ਆ ਸਕਦਾ ਕਿ ਕੋਈ ਸੱਚ ਮੁੱਚ ਤੈਨੂੰ ਏਨਾ ਚਾਹ ਸਕਦਾ ਹੈ। ਅਮਿਤੋਜ ਨੂੰ ਵੀ ਮੇਰੇ ਪਿਆਰ ਉਤੇ ਯਕੀਨ ਨਹੀਂ ਹੈ। ਮਨਜੀਤ ਨੂੰ ਮੈਂ ਪਿਆਰ ਨਹੀਂ, ਉਹਦਾ ਬੇਹੱਦ ਸਤਿਕਾਰ ਕਰਦਾ ਹਾਂ ( ਇਸ ਲਈ ਨਹੀਂ ਕਿ ਉਹ ਕੁੜੀ ਹੈ, ਸਗੋਂ ਇਸ ਲਈ ਕਿ ਮੈਥੋਂ ਹਿਸਾਬ ਹੀ ਨਹੀਂ ਲੱਗਦਾ ਕਿ ਅੱਜ ਦੇ ਪੰਜਾਬ ਵਿਚ ਕੋਈ ਫ਼ੀਮੇਲ ਵੀ ਏਨਾ ਉੱਚਾ ਸੋਚ ਸਕਦੀ ਹੈ)। ਦੇਵ ਮੇਰਾ ਦੋਸਤ ਹੈ, ਪਰ ਉਸ ਪ੍ਰਤੀ ਮੇਰੀ ਅੰਦਰੂਨੀ ਉਤੇਜਨਾ ਵਿਚ ਕੱਟ-ਵੱਢ ਨਹੀਂ ਹੁੰਦੀ। ਕਾਸ਼ ਮੈਂ ਕਿਸੇ ਤਰ੍ਹਾਂ ਸਮਝਾ ਸਕਦਾ ਕਿ ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ। ਭਾਵੇਂ ਇਹ ਕੋਈ ਕਿਸੇ ਤੇ ਅਹਿਸਾਨ ਨਹੀਂ।
ਮੈਨੂੰ ਪਤਾ ਲੱਗਿਆ ਹੈ ਤੇਰੇ ਗਿਰਦ ਖ਼ੁਸ਼ਾਮਦੀਆਂ ਦੀ ਵੱਡੀ ਭੀੜ ਜੁੜੀ ਹੋਈ ਹੈ। ਇਸ ਗੱਲ ਨੇ ਮੈਨੂੰ ਦੁਖੀ ਕੀਤਾ ਹੈ। ਕੀ ਤੂੰ ਉਨ੍ਹਾਂ ਦੇ ਬਹੁਤਾ ਕਾਬੂ ਤਾਂ ਨਹੀਂ ਆ ਜਾਵੇਂਗਾ। ਮੈ ਆਪਣਾ ਤਜਰਬਾ ਦਸਦਾ ਹਾਂ। 1969 ਜਦ ਤੋਂ ਮੈਂ ਲਿਖਣਾ ਸ਼ੁਰੂ ਕੀਤਾ ਹੈ, ਗੁੱਛਿਆਂ ਦੇ ਗੁੱਛੇ ਪ੍ਰਸ਼ੰਸਕ ਮੈਨੂੰ ਵਲੇਟੇ ਮਾਰੀ ਰੱਖਦੇ ਰਹੇ ਤੇ ਮੈਨੂੰ ਅਚੇਤ ਤੌਰ ਤੇ ਗੁੰਮਰਾਹ ਕਰਨ ਲਈ ਪ੍ਰਯਤਨਸ਼ੀਲ ਰਹੇ ਹਨ। ਪਰ ਮੈਂ ਹਰ ਵਾਰ ਤੋੜ ਕੇ ਭੱਜ ਆਉਂਦਾ ਰਿਹਾ ਹਾਂ ਜਿਵੇਂ ਕਿ ਹਰਿਭਜਨ ਦੀ ਕਵਿਤਾ ਵਿਚ ਮਰਦਾਨਾ ਨਿਕਲ ਜਾਂਦਾ ਹੈ। ਮੈਨੂੰ ਪਤਾ ਹੈ ਕਿ ਇਨ੍ਹਾਂ ਹੱਥਾਂ ਵਿਚ ਕਵੀ ਦੀ ਮੌਤ ਲਿਖੀ ਹੁੰਦੀ ਹੈ। ਦਿੱਲੀ ਵਾਲੇ ਗੁਰਬਚਨ ਤੇ ਸਤਿੰਦਰ ਨੂਰ (ਰੱਬ ਉਨ੍ਹਾਂ ਨੂੰ ਹੋਰ ਅਕਲ ਦੇਵੇ ਤੇ ਮੌਤ ਕਦੀ ਵੀ ਨਾ), ਕਵਿਤਾ ਬਾਰੇ ਸਭ ਤੋਂ ਉੱਚੀ ਸਮਝ ਰੱਖਦੇ ਹਨ। ਮੈਂ ਗੁਰਬਚਨ ਦੇ ਇਨ੍ਹਾਂ ਸ਼ਬਦਾਂ ਦਾ ਸਦਾ ਸਦਾ ਦੇਣਦਾਰ ਰਹਾਂਗਾ “ਲੋਕਪ੍ਰੀਅਤਾ ਇਕ ਤਸ਼ੱਦਦ ਹੈ ਗਲੇ ਦਾ ਰੱਸਾ ਹੈ।” ਸੋ ਭਰਾਵਾ ਇਸ ਦੇ ਭੁਲੇਖੇ ਵਿਚ ਨਾ ਆਈਂ। ਇਹ ਪਹਿਲਾਂ ਪਹਿਲ ਇਉਂ ਲੱਗਦਾ ਹੈ, ਜਿਵੇਂ ਸੱਚਮੁੱਚ ਹਾਰ ਹੀ ਹੋਵੇ। ਮੈਂ ਬਾਰ ਬਾਰ ਡਰਾਮੇ ਕਰਕੇ ਜਾਂ ਅਜਿਹੇ ਕਦਮ ਚੁੱਕ ਕੇ ਜੀਹਦੀ ਮੇਰੇ ਪ੍ਰਸੰਸਕ ਮੇਰੇ ਤੋਂ ਆਸ ਨਹੀਂ ਰੱਖਦੇ, ਉਨ੍ਹਾਂ ਦੇ ਜ਼ਿਹਨ ਤੋਂ ਬਰਫ਼ ਨੂੰ ਤੋੜਦਾ ਰਹਿੰਦਾ ਹਾਂ, ਨਹੀਂ ਤਾਂ ਮੈਂ ਦਰਸ਼ਨ ਖਟਕੜ ਰਹਿ ਜਾਣਾ ਸੀ। ਮੈਨੂੰ ਆਪਣੇ ਸਭ ਤੋਂ ਪਹਿਲੇ ਘੇਰੇ ਦਾ ਵੀ ਪਤਾ ਹੈ, ਮਗਰਲੇ ਵਾਲੇ ਦਾ ਵੀ ਤੇ ਹੁਣ ਵਾਲੇ ਦਾ ਵੀ ਜੋ ਅਜੇ ਬਣ ਰਿਹਾ ਹੈ। ਜਦ ਤਾਈ ਮੇਰੇ ‘ਚ ਸੱਤਿਆ ਰਹੀ ਮੈਂ ਇਨ੍ਹਾਂ ਖ਼ਤਰਨਾਕ ਸ਼ੁਭਚਿੰਤਕਾਂ ਦੀਆਂ ਕੰਧਾਂ ਤੋੜ ਕੇ ਫ਼ਰਾਰ ਹੁੰਦਾ ਰਹਾਂਗਾ। ਰੱਬ ਮੈਨੂੰ ਉਹ ਦਿਨ ਨਾ ਦਿਖਾਵੇ, ਜਦ ਮੈਂ ਕਿਤੇ ਵੀ ਸਥਾਪਤ ਹੋਇਆ ਬੈਠਾ ਰਹਾਂ। ਵਿਅਕਤੀਗਤ ਬੜੀ ਚੀਜ਼ ਹੁੰਦਾ ਹੈ। ਆਦਮੀ ਕੋਲ ਗੁਆਉਣ ਲਈ ਕੁਝ ਨਹੀਂ ਹੁੰਦਾ ਤੇ ਨਾ ਕੁਝ ਜਿੱਤਣ ਲਈ, ਉਹਦੇ ਕੋਲ ਮਹਿਸੂਸ ਕਰਨ ਲਈ ਪੂਰਾ ਬ੍ਰਹਿਮੰਡ ਹੈ-ਰੱਬ ਹੈ।
ਸ਼ਾਇਦ ਮੈਂ ਤੈਨੂੰ ਅਕਾ ਰਿਹਾ ਹਾਂ। ਖ਼ੈਰ ਜੇ ਹੋ ਸਕੇ ਤਾਂ ਮੇਰੇ ਵਿਚ ਦੀ ਕੀਤੇ ਜਾ ਰਹੇ ਆਪਣੇ ਵਿਰੁਧ ਪਰਚਾਰ ਨੂੰ ਦਿਲ ਤੇ ਨਾ ਲਾਈਂ। ਤੇ ਭਵਿਖ ਵਿਚ ਮੇਰੇ ਪਰਤੀ ਕਦੀ ਬੇਰੁਖੀ ਦਿਖਾਈ ਤਾਂ ਇਕ ਬੋਤਲ ਜੁਰਮਾਨਾ ਕਰ ਦਿਆਂਗਾ ਅਤੇ ਘਟੀਆਂ ਜਿਹੀਆਂ ਪੈਰੋਡੀ ਨੁਮਾ ਹੋਰ ਕਵਿਤਾਵਾਂ ਲਿਖਾਂਗਾ।-ਇਹ ਖ਼ਤ ਪਤਾ ਨਹੀਂ ਤੇਰੇ ਕੋਲ ਕਿਸਤਰ੍ਹਾਂ ਪਹੁੰਚੇਗਾ ਅਤੇ ਪਹੁੰਚੇਗਾ ਵੀ ਕਿ ਨਹੀਂ। ਮੇਰੀ ਨਜ਼ਰ-ਬੰਦੀ ਸ਼ਾਇਦ ਬਹੁਤੀ ਲੰਮੀ ਨਹੀਂ ਹੈ। ਛੇਤੀ ਮਿਲਣ ਦੀ ਆਸ ਹੈ।
—–ਪਾਸ਼
ਹਾਂ ਇਹ ਖ਼ਤ ਭਾਵੇਂ ਤੂੰ ਪਾੜ ਸੁੱਟ ਭਾਵੇਂ ਜੇ ਤੇਰਾ ਜੀਅ ਕਰੇ ਤਾਂ ਕਿਤੇ ਛਪਵਾ ਦੇਹ (ਇਸ ਲਈ ਕਿ ਮੇਰੇ ਉਤੇ ਲੱਗਿਆ ਧੱਬਾ ਧੁਪ ਸਕੇ)। ਤੂੰ ਦੇਖੇਂਗਾ ਕਿ ਮੈਂ ਸੱਚੀ ਗੱਲ ਭਾਵੇਂ ਉਹ ਮੇਰੇ ਹੀ ਖ਼ਿਲਾਫ਼ ਜਾਂਦੀ ਹੋਵੇ ਸਾਹਮਣੇ ਲਿਆਉਣ ਤੋਂ ਡਰਦਾ ਨਹੀਂ ਹਾਂ। ਸੱਚ ਯਾਰ, ਗ਼ਜ਼ਲਾਂ ਬਾਰੇ ਮੈਂ ਤੇਰੇ ਨਾਲ ਛਿੱਤਰ ਪਤਾਣ ਹੋਣ ਨੂੰ ਵੀ ਤਿਆਰ ਹਾਂ। ਜਿਸ ਵਿਚ ਨਾ ਕਵਿਤਾ ਵਾਲਾ ਪ੍ਰਾਸਿਸ ਹੈ ਨਾ ਅਹਿਸਾਸਾਂ ਦਾ ਫੈਲਾਓ ਵਿਸਥਾਰ ਤੇ ਸੰਪੂਰਣਤਾ, ਕੇਵਲ ਨੱਕਾਸ਼ੀ ਹੈ, ਸੂਖਮ ਅਹਿਸਾਸਾਂ ਨੂੰ ਨਿਚੋੜ ਕੇ ਸਜਾ ਕੇ ਰੱਖਿਆ ਫ਼ੋਕਟ ਹੈ। ਜੇ ਤੇਰੇ ਵਰਗਾ ਕਵੀ ਗ਼ਜ਼ਲ ਵਿਚ ਵੀ ਕਿਤੇ ਕਿਤੇ ਵਧੀਆ ਗੱਲ ਕਹਿ ਜਾਂਦਾ ਹੈ ਤੇ ਇਹ ਤੇਰੀ ਅਸੀਮ ਸ਼ਕਤੀ ਦਾ ਇਕ ਸਾਧਾਰਨ ਕ੍ਰਿਸ਼ਮਾ ਹੈ। ਇਸ ਨਾਲ ਗ਼ਜ਼ਲ ਦੀ ਸਾਰਥਿਕਤਾ ਸਿੱਧ ਨਹੀਂ ਹੁੰਦੀ।