ਹਾਸ ਵਿਅੰਗ- ਦਵਿੰਦਰ ਗਿੱਲ

ਹਾਸ ਵਿਅੰਗ/ਦਵਿੰਦਰ ਗਿੱਲ

ਸੰਨ 2080 { ਸਮਾਂ :ਅਲਟਰਾ ਕਲਯੁੱਗ , ਸਥਾਨ :ਬੀ.ਸੀ}
ਸਵਾਲ : ਪੰਜਾਬ ਤੇ ਇੱਕ ਲੇਖ ਲਿਖੋ
ਜਵਾਬ :

ਪੰਜਾਬ ਦੇ ਨਾਮਕਰਣ ਬਾਰੇ ਵਿਦਵਾਨਾਂ ਦੀ ਵੱਖ ਵੱਖ ਰਾਇ ਹੈ ਪਰ ਵਟਸਅਪ ਇੰਸਟੀਚਿਊਟ ਆਫ ਲਿੰਗੂਇਸਟਿਕ ਮੁਤਾਬਕ ਇਸਦਾ ਪਹਿਲਾ ਨਾਮ ਜਹਾਜ ਸੀ । ਇੱਕ ਦਿਨ , ਇੱਕੋ ਵੇਲੇ ਪੰਜਾਬੀਆਂ ਦੇ ਪੰਜ ਜਹਾਜ ਫੁੱਲ ਭਰ ਕੇ ਪੰਜ ਵੱਖ ਵੱਖ ਦੇਸ਼ਾਂ ਨੂੰ ਉੱਡੇ ਤਾਂ ਕਿਸੇ ਟਿਕਟੌਕਰ ਦੇ ਮੂੰਹੋਂ ਹੈਰਾਨੀ ਨਾਲ ਨਿਕਲਿਆ “ ਪੰਜਾਜ (ਪੰਜ ਜਹਾਜ) ਓਏ” । ਇਹ ਸ਼ਬਦ ਲੋਕਾਂ ਨੇ ਐਨਾ ਵਾਇਰਲ ਕੀਤਾ ਕਿ ਹੌਲੀ ਹੌਲੀ ਵਿਗੜ ਕੇ ਪੰਜਾਬ ਬਣ ਗਿਆ ।ਮੰਨਿਆ ਜਾਂਦਾ ਹੈ ਕਿ “ਪੰਜਾਜ” ਦੇ ਵਸਨੀਕ ਵਾਹਿਯਾਤ ਚੀਜਾਂ ਨੂੰ ਵਾਇਰਲ ਕਰਨ ਦੇ ਬਹੁਤ ਸ਼ੌਕੀਨ ਹੁੰਦੇ ਸਨ ।ਪੰਜਾਜ (ਪੰਜਾਬ) ਦੀ ਆਵਦੀ ਟੈਂਪਰੇਰੀ ਰਾਜਧਾਨੀ ਤਾਂ ਚੰਡੀਗੜ ਸੀ ਪਰ ਉਸਦੀ ਵਰਚੂਅਲ ਰਾਜਧਾਨੀ ਬੀ.ਸੀ ਨੂੰ ਮੰਨਿਆ ਜਾਂਦਾ ਹੈ ।

ਉਸ ਸਮੇਂ ਦੇ ਲੋਕ ਬਹੁਤ ਗਿਆਨਵਾਨ ਸਨ । ਹਰ ਘਰ ਵਿੱਚੋਂ ਘੱਟੋ ਘੱਟ ਪੰਜ ਯੂ-ਟਿਊਬ ਚੈਨਲ ਜਰੂਰ ਚੱਲਦੇ ਸਨ । ਇਹਨਾਂ ਚੈਨਲਾਂ ਵਾਲਿਆਂ ਕੋਲ ਬਵਾਸੀਰ ਤੋਂ ਲੈ ਕੇ ਕੈਂਸਰ ਤੱਕ ਹਰ ਬਿਮਾਰੀ ਦਾ ਇਲਾਜ ਹੁੰਦਾ ਸੀ ।ਚਾਰ ਜੀਆਂ ਦੇ ਇੱਕ ਪਰਿਵਾਰ ‘ਚੋਂ ਇੱਕ ਡਾਂਸਰ , ਇੱਕ ਕਾਮੇਡੀਅਨ , ਇੱਕ ਡਾਕਟਰ ,ਅਤੇ ਇੱਕ ਕੈਮਰਾਮੈਨ ਹੁੰਦਾ ਸੀ ।ਘਰ ਵਿੱਚ ਜੰਮਿਆ ਪੰਜਵਾਂ ਜੀਅ ਅਕਸਰ ਬੁੱਧੀਜੀਵੀ ਹੁੰਦਾ ਸੀ ਕਿਉਂਕਿ ਉਸ ਕੋਲ ਕਰਨ ਲਈ ਹੋਰ ਕੁਝ ਬਚਦਾ ਹੀ ਨਹੀਂ ਸੀ ।ਜਿਸ ਵੀ ਪ੍ਰਾਣੀ ਦਾ ਟਿੱਕਟੌਕ ਖਾਤਾ ਨਹੀਂ ਹੁੰਦਾ ਸੀ , ਉਸਨੂੰ ਬੇਹੱਦ ਪਛੜਿਆ ਸਮਝਿਆ ਜਾਂਦਾ ਸੀ ।ਯੂ-ਟਿਊਬ , ਟਿਕਟੌਕ , ਰੀਲਾਂ , ਇੰਸਟਾਗਰਾਮ , ਟਵਿੱਟਰ ਆਦਿ ਰੋਜਗਾਰ ਦੇ ਮੁੱਖ ਸਾਧਨ ਸਨ।

ਵਿੱਦਿਅਕ ਸਿਸਟਮ ਬਹੁਤ ਹੀ ਐਡਵਾਂਸ ਸੀ ।ਬਾਰਵੀਂ ਪਾਸ ਨੂੰ ਗਿਆਨੀ ਅਤੇ ਬਾਰ੍ਹਵੀਂ ਦੇ ਨਾਲ ਆਇਲਟਸ ‘ਚੋਂ ਛੇ ਬੈਂਡ ਲੈਣ ਵਾਲੇ ਨੂੰ ਮਹਾਂਗਿਆਨੀ ਮੰਨਿਆ ਜਾਂਦਾ ਸੀ । ਜੇ ਕੋਈ ਬੱਚਾ ਬਾਰ੍ਹਵੀਂ ਤੋਂ ਅੱਗੇ ਪੜਨ ਦੀ ਕੋਸ਼ਿਸ਼ ਕਰਦਾ ਤਾਂ ਉਸਨੂੰ ਰੱਜ ਕੇ ਠਿੱਠ ਕੀਤਾ ਜਾਂਦਾ ਸੀ ।ਸਵੰਬਰ ਦੀ ਪ੍ਰਥਾ ਵੀ ਕਾਇਮ ਸੀ । ਸਾਡੇ ਛੇ ਬੈਂਡ ਲੈਣ ਵਾਲੀ ਲੜਕੀ ਨੂੰ ਆਪਣਾ ਮਨਪਸੰਦ ਵਰ ਚੁਣਨ ਦਾ ਅਧਿਕਾਰ ਸੀ ।

ਪੰਜਾਜ ਦੇ ਬੁੱਧੀਜੀਵੀ ਦੁਨੀਆਂ ਭਰ ਵਿੱਚ ਮੰਨੇ ਹੋਏ ਸਨ । ਉਹ ਖਾਲੀ “ਝੋਲੇ” ਤੇ ਵੀ ਦੋ ਦੋ ਕੁਇੰਟਲ ਦੇ ਲੇਖ ਲਿਖ ਦਿੰਦੇ ਸਨ ।ਦੁਨੀਆਂ ਭਰ ਵਿੱਚ ਮਸ਼ਹੂਰ ਹੈ ਕਿ “ਸੌ ਵਿਚਾਰ ਭਿੜਨ ਦਿਓ , ਹਜਾਰ ਫੁੱਲ ਖਿੜਨ ਦਿਓ” । ਪਰ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਸੀ , ਇਸ ਲਈ ਉੱਥੇ ਫੁੱਲਾਂ ਦੀ ਜਗ੍ਹਾ ਕਣਕ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ । ਵਿਚਾਰਾਂ ਦੇ ਰੁੱਗ ਕਣਕ ਵਾਂਗ ਥਰੈਸ਼ਰ ਵਿੱਚੋਂ ਲੰਘਾਏ ਜਾਂਦੇ ਸਨ । ਦਾਣੇ ਤਾਂ ਚਾਰ ਡਿੱਗਦੇ ਪਰ ਤੂੜੀ ਨਾਲ ਸਿਰ ਭਰ ਜਾਂਦਾ ।ਕਿਹਾ ਜਾਂਦਾ ਹੈ ਕਿ ਉੱਥੇ ਹੁਣ ਸਿਰਫ ਤੂੜੀ ਹੀ ਬਚੀ ਹੈ ।
ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਹਨਾਂ ਦੇ ਗੀਤਾਂ ਵਿੱਚ ਵੀ ਫਸਲਾਂ ਅਤੇ ਸਬਜੀਆਂ ਦੀ ਭਰਮਾਰ ਰਹਿੰਦੀ ਸੀ । ਖਾਣ ਪੀਣ ਦੇ ਸ਼ੌਕੀਨ ਹੋਣ ਕਾਰਨ ਇਹ ਔਰਤ ਦੀ ਤੁਲਨਾ ਵੀ ਕਿਸੇ ਨਾ ਕਿਸੇ ਸਬਜੀ ਜਾਂ ਫਲ ਨਾਲ ਹੀ ਕਰ ਦਿੰਦੇ ਸਨ :
“ਬੁੱਲ ਪਪੀਸੀਆਂ ਉਹਦੇ ਗੱਲਾਂ ਗਲਗਲ ਨਾਰ ਦੀਆਂ…”
ਕਈ ਵਾਰ ਤਾਂ ਖੁਸ਼ ਹੋਏ ਇਹ ਆਵਦੀ ਮਹਿਬੂਬ ਦੀ ਤੁਲਨਾ ਰੋਟੀ ਨਾਲ ਹੀ ਕਰ ਦਿੰਦੇ ਸਨ :
“ਤੂੰ ਢਾਬੇ ਦੇ ਫੁਲਕੇ ਵਰਗੀ ਨਰਮ ਜਿਹੀ ਮੁਟਿਆਰੇ”

ਚਿਕਨ , ਮੱਛੀ , ਬੱਕਰਾ ਅਤੇ ਹੋਰ ਸਬਜੀਆਂ ਵੀ ਭਾਵੇਂ ਖੂਬ ਖਾਧੇ ਜਾਂਦੇ ਸਨ ਤਾਂ ਵੀ ਸਾਗ ਪੰਜਾਬੀਆਂ ਦੀ ਮਨਭਾਉਂਦੀ “ਡਿਸ਼” ਸੀ ।ਸਾਗ ਨੂੰ ਕੁਝ ਵੀ ਕਹਿਣ ਤੇ ਸਮੂਹ ਪੰਜਾਬੀਆਂ ਦੀਆਂ “ਖਾਣ-ਪੀਣ ਭਾਵਨਾਵਾਂ” ਜਖਮੀ ਹੋ ਜਾਂਦੀਆਂ ਸਨ ।ਚਿਕਨ ਤੰਦੂਰੀ ਉੱਥੋਂ ਦਾ ਰਾਸ਼ਟਰੀ ਪੰਛੀ ਮੰਨਿਆ ਜਾਂਦਾ ਹੈ ।

ਪੰਜਾਬੀ ਗੀਤ ਸੰਗੀਤ ਦਾ ਸ਼ੌਕ ਮੁੱਢ ਕਦੀਮ ਤੋਂ ਰੱਖਦੇ ਸਨ ।ਕਲਯੁੱਗ ਵਿੱਚ ਸਾਜਾਂ ਨਾਲ ਸੁਰਾਂ ਵਿੱਚ ਗਾਹਲਾਂ ਕੱਢਣ ਵਾਲੇ ਨੂੰ ਮਹਾਨ ਗਾਇਕ ਮੰਨਿਆ ਜਾਂਦਾ ਸੀ ।ਸਾਜ ਅਤੇ ਗਾਹਲ ਚੋਟੀ ਦੇ ਹੋਣੇ ਚਾਹੀਦੇ ਸਨ , ਸੁਰ ਭਾਵੇਂ ਕੋਈ ਵੀ ਹੋਵੇ ।ਗੰਨ ਆਸਰੇ ਰੰਨ ਚੁੱਕ ਲਿਜਾਣ ਵਾਲੇ ਕਾਵਿ ਨੂੰ “ਉੱਤਮ ਕਾਵਿ” ਦਾ ਦਰਜਾ ਹਾਸਲ ਸੀ ।ਅਜਿਹੇ ਗੀਤ ਗਾਉਣ ਵਾਲੇ ਨੂੰ ਸੂਰਮਾ ਮੰਨਿਆ ਜਾਂਦਾ ਸੀ ।ਗਾਇਕਾਂ ਮੁਤਾਬਕ ਉੱਥੋਂ ਦੇ ਮਰਦ ਪੰਜ ਸੱਤ ਔਰਤਾਂ ਨੂੰ ਕਾਬੂ ਕਰ ਕੇ ਰੱਖਦੇ ਸਨ ਪਰ ਨਾਲ ਹੀ ਇਹ ਸਬੂਤ ਵੀ ਮਿਲਦੇ ਹਨ ਕਿ ਮਰਦਾਨਾ ਕਮਜੋਰੀ ਦੇ ਸਭ ਤੋਂ ਵੱਧ ਡਾਕਟਰ ਵੀ ਇਸੇ ਖਿੱਤੇ ਵਿੱਚ ਪਾਏ ਜਾਂਦੇ ਸਨ ।ਐਨੀ ਕਮਜੋਰੀ ਦੇ ਬਾਵਜੂਦ ਇੱਥੋਂ ਦੇ ਗੱਭਰੂ ਪੰਜ ਪੰਜ ਕੁੜੀਆਂ ਨਾਲ ਸਬੰਧ ਰੱਖਦੇ ਸਨ । ਵਿਗਿਆਨੀ ਹੈਰਾਨ ਹਨ ਕਿ ਜੇ ਇਹ ਚੰਗੇ ਭਲੇ ਹੁੰਦੇ ਤਾਂ ਕੀ ਗੁਲ ਖਿਲਾਉਂਦੇ ?

ਇਹ ਲੋਕ ਆਪਣੀ ਬੋਲੀ ਨੂੰ ਬਹੁਤ ਜਿਆਦਾ ਪਿਆਰ ਕਰਦੇ ਸਨ । ਭਾਵੇਂ ਜਿਆਦਾਤਰ ਲੋਕਾਂ ਦੇ ਜਵਾਕ ਕਾਨਵੈਂਟ ਸਕੂਲਾਂ ਵਿੱਚ ਪੜਦੇ ਸਨ ਪਰ ਉਹ ਲੋਈਆਂ ਅਤੇ ਸ਼ਾਲ ਪੈਂਤੀ ਅੱਖਰੀ ਲਿਖੀ ਵਾਲੇ ਲੈਂਦੇ ਸਨ ।ਭਾਸ਼ਾ ਪ੍ਰਤੀ ਪਿਆਰ ਐਨਾ ਸੀ ਕਿ ਝੋਲਿਆਂ , ਲੋਈਆਂ ਤੋਂ ਹੁੰਦੀ ਹੋਈ ਪੈਂਤੀ ਅੱਖਰੀ ਝੱਗਿਆਂ ਅਤੇ ਬੁਨੈਣਾਂ ਤੱਕ ਤੇ ਲਿਖੀ ਜਾਂਦੀ ਸੀ । “ਜੌਨੀ ਜੌਨੀ ਯੈਸ ਪਾਪਾ” ਗਾਉਣ ਵਾਲੇ ਜਵਾਕ ਮੋਢਿਆਂ ਤੇ ਊੜੇ -ਐੜੇ ਵਾਲੀ ਲੋਈ ਸੁੱਟ ਕੇ “ਗੁਰਮੁਖੀ ਦੇ ਰਾਜੇ ਬੇਟੇ” ਹੋਣ ਦੀ ਫੀਲਿੰਗ ਚੁੱਕਦੇ ਸਨ ।ਉਹ ਲੋਕ ਪੰਜਾਬ ਵਿੱਚ ਅੰਗਰੇਜੀ ਪੜਦੇ ਸਨ ਪਰ ਬਾਹਰ ਜਾ ਕੇ “ਮਾਂ ਬੋਲੀ ਦੀ ਸੇਵਾ” ਲਈ ਲੜਦੇ ਸਨ ।

ਧਾਰਮਿਕ ਅਤੇ ਵਿਗਿਆਨਕ ਤੌਰ ਤੇ ਇਹ ਬਹੁਤ ਲਿਬਰਲ ਕਿਸਮ ਦੇ ਲੋਕ ਸਨ । ਇਹ ਸਵੇਰੇ ਆਵਦੇ ਇਸ਼ਟਾਂ ਨੂੰ ਮੱਥਾ ਟੇਕਦੇ , ਦੁਪਹਿਰ ਵੇਲੇ ਤਰਕਸ਼ੀਲਾਂ ਦੇ ਡਰਾਮੇ ਵੀ ਵੇਖ ਲੈਂਦੇ , ਸ਼ਾਮ ਨੂੰ ਕਿਸੇ ਨਾ ਕਿਸੇ ਪੀਰ ਦੀ ਮਜਾਰ ਤੇ ਹੁੰਦੇ ਸਨ ।ਕੁੱਲ ਮਿਲਾ ਕੇ ਹਰ ਉਸ ਥਾਂ ਪਹੁੰਚ ਜਾਂਦੇ ਸਨ ਜਿੱਥੇ ਖਾਣ-ਪੀਣ ਦਾ ਪ੍ਰਬੰਧ ਵਧੀਆ ਹੁੰਦਾ ਸੀ ।ਇਹ ਲੋਕ ਧਰਮ ਨੂੰ ਵਿਗਿਆਨਕ ਅਤੇ ਵਿਗਿਆਨ ਨੂੰ ਧਾਰਮਿਕ ਨਜਰੀਏ ਨਾਲ ਵੇਖਦੇ ਸਨ ।