ਸਕੂਲ ਦੀ ਮੈਂਨਜਮੈਂਟ , ਮੈਡਮਾਂ , ਬੱਚਿਆਂ ਦੇ ਮਾਪੇ ਸਾਰੇ ਉਸ ਤੋ ਥਰ-ਥਰ ਕੰਬਦੇ …ਬੱਚਿਆਂ ਦੀ ਤਾਂ ਔਕਾਤ ਹੀ ਕੀ…..ਥਾਣੇਦਾਰ ਤੋਂ ਵੱਧ ਰੋਅਬ …ਤੇ ਡਰ …………ਡਰ ਅਮਰੀਸ਼ ਪੁਰੀ ਤੋਂ ਵੀ ਵੱਧ । ਉਹ ਆਪਣੀ ਸਲਤਨਤ ਦਾ ਬਾਦਸ਼ਾਹ ਸੀ । ਉਹ ਕਹਿੰਦੇ ਆ ਨਾਂ ਉਸ ਦੇ ਹੁਕਮ ਤੋ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ। ਇਹ ਕਥਨ ਉਸ ਦੀ ਸਖਸ਼ੀਅਤ ਤੇ ਪੂਰਾ ਉਤਰਦਾ ਸੀ । ਰੰਗ ਸਉਲਾ, ਚੋੜਾ ਸ਼ੇਰ ਵਰਗਾ ਚਿਹਰਾ, ਭਰਵੱਟੇ ਗਾਇਬ ਸਨ। ਸ਼ਾਇਦ ਉਮਰ ਦਾ ਤਕਾਜ਼ਾ ਸੀ। ਕੱਦ ਕਿੰਨਾ ਪਤਾ ਨਹੀਂ ਕਦੇ ਉਸ ਸਾਂਹਵੇ ਅੱਖ ਚੁੱਕ ਕੇ ਵੇਖਿਆ ਹੋਵੇ ਤਾਂ ਦੱਸਾਂ । ਮੱਥੇ ਅੱਗੋਂ ਸਾਰੇ ਵਾਲ ਉੱਡੇ ਹੋਏ ਸਨ ,ਸਾਇਡਾਂ ਤੇ ਚਿੱਟੇ ਵਾਲ ਸਨ । ਜਿਉਂ ਕਿਸੇ ਪਹਾੜੀ ਨੂੰ ਆਸੇ ਪਾਸਿਉ ਬਰਫ਼ ਨੇ ਢੱਕਿਆ ਹੋਵੇ । ਸਰੋਂ ਦਾ ਤੇਲ ਕਈ ਵਾਰ ਵਾਲਾਂ ਤੋਂ ਝਾਕਦਾ ਨਜ਼ਰ ਆਉਦਾ ਸੀ । ਮੋਟੀਆਂ ਡੱਬੀਆਂ ਵਾਲਾ ਗਰਮ ਕੋਟ। ਇਹ ਸਨ ਮੇਰੇ ਪੰਜਵੀਂ ਕਲਾਸ ਦੇ ਹੈੱਡਮਾਸਟਰ ਜੀ । ਨਾਮ …….”ਬਸੰਤ ਲਾਲ” । ਹਰ ਵੇਲੇ ਲਾਲ ਹੀ ਰਹਿੰਦੇ । ਬਸੰਤ ਤਾਂ ਮੈ ਕਦੇ ਉਹਨਾਂ ਤੇ ਚਿਹਰੇ ਤੇ ਆਈ ਵੇਖੀ ਨਹੀਂ। ਸਾਰੇ ਸਕੂਲ ਵਿੱਚ ਉਹਨਾਂ ਦਾ ਰੋਅਬ ਸੀ । ਕੁਝ ਗੱਲਾਂ ਤਾਂ ਬੱਚਿਆ ਨੇ ਆਪਣੇ ਕੋਲ਼ੋ ਵੀ ਜੋੜ ਲਈਆ ਸਨ ਅਖੇ “ਕੱਲ ਤੀਜੀ ਜਮਾਤ ਵਾਲੀ ਮੈਡਮ ਦੇ ਸਰ ਨੇ ਚਪੇੜ ਮਾਰੀ ਮੈਡਮ ਬੇਹੋਸ਼ ਹੋ ਗਏ “….ਡਰ ਹੋਰ ਵੱਧ ਜਾਂਦਾ। ਬੱਚਿਆਂ ਦੇ ਮਾਪੇ ਤਾਂ ਉਸ ਸਾਂਹਵੇ ਜਾਣ ਤੋ ਇਉਂ ਕਤਰਾਉਂਦੇ ਜਿਉਂ ਜਿਵੇ ਹਾਈਕੋਰਟ ਦੇ ਜੱਜ ਸਾਹਮਣੇ ਪੇਸ਼ ਹੋ ਰਹੇ ਹੋਣ। ਆਵਾਜ਼ ‘ਚ ਖੜਾਕਾ ਹੀ ਏਨਾ ਸੀ …..। ਮਾੜੇ ਦਿਲ ਵਾਲਾ ਬੰਦਾ ਤਾਂ ਐਵੇਂ ਹੀ ਡਹਿਲ ਜਾਂਦਾ ਸੀ। ਮੈ ਨਰਸਰੀ ਤੋਂ ਪੰਜਵੀਂ ਤੱਕ ਉਸ ਸਕੂਲ ‘ਚ ਪੜ੍ਹਿਆ । ਹਾਸਾ ਤਾਂ ਮੈ ਉਹਨਾਂ ਦੇ ਚਿਹਰੇ ਦੇ ਨੇੜੇ ਬੰਨੇ ਵੀ ਨਹੀਂ ਵੇਖਿਆ । ਟਿਉਸ਼ਨ ਦੇ ਘੌਰ ਵਿਰੋਧੀ ਸਨ। ਜਿਵੇਂ “ਕਾਂਗਰਸ” “ਆਰ ਐਸ” ਵਾਲਿਆਂ ਦੀ ਏ.। ਇਸ ਲਈ ਉਹਨਾਂ ਦੀ ਭੈਣਜੀਆਂ ਨਾਲ ਵੀ ਬਹੁਤੀ ਨਹੀਂ ਸੀ ਬਣਦੀ । ਪਰ ਡਰ ਹੀ ਐਨਾ ਸੀ ਕਿ ਉਹ ਕੁੱਝ ਕਹਿ ਵੀ ਨਹੀਂ ਸੀ ਸਕਦੀਆਂ। ਜੇ ਕੋਈ ਬੱਚਾ ਟਿਉਸ਼ਨ ‘ਤੇ ਜਾਂਦਾ ਵੀ ਤਾਂ ਚੋਰੀ -ਚੋਰੀ । ਕਿਤੇ ਨਾਲ ਪੜ੍ਹਦੇ ਕਿਸੇ ਬੱਚੇ ਨੂੰ ਵੀ ਨਾ ਪਤਾ ਲੱਗ ਜੇ। ਪੰਜਵੀ ਕਲਾਸ ਦਾ ਹਿਸਾਬ (ਮੈੱਥ) ਹੈਡਮਾਸਟਰ ਜੀ ਪੜਾਉਂਦੇ ਸਨ ਉਹ ਵੀ ਸਾਰੇ ਸਕੂਲ ਨੂੰ ਛੁੱਟੀ ਹੋਣ ਤੋ ਬਾਅਦ । ਪੰਜਵੀਂ ਵਾਲਿਆਂ ਦੀ ਕਲਾਸ ਘੰਟਾ ਵਧੇਰੇ ਲੱਗਦੀ ਸੀ । ਪੰਜਵੀਂ ਦਾ ਸਾਰਾ ਹਿਸਾਬ ਬੱਚਿਆਂ ਨੂੰ ਪੰਜ ਛੇ ਵੇਰਾਂ ਰਟਾ ਹੋ ਜਾਂਦਾ ਸੀ। ਉਹ ਇੱਕ ਘੰਟਾ ਬੱਚਿਆਂ ਲਈ ਕਿਸੇ ਅਗਨੀ ਪਰਿਖਿਆ ਤੋਂ ਘੱਟ ਨਹੀਂ ਸੀ ਹੁੰਦੈ ।ਸਾਰਾ ਹਿਸਾਬ ਬੱਚਿਆਂ ਨੂੰ ਮੂੰਹ ਜ਼ੁਬਾਨੀ ਯਾਦ ਸੀ । ਬਲੈਕ ਬੋਰਡ ‘ਤੇ ਸਵਾਲ ਲਿਖਿਆ ਜਾਂਦਾ ਬੱਚਿਆ ਨੇ ਸਲੇਟ ‘ਤੇ ਜਵਾਬ ਲਿਖਣਾ ਹੁੰਦਾ ਸੀ , ਤੇ ਟਾਇਮ ਸਟਾਰਟ……ਤੇ ਇੱਕ ਗਰਜ਼ਵੀ ਆਵਾਜ਼ ਆਉਦੀ …”ਸਲੇਟਾਂ ਮੂਧੀਆਂ ਮਾਰ ਦੋ” । ਸਾਰੀਆਂ ਸਲੇਟਾਂ ਮੂਧੀਆ ਤੇ ਬੱਚੇ ਖੜੇ । ਕਲਾਸ ਦੇ ਮਨੀਟਰ ਦੀ ਡਿਊਟੀ ਹੁੰਦੀ ਸੀ ਸਾਰੀਆਂ ਸਲੇਟਾਂ ਚੈੱਕ ਕਰਨ ਦੀ। ਜਿਸ ਨੇ ਸਵਾਲ ਨਾ ਕੀਤਾ ਹੋਣਾ , ਮਨੀਟਰ ਆਖਿਰ ‘ਚ ਉਸ ਦੇ ਚਪੇੜਾਂ ਮਾਰਦਾ ਸੀ । ਆਪ ਜਨਾਬ ਅਫ਼ਸਰਾਂ ਵਾਂਗ ਕੁਰਸੀ ‘ਤੇ ਬੈਠੇ ਖਿਝ-ਖਿਝ ਕੇ ਕਹਿੰਦੇ …..”ਦੁੱਬਲ ਉਡਾਓ” । ਮਨੀਟਰ ਚਪੇੜਾਂ ਹੋਰ ਜ਼ੋਰ ਨਾਲ ਮਾਰਨੀਆਂ ਸ਼ੁਰੂ ਕਰ ਦੇਂਦਾ ।
ਹੈਡਮਾਸਟਰ ਜੀ ਦੇ ਦਫ਼ਤਰ ਵਿੱਚ ਇਕ ਫ਼ੋਟੋ ਟੰਗੀ ਹੋਈ ਸੀ, ਜਿਸ ਵਿੱਚ ਹੈਡਮਾਸਟਰ ਜੀ ਕਿਸੇ ਤੋਂ ਸਨਮਾਨ ਲੈ ਰਹੇ ਸਨ। ਸਾਨੂੰ ਬਾਅਦ ‘ਚ ਪਤਾ ਲੱਗਾ ਰਾਸਟਰਪਤੀ ਵੱਲੋ ਮਾਸਟਰ ਜੀ ਨੂੰ ਬੇੱਸਟ ਟੀਚਰ ਦਾ ਐਵਾਰਡ ਮਿਲਣ ਸਮੇ ਦੀ ਫੋਟੋ ਏ। ਸਾਡੇ ਸਕੂਲ ਦਾ ਰਿਕਾਰਡ ਸੀ ਕਿ ਪੰਜਵੀ ‘ਚੋ ਕਦੇ ਕੋਈ ਬੱਚਾ ਫ਼ੇਲ ਨਹੀਂ ਸੀ ਹੋਇਆ। ਮੈਨੂੰ ਯਾਦ ਹੈ ਜਦ ਸਾਡਾ ਪਹਿਲਾਂ ਪੰਜਵੀ ਦਾ ਪੇਪਰ ਸੀ ਤਾਂ ਸਾਨੂੰ ਹੈਡਮਾਸਟਰ ਜੀ ਨੇ ਸਕੂਲੋਂ ਕੁੱਝ ਇਉਂ ਤੋਰਿਆ ਜਿਵੇ ਕੋਈ ਰਾਜਾ ਆਪਣੇ ਸੈਨਿਕਾਂ ਨੂੰ ਜੰਗ ‘ਤੇ ਤੋਰਦਾ ਏ। ਅੱਖਾਂ ‘ਦੀ ਚਮਕ ਤਾਂ ਵੇਖਣ ਵਾਲੀ ਸੀ, ਜਿਵੇਂ ਕਹਿ ਰਹੇ ਹੋਣ….”ਜਾਉ ਮੇਰੇ ਸ਼ੇਰੋ ਮੈਦਾਨ ਫ਼ਤਿਹ ਕਰ ਕੇ ਆਉਣਾ”…… । ਸਾਨੂੰ ਪੰਜਵੀ ਪਾਸ ਹੋਣ ਤੋਂ ਵਧੇਰੇ ਖੁਸ਼ੀ ਇਸ ਗੱਲ ਦੀ ਸੀ ਕਿ ਹੁਣ ਸਾਨੂੰ ਹੈਡਮਾਸਟਰ ਜੀ ਤੋਂ ਹੋਰ ਨਹੀਂ ਪੜ੍ਹਨਾ ਪਵੇਗਾ। ਸਕੂਲ ਪੰਜਵੀਂ ਤੱਕ ਸੀ …ਸੋ ਹੁਣ ਛੇਂਵੀ ਕਿਤੇ ਹੋਰ ਕਰਾਂਗੇ । ਰਿਜ਼ਲਟ ਆਇਆ ਅਸੀ ਸਾਰੇ ਪਾਸ ਹੋ ਗਏ। ਨਵੇਂ ਤੇ ਵੱਡੇ ਸਕੂਲ਼ਾਂ ‘ਚ ਦਾਖਲਾ ਲੈਣ ਲਈ ਪਹੁੰਚੇ…ਤਾਂ ਪਤਾ ਲੱਗਾ ਜਿਹੜੇ ਬੱਚੇ “ਬਸੰਤ ਲਾਲ ਜੀ” ਤੋਂ ਪੜ੍ਹੇ ਨੇ ਉਹਨਾਂ ਦਾ ਟੈਸਟ ਨਹੀਂ ਹੋਵੇਗਾ । ਉਹਨਾਂ ਨੂੰ ਸਿੱਧਾ ਦਾਖਲਾ ਮਿਲੇਗਾ । ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਜਿਸ ਨੂੰ ਅਸੀ ਹੁਣ ਤੱਕ ਸਜ਼ਾ ਸਮਝ ਰਹੇ ਸੀ ਉਹ ਸਾਡੇ ਲਈ ਵਰਦਾਨ ਸੀ। ਨਹੀਂ ਤਾਂ ਕਿਹੜਾ ਅਧਿਆਪਕ ਏ ਜੋ ਸਕੂਲ ਟਾਇਮ ਤੋਂ ਦੋ ਦੋ ਘੰਟੇ ਵਧੇਰੇ ਪੜ੍ਹਾਵੇ ….ਤੇ ਉਹ ਵੀ ਸਕੂਲ ਦਾ ਪ੍ਰਿੰਸੀਪਲ । ਸਾਰੇ ਸਟਾਫ਼ ਤੋਂ ਪਹਿਲਾਂ ਆਉਣਾ ਤੇ ਸਾਰਿਆਂ ਤੋਂ ਬਾਦ ‘ਚ ਜਾਣਾ …….। ਬੱਚਿਆਂ ਨੂੰ ਇਉਂ ਤਿਆਰ ਕਰਨਾ ਜਿਵੇਂ ਕੋਈ ਫ਼ੌਜ ਤਿਆਰ ਕਰਦਾ ਹੋਵੇ । ਇਕ ਸਵੇਰ ਮੈਂ ਆਪਣੀ ਦੁਕਾਨ ‘ਤੇ ਬੈਠਾਂ ਸਾਂ । ਸਕੂਲ ਦੇ ਬੱਚਿਆਂ ਨੂੰ ਜਲਦੀ ਛੁੱਟੀ ਹੋ ਗਈ । ਬੱਚੇ ਖੁਸ਼ ਖ਼ੁਸ਼ ਘਰੇ ਜਾ ਰਹੇ ਸਨ । ਮੈ ਇੱਕ ਬੱਚੇ ਨੂੰ ਰੋਕ ਕੇ ਪੁੱਛਿਆ ਕੀ ਗੱਲ ਅੱਜ ਕਾਹਦੀ ਛੁੱਟੀ ਹੋ ਗਈ…..? ਉਹ ਕਹਿੰਦਾ ……”ਇੱਕ ਸਰ ਸੀ ਉਹ ਪੂਰੇ ਹੋ ਗਏ ਨੇ ਤਾਂ ਛੁੱਟੀ ਹੋ ਗਈ”। ਮੇਰੇ ਮਨ ‘ਚ ਆਇਆ ਕਿਤੇ “ਬਸੰਤ ਲਾਲ”…ਨਹੀਂ…. ਨਹੀ…. ਮਨ ਨੇ ਕਿਹਾ ਉਹ ਤਾਂ ਤਿੰਨ ਸਾਲ ਹੋ ਗਏ ਸਕੂਲ ਪੜ੍ਹਾਉਦੇ ਹੀ ਨਹੀਂ । ਉਹ ਤਾਂ ਬਿਮਾਰ ਰਹਿੰਦੇ ਸੀ ਤਾਂ ਉਹਨਾਂ ਦਾ ਮੁੰਡਾ ਉਹਨਾਂ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਸੀ …..। ਮਨ ਨੂੰ ਝੌਰਾ ਜਿਹਾ ਲੱਗ ਗਿਆ। ਫਿਰ ਮੈਂ ਸੋਚਿਆ ਕਿਤਾਬਾਂ ਵਾਲੀ ਦੁਕਾਨ ਤੋਂ ਪੁੱਛਦਾਂ……! ਮੈਂ ਜਾ ਕੇ ਪੁੱਛਿਆ “ਕੋਣ ਪੂਰਾ ਹੋ ਗਿਆ ਜੋ ਸਕੂਲੇ ਛੁੱਟੀ ਹੋ ਗਈ”…? ਦੁਕਾਨਦਾਰ ਦੇ ਜਵਾਬ ਨੇ ਮੈਨੂੰ ਜਿਵੇਂ ਕੁੱਝ ਸਮੇਂ ਲਈ ਮਿੱਟੀ ਹੀ ਕਰ ਦਿੱਤਾ….”ਯਾਰ ਓਹ “ਬਸੰਤ ਲਾਲ” ਨਹੀ ਸੀ ਹੁੰਦਾ ..ਜੋ ਪ੍ਰਿੰਸੀਪਲ ਸੀ ਅੱਜ ਪੂਰਾ ਹੋ ਗਿਆ….ਆਵਦੇ ਮੁੰਡੇ ਕੋਲ ਰਹਿੰਦਾ ਸੀ ਪਾਨੀਪਤ …।ਵਾਹਵਾ ਟਾਇਮ ਤੋ ਬਿਮਾਰ ਸੀ” । ਉਹ ਅਜੇ ਅਪਣੀ ਗੱਲ ਕਹਿ ਹੀ ਰਿਹਾ ਸੀ ਤੇ ਮੈਂ ਬਿਨਾਂ ਉਸ ਨੂੰ ਕੁਝ ਕਹੇ ਵਾਪਸ ਆਪਣੀ ਦੁਕਾਨ ‘ਤੇ ਆ ਬੈਠਾ…..। ਬੱਚੇ ਹੱਸਦੇ-ਹੱਸਦੇ ਘਰਾਂ ਨੂੰ ਪਰਤ ਰਹੇ ਸਨ ….। ਮੇਰੇ ਤੋਂ ਆਪਣੇ ਅੱਥਰੂ ਨਹੀਂ ਸੀ ਰੁੱਕ ਰਹੇ। ਸੋਚਿਆਂ ਇਹਨਾਂ ਨੂੰ ਕੀ ਪਤਾ ਇਹ ਕੀ ਮਿਸ ਕਰ ਗਏ….? ਕੋਈ-ਕੋਈ ਮਾਂ ਜੰਮਦੀ ਏ ਅਜਿਹਾ ਜਰਨੈਲ…..ਜਿਸ ‘ਤੇ ਤਹਾਨੂੰ ਮਾਣ ਹੁੰਦਾ ਏ । ਜੋ ਨਿਰਪੱਖ ਨਿਰਲੇਪ ਬਿਨਾਂ ਕਿਸੇ ਲਾਲਚ ਤੋਂ ਆਪਣਾ ਆਪਾਂ ਸਮਾਜ ਦੇ ਨਾਵੇਂ ਲਾ ਜਾਂਦਾ ਏ…। ਹੁਣ ਕਦੇ ਆਪਣੇ ਸਕੂਲ ‘ਚ ਜਾਵਾਂ ਤਾਂ ਸਾਰੀ ਕਹਾਣੀ ਮੁੜ ਜ਼ਿੰਦਾ ਹੋ ਜਾਂਦੀ ਏ….ਤੇ ਕੰਨ ‘ਚ ਆਵਾਜ਼ਾ ਆਉਦੀਆਂ ਨੇ “ਦੁੱਬਲ ਉਡਾਓ”…….। ਵਾਪਿਸ ਆਪਣੀ ਦੁਨੀਆ ‘ਚ ਪਰਤਦਾ ਹਾਂ ਤੇ ਸੋਚਦਾ ਹਾਂ…..ਹੁਣ ਕਦੇ ਨਹੀਂ ਆਏਗੀ ਮੇਰੇ ਸਕੂਲ ‘ਤੇ “ਬਸੰਤ”….!
–ਪ੍ਰਿੰਸ ਧੁੰਨਾ