ਹੌਲ਼ੀ–ਹੌਲ਼ੀ ਮਰਨਾ
ਹੌਲ਼ੀ-ਹੌਲ਼ੀ ਮਰਨ ਲੱਗਦੇ ਹਨ
ਜੋ ਆਦਤਾਂ ਦੇ ਗੁਲਾਮ ਹੋ ਜਾਂਦੇ ਹਨ
ਜੋ ਰੋਜ਼ ਇਕੋ ਹੀ ਸਫ਼ਰ ‘ਤੇ ਨਿਕਲਦੇ ਹਨ
ਜੋ ਤਰਤੀਬ ਨਹੀਂ ਬਦਲਦੇ
ਜੋ ਰੰਗ-ਬਰੰਗੀਆਂ ਪੁਸ਼ਾਕਾਂ ਨਹੀਂ ਪਹਿਨਦੇ
ਅਤੇ
ਜਿਹੜੇ ਅਜਨਬੀਆਂ ਨਾਲ਼ ਗੱਲਾਂ ਨਹੀਂ ਕਰਦੇ
ਉਹ ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦੇ ਹਨ
ਉਹ ਮਰਨਾ ਸ਼ੁਰੂ ਕਰ ਦਿੰਦੇ ਹਨ
ਜਿਨਾਂ ਨੇ ਟੈਲੀਵਿਜ਼ਨ ਨੂੰ ਹੀ ਗੁਰੂ ਧਾਰ ਲਿਆ ਹੈ
ਉਹ ਮਰਦੇ ਹਨ
ਹੌਲ਼ੀ-ਹੌਲ਼ੀ
ਜੋ ਜਾਨੂੰਨ ਤੋਂ ਬਚਦੇ ਹਨ
ਜੋ ਸਿਰਫ ਕਾਲਾ ਤੇ ਸਫੈਦ ਰੰਗ ਹੀ ਪਸੰਦ ਕਰਦੇ ਹਨ
ਜੋ ‘ਮੈਂ ਹਾਂ’ ਦੀ ਭਾਵਨਾ ਦੇ ਭੰਵਰ ਚੱਕਰ ‘ਚ ਫਸੇ ਰਹਿੰਦੇ ਹਨ
ਜਿਹੜੇ ਬਚਦੇ ਹਨ ਅੱਖਾਂ ਦੀ ਚਮਕ
ਤੇ ਉਬਾਸੀ ਦੀ ਮੁਸਕਰਾਹਟ ਤੋਂ
ਜੋ ਨਹੀਂ ਸਮਝਦੇ
ਦਿਲ ਦੀ ਤੀਖਣਤਾ ਤੇ ਭਾਵਨਾਵਾਂ ਨੂੰ
ਜੋ ਆਪਣੇ ਨੀਰਸ ਕਿੱਤੇ ਨੂੰ ਨਹੀਂ ਬਦਲਦੇ
ਜੋ ਸੁਪਨਿਆਂ ਪਿੱਛੇ ਨਹੀਂ ਭੱਜਦੇ
ਤੇ ਖ਼ਤਰਾ ਨਹੀਂ ਸਹੇੜਦੇ
ਜੋ ਘੱਟੋ-ਘੱਟ ਜ਼ਿੰਦਗੀ ‘ਚ ਇਕ ਵਾਰ
ਅਕਲਮੰਦ ਨਸੀਹਤਾਂ ਤੋਂ ਦੂਰ ਨਹੀਂ ਭੱਜਦੇ
ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਸਫ਼ਰ ਨਹੀਂ ਕਰਦੇ
ਜੋ ਪੜ੍ਹਦੇ ਨਹੀਂ
ਜੋ ਸੰਗੀਤ ਨਹੀਂ ਸੁਣਦੇ
ਜੋ ਖ਼ੁਦ ਦੀ ਤਾਰੀਫ਼ ਨਹੀਂ ਕਰਦੇ
ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦੇ ਹਨ
ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਆਤਮ-ਸਨਮਾਨ ਦਾ ਗਲ਼ ਘੁੱਟ ਦਿੰਦੇ ਹਨ
ਜੋ ਆਪਣੇ ਆਪ ਦੀ ਮਦਦ ਨਹੀਂ ਕਰਦੇ
ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਬੁਰੀ ਕਿਸਮਤ
ਅਤੇ ਮੋਹਲ਼ੇਧਾਰ ਬਾਰਸ਼ ਨੂੰ ਕੋਸਣ ਲਈ
ਆਪਣਾ ਸਮਾਂ ਬਰਬਾਦ ਕਰਦੇ ਹਨ
ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਹੀ
ਉਸਨੂੰ ਅੱਧ-ਵਿਚਕਾਰ ਛੱਡ ਦਿੰਦੇ ਹਨ
ਜਦੋਂ ਕੋਈ ਅਣਜਾਣ ਸਵਾਲਾਂ ਨੂੰ ਨਾ ਟੱਕਰੇ
ਜਦੋਂ ਕੋਈ ਸਭ ਕੁਝ ਜਾਣਦਿਆਂ
ਅਣਜਾਣ ਬਣ ਜਾਏ
ਤਾਂ ਉਹ ਹੌਲ਼ੀ-ਹੌਲ਼ੀ ਮਰਨਾ ਸ਼ੁਰੂ ਕਰ ਦਿੰਦਾ ਹੈ
ਆਓ
ਕਿਸ਼ਤਾਂ ‘ਚ ਮਰਨੋ ਬਚੀਏ
ਹਮੇਸ਼ਾਂ ਯਾਦ ਰੱਖੀਏ ਕਿ
ਜ਼ਿੰਦਾ ਰਹਿਣਾ
ਸਾਹ ਲੈਣ ਨਾਲ਼ੋਂ ਵੱਡੇ ਜਤਨਾਂ ਦੀ ਮੰਗ ਕਰਦਾ ਹੈ
ਸਬਰ ਤੇ ਧੀਰਜ ਨਾਲ਼ ਹੀ
ਜਿੱਤ ਦੇ ਝੰਡੇ ਗੱਡੇ ਜਾ ਸਕਦੇ ਹਨ
ਤੇ ਸ਼ਾਨਦਾਰ ਖ਼ੁਸ਼ੀਆਂ ਦੇ ਦੁਆਰ ਖ੍ਹੋਲੇ ਜਾ ਸਕਦੇ ਹਨ
–ਮਾਰਥਾ ਮੇਦੇਰੋਸ