ਗ਼ਜ਼ਲਾਂ-ਨਬੀਲ ਨਾਬਰ

ਪੱਲੂ ਨੂੰ ਸਰਕਾਇਆ ਜਾਵੇ

ਦਰਸ਼ਨ ਤੇ ਕਰਵਾਇਆ ਜਾਵੇ।

ਵਾਅਦਾ ਓਦੋਂ ਵਾਅਦਾ ਹੁੰਦਾ

ਜਿਸਲੇ ਤੋੜ੍ਹ ਨਿਭਾਇਆ ਜਾਵੇ।

ਐਸੇ ਦਸਤਰਖ਼ਾਨ ਤੇ ਲਾਹਨਤ

ਭੁੱਖਾ ਸੌਂ ਹਮਸਾਇਆ ਜਾਵੇ।

ਬਣਦਾ ਹੱਕ ਜੇ ਲੈਣਾ ਹੋਵੇ

ਫੇਰ ਕਾਹਨੂੰ ਸ਼ਰਮਾਇਆ ਜਾਵੇ।

ਜਿਹੜਾ ਪਿਆਰ ਦੀ ਗੱਲ ਨਾ ਸਮਝੇ

ਓਹਨੂੰ ਕਿੰਜ ਸਮਝਾਇਆ ਜਾਵੇ।

ਪੀਰ ਫਕੀਰ ਦੇ ਦਰ ਤੇ ਜਾਕੇ

ਖ਼ਾਲੀ ਕਿਸਰਾਂ ਆਇਆ ਜਾਵੇ।

*******************

ਰੂਹ ਤੀਕਰ ਜ਼ਖ਼ਮਾ ਜਾਵੇਗਾ

ਹਿਜਰ ਹਯਾਤੀ ਖਾ ਜਾਵੇਗਾ

ਔਖੇ ਵੇਲੇ ਗੂੜ੍ਹਾ ਸੱਜਣ

ਵੇਖੀਂ! ਕੰਡ ਵਿਖਾ ਜਾਵੇਗਾ

ਤੇਰੀ ਦੀਦ ਦਾ ਵੇਲ਼ਾ ਬੀਬਾ

ਹਿਜਰ ਦੀ ਪੀੜ ਮੁਕਾ ਜਾਵੇਗਾ

ਮੇਰੇ ਇਸ਼ਕ ਦੀ ਅੱਗ ਦਾ ਸੇਕਾ

ਪੱਥਰ ਵੀ ਪਿਘਲਾ ਜਾਵੇਗਾ

ਸੂਲੀ ਤੋਂ ਨਈਂ ਡਰਦਾ ਨਾਬਰ

ਸੱਚ ਲਬਾਂ ‘ਤੇ ਆ ਜਾਵੇਗਾ

*****************

ਤੇਰਾ ਜਦ ਵੀ ਅੱਖ ਨਜ਼ਾਰਾ ਕੀਤਾ ਏ

ਵੇਖਣ ਨੂੰ ਜੀ ਫੇਰ ਦੁਬਾਰਾ ਕੀਤਾ ਏ

ਮੁਨਸਫ਼ ਨੇ ਕੀ ਖੂਬ ਨਤਾਰਾ ਕੀਤਾ ਏ

ਝੂਠਾ ਫ਼ੇਰ ਗ਼ਰੀਬ ਵਿਚਾਰਾ ਕੀਤਾ ਏ

ਪੁੱਤਰ ਨੂੰ ਤੇ ਰੱਜਵਾਂ ਟੁੱਕਰ ਦਿੱਤਾ ਸੂ

ਮਾਂ ਨੇ ਰੋਟੀ ਵੇਖ ਗੁਜ਼ਾਰਾ ਕੀਤਾ ਏ

ਤੇਰੇ ਸਦਕੇ ਸੂਰਜ ਉੱਗਿਆ ਅੰਬਰ ‘ਤੇ

ਤੂੰ ਈ ਜੱਗ ਤੇ ਚਾਨਣ ਸਾਰਾ ਕੀਤਾ ਏ

ਮੈਂ ਬਾਹਵਾਂ ਦੇ ਜ਼ੋਰ ਤੇ ਕੰਢੇ ਲੱਗਣਾ ਏ

ਲੇਖਾਂ ਮੈਥੋਂ ਦੂਰ ਕਿਨਾਰਾ ਕੀਤਾ ਏ

************************

ਵਸਲ ਦੀ ਰੁੱਤੇ ਦੂਰੀ ਚੰਨਾ

ਐਡੀ ਕੀ ਮਜਬੂਰੀ ਚੰਨਾ

ਲੋੜ ਪਵੇ ਤੇ ਰੱਤ ਨਈਂ ਦੇਂਦੇ

ਖਾ ਲੈਂਦੇ ਈ ਚੂਰੀ ਚੰਨਾ

ਹੱਥ ਫ਼ੈਲਾ ਕੇ ਮੰਗਣ ਨਾਲੋਂ

ਬਿਹਤਰ ਏ ਮਜ਼ਦੂਰੀ ਚੰਨਾ

ਤੂੰ ਅਜ਼ਲਾਂ ਤੋਂ ਵੇਖ ਰਿਹਾ ਏਂ

ਜੱਗ ਦੀ ਬੇਦਸਤੂਰੀ ਚੰਨਾ

ਤੈਨੂੰ ਵੇਖ ਕੇ ਵੀ ਨਾ ਮੰਨੀ

ਦੁਨੀਆਂ ਅੰਨ੍ਹੀ ਮੂਰੀ ਚੰਨਾ

ਤੈਨੂੰ ਵੇਖ ਕੇ ਭੁੱਲ ਜਾਨਾ ਵਾਂ

ਗੱਲਾਂ ਢੇਰ ਜ਼ਰੂਰੀ ਚੰਨਾ

ਨਬੀਲ ਨਾਬਰ