ਗ਼ਜ਼ਲ 1
ਲੋਕੀਂ ਓਥੇ ਘੁਗ ਵਸਦੇ ਨੇ ਚੰਗੀ ਜੇ ਸਰਕਾਰ ਮਿਲੇ ਤਾਂ
ਸਾਰੇ ਮਸਲੇ ਹੱਲ ਹੋ ਸਕਦੇ ਵਿਹਲਿਆਂ ਨੂੰ ਰੁਜ਼ਗਾਰ ਮਿਲੇ ਤਾਂ
ਲੋਹਾ ਹੋਵੇ ਅਤੇ ਹਥੌੜਾ ਅੱਗ ਅਤੇ ਭੱਠੀ ਵੀ ਹੋਵੇ
ਓਦੋਂ ਹੀ ਸੰਦ ਚੰਗਾ ਬਣਦਾ ਚੰਗਾ ਅਗਰ ਲੁਹਾਰ ਮਿਲੇ ਤਾਂ
ਰਾਹਾਂ ਉੱਤੇ ਤੁਰ ਪੈਂਦੇ ਨੇ ਬੰਨ ਤਿਆਰੀ ਕੲ ਮੁਸਾਫ਼ਿਰ
ਲੇਕਿਨ ਪੰਧ ਸੁਹਾਨਾ ਹੋਵੇ ਰਾਹਾਂ ਵਿੱਚ ਦਿਲਦਾਰ ਮਿਲੇ ਤਾਂ
ਸ਼ੋਰ ਸ਼ਰਾਬਾ ਪਾਈ ਜਾਂਦੀ ਐਵੇਂ ਦੁਨੀਆ ਤਾਲੋਂ ਖੁੰਝੀ
ਤੂੰਬਾ ਵੀ ਤਦ ਸੁਰ ਵਿੱਚ ਵੱਜਦਾ ਚੱਜ ਦੀ ਕੋਈ ਤਾਰ ਮਿਲੇ ਤਾਂ
ਵਤਨੋਂ ਦੂਰ ਤੁਰੇ ਜਾਂਦੇ ਨੇ ਕਾਹਤੋਂ ਗੱਭਰੂ ਤੇ ਮੁਟਿਆਰਾਂ
ਕਿਹੜਾ ਬੰਦਾ ਘਰ ਛੱਡਦਾ ਹੈ ਏਥੇ ਜੇ ਸਤਿਕਾਰ ਮਿਲੇ ਤਾਂ
ਠੂੰਹੇਂ ਸੱਪਾਂ ਤੋਂ ਵੀ ਵਧ ਕੇ ਹੋਇਆ ਫਿਰਦਾ ਜ਼ਹਿਰੀ ਬੰਦਾ
ਕਰੀਏ ਓਹਦੇ ਨਾਲ ਦੋਸਤੀ ਉੱਤਮ ਜੇ ਕਿਰਦਾਰ ਮਿਲੇ ਤਾਂ
ਕੋਠੀ, ਬੰਗਲਾ,ਮਹਿਲ, ਮੁਨਾਰੇ ਭਾਵੇਂ ਬਹੁਤੇ ਉਚੇ ਲੱਗਣ
ਘਰ ਓਦੋਂ ਹੀ ਘਰ ਬਣਦਾ ਹੈ ਘਰ ਨੂੰ ਜੇ ਪ੍ਰੀਵਾਰ ਮਿਲੇ ਤਾਂ
ਸਾਡੀ ਸੋਚ ਦੇ ਸਾਰੇ ਸ਼ਸਤਰ ਅਜੇ ਤਾਂ ਖੁੰਢੇ ਅਤੇ ਜੰਗਾਲੇ
ਸ਼ੁਰੂ ਕਰਾਂਗੇ ਫੇਰ ਬਗਾਵਤ ਤਿੱਖੀ ਜਹੀ ਤਲਵਾਰ ਮਿਲੇ ਤਾਂ
ਹੋਂਦ ਆਪਣੀ ਖਾਤਰ ਕੌਮਾਂ ਯੁੱਧ ਲੜਦੀਆਂ ਸੁਣਦੇ ਆਏ
ਕੌਮ ਅੰਤ ਨੂੰ ਤਾਂ ਜਿਤੇਗੀ ਜੇ ਝੰਡਾ ਬਰਦਾਰ ਮਿਲੇ ਤਾਂ
ਗ਼ਜ਼ਲ 2
ਪੱਤਝੜ ਰੁੱਤੇ ਪੱਤ ਵਿਹੂਣੇ ਰੁੱਖਾਂ ਦੀ ਕੁਰਬਾਨੀ ਦੇਖੋ
ਫੇਰ ਬਹਾਰਾਂ ਦੇ ਲਈ ਕਰਦੇ ਜੋ ਕੋਸ਼ਿਸ਼ ਲਾਸਾਨੀ ਦੇਖੋ
ਮਿੱਟੀ ਨਾਲੋਂ ਤੋੜੇ ਲੋਕੀਂ ਏਨੀ ਵੱਡੀ ਸਾਜ਼ਿਸ਼ ਕੀਤੀ
ਗੋਲ ਇਮਾਰਤ ਅੰਦਰ ਬੈਠੇ ਠੱਗਾਂ ਦੀ ਮਨਮਾਨੀ ਦੇਖੋ
ਘੁੱਗੀਆਂ ਅਤੇ ਕਬੂਤਰ ਚਿੜੀਆਂ ਦੇ ਬੋਟਾਂ ਦੀ ਖੈਰ ਮਨਾਓ
ਜੋ ਰਾਜੇ ਦੀ ਚੂਰੀ ਖਾਂਦਾ ਤੋਤੇ ਦੇ ਗਲ ਗਾਨੀ ਦੇਖੋ
ਕਰ ਚੁੱਕੇ ਨੇ ਜੀ ਹਜ਼ੂਰੀ ਰਾਜੇ ਦੇ ਦਰਬਾਰ ਬਥੇਰੀ
ਲੋਕਾਂ ਖਾਤਰ ਨਹੀਓਂ ਲਿਖਦੀ ਕੁਝ ਕਵੀਆਂ ਦੀ ਕਾਨੀ ਦੇਖੋ
ਉੱਲੂਆਂ ਤੇ ਚਮਗਿੱਦੜਾਂ ਕਬਜ਼ਾ ਬਾਗ਼ ਦੇ ਉੱਤੇ ਏਦਾਂ ਕੀਤਾ
ਮਾਲੀਆਂ ਹੀ ਖੁਦ ਵਾੜ ਉਖਾੜੀ ਕੈਸੀ ਕਾਰਸ਼ਤਾਨੀ ਦੇਖੋ
ਗ਼ਜ਼ਲ 3
ਦਿਲ ਕਰਦਾ ਹੈ ਮੇਰਾ ਜੇਕਰ ਮੈਂ ਦੁਨੀਆਂ ਦਾ ਹਾਕਮ ਹੋਵਾਂ
ਦੇਵਾਂ ਸੁਰ ਹਰ ਬਾਸ਼ਿੰਦੇ ਨੂੰ ਮੈਂ ਏਸ ਤਰ੍ਹਾਂ ਦੀ ਸਰਗ਼ਮ ਹੋਵਾਂ
ਹਰ ਵੇਲੇ ਹੀ ਰਾਗ ਅਲਾਪਾਂ ਲੋਕਾਂ ਦੇ ਕਲਿਆਣ ਲਈ ਮੈਂ
ਨੇੜੇ ਤੇੜੇ ਦੱਬੇ-ਕੁਚਲੀ ਪਰਜਾ ਦਾ ਮੈਂ ਪਰਚਮ ਹੋਵਾਂ
ਪਰਦੇ ਤੇ ਸ਼ੀਸ਼ੇ ਦੇ ਓਹਲੇ ਵਾਲਾ ਜੀਵਨ ਕੀ ਕਰਨਾ ਮੈਂ
ਦੁਖਿਆਰਾਂ ਦੀ ਸੇਵਾ ਖਾਤਿਰ ਹਾਜ਼ਰ ਫਿਰ ਹਰਦਮ ਹੋਵਾਂ
ਭਰੇ ਖ਼ਜ਼ਾਨੇ ਠੋਕਰ ਮਾਰਾਂ ਛੱਡ ਦਿਆਂ ਮੈਂ ਮਹਿਲਾਂ ਤਾਈਂ
ਹਰ ਗੋਰੀ ਦੇ ਪੈਰਾਂ ਵਾਲੀ ਝਾਂਜਰ ਦੀ ਮੈਂ ਛਮ-ਛਮ ਹੋਵਾਂ
ਮੈਨੂੰ ਨਹੀਂ ਬਰਦਾਸ਼ਤ ਫੁੱਲਾਂ ਤੇ ਬੱਚਿਆਂ ਦਾ ਮੁਰਝਾ ਜਾਣਾ
ਚਾਹੁੰਦਾ ਹਾਂ ਮੈਂ ਹਰ ਬੱਚੇ ਦੇ ਜ਼ਖਮਾਂ ਉੱਤੇ ਮਰਹਮ ਹੋਵਾਂ
ਗ਼ਜ਼ਲ 4
ਬੜਾ ਕੁਝ ਕਹਿ ਲਿਆ ਹੈ ਪਰ ਬੜਾ ਕੁਝ ਕਹਿਣ ਵਾਲਾ ਹੈ
ਕਿ ਮੌਸਮ ਆ ਰਿਹਾ ਲਗਦਾ ਕੁਰੱਖਤ ਰਹਿਣ ਵਾਲਾ ਹੈ
ਹਮੇਸ਼ਾ ਵਾਂਗ ਹਾਕਮ ਦਾ ਨਵਾਂ ਫਿਰ ਹੁਕਮ ਹੈ ਆਇਆ
ਕਿ ਪਰਜਾ ਸ਼ਹਿਰ ਦੀ ਉੱਪਰ ਜੁਲਮ ਹੁਣ ਢਹਿਣ ਵਾਲਾ ਹੈ
ਸਿਤਮ ਕਿੰਨਾ ਹੀ ਜਰਿਆ ਹੈ ਪ੍ਰੰਤੂ ਹੱਦ ਹੈ ਇਹ ਤਾਂ
ਅਸਾਡੇ ਹੀ ਸਿਰਾਂ ਉੱਤੋਂ ਇਹ ਪਾਣੀ ਵਹਿਣ ਵਾਲਾ ਹੈ
ਜਦੋਂ ਵੀ ਆਮ ਜਨਤਾ ਨੂੰ ਤੁਸੀਂ ਏਦਾਂ ਲਤਾੜੋਂਗੇ ਤਾਂ
ਸੋਚੋ ਕਿ ਸਿਤਮ ਹੁਣ ਕੌਣ ਐਨੇ ਸਹਿਣ ਵਾਲਾ ਹੈ
ਬੜੀ ਸਖਤੀ ਤੁਸੀਂ ਕੀਤੀ ਹੈ ਖੇਤੀ ਵਾਰਿਸਾਂ ਉੱਤੇ
ਇਹ ਨਾ ਸੋਚਿਓ ਅਵੇਸਲਾ ਉਹ ਬਹਿਣ ਵਾਲਾ ਹੈ
ਕਦੇ ਜਿਸਦਾ ਇਸ਼ਟ ਮਿੱਟੀ ਹਲ ਪੰਜਾਲੀ ਤੇ ਸੁਹਾਗਾ ਸੀ
ਉਹ ਰੱਖਿਓ ਯਾਦ ਸਿੰਘਾਸਨ ਨਾਲ ਬੰਦਾ ਖਹਿਣ ਵਾਲਾ ਹੈ
ਗਹਿਰੇ ਜ਼ਖ਼ਮ ਜਿਸਨੂੰ ਦੇ ਰਹੇ ਹੋ ਐ ਹੁਕਮਰਾਨੋ
ਕਿ ਸੀਨੇ ਓਸਦਾ ਖੰਜਰ ਤੁਹਾਡੇ ਲਹਿਣ ਵਾਲਾ ਹੈ
(ਬਲਜੀਤ ਪਾਲ ਸਿੰਘ)