ਪ੍ਰੋਗਰਾਮ ਤੇਰਾਂ ਨੁਕਾਤੀ : ਐਲਾਨ, ਅਮਲ ਤੇ ਨਸੀਹਤ-ਸਰਬਜੀਤ ਸੋਹੀ

ਪ੍ਰੋਗਰਾਮ ਤੇਰਾਂ ਨੁਕਾਤੀ : ਐਲਾਨ, ਅਮਲ ਤੇ ਨਸੀਹਤ
       ਪੰਜਾਬ ਦੇ ਕਾਲੇ ਦੌਰ ਬਾਰੇ ਬਹੁਤ ਸਾਰੇ ਭਰਮ/ਭੁਲੇਖੇ, ਅਨੁਮਾਨ ਅਤੇ ਆਪੇ ਘੜੀਆਂ ਵਿਆਖਿਆਵਾਂ ਪੜ੍ਹਣ/ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਬਹੁਤੇ ਕਿਤਾਬੀ ਪੰਨੇ, ਫ਼ਿਲਮੀ ਪਰਦੇ ਅਤੇ ਅਖੌਤੀ ਅਖਿਆਣ ਕਾਲੇ ਦੌਰ ਦੀ ਅਸਲ ਤਸਵੀਰ ਦਾ ਇੱਕ ਪਾਸਾ ਜਾਂ ਅਧੂਰਾ ਪਾਸਾ ਦਿਖਾਉਣ ਤੀਕ ਹੀ ਸੀਮਿਤ ਹਨ। ਇਮਤਿਆਜ਼ ਅਲੀ ਵੱਲੋਂ ਚਮਕੀਲੇ ਬਾਰੇ ਬਣਾਈ ਗਈ ਫ਼ਿਲਮ ਨੇ ਫਿਰ ਪੰਜਾਬੀ ਭਾਈਚਾਰੇ ਵਿਚ ਅਜਿਹੀਆਂ ਚਰਚਾਵਾਂ ਨੂੰ ਮੁੜ ਛੇੜਿਆ ਹੈ। ਸੰਨ੍ਹ 1986 ਵਿਚ ਅੰਮ੍ਰਿਤਸਰ ਵਿਖੇ ਹੋਏ ਸਰਬੱਤ ਖ਼ਾਲਸੇ ਵਿਚ ਖਾੜਕੂ ਧਿਰਾਂ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕਰਦਿਆਂ ਖਾਲਿਸਤਾਨ ਦੇ ਮਾਡਲ ਦੀ ਝਲਕ ਹਕੀਕਤ ਵਿਚ ਵਿਖਾਉਣ ਲਈ ਇੱਕ ਮੁਹਿੰਮ ਅਰੰਭੀ ਸੀ। ਇਸ ਲਈ ਪਹਿਲਾਂ ਇੱਕ ਅਤੇ ਫਿਰ ਦੋ ਪੰਥਕ ਕਮੇਟੀਆਂ, ਖਾੜਕੂ ਧਿਰਾਂ ਦੀਆਂ ਛਾਤਾ-ਸੰਸਥਾਵਾਂ ਵਜੋਂ ਸੁਰਖ਼ੀਆਂ ਵਿਚ ਆਈਆਂ ਸਨ। ਪਹਿਲੀ ਪੰਥਕ ਕਮੇਟੀ 26 ਜਨਵਰੀ 1986 ਨੂੰ ਬਣਾਈ ਗਈ, ਜਿਸ ਵਿਚ ਭਾਈ ਗੁਰਬਚਨ ਸਿੰਘ ਮਾਨੋਚਾਹਲ, ਵੱਸਣ ਸਿੰਘ ਜ਼ਫਰਵਾਲ, ਭਾਈ ਧੰਨਾ ਸਿੰਘ, ਅਰੂੜ ਸਿੰਘ ਅਤੇ ਗੁਰਦੇਵ ਸਿੰਘ ਉਸਮਾਨਵਾਲਾ ਪੰਜ ਮੈਂਬਰ ਸ਼ਾਮਲ ਸਨ। ਇਸ ਸਮੇਂ ਪੂਰੇ ਪੰਜਾਬ ਵਿਚ ਚਮਕੀਲਾ ਛਾਇਆ ਹੋਇਆ ਸੀ। ਬੱਸਾਂ, ਬੰਬੀਆਂ, ਕਾਲਜਾਂ, ਗਲੀਆਂ-ਬਜ਼ਾਰਾਂ ਵਿਚ ਚਮਕੀਲੇ ਦੇ ਗੀਤ ਆਮ ਹੀ ਸੁਨਣ ਨੂੰ ਮਿਲਦੇ ਸਨ। ਸਮਕਾਲੀ ਗਾਇਕਾਂ ਦੇ ਮੁਕਾਬਲੇ ਉਹਦੇ ਗੀਤ ਜ਼ਿਆਦਾ ਮਕਬੂਲ ਸਨ। ਇਹਨਾਂ ਵਿਚ ਲੋਕ ਮੁਹਾਵਰੇ/ਅਖੌਤਾਂ ਦੀ ਐਨੀ ਖ਼ੂਬਸੂਰਤੀ ਨਾਲ ਵਰਤੋਂ ਕੀਤੀ ਗਈ ਸੀ ਕਿ ਉਸ ਦੇ ਗੀਤ ਲੋਕ ਦਿਲਾਂ ਵਿਚ ਉੱਤਰਦੇ ਜਾਂਦੇ ਸਨ। ਚਮਕੀਲੇ ਨੇ ਗੀਤਾਂ ਵਿਚ Attitude Set ਕਰਨ ਦੀ ਜੋ ਸ਼ੈਲੀ ਅਪਣਾਈ ਸੀ, ਉਹ ਜੱਟਵਾਦ ਅਤੇ ਮਰਦਾਵੀਂ ਅਜਾਰੇਦਾਰੀ ਨੂੰ ਬਹੁਤ ਫਿੱਟ ਬਹਿੰਦੀ ਸੀ। ਕੁਝ ਕੁ ਸਾਲਾਂ ਵਿਚ ਚਮਕੀਲੇ ਨੇ ਗਾਇਕੀ ਦੇ ਖੇਤਰ ਵਿਚ ਆਪਣੀ ਅਲੱਗ ਛਵੀ ਸਥਾਪਿਤ ਕਰ ਲਈ। ਉਸ ਦੀ ਚੜ੍ਹਤ ਦੇ ਨਾਲ ਨਾਲ ਪੰਜਾਬ ਵਿਚ ਅੱਤਵਾਦ ਵੀ ਚੜ੍ਹਤ ਵੱਲ ਵੱਧ ਰਿਹਾ ਸੀ। ਪੰਥਕ ਕਮੇਟੀ ਦੇ ਗਠਨ ਤੋਂ ਬਾਅਦ ਪੰਜਾਬ ਵਿੱਚ ਲੱਚਰ ਗਾਇਕੀ ਬਾਰੇ ਖਾੜਕੂਆਂ ਦੇ ਬਿਆਨ ਆਉਣ ਲੱਗ ਪਏ। ਚਮਕੀਲੇ ਨੂੰ ਵੱਖ ਵੱਖ ਗਰੁਪਾਂ ਵੱਲੋਂ ਧਮਕੀਆਂ ਮਿਲਣ ਲੱਗ ਪਈਆਂ। ਉਸ ਨੇ ਦਰਬਾਰ ਸਾਹਿਬ ਜਾ ਕੇ ਪੰਥਕ ਕਮੇਟੀ ਨੂੰ ਮਿਲਣ ਦਾ ਫ਼ੈਸਲਾ ਲਿਆ। ਸੰਨ੍ਹ 1986 ਵਿਚ ਪਰਕਰਮਾ ਦੇ ਕਮਰਾ ਨੰਬਰ 42 ਵਿਚ ਉਹ ਬਾਬਾ ਮਾਨੋਚਾਹਲ ਦੀ ਅਗਵਾਈ ਹੇਠ ਤਕਰੀਬਨ ਸਾਰੇ ਮੁੱਖ ਮੈਂਬਰਾਂ ਦੇ ਸਨਮੁਖ ਪੇਸ਼ ਹੋਇਆ। ਉਸ ਨੇ 5100 ਰੁਪੈ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਖਾੜਕੂਆਂ ਦੇ ਕਹਿਣ ਉੱਤੇ ਧਾਰਮਿਕ ਗੀਤ ਗਾਉਣ ਦੀ ਹਾਮੀ ਵੀ ਭਰੀ ਅਤੇ ਬਾਅਦ ਵਿਚ ਧਾਰਮਿਕ ਗੀਤਾਂ ਦੀਆਂ ਦੋ ਟੇਪਾਂ ਵੀ ਕਰਵਾਈਆਂ ਸਨ। ਪਰ ਇਸ ਦੇ ਨਾਲ ਨਾਲ ਦੇਸ਼-ਵਿਦੇਸ਼ ਵਿਚ ਉਸਦੇ ਰਵਾਇਤੀ ਅਖਾੜੇ ਬਿਨਾ ਕਿਸੇ ਡਰ ਦੇ ਚੱਲਦੇ ਰਹੇ। ਪੰਜਾਬ ਵਿਚ ਉਦੋਂ ਖਾੜਕੂਆਂ ਦੀ ਇੱਕ ਹੀ ਧਿਰ ਸੀ। ਫਿਰ ਜਲਦੀ ਹੀ ਅਰੂੜ ਸਿੰਘ ਨੇ ਇਸ ਪੰਥਕ ਕਮੇਟੀ ਵਿੱਚੋਂ ਨਿਕਲ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾ ਲਈ ਅਤੇ ਬੱਬਰ ਖ਼ਾਲਸਾ ਨਾਲ ਗੱਠ-ਜੋੜ ਕਰ ਲਿਆ। ਸੁਖਵਿੰਦਰ ਸਿੰਘ ਸੰਘੇ ਨੇ ਮਾਨੋਚਾਹਲ ਦਾ ਭਰਾ ਮਾਰ ਦਿੱਤਾ ਤੇ ਉਸ ਨੇ ਵੀ ਅਲੱਗ ਭਿੰਡਰਾਂਵਾਲਾ ਟਾਈਗਰ ਫੋਰਸ ਬਣਾ ਕੇ ਬੱਬਰ ਖ਼ਾਲਸਾ ਨਾਲ ਨਾਤਾ ਜੋੜ ਲਿਆ। ਇਸ ਸਮੇਂ ਦੌਰਾਨ ਹੀ ਮਨਬੀਰ ਸਿੰਘ ਚਹੇੜੂ ਨੇ ਖਾਲਿਸਤਾਨ ਕਮਾਂਡੋ ਫੋਰਸ ਬਣਾ ਕੇ ਬੱਬਰ ਖ਼ਾਲਸਾ ਨਾਲ ਸਾਂਝ ਪਾ ਲਈ। ਗੁਰਜੀਤ ਸਿੰਘ ਹਰੀਹਰ ਝੋਕ/ਦਲਜੀਤ ਸਿੰਘ ਬਿੱਟੂ ਵਾਲੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਚੌਥੀ ਜਥੇਬੰਦੀ ਵਜੋਂ ਇਸ ਗਰੁੱਪ ਵਿਚ ਸ਼ਮੂਲੀਅਤ ਕੀਤੀ ਅਤੇ ਪੰਜਵੀਂ ਧਿਰ ਵਜੋਂ ਡਾਕਟਰ ਸੋਹਣ ਸਿੰਘ ਪੰਥਕ ਕਮੇਟੀ ਇਸ ਦਾ ਹਿੱਸਾ ਬਣ ਗਈ। ਇੰਜ ਇਸ ਗਰੁਪ ਨੂੰ (ਪੰਜ ਜਥੇਬੰਦੀਆਂ) ਕਿਹਾ ਜਾਣ ਲੱਗਾ। ਸਰਬੱਤ ਖ਼ਾਲਸੇ ਤੋਂ ਬਾਅਦ ਇਕਦਮ ਪੰਜਾਬ ਵਿਚ ਕਤਲੋਗਾਰਤ ਦੀਆਂ ਗਤੀਵਿਧੀਆਂ ਵੱਧ ਗਈਆਂ। ਸਰਹੱਦ ਪਾਰ ਤੋਂ ਅਸਲਾ ਪੰਜਾਬ ਵਿਚ ਆਉਣ ਲੱਗ ਪਿਆ। 1987 ਵਿਚ ਏ ਕੇ ਸੰਤਾਲੀਆਂ ਦੀ ਪਹਿਲੀ ਖੇਪ ਪੰਜਾਬ ਵਿਚ ਪਹੁੰਚੀ ਤਾਂ ਘਰ ਘਰ ਸੱਥਰ ਵਿਛਣ ਲੱਗੇ।
ਸਾਕਾ ਨੀਲਾ ਤਾਰਾ ਤੋਂ ਬਾਅਦ ਛਲਣੀ ਹੋਈ ਸਿੱਖ ਮਾਨਸਿਕਤਾ ਹਥਿਆਰਬੰਦ ਸੰਘਰਸ਼ ਲਈ ਆਧਾਰ ਬਣ ਚੁੱਕੀ ਸੀ। ਇਸ ਰੋਹ ਨੂੰ ਬੌਧਿਕ ਤੌਰ ਤੇ ਵਰਤਣ ਲਈ ਇੱਕ ਬੁੱਧੀ-ਜੀਵੀ ਦਸਤਾ ਹੋਂਦ ਵਿਚ ਆ ਗਿਆ। ਡਾ. ਸੋਹਣ ਸਿੰਘ ਜੋ ਕਿ ਪੰਜਾਬ ਸਿਹਤ ਵਿਭਾਗ ਦਾ ਰਿਟਾਇਰ ਡਾਇਰੈਕਟਰ ਸੀ, ਇਸ ਗਰੁਪ ਦਾ ਸਰਗਨਾ ਬਣ ਕੇ ਦਿਸ਼ਾ ਨਿਰਦੇਸ਼ ਜਾਰੀ ਕਰਿਆ ਕਰਦਾ ਸੀ। ਇਹ ਮੁਹਿੰਮ ਇੱਕ ਤਰ੍ਹਾਂ ਨਾਲ ਭਵਿੱਖ ਵਿਚ ਬਣਨ ਵਾਲੇ ਖਾਲਿਸਤਾਨ ਦੀ ਰੂਪ-ਰੇਖਾ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਜਾਰੀ ਹੋਈਆਂ ਚੇਤਾਵਨੀਆਂ ਮੁਤਾਬਕ ਟੀ ਵੀ ਉੱਤੇ ਰਮਾਇਣ ਵੇਖਣ ਦੀ ਮਨਾਹੀ ਕੀਤੀ ਗਈ, ਸਕੂਲਾਂ ਵਿਚ ਰਾਸ਼ਟਰੀ ਗੀਤ ਦੀ ਬਜਾਏ ‘ਦੇਹ ਸਿਵਾ ਬਰੁ ਮੋਹਿ ਇਹੈ’ ਲਾਗੂ ਕਰਨ ਲਈ ਕਿਹਾ ਗਿਆ। ਸਕੂਲਾਂ ਵਿਚ ਬੱਚਿਆਂ ਦੀਆਂ ਵਰਦੀਆਂ ਨੀਲੀਆਂ ਪੈਂਟਾਂ/ਨਿੱਕਰਾਂ/ਸਲਵਾਰਾਂ ਅਤੇ ਚਿੱਟੇ ਕਮੀਜ਼ ਪਾਉਣੇ ਨਿਰਧਾਰਿਤ ਕੀਤੇ ਗਏ। ਇਨ੍ਹਾਂ ਤਾਲਿਬਾਨੀ ਫੁਰਮਾਨਾਂ ਨੂੰ ਹੋਰ ਨਿਯਮਬੱਧ ਕਰਦਿਆਂ ਖਾਲਿਸਤਾਨੀ ਸਿਵਲ ਕੋਡ (ਪ੍ਰੋਗਰਾਮ ਤੇਰਾਂ ਨੁਕਾਤੀ) ਲਾਗੂ ਕੀਤਾ ਗਿਆ। ਇਨ੍ਹਾਂ 13 ਨੁਕਤਿਆਂ ਨੂੰ ਨਾ ਮੰਨਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਨਾ ਸਿਰਫ ਚੇਤਾਵਨੀ ਦਿੱਤੀ ਗਈ, ਸਗੋਂ ਪਿੰਡਾਂ/ਕਸਬਿਆਂ ਵਿਚ ਮਿਸਾਲੀ ਸਜ਼ਾਵਾਂ ਵੀ ਦਿੱਤੀਆਂ ਗਈਆਂ। ਕੇ ਪੀ ਐੱਸ ਗਿੱਲ ਵੱਲੋਂ ਪੁਲਸ ਦੀ ਵਾਗਡੋਰ ਸੰਭਾਲਣ ਤੀਕ ਪੰਜਾਬ ਪੁਲਸ ਦਾ ਮਨੋਬਲ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਪੁਲਸ ਵਿਚ ਨਵੀਂ ਭਰਤੀ ਨੂੰ ਰੋਕਣ ਲਈ ਐਲਾਨ ਕੀਤਾ ਗਿਆ ਕਿ ਜੋ ਵੀ ਪੁਲਸ ਵਿਚ ਭਰਤੀ ਹੋਵੇਗਾ, ਉਸਦਾ ਪੂਰਾ ਪਰਿਵਾਰ ਮਾਰਿਆ ਜਾਵੇਗਾ। ਇਸ ਦੇ ਤਹਿਤ ਬਹੁਤ ਸਾਰੇ ਪੁਲਸ ਵਾਲਿਆਂ ਦੇ ਪਰਿਵਾਰ ਮਾਰੇ ਵੀ ਗਏ। ਪੁਲਸ ਕੋਲ ਰਵਾਇਤੀ ਐੱਸ ਐੱਲ ਆਰ ਅਤੇ ਥਰੀ ਨੱਟ ਥਰੀ ਵਰਗੇ ਹਥਿਆਰ ਸਨ, ਜੋ ਏ ਕੇ ਸੰਤਾਲੀਆਂ ਮੂਹਰੇ ਮੁਕਾਬਲਾ ਕਰਨ ਜੋਗੇ ਨਹੀਂ ਸਨ। ਸਾਰੇ ਥਾਣੇ ਵਿਚ ਇਕ ਜੀਪ ਅਤੇ ਇਕ-ਦੋ ਮੋਟਰਸਾਈਕਲ ਹੋਇਆ ਕਰਦੇ ਸਨ। ਅਜਿਹੀਆਂ ਕਮਜ਼ੋਰ ਹਾਲਤਾਂ ਵਿਚ ਖਾੜਕੂ ਧਿਰਾਂ ਦੇ ਹੌਂਸਲੇ ਬਹੁਤ ਮਜ਼ਬੂਤ ਸਨ। ਪ੍ਰੋਗਰਾਮ ਤੇਰਾਂ ਨੁਕਾਤੀ ਬਾਰੇ ਇੱਕ ਕਵੀਸ਼ਰ ਜੱਥੇ ਨੇ ਟੇਪ ਵੀ ਕੱਢੀ ਹੋਈ ਸੀ, ਜੋ ਉਸ ਸਮੇਂ ਪੰਜਾਬ ਦੇ ਘਰ ਘਰ ਵੱਜਿਆ ਕਰਦੀ ਸੀ। ਇਸ ਗੀਤ ਦੇ ਕੁੱਝ ਅੰਸ਼ ਇਸ ਪ੍ਰਕਾਰ ਸਨ :
ਇਹ ਪ੍ਰੋਗਰਾਮ ਤੇਰਾਂ ਨੁਕਾਤੀ ਹੈ, ਸਭ 11 ਜਾਣ ਬਰਾਤੀ ਹੈ
ਵਾਧੂਆਂ ਨੂੰ ਫਿਰਨੀ ਹਾਕੀ ਹੈ, ਫਿਰ ਵਿਚ ਛਟਾਲੇ ਲੇਟਣਗੇ,
ਸਭ ਲੋਕ ਤਮਾਸ਼ਾ ਵੇਖਣਗੇ, ਇਹ ਕਈਆਂ ਦੇ ਨਾਲ ਬੀਤੀ ਏ,
ਸਿੰਘਾਂ ਨੇ ਵਾਰਨਿੰਗ…….ਯੋਧਿਆਂ ਨੇ ਵਾਰਨਿੰਗ ਕੀਤੀ ਏ !
ਛੱਡਣਾ ਨਹੀਂ ਚਮਕੀਲੇ ਨੂੰ, ਰਮਲੇ ਦੇ ਨਾਲ ਰੰਗੀਲੇ ਨੂੰ,
ਮਾਨ ਦੀ ਮਸਤੀ ਲਾਹਵਾਂਗੇ, ਛਿੰਦਾ ਨੂੰ ਗੋਡਾ ਵਾਹਵਾਂਗੇ,
ਇਸ ਮਾਮਲੇ ਵਿਚ ਪੰਜ ਜਥੇਬੰਦੀਆਂ ਨੇ ਤੇਰਾਂ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਨਸੀਅਤ ਦੇਣ ਵਜੋਂ 1988 ਵਿਚ ਤਿੰਨ ਵਿਸ਼ੇਸ਼ ਕਤਲ ਕੀਤੇ। ਅਜਿਹੇ ਦਹਿਸ਼ਤ ਭਰੇ ਸਮਿਆਂ ਵਿਚ ਵੀ ਚਮਕੀਲਾ ਆਪਣੇ ਅਖਾੜੇ ਨਿਡਰ ਹੋ ਕੇ ਲਾ ਰਿਹਾ ਸੀ। ਵਰਿੰਦਰ ਆਪਣੀਆਂ ਨਵੀਆਂ ਫਿਲਮਾਂ ਦੀ ਸ਼ੂਟਿੰਗ ਪਹਿਲਾਂ ਵਾਂਗ ਹੀ ਕਰੀ ਜਾ ਰਿਹਾ ਸੀ। ਓਧਰ ਸਾਹਿਤਿਕ ਪਿੜ ਵਿਚ ਪਾਸ਼ ਕਵਿਤਾਵਾਂ ਰਾਹੀਂ ਅਤੇ ਆਪਣੇ ਪਰਚੇ ਐਂਟੀ 47 ਰਾਹੀਂ ਅੱਤਵਾਦੀਆਂ ਦੀਆਂ ਘਿਣਾਉਣੀਆਂ ਕਾਰਵਾਈਆਂ ਦੇ ਖ਼ਿਲਾਫ਼ ਖੁੱਲ ਕੇ ਲਿਖ ਰਿਹਾ ਸੀ। ਤਿੰਨੇ ਆਪੋ ਆਪਣੇ ਖੇਤਰਾਂ ਦੇ ਪ੍ਰਮੁਖ ਚਿਹਰੇ ਸਨ। ਇਨ੍ਹਾਂ ਤਿੰਨਾਂ ਦੇ ਕਤਲ ਆਪੋ ਆਪਣੇ ਖੇਤਰਾਂ ਦੇ ਆਈਕੋਨ ਬੰਦਿਆਂ ਦੇ ਕਤਲ ਸਨ। ਇਨ੍ਹਾਂ ਕਤਲਾਂ ਨੇ ਪੂਰੇ ਪੰਜਾਬ ਨੂੰ ਨਾ ਸਿਰਫ਼ ਗਹਿਰੇ ਸੋਗ ਵਿਚ ਡੋਬਿਆ, ਬਲਕਿ ਗਾਇਕੀ, ਸਾਹਿਤ ਅਤੇ ਫ਼ਿਲਮੀ ਖੇਤਰ ਲਈ ਇਕ ਹਾਸ਼ੀਆ ਵੀ ਨਿਰਧਾਰਿਤ ਕਰ ਦਿੱਤਾ।

   *******************************************

          ਸਰਬੱਤ ਖ਼ਾਲਸਾ 1986 ਤੋਂ ਬਾਅਦ ਪੰਜਾਬ ਦੇ ਹਾਲਾਤ ਤੇਜ਼ੀ ਨਾਲ ਵਿਗੜਨ ਲੱਗ ਪਏ। ਇਸ ਦੇ ਨਾਲ ਨਾਲ ਖਾੜਕੂ ਧਿਰਾਂ ਦੀ ਅਗਵਾਈ ਅਤੇ ਰਾਜਨੀਤਕ ਖੇਤਰ ਦੀ ਅਗਵਾਈ ਵਿਚ ਵੀ ਕਈ ਨਾਮ ਉਜਾਗਰ ਹੋਏ। ਪਾਸ਼, ਚਮਕੀਲੇ ਅਤੇ ਵਰਿੰਦਰ ਦੇ ਕਤਲਾਂ ਦੀ ਵਿਉਂਤਬੰਦੀ ਅਤੇ ਸੂਤਰਾਧਾਰਾਂ ਤੀਕ ਪਹੁੰਚਣ ਲਈ ਖਾੜਕੂ ਸਫ਼ਾਂ ਦੀ ਵੰਡ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਇੱਕ ਸਮੇਂ ਤੀਕ ਮਾਨੋਚਾਹਲ ਨੂੰ ਸੰਤ ਭਿੰਡਰਾਂਵਾਲੇ ਦੇ ਜਾਨਸ਼ੀਨ ਵਜੋਂ ਸਮਝਿਆ ਜਾਂਦਾ ਰਿਹਾ ਸੀ। ਫੌਜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਿੰਡਰਾਂਵਾਲੇ ਤੇ ਲੱਗਾ ਕਾਇਰਤਾ ਦਾ ਦਾਗ਼ ਸਾਕਾ ਨੀਲਾ ਤਾਰਾ ਨੇ ਧੋ ਦਿੱਤਾ, ਓਧਰ ਦਰਬਾਰ ਸਾਹਿਬ ਵਿਚੋਂ ਫੌਜ ਦੇ ਹਮਲੇ ਤੋੰ ਪਹਿਲਾਂ ਭਗੌੜੇ ਹੋ ਜਾਣ ਦੇ ਫ਼ੈਸਲੇ ਨੇ ਲੋਕਾਂ ਵਿਚ ਬੱਬਰਾਂ ਦੀ ਚੜ੍ਹਤ ਮੱਠੀ ਪਾ ਦਿੱਤੀ ਸੀ। ਮਾਨੋਚਾਹਲ ਦੀ ਅਗਵਾਈ ਹੇਠ ਆ ਕੇ ਲੜਣਾ ਉਨ੍ਹਾਂ ਨੂੰ ਪ੍ਰਵਾਨ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਆਪਣਾ ਅਲੱਗ ਖ਼ੇਮਾ ਬਣਾ ਲਿਆ। ਹੌਲੀ ਹੌਲੀ ਪੰਜ ਜਥੇਬੰਦੀਆਂ ਦੇ ਬੈਨਰ ਹੇਠ ਉਨ੍ਹਾਂ ਦਾ ਦਬਦਬਾ ਵੱਧਣ ਲੱਗਾ ਅਤੇ ਮਾਨੋਚਾਹਲ ਦਾ ਪ੍ਰਭਾਵ ਮਾਝੇ ਦੇ ਖੇਤਰ ਤੀਕ ਸਿਮਟਣ ਲੱਗਾ। ਇੱਕ ਪਾਸੇ ਦਮਦਮੀ ਟਕਸਾਲ ਲਗਾਤਾਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਿੰਡਰਾਂਵਾਲੇ ਦੇ ਜਿਊਂਦਾ ਹੋਣ ਦਾ ਪ੍ਰਚਾਰ ਕਰਵਾ ਰਹੀ ਸੀ, ਦੂਸਰੇ ਪਾਸੇ ਹੋਰ ਪ੍ਰਭਾਵਸ਼ਾਲੀ ਚਿਹਰੇ ਨੁੱਕਰੇ ਲਾਏ ਜਾ ਰਹੇ ਸਨ। ਕਈ ਨਾਮਵਰ ਹਸਤੀਆਂ ਮਾਰੀਆਂ ਜਾਂ ਮਰਵਾਈਆਂ ਗਈਆਂ। ਇਹ ਕੰਮ ਪੰਜਾਬ ਵਿੱਚੋਂ ਖਾੜਕੂਆਂ ਦਾ ਸਫਾਇਆ ਹੋਣ ਤੀਕ ਲਗਾਤਾਰ ਜ਼ਾਰੀ ਰਿਹਾ। ਇਨ੍ਹਾਂ ਵਿਚ ਸੰਤ ਹਰਚੰਦ ਸਿੰਘ ਲੋਂਗੋਵਾਲ, ਜਥੇਦਾਰ ਗੁਰਦੇਵ ਸਿੰਘ ਕਾਉਂਕੇ, ਹਰਮੰਦਰ ਸਿੰਘ ਸੰਧੂ, ਬੀਬੀ ਬਿਮਲ ਖਾਲਸਾ ਅਤੇ ਬੀਬੀ ਰਜਿੰਦਰ ਕੌਰ ਆਦਿ ਦੇ ਨਾਮ ਸ਼ਾਮਲ ਹਨ। ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਨ ਲਈ ਬਣੀਆਂ ਦੋ ਪੰਥਕ ਕਮੇਟੀਆਂ ਵਿਚ ਆਪਣੇ ਆਪ ਨੂੰ ਵੱਧ ਵੱਧ ਤਾਕਤਵਰ ਦਰਸਾਉਣ ਅਤੇ ਲੋਕਾਂ ਵਿਚ ਆਪਣੀ ਸਾਖ਼ ਬਣਾਉਣ ਦੀ ਹੋੜ ਵਿਚ ਵੀ ਬਹੁਤ ਸਾਰੇ ਐਲਾਨ ਅਤੇ ਐਕਸ਼ਨ ਹੁੰਦੇ ਰਹਿੰਦੇ ਸਨ। ਇਸ ਆਪਸੀ ਕਸ਼ਮਕਸ਼ ਵਿਚ ਸਰਕਾਰੀ ਸੂਤਰਾਂ ਦੀ ਐਂਟਰੀ ਹੋਣੀ ਵੀ ਸੰਭਵ ਹੀ ਸੀ। ਇਸ ਧਰੁਵੀਕਰਨ ਦੇ ਬਾਵਜੂਦ ਵੀ ਪੰਜਾਬ ਵਿਚ ਖਾੜਕੂਵਾਦ ਸਿਖਰਾਂ ਵੱਲ ਵੱਧ ਰਿਹਾ ਸੀ। ਹੌਲੀ ਹੌਲੀ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਪੰਜਾਬ ਦੇ ਲੋਕਾਂ ਦਾ ਸਮਾਜਿਕ ਜੀਵਨ ਅੱਤਵਾਦੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਦਹਿਸ਼ਤ ਹੇਠ ਬਹੁਤ ਬਦਲ ਚੁੱਕਾ ਸੀ। ਇਮਤਿਹਾਨਾਂ ਵਿਚ ਸਮੂਹਿਕ ਨਕਲ, ਉੱਡਣ ਦਸਤਿਆਂ ਨੂੰ ਧਮਕਾਉਣ ਅਤੇ ਭਜਾਉਣ ਆਦਿ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਸਨ। ਬਹੁਤ ਸਾਰੇ ਹਿੰਦੂ ਧਰਮ ਨਾਲ ਸੰਬੰਧਿਤ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਸ਼ਹਿਰਾਂ ਵਿਚ ਬਦਲੀਆਂ ਕਰਵਾ ਲਈਆਂ ਜਾਂ ਕਈਆਂ ਨੇ ਮੁੱਛਾਂ/ਦਾਹੜੀਆਂ ਰੱਖ ਕੇ ਪੱਗਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮੋਟਰ ਸਾਈਕਲ/ਸਕੂਟਰ ਖੋਹਿਆ ਜਾਣਾ ਤਾਂ ਉਦੋਂ ਆਮ ਗੱਲ ਸੀ। ਬਹੁਤੀ ਵਾਰ ਡਰਦੇ ਦੇ ਮਾਰੇ ਲੋਕ ਵਹੀਕਲ ਖੋਹੇ ਜਾਣ ਦੀ ਸ਼ਕਾਇਤ ਵੀ ਦਰਜ ਨਾ ਕਰਵਾਉਂਦੇ। ਪੰਜਾਬ ਸੰਕਟ ਨੂੰ ਹੱਲ ਕਰਨ ਲਈ ਕੇਂਦਰ ਨੇ ਪੰਜਾਬ ਸੰਨ੍ਹ 1985 ਵਿਚ ਪੰਜਾਬ ਵਿਚ ਚੋਣਾਂ ਕਰਵਾਈਆਂ ਅਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਅਕਾਲੀ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲ ਲਈ। ਬਰਨਾਲਾ ਸਰਕਾਰ ਸਮੇਂ 26 ਜਨਵਰੀ 1986 ਤੋਂ ਲੈ ਕੇ 30 ਅਪ੍ਰੈਲ ਤੀਕ ਵੀ ਦਰਬਾਰ ਸਾਹਿਬ ਤੇ 200 ਦੇ ਕਰੀਬ ਖਾੜਕੂਆਂ ਅਤੇ ਗਰਮ ਖ਼ਿਆਲੀਆਂ ਨੇ ਕਬਜ਼ਾ ਕਰੀ ਰੱਖਿਆ ਸੀ। ਜਿਨ੍ਹਾਂ ਨੂੰ ਉਪਰੇਸ਼ਨ ਬਲੈਕ ਥੰਡਰ 1 (ਕਾਲੀ ਗਰਜ ਕਾਰਵਾਈ) ਤਹਿਤ 30 ਅਪ੍ਰੈਲ 1986 ਨੂੰ ਹਰਿਮੰਦਰ ਸਾਹਿਬ ਵਿੱਚੋਂ ਹੂੰਝ ਦਿੱਤਾ ਗਿਆ। ਇਸ ਹਮਲੇ ਵਿਚ ਸਿਰਫ ਇਕ ਵਿਅਕਤੀ ਮਾਰਿਆ ਗਿਆ ਅਤੇ ਦੋ ਜਖ਼ਮੀ ਹੋਏ ਸਨ। ਪਰ ਇਹ ਸਫ਼ਾਈ ਬਹੁਤੀ ਦੇਰ ਕਾਇਮ ਨਾ ਰਹਿ ਸਕੀ। ਕੇਂਦਰ ਨੇ 11 ਜੂਨ 1987 ਨੂੰ ਅਕਾਲੀ ਸਰਕਾਰ ਭੰਗ ਕਰ ਦਿੱਤੀ ਅਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾ ਦਿੱਤਾ।
ਰਾਸ਼ਟਰਪਤੀ ਰਾਜ ਲਾਗੂ ਹੋਣ ਨਾਲ ਵੀ ਪੰਜਾਬ ਦੇ ਹਾਲਾਤ ਤੇ ਕੋਈ ਅਸਰ ਨਾ ਪਿਆ। ਰਾਸ਼ਟਰਪਤੀ ਰਾਜ ਵਿਚ ਪੁਲਸ ਅਤੇ ਹੋਰ ਸੁਰੱਖਿਆ ਬਲ ਸਗੋਂ ਹੋਰ ਆਪ-ਮੁਹਾਰੇ ਅਤੇ ਗ਼ੈਰ ਜਵਾਬਦੇਹ ਹੋ ਗਏ। ਇਹ ਇੱਕ ਤਰ੍ਹਾਂ ਨਾਲ ਪੁਲਸ ਰਾਜ ਸੀ, ਜਿਸ ਵਿਚ ਅਪੀਲ, ਦਲੀਲ ਅਤੇ ਇਨਸਾਫ਼ ਪੂਰੀ ਤਰ੍ਹਾਂ ਅਧਿਕਾਰੀਆਂ ਦੇ ਹੁਕਮਾਂ ਉੱਤੇ ਨਿਰਭਰ ਹੋ ਚੁੱਕਾ ਸੀ। ਇਕ ਵਾਰ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਪੂਰੀ ਤਰ੍ਹਾਂ ਖਾੜਕੂਆਂ ਅਤੇ ਗਰਮ ਖ਼ਿਆਲੀਆਂ ਦੇ ਕਬਜ਼ੇ ਵਿਚ ਆ ਚੁੱਕਾ ਸੀ। ਹਰਿਮੰਦਰ ਸਾਹਿਬ ਵਿਚ ਮੁੱਖ ਰੂਪ ਉਸ ਵੇਲੇ ਮਾਨੋਚਾਹਲ ਗਰੁਪ ਦੇ ਖਾੜਕੂ ਕਾਬਜ਼ ਸਨ। ਜਿਨ੍ਹਾਂ ਵਿਚੋਂ ਭਾਈ ਜਗੀਰ ਸਿੰਘ (ਪੰਥਕ ਕਮੇਟੀ) ਸੁਰਜੀਤ ਸਿੰਘ ਪੈਂਟਾਂ ਛੱਜਲਵੱਢੀ, ਕਾਰਜ ਸਿੰਘ ਥਾਂਦੇ ਆਦਿ ਪ੍ਰਮੁੱਖ ਨਾਮ ਸਨ। ਸਾਡੇ ਪਿੰਡ ਤੋਂ ਡਾ. ਹਰਪ੍ਰੀਤ ਸਿੰਘ ਉਰਫ਼ ਗੰਡਾ ਵੀ ਉੱਥੇ ਹੀ ਰਿਹਾ ਕਰਦਾ ਸੀ, ਜੋ ਬਾਅਦ ਵਿਚ ਬਲੈਕ ਥੰਡਰ (2) ਵਿਚ ਸਮਰਪਣ ਕਰਨ ਵਾਲੇ ਅੱਤਵਾਦੀਆਂ ਵਿਚ ਸ਼ਾਮਲ ਸੀ। ਪਰਕਰਮਾ ਦੇ ਬਹੁਤੇ ਕਮਰੇ ਖਾੜਕੂਆਂ ਦੇ ਅੱਡੇ ਬਣੇ ਹੋਏ ਸਨ। ਦਰਬਾਰ ਸਾਹਿਬ ਜਾਣ ਵਾਲੀ ਸੰਗਤ ਵੀ ਬਹੁਤ ਹੀ ਘੱਟ ਚੁੱਕੀ ਸੀ। ਪਾਸ਼ ਅਤੇ ਚਮਕੀਲੇ ਦੇ ਕਤਲ ਤੋਂ ਬਾਅਦ ਮਈ 1988 ਵਿਚ ਓਪਰੇਸ਼ਨ ਬਲੈਕ ਥੰਡਰ ਦੋ (ਕਾਲੀ ਗਰਜ ਕਾਰਵਾਈ) ਨੇ ਮਾਨੋਚਾਹਲ ਗਰੁਪ ਦੇ ਨਾਮ ਨੂੰ ਬਹੁਤ ਠੇਸ ਪਹੁੰਚਾਈ। ਇਸ ਓਪਰੇਸ਼ਨ ਦੀ ਨਮੋਸ਼ੀ ਅਤੇ ਬਦਨਾਮੀ ਕਾਰਨ ਸਾਕਾ ਨੀਲਾ ਤਾਰਾ ਵਾਂਗ ਇਸ ਦੀ ਅਜੇ ਤੀਕ ਕਦੇ ਵੀ ਸ਼ਹੀਦੀ ਵਰ੍ਹੇ ਗੰਢ ਨਹੀਂ ਮਨਾਈ ਗਈ। ਦਰਬਾਰ ਸਾਹਿਬ ਦੀ ਹਦੂਦ ਵਿਚ ਪਏ ਮਲਬੇ ਵਿਚੋਂ 50 ਤੋਂ ਜ਼ਿਆਦਾ ਲਾਸ਼ਾਂ ਦੇ ਅਵਸ਼ੇਸ਼ ਮਿਲੇ ਸਨ, ਜੋ ਪਿਛਲੇ ਇਕ ਸਾਲ ਵਿਚ ਮਾਰ ਮਾਰ ਕੇ ਇੱਥੇ ਹੀ ਨੱਪ ਦਿੱਤੇ ਗਏ ਸਨ। ਓਪਰੇਸ਼ਨ ਬਲੈਕ ਥੰਡਰ ਦੂਜਾ 9 ਮਈ 1988 ਨੂੰ ਸ਼ੁਰੂ ਹੋ ਕੇ 18 ਮਈ 1988 ਤੀਕ ਚੱਲਿਆ ਸੀ। ਇਸਦਾ ਸਿੱਧਾ ਪ੍ਰਸਾਰਣ ਅੰਸ਼ਕ ਰੂਪ ਵਿਚ ਦੂਰਦਰਸ਼ਨ ਤੇ ਹਰ ਰੋਜ਼ ਵਿਖਾਇਆ ਜਾਂਦਾ ਸੀ। ਇਸ ਵਿਚ ਕੁੱਲ 41 ਅੱਤਵਾਦੀ ਮਾਰੇ ਗਏ ਅਤੇ 200 ਦੇ ਕਰੀਬ ਆਮ ਲੋਕਾਂ ਅਤੇ ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਸੀ।
*************************************
        ਸਾਲ 1987 ਵਿਚ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਨੀਤੀਆਂ ਤਹਿਤ ਆਮ ਲੋਕਾਂ ਦੀ ਪੁੱਛ ਪ੍ਰਤੀਤ ਖਤਮ ਹੋ ਚੁੱਕੀ ਸੀ। ਅੱਤਵਾਦ ਦੀਆਂ ਕਾਰਵਾਈਆਂ ਕਰਕੇ ਪੰਜਾਬ ਵਿਚ ਪੂਰੀ ਤਰ੍ਹਾਂ ਅਰਾਜਕਤਾ ਵਾਲਾ ਮਾਹੌਲ ਫੈਲ ਗਿਆ ਸੀ। ਆਏ ਦਿਨ ਹੜਤਾਲਾਂ, ਰੇਲ ਰੋਕੋ ਪ੍ਰੋਗਰਾਮ, ਕਤਲੇਆਮ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ। ਹਿੰਦੂ ਪਰਿਵਾਰਾਂ ਦੀ ਪੇਂਡੂ ਖੇਤਰ ਵਿੱਚੋਂ ਵੱਡੇ ਪੱਧਰ ਤੇ ਹਿਜਰਤ ਹੋਈ। ਸਰਹੱਦੀ ਖੇਤਰਾਂ ਵਿਚ ਸ਼ਾਮ ਢਲਦੇ ਹੀ ਖਾਲਿਸਤਾਨ ਬਣ ਜਾਇਆ ਕਰਦਾ ਸੀ। ਸਕੂਲਾਂ/ਕਾਲਜਾਂ ਵਿਚ ਸਿੱਖਿਆ ਪ੍ਰਬੰਧ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ ਅਤੇ ਸਭ ਤੋਂ ਮਾੜਾ ਪੱਖ— ਅਧਿਆਪਕਾਂ ਦਾ ਸਦੀਆਂ ਤੋਂ ਵਿਦਿਆਰਥੀਆਂ ਵਿਚ ਚੱਲਦਾ ਆ ਰਿਹਾ ਡਰ ਅਤੇ ਸਤਿਕਾਰ ਮਿੱਟੀ ਹੋ ਗਿਆ। ਸਰਕਾਰੀ ਨੌਕਰੀਆਂ ਲਈ ਹੁੰਦੇ ਟੈਸਟ, ਨਿਯੁਕਤੀਆਂ ਅਤੇ ਬਦਲੀਆਂ ਆਦਿ ਖਾੜਕੂਆਂ ਦੇ ਧਮਕੀ ਪੱਤਰਾਂ ਨਾਲ ਫ਼ਾਇਦਾ ਚੁੱਕਣ ਵਾਲੇ ਲੋਕਾਂ ਲਈ ਖੇਡ ਬਣ ਕੇ ਰਹਿ ਗਏ। ਇਸ ਦੌਰ ਵਿਚ ਚੌਂਕੀਦਾਰ ਨਾ ਲੱਗ ਸਕਣ ਵਾਲੇ ਕਈ ਲੋਕ ਮਾਸਟਰ, ਪ੍ਰੋਫੈਸਰ, ਇੰਜੀਨੀਅਰਾਂ ਦੇ ਅਹੁਦਿਆਂ ਤੀਕ ਪਹੁੰਚ ਗਏ। ਨਿੱਜੀ ਕਿੜਾਂ, ਜ਼ਮੀਨ ਦੇ ਵਾਦ-ਵਿਵਾਦਾਂ, ਸ਼ੱਕ ਦੀ ਬਿਨਾਅ ਉੱਤੇ ਅਤੇ ਦਾਹੜੀ/ਦਸਤਾਰ ਤੋਂ ਸੱਖਣੇ ਲੋਕ ਕੁੱਤਿਆਂ ਵਾਂਗ ਸੜਕਾਂ/ਚੁਰਾਹਿਆਂ ਉੱਤੇ ਮਾਰੇ ਜਾਣ ਲੱਗੇ। ਚਮਕੀਲੇ ਵੱਲੋਂ ਇਕ ਗਰੁਪ ਨਾਲ ਹੋਇਆ ਸਮਝੌਤਾ ਮੰਨਣ ਲਈ ਦੂਸਰਾ ਗਰੁੱਪ ਪਾਬੰਦ ਨਹੀਂ ਸੀ। ਦੂਸਰੀ ਗੱਲ ਕਿ ਪ੍ਰੋਗਰਾਮ 13 ਨੁਕਾਤੀ ਵਿਚ ਇਕ ਨੁਕਤਾ ਲੱਚਰ ਗਾਇਕੀ ਨੂੰ ਰੋਕਣ ਬਾਰੇ ਵੀ ਸੀ। ਇਹ ਪ੍ਰੋਗਰਾਮ ਬਾਬੇ ਮਾਨੋਚਾਹਲ ਦੀ ਬਜਾਏ ਦੂਸਰੀ ਧਿਰ ਵੱਲੋਂ ਉਲੀਕਿਆ ਗਿਆ ਸੀ। ਖਾੜਕੂਆਂ ਦੇ ਦੋਵਾਂ ਗਰੁੱਪਾਂ ਵਿਚ ਵੱਧ ਤੋਂ ਵੱਧ ਐਕਸ਼ਨ ਕਰਨ ਦੇ ਨਾਲ ਨਾਲ ਆਮ ਲੋਕਾਂ ਵਿਚ ਆਪਣੀ ਦਹਿਸ਼ਤ ਅਤੇ ਪ੍ਰਭਾਵ ਕਾਇਮ ਕਰਨ ਦੀ ਹੋੜ ਵੀ ਚੱਲ ਰਹੀ ਸੀ। ਇਸ ਮਾਮਲੇ ਵਿਚ ਪੰਜ ਜਥੇਬੰਦੀਆਂ ਨੇ ਤੇਰਾਂ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਨਸੀਅਤ ਦੇਣ ਵਜੋਂ 1988 ਵਿਚ ਤਿੰਨ ਵਿਸ਼ੇਸ਼ ਕਤਲ ਕੀਤੇ। ਤਿੰਨਾਂ ਹੀ ਕਤਲਾਂ ਵਿਚ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫ਼ਟੀਨੈਂਟ ਜਨਰਲ ਗੁਰਦੀਪ ਸਿੰਘ ਦੀਪਾ ਉਰਫ਼ (ਦੀਪਾ ਹੇਰਾਂ ਵਾਲੇ) ਦਾ ਹੱਥ ਸੀ। ਪਹਿਲੇ ਦੋ ਕਤਲ ਤਾਂ ਦੀਪੇ ਦੀ ਸਰਗਰਮੀ ਵਾਲੇ ਖੇਤਰ ਵਿਚ ਹੀ ਪੈਂਦੇ ਸਨ, ਉਸ ਦਾ ਆਪਣਾ ਪਿੰਡ ਇਨ੍ਹਾਂ ਐਕਸ਼ਨ ਵਾਲੇ ਪਿੰਡਾਂ ਦੇ ਨੇੜੇ ਸੀ। ਪਾਸ਼ ਅਤੇ ਚਮਕੀਲੇ ਦੇ ਕਤਲ ਵਿਚ ਗੁਰਦੀਪ ਸਿੰਘ ਦੀਪਾ ਹੇਰਾਂ ਦਾ ਹੱਥ ਨਾ ਹੋਣ ਵਿਚ ਕੋਈ ਸ਼ੱਕ ਹੀ ਨਹੀਂ ਸੀ। ਤੀਸਰਾ ਕਤਲ ਉਸ ਦੇ ਆਮ ਵਿਚਰਨ ਦੇ ਖੇਤਰ ਤੋਂ ਕੁੱਝ ਦੂਰ ਸੀ, ਇਸ ਕਤਲ ਵਿਚ ਗੁਰਦੀਪ ਸਿੰਘ ਦੀਪੇ ਦੇ ਗਰੁਪ ਦੇ ਨਾਲ-ਨਾਲ ਗੁਰਜੰਟ ਸਿੰਘ ਰਾਜਸਥਾਨੀ ਗਰੁਪ ਦੇ ਸ਼ਾਮਲ ਹੋਣ ਬਾਰੇ ਵੀ ਕਨਸੋਆਂ ਮਿਲਦੀਆਂ ਹਨ। ਇਨ੍ਹਾਂ ਤਿੰਨਾਂ ਕਤਲਾਂ ਵਿਚ ਅਮਰ ਸਿੰਘ ਚਮਕੀਲਾ (08 ਮਾਰਚ 1988) ਨੂੰ ਪਿੰਡ ਮਹਿਸਮਪੁਰ (ਜਲੰਧਰ) ਵਿਖੇ, ਅਵਤਾਰ ਸਿੰਘ ਪਾਸ਼ (23 ਮਾਰਚ 1988) ਨੂੰ ਪਿੰਡ ਤਲਵੰਡੀ ਸਲੇਮ (ਜਲੰਧਰ) ਅਤੇ ਵਰਿੰਦਰ (06 ਦਸੰਬਰ 1988) ਨੂੰ ਤਲਵੰਡੀ ਕਲਾਂ ਵਿਖੇ ਮਾਰ ਦਿੱਤੇ ਗਏ। ਅਮਰ ਸਿੰਘ ਚਮਕੀਲਾ ਗਾਇਕੀ ਦੇ ਖੇਤਰ ਦਾ, ਅਵਤਾਰ ਪਾਸ਼ ਸਾਹਿਤ ਦੇ ਖੇਤਰ ਦਾ ਅਤੇ ਵਰਿੰਦਰ ਫਿਲਮੀ ਖੇਤਰ ਦੇ ਪ੍ਰਮੁੱਖ ਨਾਮ ਸਨ। ਇਨ੍ਹਾਂ ਦੇ ਕਤਲ ਬਾਕੀ ਸਮੁੱਚੇ ਗਾਇਕਾਂ,ਲੇਖਕਾਂ ਅਤੇ ਐਕਟਰਾਂ ਲਈ ਇੱਕ ਸਖ਼ਤ ਨਸੀਅਤ ਸਨ। ਇਹ ਹੀ ਨਹੀਂ, ਇਹ ਕਤਲ ਭਵਿੱਖ ਵਿਚ ਬਣਨ ਵਾਲੇ ਖਾਲਿਸਤਾਨ ਦੇ ਸਮਾਜਿਕ ਜੀਵਨ ਬਾਰੇ ਵੀ ਦੱਸਦੇ ਸਨ ਕਿ ਉਸ ਰਾਜ ਵਿਚ ਸੱਭਿਆਚਾਰ ਅਤੇ ਮਨੋਰੰਜਨ ਕਿਹੋ ਜਿਹਾ ਹੋਵੇਗਾ। ਐਨਾ ਹੀ ਨਹੀਂ, ਪਾਸ਼ ਦਾ ਕਤਲ ਇਹ ਵੀ ਦਰਸਾਉਂਦਾ ਸੀ ਕਿ ਖਾਲਿਸਤਾਨ ਵਿਚ ਅਸਹਿਮਤੀ ਦਾ ਹਸ਼ਰ ਕੀ ਹੋਵੇਗਾ।
ਸੰਨ੍ਹ 1986 ਵਿਚ ਜਦੋਂ ਚਮਕੀਲਾ ਦਰਬਾਰ ਸਾਹਿਬ ਵਿਖੇ ਪੰਥਕ ਕਮੇਟੀ ਦੇ ਸਨਮੁੱਖ ਪੇਸ਼ ਹੋਇਆ ਸੀ, ਉਦੋਂ ਦਰਬਾਰ ਸਾਹਿਬ ਵਿਖੇ ਹਾਲਾਤ ਹੋਰ ਸਨ। ਚਮਕੀਲਾ ਜਦੋਂ ਆਪਣੇ ਕਰੀਬੀ ਦੋਸਤ ਮਰਹੂਮ ਸਵਰਨ ਸੀਵੀਆ ਨਾਲ ਦਰਬਾਰ ਸਾਹਿਬ ਨਤਮਸਤਕ ਹੋਇਆ ਸੀ ਤਾਂ ਉਸ ਨਾਲ ਖਾੜਕੂਆਂ ਨੇ ਬਹੁਤ ਸਹਿਜ ਵਰਤਾਓ ਕੀਤਾ ਸੀ। ਵੱਸਣ ਸਿੰਘ ਜਫ਼ਰਵਾਲ ਨੇ ਚਮਕੀਲੇ ਨੂੰ ਜੱਫ਼ੀ ਵਿਚ ਲੈ ਕੇ ਉਸਦੀ ਕਲਾ ਦੀ ਤਾਰੀਫ਼ ਵੀ ਕੀਤੀ ਸੀ ਤੇ ਉਸਨੂੰ ਬਹੁਤ ਦੋਸਤਾਨਾ ਲਹਿਜੇ ਵਿਚ ਕੁਝ ਦਿਸ਼ਾ ਨਿਰਦੇਸ਼ ਦਿੱਤੇ ਸਨ। ਪਰ ਕੁਝ ਕੁ ਮਹੀਨਿਆਂ ਵਿਚ ਪੰਜਾਬ ਵਿਚ ਖਾੜਕੂ ਸਫ਼ਾਂ ਵਿਚ ਦੋ ਧਿਰਾਂ ਬਣ ਗਈਆਂ। ਇਸ ਖੁੰਦਕਬਾਜ਼ੀ ਦੇ ਚੱਲਦਿਆਂ ਇੱਕ ਤੋਂ ਦੋ ਪੰਥਕ ਕਮੇਟੀਆਂ ਬਣ ਗਈਆਂ ਸਨ। ਜਿਸ ਕਮੇਟੀ ਕੋਲ ਚਮਕੀਲਾ ਪੇਸ਼ ਹੋਇਆ ਸੀ, ਉਸ ਵਿਚੋਂ ਇਕ ਮੈਂਬਰ ਭਾਈ ਅਰੂੜ ਸਿੰਘ ਨੇ ਅਲੱਗ ਹੋ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾ ਲਈ ਸੀ। ਦੂਸਰੇ ਮੈਂਬਰ ਭਾਈ ਗੁਰਦੇਵ ਸਿੰਘ ਉਸਮਾਨਵਾਲਾ 7 ਅਕਤੂਬਰ 1987 ਨੂੰ ਮਾਰੇ ਜਾ ਚੁੱਕੇ ਸਨ। ਤੀਸਰਾ ਮੈਂਬਰ ਭਾਈ ਧੰਨਾ ਸਿੰਘ ਰੂਪੋਸ਼ ਜੀਵਨ ਵਿਚ ਵਿਚਰਦਿਆਂ ਫੜਿਆ ਜਾ ਚੁੱਕਾ ਸੀ। ਹੁਣ ਉਸ ਪਹਿਲੀ ਪੰਥਕ ਕਮੇਟੀ ਵਿੱਚੋਂ ਸਿਰਫ਼ ਗੁਰਬਚਨ ਸਿੰਘ ਮਾਨੋਚਾਹਲ ਅਤੇ ਵੱਸਣ ਸਿੰਘ ਜ਼ਫਰਵਾਲ ਹੀ ਬਾਕੀ ਬਚੇ ਸਨ, ਜੋ ਚਮਕੀਲੇ ਨੂੰ ਮਾਰਨ ਵਾਲੀ ਧਿਰ ਨਾਲੋਂ ਅਲੱਗ ਹੋ ਕੇ ਚੱਲ ਰਹੇ ਸਨ। ਚਮਕੀਲੇ ਦੇ ਦਫ਼ਤਰ ਕਈ ਗਰੁਪ ਫਿਰੋਤੀਆਂ ਲੈਣ ਲਈ ਗੇੜੇ ਮਾਰਦੇ ਰਹਿੰਦੇ ਸਨ। ਖਾੜਕੂਆਂ ਵੱਲੋਂ ਅਤੇ ਖਾੜਕੂਆਂ ਦੇ ਨਾਮ ਤੇ ਫਿਰੋਤੀਆਂ ਵਸੂਲ ਕਰਨੀਆਂ ਚਾਰ-ਚੁਫ਼ੇਰੇ ਵਾਪਰ ਰਹੀਆਂ ਸਨ। ਓਧਰ ਉਸ ਦੀਆਂ ਧਾਰਮਿਕ ਟੇਪਾਂ ਨੇ ਵੀ ਬਾਜ਼ਾਰ ਵਿਚ ਪੂਰੀ ਗਰਦ ਉਠਾਈ ਹੋਈ ਸੀ, ਉਸ ਨੂੰ ਲੱਗਦਾ ਸੀ ਕਿ ਧਾਰਮਿਕ ਗੀਤਾਂ ਦੀ ਮਸ਼ਹੂਰੀ ਦੇ ਨਾਲ ਨਾਲ ਚਲੰਤ ਗੀਤ ਵੀ ਚੱਲੀ ਜਾਣਗੇ। ਪੰਜਾਬ ਵਿਚ ਜਦੋਂ ਸਖ਼ਤੀ ਨਾਲ 13 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਗਿਆ ਤਾਂ ਵਿਆਹਾਂ ਦੀਆਂ ਰੌਣਕਾਂ ਨੂੰ ਗ੍ਰਹਿਣ ਲੱਗ ਗਿਆ। ਕਈ ਥਾਵਾਂ ਤੇ 11 ਤੋਂ ਵੱਧ ਬਰਾਤੀਆਂ ਨੂੰ ਜ਼ਲੀਲ ਕਰਨ ਦੀਆਂ ਖ਼ਬਰਾਂ ਆਈਆਂ ਤੇ ਕਈ ਜਗਾ ਮੇਕ ਅੱਪ ਕਰਨ ਵਾਲੀਆਂ ਔਰਤਾਂ ਦੇ ਛੱਪੜ ਵਿੱਚੋਂ ਮੂੰਹ ਧੁਆਉਣ ਆਦਿ ਦੀਆਂ ਗੱਲ੍ਹਾਂ ਵੀ ਸੁਣਨ ਨੂੰ ਮਿਲੀਆਂ ਸਨ। ਪੰਜਾਬ ਤੇਜ਼ੀ ਨਾਲ ਬਦਲ ਰਿਹਾ ਸੀ, ਪਰ ਚਮਕੀਲਾ ਵਿਰੋਧੀ ਮਾਹੌਲ ਵਿਚ ਵੀ ਨਿਡਰ ਹੋ ਕੇ ਅਖਾੜੇ ਲਾਈ ਜਾ ਰਿਹਾ ਹੈ। ਪੰਥਕ ਕਮੇਟੀ ਦੇ ਸਾਹਮਣੇ ਐਨੇ ਵੱਡੇ ਆਗੂਆਂ ਸਾਹਮਣੇ ਪੇਸ਼ ਹੋਣ ਤੇ ਉਸਨੂੰ ਜੋ ਪਿਆਰ ਮਿਲਿਆ ਸੀ, ਉਹ ਅਖੌਤੀ ਜਾਂ ਲੋਕਲ ਖਾੜਕੂਆਂ ਦੀਆਂ ਧਮਕੀਆਂ ਸਾਹਮਣੇ ਉਸ ਨੂੰ ਗੋਡੇ ਟੇਕਣ ਨਹੀਂ ਦੇ ਰਿਹਾ ਸੀ। ਮਾਨੋਚਾਹਲ ਦੀ ਧਿਰ ਨੇ ਚਮਕੀਲੇ ਨੂੰ ਬਾਅਦ ਵਿਚ ਕੋਈ ਧਮਕੀ ਜਾਂ ਸੁਨੇਹਾ ਵੀ ਨਹੀਂ ਭੇਜਿਆ ਸੀ। ਸਾਲ 1988 ਤੋਂ ਇੰਜ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਖਾਲਿਸਤਾਨ ਹੁਣ ਬਹੁਤੀ ਦੂਰ ਨਹੀਂ, ਇਸ ਸਮੇਂ ਵਿਚ ਲਹਿਰ ਵਿਚ ਭਰਤੀ ਹੋਣ ਦੀ ਗਿਣਤੀ ਪੂਰੇ ਜ਼ੋਰਾਂ ਤੇ ਸੀ। ਸਕੂਲਾਂ/ਕਾਲਜਾਂ ਦਾ ਮਾਹੌਲ ਖਾਲਿਸਤਾਨੀ ਰੰਗ ਵਿਚ ਰੰਗਿਆ ਜਾ ਚੁੱਕਾ ਸੀ। ਜਿਸ ਤਰ੍ਹਾਂ ਦੁੱਗਰੀ ਹੋਸਟਲ ਵਿਚ ਚਮਕੀਲੇ ਨੂੰ ਮਾਰਨ ਦੀ ਯੋਜਨਾ ਬਣਾਈ ਗਈ, ਅਜਿਹੀਆਂ ਮੀਟਿੰਗਾਂ ਅਤੇ ਮਿਲਣੀਆਂ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਆਮ ਹੀ ਹੁੰਦੀਆਂ ਰਹਿੰਦੀਆਂ ਸਨ। ਚਮਕੀਲੇ ਦੇ ਕਤਲ ਦੀ ਮੀਟਿੰਗ ਵਿਚ ਸ਼ਾਮਲ ਬਹੁਤ ਸਾਰੇ ਲੋਕ ਹੁਣ ਵੀ ਜਿਊਂਦੇ ਹਨ, ਜਿਨ੍ਹਾਂ ਵਿੱਚੋਂ ਲਸ਼ਵਿੰਦਰ ਸਿੰਘ ਡੱਲੇਵਾਲ ਇੰਗਲੈਂਡ ਵਿਚ ਰਹਿੰਦਿਆਂ ਇਸ ਕਤਲ ਕਾਂਡ ਬਾਰੇ ਉਹ ਜਨਤਕ ਰੂਪ ਵਿਚ ਮੰਨ ਚੁੱਕਾ ਹੈ। ਉਸ ਦੀ ਪੂਰੀ ਵੀਡੀਓ ਯੂ-ਟਿਊਬ ਉੱਤੇ ‘ਸ਼ਮਸ਼ੀਰ ਦਸਤ’ ਨਾਂ ਦੇ ਚੈਨਲ ਉੱਤੇ ਪਈ ਹੋਈ ਹੈ। ਲੁਧਿਆਣਾ ਦਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਉਸ ਵੇਲੇ ਅੱਤਵਾਦੀਆਂ ਦਾ ਪੂਰਾ ਅੱਡਾ ਬਣਿਆ ਹੋਇਆ ਸੀ। ਪਾਸ਼ ਅਤੇ ਚਮਕੀਲੇ ਦੇ ਕਤਲ ਵਿਚ ਸ਼ਾਮਲ ਲੋਕ ਏਥੇ ਹੀ ਆਮ ਹੀ ਆਇਆ ਜਾਇਆ ਕਰਦੇ ਸਨ। ਚੱਲਦਾ……….