ਉਡੀਕ- ਰੋਜ਼ੀ ਸਿੰਘ

ਉਡੀਕ

ਪਿੰਡਾਂ ਵਰਗਾ ਕਸਬਾ ਰਾਏਗੜ੍ਹ ਜਿੱਥੇ ਸਮਾਂ ਸ਼ਹਿਰਾਂ ਦੇ ਮੁਕਾਬਲੇ ਬੇਸ਼ਕ ਬੜਾ ਹੌਲ਼ੀ ਚੱਲਦਾ ਪਰ ਰਿਸ਼ਤਿਆਂ ਦੀ ਰਫ਼ਤਾਰ ਨੇ ਇੱਥੇ ਵੀ ਆਪਣਾ ਰੰਗ ਵਿਖਾ ਰੱਖਿਆ ਸੀ। ਮੁੱਖ ਬਾਜ਼ਾਰ ਦੀ ਇੱਕ ਨੁੱਕਰ ‘ਤੇ ਬਣੇ ਛੋਟੇ ਜਿਹੇ, ਪੁਰਾਣੇ ਪਰ ਸਫ਼ਾਈ ਨਾਲ਼ ਮਹਿਕਦੇ ਘਰ ਵਿੱਚ ਰਹਿਣ ਵਾਲੇ ਬਜ਼ੁਰਗ ਜੋੜੇ, ਹਰਨਾਮ ਸਿੰਘ ਅਤੇ ਬੇਬੇ ਨਸੀਬ ਕੌਰ ਉਮਰ ਦੇ 80 ਵਰ੍ਹਿਆਂ ਨੂੰ ਢੁੱਕੇ ਹੋਣਗੇ । ਉਹਨਾਂ ਦੀ ਜ਼ਿੰਦਗੀ, ਬਾਹਰੋਂ ਸ਼ਾਂਤ ਸੀ ਪਰ ਅੰਦਰੋਂ ਸਮੁੰਦਰ ਦੇ ਹੇਠਾਂ ਬੈਠੇ ਤੁਫ਼ਾਨ ਵਾਂਙ ਖੌਲਦੀ, ਜਿਸ ਵਿੱਚ ਕਿਸੇ ਵੇਲ਼ੇ ਵੀ ਸੁਨਾਮੀ ਆ ਸਕਦੀ ਸੀ।

ਦੋਵੇਂ ਬਿਮਾਰ ਰਹਿੰਦੇ। ਜਵਾਨੀ ਦੇ ਦਿਨਾਂ ਤੋਂ ਹੀ ਦੋਵਾਂ ਦੀ ਇਕ ਹੀ ਖ਼ਾਹਿਸ ਸੀ, ਆਪਣੇ ਬੱਚਿਆਂ ਨੂੰ ਹਰ ਹਾਲਤ ਵਿੱਚ ਪੜ੍ਹਾਉਂਣਾ ਅਤੇ ਉਹਨਾਂ ਨੂੰ ਆਪਣੇ ਪੈਂਰਾਂ ’ਤੇ ਖੜ੍ਹੇ ਕਰਨਾਂ ਤਾਂ ਜੋ ਬੱਚੇ ਉਹਨਾਂ ਤੋਂ ਬੇਹਤਰ ਜ਼ਿੰਦਗੀ ਜੀਅ ਸਕਣ। ਆਪਣੀ ਸਾਰੀ ਹਯਾਤੀ ਉਹਨਾਂ ਖ਼ੇਤੀਬਾੜੀ ਵਿੱਚ, ਦੋ ਵਕਤ ਦੀ ਰੋਟੀ ਲਈ ਸਖ਼ਤ ਮਿਹਨਤ ਕਰਦਿਆਂ ਲੰਘਾਈ ਸੀ। ਉਹਨਾਂ ਨੇ ਆਪਣੇ ਦੋ ਵੱਡੇ ਪੁੱਤਰਾਂ, ਜਗਸੀਰ ਅਤੇ ਗੁਰਸੀਰ ਨੂੰ ਪੜ੍ਹਾਇਆ-ਲਿਖਾਇਆ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਆਪਣੀ ਜ਼ਮੀਨ ਦਾ ਇੱਕ ਵੱਡਾ ਹਿੱਸਾ ਵੇਚ ਦਿੱਤਾ।

ਦੋਵੇਂ ਲੜਕੇ ਜਗਸੀਰ ਅਤੇ ਗੁਰਸੀਰ ਅੱਜ ਸਫਲ ਕਾਰੋਬਾਰੀ ਸਨ, ਦੋਵੇਂ ਵਿਦੇਸ਼ ਵਿੱਚ ਆਪਣੀ-ਆਪਣੀ ਦੁਨੀਆ ਵਿੱਚ ਮਸ਼ਰੂਫ਼ ਸਨ। ਘਰ ਵਿੱਚ ਬਚਿਆ ਸੀ ਸਿਰਫ਼ ਮਿਡਲ ਕਲਾਸ ਕਮਾਈ ਵਾਲਾ ਸਭ ਤੋਂ ਛੋਟਾ ਮੁੰਡਾ ਬਲਦੀਪ, ਜੋ ਆਪਣੇ ਬੁਜ਼ੁਰਗ ਮਾਂ–ਪਿਉ ਨਾਲ਼ ਪੁਰਾਣੇ ਜੱਦੀ ਮਕਾਨ ਵਿੱਚ ਰਹਿੰਦਾ। ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਦਾ ਵਸੇਬਾ ਕਰਦਾ ਪਰ ਹੁਣ ਇਹ ਵਸੇਬਾ ਇਕ ਸਮਝੌਤੇ ਤੋਂ ਵੱਧ, ਬੋਝ ਬਣ ਚੁੱਕਾ ਸੀ, ਬਲਦੀਪ ਲਈ ਵੀ ਅਤੇ ਮਾਂ–ਬਾਪ ਲਈ ਵੀ।

*****

ਹਰਨਾਮ ਸਿੰਘ ਕਿਸਾਨ ਸੀ। ਸੂਰਜ ਦੇ ਚੜ੍ਹਣ ਤੋਂ ਪਹਿਲਾਂ ਹੀ ਖ਼ੇਤ ਜਾਣਾ, ਮਿੱਟੀ ਨਾਲ਼ ਜੂਝਣਾ, ਪਾਣੀ ਦੇ ਨੱਕੇ ਬਦਲਣਾ, ਇਹੀ ਉਸ ਦੀ ਜ਼ਿੰਦਗੀ ਦਾ ਨਿਤਨੇਮ ਸੀ। ਨਸੀਬ ਕੌਰ ਘਰ-ਗ੍ਰਿਹਸਤੀ ਚਲਾਉਂਦੀ,ਡੰਗਰ ਵੱਛਾ ਸਾਂਭਦੀ ਤੇ ਬਹੁਤੇ ਵਾਰੀ ਹਰਨਾਮ ਸਿੰਘ ਨਾਲ਼ ਪੱਠੇ ਦੱਥੇ ਅਤੇ ਫ਼ਸਲ ਦੀ ਸਾਂਭ ਸੰਭਾਲ ਵਿੱਚ ਵੀ ਪੂਰਾ ਸਾਥ ਦਿੰਦੀ। ਬੱਚਿਆਂ ਲਈ ਨਵੇਂ ਕੱਪੜੇ ਤਾਂ ਕਦੇ ਕਦਾਈ ਹੀ ਆਉਂਦੇ, ਪਰ ਉਹ ਪੁਰਾਣੇ ਕੱਪੜਿਆਂ ਨੂੰ ਹਮੇਸ਼ਾ ਧੋ-ਧਾ ਕੇ ਇੰਨਾ ਸਾਫ਼ ਕਰ ਦਿੰਦੀ ਕਿ ਬੱਚਿਆਂ ਨੂੰ ਉਹ ਨਵੇਂ ਵਰਗੇ ਹੀ ਲੱਗਦੇ।

ਰਾਤ ਦੇ ਸਮੇਂ, ਜਦੋਂ ਸਭ ਸੌਂ ਜਾਂਦੇ, ਦੋਵੇਂ ਪਤੀ–ਪਤਨੀ ਛੱਤ ‘ਤੇ ਬੈਠਦੇ ਅਤੇ ਸੋਚਦੇ:

“ਕਦੇ ਆਪਣੇ ਬੱਚਿਆਂ ਨੂੰ ਰੱਬ ਇਹਨਾਂ ਤੰਗੀਆਂ ਤੁਰਸ਼ੀਆਂ ਤੋਂ ਨਿਜਾਤ ਦੇਵੇਗਾ।”

ਅਕਸਰ ਨਸੀਬ ਕੌਰ, ਹਰਨਾਮ ਸਿੰਘ  ਨੂੰ ਕਹਿੰਦੀ,

“ਜੀ, ਜੇ ਵੱਡੇ ਦੋਵਾਂ ਨੂੰ ਉੱਚੀ ਪੜ੍ਹਾਈ ਕਰਾ ਦਿੱਤੀ ਤਾਂ ਇਹ ਇਕ ਦਿਨ ਸਾਡੇ ਵੀ ਬੁਢਾਪੇ ਦਾ ਆਸਰਾ ਬਣ ਜਾਣਗੇ।”

ਹਰਨਾਮ ਸਿੰਘ  ਹਮੇਸ਼ਾ ਮੁਸਕੁਰਾ ਕੇ ਕਹਿੰਦਾ:

“ਬਿਲਕੁਲ ਬਣਨਗੇ, ਨਸੀਬ ਕੌਰੇ।ਬੱਸ ਅਸੀਂ ਚੱਲਦੇ ਰਹੀਏ ਇੱਕ-ਇੱਕ ਕਦਮ ਕਰਕੇ।”

ਜਗਸੀਰ ਦੀ ਮੈਟ੍ਰਿਕ ਪਾਸ ਹੋਣ ਦੀ ਖ਼ੁਸ਼ੀ ਤਾਂ ਘਰ ਵਿੱਚ ਹੋਈ ਸੀ, ਪਰ ਇਸ ਖ਼ੁਸ਼ੀ ਦੇ ਨਾਲ਼ ਕਈ ਚਿੰਤਾਵਾਂ ਵੀ ਜੁੜ ਗਈਆਂ। ਉਸ ਸਮੇਂ ਵਿਦੇਸ਼ ਜਾਣ ਦਾ ਖ਼ਰਚਾ ਬਹੁਤ ਜ਼ਿਆਦਾ ਸੀ। ਹਰਨਾਮ ਸਿੰਘ  ਨੇ ਆਪਣੇ ਖ਼ੇਤ ਦਾ ਇਕ ਹਿੱਸਾ ਵੇਚਿਆ, ਕਰਜ਼ੇ ਲਈ ਲੋਕਾਂ ਅੱਗੇ ਹੱਥ ਜੋੜੇ। ਨਸੀਬ ਕੌਰ ਨੂੰ ਆਪਣੇ ਵਿਆਹ ਦੀਆਂ ਵਾਲੀਆਂ,ਚੂੜੀਆਂ ਵੇਚਣੀਆਂ ਪਈਆਂ। ਉਹਨਾਂ ਦੀਆਂ ਅੱਖਾਂ ਵਿੱਚ ਇਕ ਹੀ ਚਮਕ ਸੀ; ਪੁੱਤਰ ਦੀ ਤਰੱਕੀ।       ਜਦੋਂ ਜਗਸੀਰ ਦਾ ਵੀਜ਼ਾ ਆ ਗਿਆ, ਤਾਂ ਘਰ ਵਿੱਚ ਖ਼ੁਸ਼ੀ ਦੇ ਨਾਲ਼ ਨਾਲ਼ ਗ਼ਮ ਨੇ ਵੀ ਥਾਂ ਬਣਾ ਲਈ। ਨਸੀਬ ਕੌਰ ਰਾਤ ਭਰ ਰੋਂਦੀ ਰਹੀ।

“ਮੇਰਾ ਮੁੰਡਾ ਦੂਰ ਚਲਾ ਜਾਵੇਗਾ… ਪਰ ਖ਼ੁਸ਼ੀ ਵੀ ਸੀ… ਕਿ ਰੱਬ ਇਸਨੂੰ ਚੰਗੀ ਤਰੱਕੀ ਦੇਵੇਗਾ।”

ਗੁਰਸੀਰ ਹੋਰ ਵੀ ਚਾਲਾਕ ਤੇ ਤਿੱਖੀ ਅਕਲ ਵਾਲਾ ਸੀ। ਉਸ ਨੇ ਕਾਲਜ ‘ਚ ਟੌਪ ਕੀਤਾ ਸੀ। ਆਂਢ ਗੁਆਂਢ ਵਾਲੇ ਕਹਿੰਦੇ:

“ਇਹ ਮੁੰਡਾ ਤਾਂ ਬਾਹਲਾ ਸਿਆਣਾ ਹੈ, ਜੇ ਵਿਦੇਸ਼ ਗਿਆ ਤਾਂ ਘਰ ਦਾ ਨਾਮ ਰੋਸ਼ਨ ਕਰੇਗਾ।”

ਪਰ ਜਗਸੀਰ ਨੂੰ ਭੇਜਣ ਤੋਂ ਬਾਅਦ ਘਰ ਦੀ ਹਾਲਤ ਬਹੁਤ ਕੱਚੀ ਹੋ ਚੁੱਕੀ ਸੀ। ਕਰਜ਼ੇ ਚੜ੍ਹੇ ਹੋਏ ਸਨ, ਖ਼ੇਤ ਪਹਿਲਾਂ ਹੀ ਛੋਟਾ ਹੋ ਚੁੱਕਾ ਸੀ ਤੇ ਹਰਨਾਮ ਸਿੰਘ ਦੀ ਸਿਹਤ ਵੀ ਡਿੱਗਣ ਲੱਗੀ ਸੀ। ਫਿਰ ਵੀ ਮਾਪਿਆਂ ਨੇ ਹਿੰਮਤ ਨਾ ਹਾਰੀ। ਘਰ ਦੀ ਇਕ-ਇਕ ਇੱਟ ਵੇਚਣ ਦੀ ਹੱਦ ਤੱਕ ਪਹੁੰਚ ਕੇ ਉਹਨਾਂ ਨੇ ਗੁਰਸੀਰ ਨੂੰ ਵੀ ਵਿਦੇਸ਼ ਭੇਜ ਦਿੱਤਾ।

ਕੁੱਝ ਸਾਲਾਂ ਵਿੱਚ ਦੋਵੇਂ ਪੁੱਤਰ ਤਾਂ ਤਰੱਕੀ ਕਰ ਗਏ… ਪਰ ਮਾਪਿਆਂ ਦਾ ਬੁਢਾਪਾ ਇਕਲਾਪੇ ਤੇ ਬਿਮਾਰੀਆਂ ਨੇ ਆ ਘੇਰਿਆ। ਜਗਸੀਰ ਕੈਨੇਡਾ ਦੇ ਇੱਕ ਵੱਡੇ ਸ਼ਹਿਰ ਵਿੱਚ ਬਿਲਡਰ ਸੀ, ਅਤੇ ਗੁਰਸੀਰ ਆਸਟ੍ਰੇਲੀਆ ਵਿੱਚ ਸੌਫਟਵੇਅਰ ਕੰਪਨੀ ਦਾ ਕਰਤਾ ਧਰਤਾ। ਦੋਵੇਂ ਕਾਰੋਬਾਰੀ, ਲੱਖਾਂ ਦੀ ਜਾਇਦਾਦ ਵਾਲੇ, ਵੱਡੀਆਂ ਗੱਡੀਆਂ ਅਤੇ ਆਲੀਸ਼ਾਨ ਕੋਠੀਆਂ ਵਿੱਚ ਰਹਿਣ ਵਾਲੇ । ਉਹਨਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਪੂਰੀ ਤਰ੍ਹਾਂ ‘ਵਿਦੇਸੀ’ ਹੋ ਚੁੱਕੇ ਸਨ, ਜਿਹਨਾਂ ਲਈ ‘ਰਾਏਗੜ੍ਹ’ ਦਾ ਮਤਲਬ ਸਿਰਫ਼ ‘ਇੰਡੀਆ’ ਵਾਲਾ ਘਰ ਸੀ, ਜਿੱਥੇ ਉਹ ਸਾਲਾਂ ਬਾਅਦ ਕਦੇ-ਕਦਾਈਂ, ਰਸਮੀ ਤੌਰ ‘ਤੇ ਥੋੜ੍ਹੇ ਦਿਨਾਂ ਲਈ ਛੁੱਟੀਆਂ ਮਨਾਉਣ ਆਉਂਦੇ ਸਨ।

ਇਹ ਦੁੱਖ਼ ਹਰਨਾਮ ਸਿੰਘ ਅਤੇ ਨਸੀਬ ਕੌਰ ਨੂੰ ਹਰ ਰੋਜ਼ ਵੱਢ ਵੱਢ ਖਾਂਦਾ ਸੀ: ਜਿਹਨਾਂ ਹੱਥਾਂ ਨੇ ਆਪਣੇ ਬੱਚਿਆਂ ਨੂੰ ਉੱਚੀਆਂ ਉਡਾਣਾਂ ਲਈ ਖੰਭ ਦਿੱਤੇ ਸਨ, ਉਹ ਹੀ ਹੱਥ ਅੱਜ ਖਾਲੀ ਅਤੇ ਕੰਬਦੇ ਸਨ, ਜਿਹਨਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਸੀ।

*****

ਹਰਨਾਮ ਸਿੰਘ ਅਤੇ ਨਸੀਬ ਕੌਰ ਹੁਣ ਵੱਡੀ ਉਮਰ ਵਿੱਚ ਬਿਮਾਰੀਆਂ ਨਾਲ਼ ਲੜ ਰਹੇ ਸਨ। ਦੋਵੇਂ ਪੁੱਤਰ ਮਹੀਨਿਆਂ ਬਾਅਦ ਫੋਨ ਕਰ ਲੈਂਦੇ ਤੇ ਵਾਰੀ-ਵਾਰੀ ਪੈਸੇ ਵੀ ਭੇਜ ਦਿੰਦੇ ਪਰ ਮਾਂ–ਪਿਓ ਲਈ ਸਭ ਤੋਂ ਵੱਡੀ ਘਾਟ ਪੈਸਾ ਨਹੀਂ, ਸਗੋਂ ਪਿਆਰ ਅਤੇ ਸਾਥ ਦੀ ਸੀ।

ਬਲਦੀਪ, ਜੋ ਘਰ ਵਿੱਚ ਇਕੱਲਾ ਬਚਿਆ ਸੀ, ਆਪਣੀ ਪਤਨੀ ਅਤੇ ਬੱਚਿਆਂ ਸਮੇਤ ਘੱਟ ਕਮਾਈ ਅਤੇ ਤੰਗ ਹਾਲਾਤਾਂ ਨਾਲ਼ ਜੂਝ ਰਿਹਾ ਸੀ। ਉਹ ਮਾਂ–ਪਿਓ ਨੂੰ ਸਭ ਕੁਝ ਦੇਣਾ ਤਾਂ ਚਾਹੁੰਦਾ ਸੀ ਪਰ ਉਸ ਦੀਆਂ ਆਪਣੀਆਂ ਜ਼ਰੂਰਤਾਂ ਤੇ ਮਜ਼ਬੂਰੀਆਂ ਨੇ ਉਸਨੂੰ ਅੰਦਰੋਂ ਖੋਖਲਾ ਕਰ ਕੇ ਰੱਖ ਦਿੱਤਾ ਸੀ। ਉਹ ਦੋਵਾਂ ਪਾਸਿਆਂ ਤੋਂ ਪਿਸ ਰਿਹਾ ਸੀ। ਇੱਕ ਪਾਸੇ ਬਿਮਾਰ ਮਾਪੇ, ਜਿਹਨਾਂ ਦੀਆਂ ਅੱਖਾਂ ਵਿੱਚ ਉਮੀਦ ਅਤੇ ਦਰਦ ਦੋਵੇਂ ਸਨ, ਅਤੇ ਦੂਜੇ ਪਾਸੇ ਉਸਦੀ ਪਤਨੀ ਅਤੇ ਬੱਚੇ, ਜਿਹਨਾਂ ਨੂੰ ਉਹ ਇੱਕ ਸਧਾਰਨ ਜ਼ਿੰਦਗੀ ਵੀ ਬੜੀ ਮੁਸ਼ਕਿਲ ਨਾਲ਼ ਦੇ ਪਾ ਰਿਹਾ ਸੀ। ਉਹ ਜਾਣਦਾ ਸੀ ਕਿ ਜੇਕਰ ਮਾਪਿਆਂ ਨੂੰ ਕਿਸੇ ਬਿਮਾਰੀ ਲਈ ਵੱਡੇ ਇਲਾਜ਼ ਦੀ ਲੋੜ ਪਈ ਤਾਂ ਉਹ ਆਪਣੇ ਦਮ ‘ਤੇ ਕੁਝ ਵੀ ਨਹੀਂ ਕਰ ਸਕੇਗਾ। ਉਹ ਰਾਤਾਂ ਨੂੰ ਜਾਗ ਕੇ ਸਿਰਫ਼ ਸ਼ਰਮ ਅਤੇ ਲਾਚਾਰੀ ਮਹਿਸੂਸ ਕਰਦਾ ਤੇ ਅਕਸਰ ਰਾਤ ਨੂੰ ਚੁੱਪਚਾਪ ਬੈਠਾ ਰੋਂਦਾ ਰਹਿੰਦਾ।

ਉਸਦੀ ਪਤਨੀ ਆਪਣੇ ਬੱਚਿਆਂ ਨੂੰ ਇੱਕ ਚੰਗੇ ਸਕੂਲ ਵਿੱਚ ਦਾਖ਼ਲ ਕਰਵਾਉਣਾ ਚਾਹੁੰਦੀ ਸੀ, ਜਿਸਦੀ ਫੀਸ ਲਗਾਤਾਰ ਵੱਧ ਰਹੀ ਸੀ। ਘਰ ਵਿੱਚ ਨਿੱਤ ਰੋਜ਼ ਵੱਧਦੇ ਖ਼ਰਚਿਆਂ ਕਾਰਨ, ਉਹ ਅਕਸਰ ਮਾਪਿਆਂ ਦੀਆਂ ਜ਼ਰੂਰਤਾਂ ਨੂੰ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਦੇ ਸਾਹਮਣੇ ਲੁਕਾਉਣ ਲਈ ਮਜ਼ਬੂਰ ਹੋ ਜਾਂਦੀ ਸੀ ਬੱਚਿਆਂ ਦੇ ਦਾਖ਼ਲੇ ਲਈ ਜੋੜੇ ਪੈਸੇ ਦਵਾਈਆਂ ਅਤੇ ਘਰ ਦੇ ਸੌਦੇ ਪੱਤੇ ਦੀ ਆਹੁਤੀ ਚੜ੍ਹ ਜਾਂਦੇ।

ਆਪਣੇ ਮਾਪਿਆਂ, ਪਤਨੀ ਤੇ ਬੱਚਿਆਂ ਨੂੰ ਇਸ ਹਾਲ ਵਿੱਚ ਦੇਖ ਕੇ ਬਲਦੀਪ ਦਾ ਦਿਲ ਟੁੱਟ ਜਾਂਦਾ। ਕਈ ਵਾਰੀ ਤਾਂ ਉਹ ਨਿਰਾਸ਼ਾ ਵਿੱਚ ਸੋਚ ਬੈਠਦਾ:

“ਕੀ ਹੋਵੇਗਾ…ਜੇ ਇਹ ਦੁੱਖ਼ ਖ਼ਤਮ ਹੀ ਕਰ ਦਿਆਂ ? ਇਹਨਾਂ ਨੂੰ ਮੁਕਤੀ ਦੇ ਦੇਵਾਂ… ਘੱਟੋ-ਘੱਟ ਇਸ ਰੋਜ਼ ਦੀ ਤੜਪ ਤੋਂ ਬਚ ਜਾਣਗੇ…”

ਇਹ ਸੋਚ ਉਸ ਨੂੰ ਅੰਦਰ ਤੱਕ ਤਬਾਹ ਕਰ ਦਿੰਦੀ ਤੇ ਉਸਦੀ ਨਿਰਾਸ਼ਾ ਦਾ ਕੋਈ ਆਲਮ ਨਾ ਰਹਿੰਦਾ।

*****

ਰਾਤ ਦਾ ਸਮਾਂ ਸੀ। ਬਾਹਰ ਧੁੰਦ ਏਨੀ ਸੀ ਕਿ ਬੰਦਾ ਆਪਣਾ ਹੱਥ ਵੀ ਨਾ ਵੇਖ ਸਕੇ। ਕਸਬੇ ਦੇ ਪੁਰਾਣੇ ਘਰ ਵਿੱਚ, ਜਿਸ ਦੀਆਂ ਦੀਵਾਰਾਂ ‘ਚੋਂ ਕੱਲਰ ਤੇ ਨਮੀ ਟਪਕਦੀ ਸੀ, ਬਲਦੀਪ ਚੁੱਪਚਾਪ ਚੌਕੀ ‘ਤੇ ਬੈਠਾ ਸੀ। ਬਲ਼ ਚੁੱਕੀ ਲੱਕੜ ਦੇ ਕੋਲ਼ੇ ਹੌਲ਼ੀ-ਹੌਲ਼ੀ ਠੰਡੇ ਹੋ ਰਹੇ ਸਨ। ਉਸਦੇ ਮਾਪਿਆਂ ਦੇ ਖੰਘਣ ਦੀਆਂ ਟੁੱਟਵੀਆਂ ਆਵਾਜ਼ਾਂ ਘਰ ਦੀ ਖ਼ਾਮੋਸ਼ੀ ਨੂੰ ਚੀਰ ਰਹੀਆਂ ਸਨ।

ਉਹ ਅੱਖਾਂ ਬੰਦ ਕਰਦਾ, ਪਰ ਬੰਦ ਅੱਖਾਂ ਪਿੱਛੇ ਇੱਕ ਚਿੱਤਰ ਉੱਭਰਦਾ—ਉਸਦੇ ਪਿਓ ਹਰਨਾਮ ਸਿੰਘ ਦਾ ਕੰਬਦਾ ਹੋਇਆ ਹੱਥ, ਜਦ ਉਹ ਬੇਬਸੀ ਨਾਲ਼ ਪਾਣੀ ਮੰਗਦਾ…। ਉਸਦੀ ਮਾਂ ਨਸੀਬ ਕੌਰ ਦੀ ਉਹ ਨਜ਼ਰ, ਜਿਸ ‘ਚ ਦਰਦ ਸੀ, ਤਰਲਾ ਵੀ ਸੀ, ਤੇ ਇੱਕ ਬੇਬੋਲ ਬੇਨਤੀ ਵੀ। ਬਲਦੀਪ ਦੇ ਮਨ ਵਿੱਚ ਤੂਫ਼ਾਨ ਚੱਲ ਪੈਂਦਾ। ਉਹ ਅੰਦਰੋਂ ਮਜ਼ਬੂਰ ਹੋ ਕੇ ਸੋਚਦਾ:

“ਰੱਬਾ… ਮੈਂ ਕਿਹੋ ਜਿਹਾ ਪੁੱਤਰ ਹਾਂ ? ਮੈਨੂੰ ਆਪਣੀ ਕਮਾਈ ਨਾਲ਼ ਘਰ ਚਲਾਉਣਾ ਵੀ ਔਖਾ ਹੋਇਆ ਪਿਆ ਹੈ… ਤੇ ਮਾਂ–ਪਿਓ ਦੀ ਦਵਾਈ, ਉਹਨਾਂ ਦੀ ਦੇਖਭਾਲ, ਉਹਨਾਂ ਦੀਆਂ ਲੋੜਾਂ… ਮੈਂ ਕਿੰਨਾ ਕੁ ਹੋਰ ਝੱਲ ਸਕਦਾ ਹਾਂ?”

ਉਸਦੀ ਪਤਨੀ ਕਈ ਵਾਰੀ ਕਹਿ ਚੁੱਕੀ ਸੀ: “ਬਲਦੀਪ, ਸਾਡੀ ਵੀ ਤਾਂ ਜ਼ਿੰਦਗੀ ਹੈ। ਬੱਚਿਆਂ ਦੀ ਸਕੂਲ ਦੀ ਫੀਸ, ਰੋਜ਼ ਦਾ ਖ਼ਰਚਾ… ਇਹ ਸਾਰੇ ਦਾ ਸਾਰਾ ਹੁਣ ਸਾਡੀ ਕਮਾਈ ਨੂੰ ਬਗਿਆੜ ਵਾਂਙ ਨਿਗਲ ਰਿਹਾ ਹੈ। ਤੇਰੇ ਵੱਡੇ ਭਰਾ ਪੈਸਾ ਭੇਜ ਕੇ ਕਿਹੜਾ ਅਹਿਸਾਨ ਕਰਦੇ ਨੇ? ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਭੇਜੇ ਕੁੱਝ ਰੁਪੱਈਏ ਦੋ ਹਫ਼ਤਿਆਂ ਦੀ ਦਵਾਈ ਨਾਲ ਹੀ ਸਵਾਹ ਹੋ ਜਾਂਦੇ ਨੇ। ਉਹਨਾਂ ਨੇ ਕਦੇ ਵੀ ਮਾਂ–ਪਿਓ ਦੀ ਸੇਵਾ ਕਰਨ ਦੀ ਲੋੜ ਹੀ ਮਹਿਸੂਸ ਨਹੀ ਕੀਤੀ।”

ਬਲਦੀਪ ਚੁੱਪ ਰਹਿੰਦਾ, ਉਹ ਜਾਣਦਾ ਸੀ ਕਿ ਪੈਸੇ ਨਾਲ਼ ਨਾ ਤਾਂ ਉਹ ਮਾਂ–ਬਾਪ ਦਾ ਬੁਢਾਪਾ ਪਾਲ਼ ਸਕਦਾ ਸੀ, ਅਤੇ ਨਾ ਹੀ ਆਪਣੇ ਦਿਲ ਦੀ ਭਟਕਣ ਨੂੰ ਹੌਸਲਾ ਦੇ ਸਕਦਾ ਸੀ।

ਹਰਨਾਮ ਸਿੰਘ ਦਾ ਸਰੀਰ ਦਿਨੋਂ-ਦਿਨ ਬੇਜਾਨ ਹੋ ਰਿਹਾ ਸੀ। ਕਦੀ ਖ਼ੇਤਾਂ ਵਿੱਚ ਘੰਟਿਆਂ ਬੱਧੀ ਮਿਹਨਤ ਕਰਨ ਵਾਲਾ ਇਨਸਾਨ ਹੁਣ ਬਿਸਤਰੇ ਤੋਂ ਉੱਠਣ ਲਈ ਵੀ ਕਿਸੇ ਦਾ ਸਹਾਰਾ ਭਾਲਦਾ ਸੀ। ਨਸੀਬ ਕੌਰ ਦੀਆਂ ਅੱਖਾਂ ਧੁੰਦਲੀਆਂ ਹੋ ਰਹੀਆਂ ਸਨ ਇਸ ਦੇ ਬਾਵਜੂਦ ਉਹ ਇਕ ਦੂਜੇ ਦਾ ਸਹਾਰਾ ਬਣੇ ਹੋਏ ਸਨ।

ਉਹ ਬਲਦੀਪ ਨੂੰ ਕਦੇ ਕੁਝ ਨਾ ਕਹਿੰਦੇ। ਕਿਸੇ ਦਿਨ ਜਦ ਉਹ ਰਾਤ ਨੂੰ ਜ਼ਿਆਦਾ ਹੀ ਤਕਲੀਫ਼ ਵਿੱਚ ਹੁੰਦੇ ਤਾਂ ਨਸੀਬ ਕੌਰ ਹੌਲ਼ੀ ਜਿਹੀ ਆਵਾਜ਼ ਵਿੱਚ ਕਹਿੰਦੀ:

“ਬਲਦੀਪ, ਪੁੱਤਰ… ਤੂੰ ਆਪਣੀ ਤਾਕਤ ਤੋਂ ਵੱਧ ਸਾਨੂੰ ਝੱਲ ਰਿਹਾ ਏਂ… ਪਰ ਅਸੀਂ ਤੇਰੇ ਉੱਤੇ ਬੋਝ ਬਣੇ ਬੈਠੇ ਹਾਂ। ਜੇ ਅਸੀਂ ਬੇਸਾਹਾਰਾ ਨਾ ਹੁੰਦੇ ਤਾਂ ਆਪਣੀ ਜਾਨ ਆਪ ਹੀ ਮੁਕਾ ਲੈਂਦੇ… ਤੈਨੂੰ ਘੱਟੋ-ਘੱਟ ਇਹ ਤਕਲੀਫ਼ ਤਾਂ ਨਾ ਦੇਖਣੀ ਪੈਂਦੀ।”

ਮਾਂ ਦੀ ਗੱਲ ਸੁਣ ਕੇ ਬਲਦੀਪ ਦੀ ਰੂਹ ਤਕ ਕੰਬ ਜਾਂਦੀ। ਉਹ ਮਾਂ ਦੇ ਪੈਰਾਂ ‘ਚ ਬੈਠ ਜਾਂਦਾ,

“ਮਾਂ ਐਦਾਂ ਨਾ ਕਹਿ… ਮੇਰੇ ਵੱਸ ‘ਚ ਹੋਵੇ ਤਾਂ ਮੈਂ ਤੁਹਾਨੂੰ ਸੋਨੇ ਦੇ ਝੂਲੇ ‘ਚ ਰੱਖਾਂ। ਹਰ ਰੋਜ਼ ਵੱਡੇ ਤੋਂ ਵੱਡੇ ਡਾਕਟਰ ਕੋਲ਼ ਲੈ ਜਾਵਾਂ ਪਰ… ਮੈਂ ਕਮਜ਼ੋਰ ਹਾਂ…ਕੰਮ ’ਤੇ ਨਾ ਜਾਵਾਂ ਤਾ ਬਾਲ ਭੁੱਖੇ ਮਰਨਗੇ। ਮੈਂ ਮਜ਼ਬੂਰ ਹਾਂ ਤੇ ਖ਼ੁਦ ਨੂੰ ਕਦੇ ਮਾਫ਼ ਵੀ ਨਹੀਂ ਕਰ ਸਕਦਾ।”

ਨਸੀਬ ਕੌਰ ਦੇ ਕੰਬਦੇ ਹੱਥ ਉਸਦੇ ਸਿਰ ‘ਤੇ ਫਿਰਦੇ।

“ਨਈਂ ਪੁੱਤਰ… ਤੈਨੂੰ ਦੋਸ਼ ਦੇਣ ਵਾਲੇ ਅਸੀਂ ਕੌਣ ਆਂ ? ਅਸਲ ਦੋਸ਼ੀ ਤਾਂ ਉਹ ਨੇ… ਜਿਨ੍ਹਾਂ ਲਈ ਅਸੀਂ ਜ਼ਿੰਦਗੀ ਵੇਚ ਦਿੱਤੀ। ਜਿਨ੍ਹਾਂ ਨੂੰ ਵੱਡਾ ਕਰਨ ਲਈ ਅਸੀਂ ਸੁਪਨੇ ਵੀ ਮਾਰ ਲਏ…”

ਉਸਦੀ ਆਵਾਜ਼ ਰੁੱਕ ਗਈ ਤੇ ਉਹ ਫੁੱਟ ਪਈ।

*****

ਜਗਸੀਰ ਤੇ ਗੁਰਸੀਰ ਵਿਦੇਸ਼ ਵਿੱਚ ਆਪਣੀ ਦੁਨੀਆ ਬਣਾਈ ਬੈਠੇ ਸਨ। ਉਹਨਾਂ ਦੇ ਘਰ, ਮੋਟਰ ਕਾਰਾਂ, ਕਾਰੋਬਾਰ,ਹਰ ਚੀਜ਼ ਵਧੀਆ ਸੀ। ਕਦੇ-ਕਦੇ ਵਟਸਐਪ ‘ਤੇ ਦੋ ਲਾਈਨਾਂ ਆ ਜਾਂਦੀਆਂ—

“ਪਿਤਾ ਜੀ ਕਿਵੇਂ ਨੇ ? ਮਾਂ ਠੀਕ ਹੈ ਨਾ…? ਦਵਾਈਆਂ ਚੱਲ ਰਹੀਆਂ ਨੇ ?”

ਪਰ ਇਹ ਸਵਾਲ ਉਹਨਾਂ ਦੀ ਮਾਪਿਆਂ ਪ੍ਰਤੀ ਚਿੰਤਾਂ ਨਹੀਂ… ਸਿਰਫ਼ ਇਕ ਰਸਮੀ ਕਾਰਵਾਈ ਸੀ। ਇੱਕ ਡਿਊਟੀ ਸੀ… ਜਿਸ ਨੂੰ ਉਹ ਨਾ ਚਾਹੁੰਦੇ ਹੋਏ ਵੀ ਕਰਦੇ ਚਲੇ ਆ ਰਹੇ ਸਨ।

ਨਸੀਬ ਕੌਰ ਅਕਸਰ ਬਲਦੀਪ ਦੇ ਫੋਨ ’ਤੇ ਉਹਨਾਂ ਦੀ ਵਟਸਐਪ ਦੀ ਡੀ.ਪੀ. ਨੂੰ ਤੱਕਦੀ ਰਹਿ ਜਾਂਦੀ। ਅੱਖਾਂ ਵਿੱਚੋਂ ਹੌਲ਼ੀ ਹੌਲ਼ੀ ਪਾਣੀ ਸਿੰਮਦਾ ਤੇ ਹਰਨਾਮ ਸਿੰਘ ਸਿਰਫ਼ ਲੰਮਾਂ ਸਾਹ ਭਰਦਾ।

“ਆਓ ਕਦੇ… ਇੱਕ ਵਾਰੀ ਹੀ ਆ ਕੇ ਮਿਲ ਜਾਓ… ਇਹ ਘਰ, ਇਹ ਮਾਂ ਪਿਓ… ਤੁਹਾਡੀ ਉਡੀਕ ਕਰਦੇ-ਕਰਦੇ ਹੁਣ ਰੇਤ ਵਾਂਙ ਕਿਰ ਰਹੇ ਨੇ।”

ਉਹ ਆਪ ਮੁਹਾਰੇ ਬੋਲਦੀ। ਅਕਸਰ ਉਹਨਾਂ ਦੀ ਇਹ ਉਡੀਕ ਅਧੂਰੀ ਹੀ ਰਹਿੰਦੀ।

ਬਲਦੀਪ ਕਈ ਵਾਰ ਸ਼ਾਮ ਨੂੰ ਬਦਹਵਾਸੀ ਵਿੱਚ ਕਸਬੇ ਤੋਂ ਬਾਹਰ ਪਿੰਡ ਦੇ ਰਸਤੇ ’ਤੇ ਨਿਕਲ ਟੁਰਦਾ। ਟਿਮਟਮਾਉਂਦੀ ਰੌਸ਼ਨੀ ਧਰਤੀ ਨਾਲ਼ ਰਲ ਕੇ ਧੁੰਦਲੀ ਹੋ ਜਾਂਦੀ। ਉਸਦੇ ਦਿਮਾਗ ਵਿੱਚ ਇਕੋ ਚੀਜ਼ ਗੂੰਜਦੀ:

“ਜੇ ਮਾਂ–ਪਿਓ ਹੀ ਨਾ ਰਹਿਣ… ਤਾਂ ਇਹ ਰੋਜ਼ ਦਾ ਸੰਤਾਪ ਵੀ ਨਾ ਰਹੇ…”

ਇਸ ਖ਼ਿਆਲ ਦੇ ਨਾਲ਼ ਹੀ ਉਹ ਆਪਣਾ ਸਿਰ ਕਿਸੇ ਰੁੱਖ ਨਾਲ਼ ਮਾਰਦਾ।

“ਨਈ…! ਮੈਂ ਐਦਾਂ ਕਿਵੇਂ ਸੋਚ ਸਕਦਾ ਆਂ ? ਇਹ ਤਾਂ ਮੇਰੇ ਰੱਬ ਨੇ… ਮੇਰੀ ਰੂਹ ਦੇ ਰਿਸ਼ਤੇ ਨੇ। ਮੈਂ ਇਹ ਘਟੀਆ ਖ਼ਿਆਲ ਕਿਵੇਂ ਆਪਣੇ ਮਨ ਵਿੱਚ ਆਉਣ ਦਿੱਤਾ ?”

ਨਿਰਾਸ਼ਾ ਨੇ ਉਸਦੇ ਮਸਤਕ ਦੇ ਕਿਸੇ ਕੋਨੇ ‘ਚ ਝਾੜੀਆਂ ਵਾਂਙ ਜੜਾਂ ਮਾਰ ਲਈਆਂ ਸਨ। ਉਹ ਜੜਾਂ ਦਿਨੋਂ-ਦਿਨ ਸੰਘਣੀਆਂ ਹੁੰਦੀਆਂ ਜਾ ਰਹੀਆਂ ਸਨ।

*****

ਰਾਤ ਹੋਰ ਵੀ ਡੂੰਘੀ ਹੋ ਗਈ ਸੀ। ਘਰ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵਿਚੋਂ ਹੁੰਦੀ ਠੰਡੀ ਹਵਾ ਹਰਨਾਮ ਸਿੰਘ ਦੇ ਕੰਬਦੇ ਸਰੀਰ ਨੂੰ ਚੂਸਦੀ ਜਾ ਰਹੀ ਸੀ। ਨਸੀਬ ਕੌਰ ਇੱਕ ਪੁਰਾਣੇ ਕੰਬਲ ਨੂੰ ਉਸਦੇ ਮੋਢਿਆਂ ‘ਤੇ ਰੱਖ ਰਹੀ ਸੀ, ਪਰ ਉਸਦੇ ਆਪਣੇ ਹੱਥ ਵੀ ਕੰਬਣ ਲੱਗਦੇ। ਬਲਦੀਪ ਦਰਵਾਜ਼ੇ ਨਾਲ਼ ਟੇਕ ਲਗਾਈ ਖੜਾ ਸਭ ਕੁਝ ਵੇਖ ਰਿਹਾ ਸੀ। ਉਸਦੇ ਅੰਦਰ ਇੱਕ ਸਵਾਲ ਵਾਰ-ਵਾਰ ਤੀਰ ਵਾਂਙ ਚੁਭਦਾ:

“ਮੇਰਾ ਕੀ ਕਸੂਰ ਐ ? ਮੈਂ ਹੀ ਕਿਉਂ ਇਹ ਸਭ ਝੱਲਾਂ ? ਮੇਰੇ ਹੀ ਮੱਥੇ ਇਹਨਾਂ ਦਾ ਬੋਝ ਕਿਉਂ?”

ਇਹ ਸਵਾਲ ਉਸਦੇ ਦਿਲ ਵਿੱਚ ਗਾਹ ਪਾਉਂਦੇ ਜਾ ਰਹੇ ਸਨ।

ਉਸ ਰਾਤ ਬਲਦੀਪ ਦੀ ਅੰਦਰਲੀ ਲੜਾਈ ਬਹੁਤ ਭਿਆਨਕ ਹੋ ਗਈ। ਉਸਦੇ ਹੱਥ ਕੰਬਣ ਲੱਗੇ ਤੇ ਮੱਥੇ ’ਤੇ ਤਰੇਲੀਆਂ ਆ ਗਈਆਂ। ਉਹ ਪਿੱਛਲੇ ਕਮਰੇ ਵੱਲ ਗਿਆ, ਹੱਥਾਂ ਵਿੱਚ ਪੁਰਾਣਾ ਸਰਾਹਣਾ ਆ ਗਿਆ। ਬਲਬ ਦੀ ਮੱਧਮ ਰੌਸ਼ਨੀ ਉਸਦੇ ਪੀਲੇ ਪੈ ਚੁੱਕੇ ਚਿਹਰੇ ‘ਤੇ ਪਈ। ਰੌਸ਼ਨੀ ਉਸਦੀਆਂ ਅੱਖਾਂ ਨਾਲ਼ ਟਕਰਾਈ, ਉਸਦਾ ਦਿਲ ਤੜਪਿਆ।

“ਨਹੀਂ…ਮੈਂ ਇਹ ਨਹੀਂ ਕਰ ਸਕਦਾ, ਪਰ…ਜੇ ਇਹਨਾਂ ਨੂੰ ਇਸ ਤੜਪ ਤੋਂ ਮੁਕਤੀ ਮਿਲ ਜਾਵੇ…? ਸਰਾਹਣੇ ਦੀ ਘੁਟਨ ਨਾਲ ਦੋ ਮਿੰਟ ਲੱਗਣਗੇ…”

ਉਸਦੇ ਅੰਦਰ ਇਕ ਕਸ਼ਮਕਸ਼ ਸੀ। ਇਸ ਖ਼ਿਆਲ ਨੇ ਉਸਦੇ ਮਨ ਨੂੰ ਡਰਾਉਣੀ ਹੱਦ ਤੱਕ ਫ਼ਸਾ ਰੱਖਿਆ ਸੀ। ਉਹ ਧੀਮੀ ਚਾਲ ਨਾਲ਼ ਮਾਪਿਆਂ ਦੇ ਕਮਰੇ ਵੱਲ ਵਧਿਆ। ਦੋਵੇਂ ਬਜ਼ੁਰਗ ਹੌਲ਼ੀ-ਹੌਲ਼ੀ ਸਾਹ ਲੈ ਰਹੇ ਸਨ। ਨਸੀਬ ਕੌਰ ਦਾ ਸਰੀਰ ਐਨਾ ਕਮਜ਼ੋਰ ਸੀ ਕਿ ਹਰ ਸਾਹ ਨਾਲ਼ ਲੱਗਦਾ ਜਿਵੇਂ ਉਹ ਜ਼ਿੰਦਗੀ ਦੇ ਆਖ਼ਰੀ ਕਿਨਾਰੇ ‘ਤੇ ਬੈਠੀ ਹੈ।

ਬਲਦੀਪ ਦਰਵਾਜ਼ੇ ’ਤੇ ਰੁਕ ਗਿਆ। ਉਸਦੇ ਅੰਦਰ ਇਕ ਚੀਸ ਉੱਠੀ।

“ਜੇ ਮੈਂ ਇਹ ਕਰ ਦਿੱਤਾ… ਤਾਂ ਮੈਂ ਦੁਨੀਆਂ ਦਾ ਸਭ ਤੋਂ ਵੱਡਾ ਪਾਪੀ ਬਣ ਜਾਵਾਂਗਾ।… ਨਹੀਂ! ਇਕ ਪੁੱਤਰ ਇਹ ਨਹੀਂ ਕਰ ਸਕਦਾ।”

ਸਰਾਹਣਾ ਉਸਦੇ ਹੱਥੋਂ ਡਿੱਗ ਪਿਆ। ਉਹ ਉੱਥੇ ਹੀ ਫਰਸ਼ ‘ਤੇ ਢਾਹਿ ਪਿਆ ਤੇ ਬੱਚਿਆਂ ਵਾਂਙ ਉੱਚੀ ਰੋਣ ਲੱਗਾ, ਜਿਵੇਂ ਉਸਦੇ ਅੰਦਰੋਂ ਸਾਲਾਂ ਦਾ ਜਮਾ ਹੋਇਆ ਦਰਦ ਲਾਵੇ ਵਾਂਙ ਫਟ ਕੇ ਇੱਕੋ ਵਾਰੀ ਬਾਹਰ ਆ ਗਿਆ ਹੋਵੇ।

*****

ਅਗਲੇ ਦਿਨ ਸਭ ਤੋਂ ਵੱਡੇ ਪੁੱਤਰ ਜਗਸੀਰ ਦੀ ਵੀਡੀਓ ਕਾਲ ਆਈ।

“ਹਾਂ ਬਲਦੀਪ, ਸੁਣਿਆ ਮਾਂ ਦੀ ਤਬੀਅਤ ਫਿਰ ਖ਼ਰਾਬ ਹੈ? ਡਾਕਟਰ ਨੂੰ ਵਿਖਾ ਦੇਈਂ। ਮੈਂ ਪੈਸੇ ਭੇਜ ਦਿਆਂਗਾ।”

ਬਲਦੀਪ ਨੇ ਇਕੱਠੇ ਕੀਤੇ ਹੋਏ ਗੁੱਸੇ ਤੇ ਲਾਚਾਰੀ ਦੇ ਰਲੇ ਮਿਲੇ ਅਹਿਸਾਸ ਨਾਲ਼ ਚੀਕ ਕੇ ਕਿਹਾ:

“ਭਰਾ, ਮਾਂ ਪਿਉ ਨੂੰ ਸਿਰਫ਼ ਦਵਾਈਆਂ ਹੀ ਨਹੀਂ, ਤਵੱਜੋ ਵੀ ਚਾਹੀਦੀ ਐ। ਉਹਨਾਂ ਨੂੰ ਇਸ ਉਮਰੇ ਮਾਨਸਿਕ ਸਹਾਰੇ ਦੀ ਲੋੜ ਐ। ਉਹ ਆਪਣੇ ਬੱਚਿਆਂ, ਪੁੱਤ ਪੋਤਿਆਂ ਦਾ ਸਾਥ ਲੱਭ ਰਹੇ ਨੇ। ਉਹ ਹਰ ਦਿਨ ਤਿਲ-ਤਿਲ ਮਰ ਰਹੇ ਨੇ। ਤੇਰੇ ਦੋ ਮਿੰਟ ਦੀ ਕਾਲ ਤੋਂ ਉਹਨਾਂ ਦੀ ਰੂਹ ਨੂੰ ਤਸੱਲੀ ਨਹੀਂ ਹੋਣੀ। ਆ ਜਾ ਇੱਕ ਵਾਰੀ…ਘੱਟੋ-ਘੱਟ ਉਹਨਾਂ ਦੀਆਂ ਅੱਖਾਂ ਬੰਦ ਹੋਣ ਤੋਂ ਪਹਿਲਾਂ ਤਾਂ…।”

ਜਗਸੀਰ ਹੱਸਿਆ:

“ਓਏ ਪਾਗਲ ਨਾ ਬਣ। ਮੇਰਾ ਬਿਜ਼ਨੈੱਸ ਇੱਥੇ ਖੜਾ ਹੈ। ਮੈਂ ਹਰੇਕ ਕੰਮ ਛੱਡ ਕੇ ਨਹੀਂ ਆ ਸਕਦਾ। ਤੂੰ ਹੈਂ ਨਾ ਉਹਨਾਂ ਲਈ।”

ਇਹ ਇਕ ਵਾਕ ਸੁਣ ਕੇ ਬਲਦੀਪ ਦੇ ਦਿਲ ਦੀ ਇੱਕ ਹੋਰ ਡੋਰ ਟੁੱਟ ਗਈ। ਦੂਜੇ ਪੁੱਤਰ ਗੁਰਸੀਰ ਨੇ ਫੋਨ ਉਠਾਇਆ ਵੀ ਨਹੀਂ। ਉਸਦਾ ਸਹਾਇਕ ਕਹਿੰਦਾ ਰਿਹਾ:

“ਸਰ ਮੀਟਿੰਗ ਵਿੱਚ ਨੇ । ਉਹ ਬਾਅਦ ’ਚ ਕਾਲ ਕਰ ਲੈਣਗੇ।”

ਤੇ ਉਹ ਕਾਲ ਕਦੇ ਨਹੀਂ ਆਈ।

ਉਸ ਰਾਤ ਹਰਨਾਮ ਸਿੰਘ ਨੇ ਬਲਦੀਪ ਨੂੰ ਬੁਲਾਇਆ। ਉਸਦੀ ਆਵਾਜ਼ ਵਿਚ ਭਾਰੀ ਥਕਾਵਟ ਸੀ।

“ਬਲਦੀਪ… ਪੁੱਤਰ… ਸਾਨੂੰ ਮਾਫ਼ ਕਰ ਦਈਂ।”

ਬਲਦੀਪ ਹੱਕਾ-ਬੱਕਾ ਰਹਿ ਗਿਆ:

“ਬਾਪੂ ਜੀ ਕਹਾਦੀ ਮਾਫ਼ੀ, ਕਿਸ ਗ਼ਲਤੀ ਦੀ ? ਤੁਸੀਂ ਕਿਹੜਾ ਅਪਰਾਧ ਕੀਤਾ ਐ?”

ਹਰਨਾਮ ਸਿੰਘ  ਦੀਆਂ ਅੱਖਾਂ ਖ਼ਾਰੇ ਪਾਣੀ ਨਾਲ਼ ਚਮਕ ਉੱਠੀਆਂ।

“ਅਸੀਂ… ਅਸੀਂ ਕਦੇ ਸੋਚਿਆ ਈ ਨਹੀਂ… ਕਿ ਜਿਨ੍ਹਾਂ ਲਈ ਅਸੀਂ ਆਪਣੀ ਜਾਨ ਲਾ ਦਿੱਤੀ… ਉਹ ਸਾਨੂੰ ਭੁੱਲ ਜਾਣਗੇ। ਅਸੀਂ ਦੋਵੇਂ ਵੱਡੇ ਪੁੱਤਰਾਂ ਨੂੰ ਚੰਗਾ ਭਵਿੱਖ ਦੇਣ ਦੀ ਲਗਨ ਵਿੱਚ ਤੈਨੂੰ ਇਕੱਲਾ ਛੱਡ ਦਿੱਤਾ। ਤੇਰੇ ਉੱਤੇ ਇਹ ਬੋਝ ਨਹੀਂ ਪੈਣਾ ਚਾਹੀਦਾ ਸੀ।”

ਨਸੀਬ ਕੌਰ ਦੀਆਂ ਸੁੱਕੀਆਂ ਅੱਖਾਂ ਹੋਰ ਵੀ ਲਾਲ ਹੋ ਗਈਆਂ।

“ਸਾਡਾ ਬੁਢਾਪਾ ਰੁਲ ਰਿਹਾ ਹੈ ਬਲਦੀਪ… ਪਰ ਸਭ ਤੋਂ ਵੱਧ ਤੂੰ ਰੁਲ ਰਿਹਾ ਹੈਂ।”

ਇਹ ਗੱਲ ਬਲਦੀਪ ਦੇ ਦਿਲ ਵਿੱਚ ਖੰਜ਼ਰ ਵਾਂਙ ਖੁੱਭ ਗਈ। ਉਸਨੇ ਮਾਂ ਦੇ ਪੈਰੀਂ ਹੱਥ ਲਾਇਆ।

“ਮੈਂ ਤਾਂ ਤੁਹਾਡੇ ਲਈ ਕੁਝ ਵੀ ਨਹੀਂ ਕੀਤਾ। ਬਸ ਦੋ ਵੇਲ਼ੇ ਦੀ ਰੁੱਖੀ ਸੁੱਕੀ ਰੋਟੀ ਹੀ ਖ਼ੁਵਾ ਸਕਿਆ ਹਾਂ ਮਸਾਂ। ਮੇਰੇ ਵਰਗਾ ਨਿਕੰਮਾ ਪੁੱਤ ਹੋਰ ਕੌਣ ਹੋਵੇਗਾ!”

*****

ਸਰਦੀਆਂ ਦੀ ਇੱਕ ਹੱਦੋਂ ਵੱਧ ਠੰਡੀ ਰਾਤ। ਘਰ ਦੇ ਬਾਹਰ ਹਵਾ ਐਦਾਂ ਸੀ ਜਿਵੇਂ ਰੱਬ ਨੇ ਖ਼ੁਦ ਆਪਣੇ ਹੱਥਾਂ ਨਾਲ਼ ਅਸਮਾਨ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੋਵੇ। ਅੰਦਰ ਰਜ਼ਾਈ ਦੇ ਨਿੱਘ ਨਾਲ਼ ਦਵਾਈਆ ਅਤੇ ਬੇਬਸੀ ਦੀ ਰਲੀ ਮਿਲੀ ਗੰਧ ਫ਼ੈਲੀ ਹੋਈ ਸੀ।

ਹਰਨਾਮ ਸਿੰਘ ਦੀ ਸਾਹ ਲੈਣ ਦੀ ਗਤੀ ਕਾਫ਼ੀ ਧੀਮੀ ਪੈ ਚੁੱਕੀ ਸੀ। ਨਸੀਬ ਕੌਰ ਉਸਦੇ ਕੋਲ਼ ਹੀ ਪਈ ਉਸਦੇ ਹੱਥ ਨੂੰ ਆਪਣੇ ਕੰਬਦੇ ਹੱਥਾਂ ਵਿੱਚ ਜਕੜੀ ਬੈਠੀ ਸੀ। ਦੋਵਾਂ ਦੀਆਂ ਅੱਖਾਂ ਵਿੱਚ ਇੱਕੋ ਡਰ ਸੀ; — “ਕੌਣ ਪਹਿਲਾਂ ਜਾਵੇਗਾ ?”

ਬਲਦੀਪ ਬਿਸਤਰੇ ਦੇ ਕੋਲ਼ ਹੀ ਬੈਠਾ ਸੀ। ਮੁਫ਼ਲਸੀ ਨੇ ਉਸਦੇ ਚਿਹਰੇ ‘ਤੇ ਉਹ ਉਮਰ ਲਿਖ ਦਿੱਤੀ ਸੀ ਜੋ ਉਸਦੀ ਅਸਲ ਨਹੀਂ ਸੀ। ਉਸਦੇ ਦਿਲ ਦੇ ਅੰਦਰ ਠੰਡਾ ਯੁੱਧ ਚੱਲ ਰਿਹਾ ਸੀ।

ਨਸੀਬ ਕੌਰ ਨੇ ਮੁਸ਼ਕਲ ਨਾਲ਼ ਆਪਣਾ ਹੱਥ ਬਲਦੀਪ ਦੇ ਸਿਰ ‘ਤੇ ਰੱਖਿਆ।

“ਪੁੱਤਰ… ਜੇ ਅੱਜ ਅਸੀਂ ਨਾ ਰਹੇ… ਤਾਂ ਕੋਈ ਗ਼ਮ ਨਾ ਕਰੀਂ। ਸਾਡੇ ਜੀਣ ਦੀ ਸ਼ਕਤੀ ਨੂੰ ਤਾਂ ਬੁਢਾਪੇ ਨੇ ਪਹਿਲਾਂ ਹੀ ਮਾਰ ਦਿੱਤਾ ਸੀ… ਅੱਜ ਸਰੀਰ ਮਰਜੂ ਤਾਂ ਕੀ ਹੋਇਆ…”

ਉਹ ਰੋ ਪਈ।

“ਤੂੰ ਸਾਡੀ ਰੂਹ ਨੂੰ ਸਹਾਰਾ ਦਿੱਤਾ ਜੋ ਵੱਡੇ ਵੱਡੇ ਬਾਦਸ਼ਾਹ ਵੀ ਕਿਸੇ ਨੂੰ ਨਹੀਂ ਦੇ ਸਕਦੇ।”

ਨਸੀਬ ਕੌਰ ਦਾ ਹੱਥ ਬਲਦੀਪ ਦੇ ਸਿਰ ‘ਤੇ ਕੰਬ ਰਿਹਾ ਸੀ। ਉਹ ਬੋਲ ਰਹੀ ਸੀ, ਪਰ ਉਸਦੀ ਆਵਾਜ਼ ਹੁਣ ਮੱਧਮ ਹੋਣ ਲੱਗੀ ਸੀ—ਜਿਵੇਂ ਹਰੇਕ ਸ਼ਬਦ ਉਸਨੂੰ ਖੋਦ ਕੇ ਕੱਢਣਾ ਪੈ ਰਿਹਾ ਹੋਵੇ।

“ਜਦੋਂ ਤੂੰ ਜਨਮਿਆ ਸੀ ਬਲਦੀਪ… ਮੈਂ ਤੇਰੇ ਪਿਓ ਨੂੰ ਕਿਹਾ ਸੀ…‘ਇਹ ਮੁੰਡਾ ਸਾਡਾ ਨਸੀਬ ਬਦਲੇਗਾ।’ ਸਾਨੂੰ ਪਤਾ ਨਹੀ ਸੀ… ਨਸੀਬ ਤਾਂ ਦੋਵੇਂ ਵੱਡਿਆਂ ਨੇ ਬਦਲਿਆ…ਤੂੰ ਸਾਡਾ ਮਾੜਾ ਵਕਤ ਕੱਟਿਆ…ਸਾਡਾ ਸਹਾਰਾ ਬਣਿਆ…”

ਉਹਦੇ ਹੋਠ ਕੰਬੇ, ਸਾਹ ਜਾਪੇ ਜਿਵੇਂ ਉਹਦੇ ਅੰਦਰ ਦਾਖ਼ਲ ਹੀ ਨਹੀਂ ਸੀ ਹੋ ਰਹੇ।

ਹਰਨਾਮ ਸਿੰਘ, ਜੋ ਕਈ ਘੰਟਿਆਂ ਤੋਂ ਬੇਹੋਸ਼ੀ ਤੇ ਹੋਸ਼ ਦੀ ਲੜੀ ਵਿੱਚ ਝੂਲ ਰਿਹਾ ਸੀ ਨੇ ਅਚਾਨਕ ਅੱਖ ਪੁੱਟੀ।

“ਨਸੀਬ ਕੌਰੇ…”

ਉਸਦੀ ਆਵਾਜ਼ ਜਿਵੇਂ ਕਿ ਖ਼ਸਤਾ ਹਾਲ ਘਰ ਦੀ ਕੰਧ ਵਿੱਚ ਪਈ ਕਿਸੇ ਤ੍ਰੇੜ ਵਾਂਙ ਲੱਗੀ। ਨਸੀਬ ਕੌਰ ਨੇ ਉਹਦੇ ਵੱਲ ਵੇਖਿਆ। ਦੋ ਬਜ਼ੁਰਗ ਰੂਹਾਂ,ਜਿਨ੍ਹਾਂ ਨੇ ਸਾਰੀ ਹਯਾਤੀ ਇਕੱਠੇ ਮਿਹਨਤ ਕੀਤੀ, ਇਕੱਠੇ ਜ਼ਰੂਰਤਾਂ ਨੂੰ ਮਾਰਿਆ, ਇਕੱਠਿਆਂ ਸੁਪਨੇ ਚੂਰ-ਚੂਰ ਹੁੰਦੇ ਵੇਖੇ,ਆਖ਼ਰੀ ਪਲ਼ ਵੀ ਇਕ ਦੂਜੇ ਦਾ ਸਹਾਰਾ ਬਣੇ ਹੋਏ ਸਨ।

“ਨਸੀਬ…” ਹਰਨਾਮ ਸਿੰਘ ਨੇ ਹੱਥ ਉੱਠਾਉਣ ਦੀ ਕੋਸ਼ਿਸ਼ ਕੀਤੀ, ਪਰ ਉੱਠਿਆ ਨਹੀਂ।

“ਕੀ ਦੋਵੇਂ ਆਏ…? ਜਗਸੀਰ… ਗੁਰਸੀਰ…?”

ਬਲਦੀਪ ਦੇ ਦਿਲ ਵਿੱਚੋਂ ਹੌਲ ਉਠਿਆ। ਨਸੀਬ ਕੌਰ ਨੇ ਸਹਿਜੇ ਜਿਹੇ ਸਿਰ ਹਿਲਾਇਆ।

“ਨਹੀਂ ਜੀ… ਪਰ ਚਿੰਤਾ ਨਾ ਕਰੋ… ਉਹ ਖ਼ੁਸ਼ ਨੇ… ਆਪਣੀ ਜ਼ਿੰਦਗੀ ਵਿੱਚ ਰੁੱਝੇ ਹੋਏ ।”

ਹਰਨਾਮ ਸਿੰਘ ਦੀ ਅੱਖ ਵਿੱਚੋਂ ਡੁੱਲ੍ਹਿਆ ਹੰਝੂ ਗੱਲ੍ਹ ’ਤੇ ਆ ਜੰਮਿਆਂ।

“ਪਰਮਾਤਾਂ ਚੜ੍ਹਦੀ ਕਲਾ ’ਚ ਰੱਖੇ…”

ਬਲਦੀਪ ਚੀਕ-ਚੀਕ ਕੇ ਰੋਣ ਹੀ ਵਾਲਾ ਸੀ ਕਿ ਮਾਂ ਨੇ ਉਸਦਾ ਹੱਥ ਫੜ ਕੇ ਦਬਾਇਆ।

“ਪੁੱਤਰ… ਤੈਨੂੰ ਇਕ ਦੁਆ ਦੇ ਕੇ ਜਾ ਰਹੀ ਹਾਂ…ਰੱਬ ਕਰੇ… ਤੇਰੇ ਬੱਚਿਆਂ ਅੱਗੇ ਇਹ ਜਿੱਲਤ, ਤੇ ਤੜਪ ਭਰਿਆ ਸਮਾਂ ਨਾ ਆਵੇ…।”

ਉਸਦੇ ਸ਼ਬਦਾਂ ਨਾਲ਼ ਹੀ ਉਸਦਾ ਹੱਥ ਬਲਦੀਪ ਦੀਆਂ ਉਂਗਲਾਂ ਵਿੱਚੋਂ ਛੁੱਟ ਗਿਆ। ਹਰਨਾਮ ਸਿੰਘ ਨੇ ਆਪਣਾ ਪੂਰਾ ਜ਼ੋਰ ਲਗਾ ਕੇ ਅੱਖਾਂ ਖੋਲ੍ਹੀਆਂ ਤੇ ਨਸੀਬ ਕੌਰ ਵੱਲ ਤੱਕਿਆ। ਉਸਦੀ ਰੂਹ ਨੇ ਸ਼ਾਇਦ ਉਸੇ ਵੇਲੇ ਸੁਣ ਲਿਆ ਸੀ।

“ਨਸੀਬ ਕੌਰੇ… ਮੇਰੀ ਉਡੀਕ ਕਰੀਂ।”

ਉਸਦੇ ਹੋਠਾਂ ‘ਤੇ ਹਲਕੀ ਮੁਸਕਾਨ ਆਈ ਅਤੇ ਉਹ ਵੀ ਚਲਾ ਗਿਆ। ਕਮਰੇ ਵਿੱਚ ਦਰਦ ਦਾ ਅੰਤਲਾ ਮੰਜ਼ਿਰ ਬੇਹਦ ਉਦਾਸ ਕਰਨ ਵਾਲਾ ਸੀ। ਬਲਦੀਪ ਨੇ ਦੋਵਾਂ ਨੂੰ ਇੱਕੋ ਕੰਬਲ ਨਾਲ਼ ਢੱਕ ਦਿੱਤਾ—ਜਿਵੇਂ ਉਹ ਦੋਵੇਂ ਇੱਕੋ ਜ਼ਿੰਦਗੀ ਸਨ, ਅਤੇ ਹੁਣ ਇੱਕੋ ਮੌਤ ਬਣ ਗਏ। ਘਰ ਵਿੱਚ ਸਿਰਫ਼ ਘੜੀ ਦੀ ਟਿਕ-ਟਿਕ ਬਚੀ ਸੀ।

*****

ਸਵੇਰ ਦਾ ਧੁੰਦਲਾ ਉਜਾਲਾ ਖ਼ਸਤਾ ਹਾਲ ਘਰ ਦੀਆਂ ਝੀਥਾਂ ਵਿਚੋਂ ਅੰਦਰ ਆ ਰਿਹਾ ਸੀ। ਘਰ ਦਾ ਹਨੇਰਾ ਕਿਸੇ ਵੀ ਸੂਰਜ ਨਾਲ ਘੱਟ ਨਹੀਂ ਸੀ ਹੋ ਸਕਦਾ। ਬਲਦੀਪ ਚੁੱਪ ਬੈਠਾ ਸੀ। ਉਸਦੇ ਹਰ ਸਾਹ ਵਿੱਚ ਦੋਸ਼ੀ ਹੋਣ ਦਾ ਸੱਲ੍ਹ ਸੀ, ਹਾਰ ਸੀ, ਅਤੇ ਇੱਕ ਅਜਿਹੀ ਚੀਕ ਸੀ ਜਿਹੜੀ ਗਲੇ ਤੋਂ ਬਾਹਰ ਨਹੀਂ ਸੀ ਨਿਕਲ ਰਹੀ। ਪਿੰਡ ਦੇ ਲੋਕ ਇਕੱਠੇ ਹੋਣ ਲੱਗੇ। ਕਿਸੇ ਨੇ ਦੱਬੀ ਅਵਾਜ਼ ਵਿੱਚ ਕਿਹਾ—

“ਬਹੁਤ ਪਿਆਰ ਕਰਦੇ ਸਨ ਇਕ ਦੂਜੇ ਨਾਲ਼… ਇਸ ਲਈ ਇਕੱਠੇ ਹੀ ਚਲੇ ਗਏ।”

ਕਿਸੇ ਨੇ ਲਰਜਦੀ ਅਵਾਜ਼ ’ਚ ਕਿਹਾ—

“ਏਹੋ ਜਿਹੇ ਮਿਹਨਤੀ ਇਨਸਾਨ… ਏਹੋ ਜਿਹੇ ਸਾਫ਼ ਦਿਲਾਂ ਵਾਲੇ… ਕਦੇ-ਕਦੇ ਜੰਮਦੇ।”

ਪਰ ਬਲਦੀਪ ਲਈ ਇਹ ਸ਼ਬਦ ਕਿਧਰੇ ਵੀ ਮਰਹਮ ਨਹੀਂ ਸਨ। ਉਹ ਆਪਣੇ ਮਾਂ–ਪਿਉ ਦੇ ਪੈਰਾਂ ਨੂੰ ਤੱਕ ਰਿਹਾ ਸੀ। ਕਦੇ ਨਾ ਥੱਕਣ ਵਾਲੇ, ਬਿਆਈਆਂ ਫੱਟੇ ਹੋਏ, ਪਰ ਉਹੀ ਜਿਹੜੇ ਸਾਰੀ ਉਮਰ ਬੱਚਿਆਂ ਦੀ ਖ਼ਾਤਰ ਤੁਰੇ ਸਨ। ਉਹ ਰੋ ਪਿਆ, ਜਿਵੇਂ ਰੂਹ ਦੇ ਪਰਦੇ ਫੱਟ ਗਏ ਹੋਣ। ਦੁਪਹਿਰ ਤੱਕ ਸੋਗ ਦਾ ਮਾਹੌਲ ਪਿੰਡ ਵਿੱਚ ਫ਼ੈਲ ਗਿਆ।

ਤਦ ਹੀ ਦੋ ਕਾਲਾਂ ਆਈਆਂ—ਬਲਦੀਪ ਨੇ ਫੋਨ ਚੁੱਕਿਆ। ਉਹ ਦੋਵੇਂ ਬੇਬੇ ਬਾਪੂ ਲਈ ਰੋ ਰਹੇ ਸਨ ਪਰ ਇਹ ਆਵਾਜ਼ਾਂ ਫੋਨ ਦੀ ਸਕਰੀਨ ’ਤੇ ਟੰਗੀਆਂ ਰਹਿ ਗਈਆਂ। ਸ਼ਾਮ ਨੂੰ ਦੋਹਾਂ ਦਾ ਅੰਤਿਮ ਸਸਕਾਰ ਹੋਇਆ। ਬਲਦੀਪ ਨੇ ਚਿਤਾ ਨੂੰ ਅੱਗ ਲਗਾਈ। ਅੱਗ ਦੀਆਂ ਲਪਟਾਂ ਵਿੱਚੋਂ ਉਸਨੂੰ ਮਾਪਿਆਂ ਦੇ ਜਵਾਨੀ ਦੇ ਚਿਹਰੇ ਦਿੱਸੇ, ਉਹਨਾਂ ਦੀ ਮਿਹਨਤ ਦੇ ਦਿਨ ਦਿੱਸੇ, ਉਹਨਾਂ ਦੀਆਂ ਕੁਰਬਾਨੀਆਂ ਦਿੱਸੀਆਂ ਅਤੇ ਉਹਨਾਂ ਦੀ ਤੜਪ ਵੀ ਦਿੱਸੀ। ਉਸਨੇ ਸੌਂਹ ਖਾਦੀ—

“ਮੈਂ ਆਪਣੇ ਬੱਚਿਆਂ ਨੂੰ ਕਦੇ ਇਹ ਨਹੀਂ ਭੁੱਲਣ ਦਿਆਂਗਾ…ਕਿ ਮਾਂ–ਪਿਉ ਦੀ ਉੱਡੀਕ ਦਿਨੋਂ ਦਿਨ ਮਰਦੀ ਹੈ…ਅਤੇ ਰਿਸ਼ਤੇ ਪੈਸੇ ਨਾਲ਼ ਨਹੀਂ… ਸਾਥ ਨਾਲ਼ ਜੀਊਂਦੇ ਰਹਿੰਦੇ ਹਨ।”

ਰਾਤ ਢਲ ਗਈ। ਬਲਦੀਪ ਉਹਨਾਂ ਦੇ ਖਾਲੀ ਬਿਸਤਰੇ ਕੋਲ਼ ਬੈਠਾ ਸੀ। ਦੋਵਾਂ ਦੀਆਂ ਤਸਵੀਰਾਂ ਉਸਦੇ ਸਾਹਮਣੇ ਸਨ। ਉਸਨੇ ਦੋਵਾਂ ਦੀ ਫੋਟੋ ਨੂੰ ਆਪਣੇ ਛਾਤੀ ਨਾਲ਼ ਲਾ ਕੇ ਆਖਿਆ—

“ਮਾਫ਼ ਕਰ ਦਿਓ ਪਿਤਰੋ…ਮਾਫ਼ ਕਰ ਦਿਉ…ਮੈਨੂੰ ਜ਼ਿੰਦਗੀ ਭਰ ਇਹ ਪਛਤਾਵਾ ਰਹੇਗਾ ਕਿ ਤੁਹਾਡੇ ਆਖ਼ਰੀ ਵੇਲ਼ੇ ਵੀ ਮੈਂ ਤੁਹਾਨੂੰ ਤੜਫਦੇ ਹੀ ਵੇਖਿਆ…।”

ਬਾਹਰ ਹਵਾ ਚੱਲ ਰਹੀ ਸੀ। ਘਰ ਦੀਆਂ ਦੀਵਾਰਾਂ ਤੋਂ ਕੱਲਰ ਝੜ ਰਿਹਾ ਸੀ ਜਿਵੇਂ ਘਰ ਵੀ ਆਪਣੇ ਅਸਲ ਮਾਲਕਾਂ ਨੂੰ ਰੋ ਰਿਹਾ ਹੋਵੇ।

*****

ਮਾਪਿਆਂ ਦੀ ਮੌਤ ਨੂੰ ਇੱਕ ਹਫ਼ਤਾ ਬੀਤ ਚੁੱਕਾ ਸੀ। ਜਗਸੀਰ, ਕੈਨੇਡਾ ਵਿੱਚ ਆਪਣੇ ਆਲੀਸ਼ਾਨ ਦਫ਼ਤਰ ਦੀ ਮਹਿੰਗੀ ਕੁਰਸੀ ‘ਤੇ ਬੈਠਾ, ਲੱਖਾਂ ਦੀ ਡੀਲ ‘ਤੇ ਦਸਤਖ਼ਤ ਕਰਨ ਦੀ ਬਜਾਏ, ਵਾਰ-ਵਾਰ ਫੋਨ ਦੀ ਸਕਰੀਨ ਵੱਲ ਦੇਖ ਰਿਹਾ ਸੀ। ਰਾਏਗੜ੍ਹ ਵਿੱਚ ਹੋਏ ਅੰਤਿਮ ਸੰਸਕਾਰ ਦੀਆਂ ਕੁਝ ਧੁੰਦਲੀਆਂ ਤਸਵੀਰਾਂ ਉਸਦੇ ਦਿਮਾਗ ਵਿੱਚ ਤੂਫ਼ਾਨ ਖੜ੍ਹਾ ਕਰ ਰਹੀਆਂ ਸਨ।

ਉਸਨੇ ਕੰਮ ਤੋਂ ਛੁੱਟੀ ਨਾ ਲੈਣ ਦਾ ਫ਼ੈਸਲਾ, ਬਿਜ਼ਨਸ ਦੀ ਮਜਬੂਰੀ ਅਤੇ ‘ਇੰਡੀਆ’ ਜਾਣ ਦੇ ਲੰਬੇ ਅਤੇ ਬੋਝਲ ਸਫ਼ਰ ਕਾਰਨ ਲਿਆ ਸੀ ਪਰ ਹੁਣ ਇਹ ‘ਮਜਬੂਰੀ’ ਇੱਕ ਬੇਸ਼ਰਮੀ ਵਾਂਙ ਉਸਦੇ ਗਲ਼ੇ ਵਿੱਚ ਲਟਕ ਰਹੀ ਸੀ।

ਬਾਜ਼ਾਰ ਵਿੱਚ ਉਸਦੀ ਇੱਜ਼ਤ, ਜੋ ਕਿ ‘ਕੈਨੇਡੀਅਨ ਬਿਲਡਰ’ ਵਜੋਂ ਸੀ, ਹੁਣ ਹੌਲ਼ੀ-ਹੌਲ਼ੀ ਖੁਰਨ ਲੱਗੀ ਸੀ। ਕਸਬੇ ਦੇ ਕੁਝ ਲੋਕ, ਜੋ ਕੈਨੇਡਾ ਵਿੱਚ ਸਨ, ਨੇ ਉਸਦੇ ਫੋਨ ‘ਤੇ ਸੁਨੇਹੇ ਭੇਜੇ ਸਨ।

ਇੱਕ ਸੁਨੇਹਾ ਸੀ:

“ਜਗਸੀਰ, ਬਾਬੇ ਨੇ ਸਾਰੀ ਜ਼ਿੰਦਗੀ ਲਾ ਦਿੱਤੀ ਸੀ ਤੁਹਾਡੇ ਲਈ। ਤੁਸੀਂ ਦੋ ਮਿੰਟ ਨਹੀਂ ਕੱਢ ਸਕੇ ਉਹਨਾਂ ਦੇ ਆਖ਼ਰੀ ਦਰਸ਼ਨਾਂ ਲਈ ? ਇੰਨੇ ਵੱਡੇ ਬਣ ਗਏ ਕਿ ਆਪਣੇ ਹੀ ਮਾਪੇ ਛੋਟੇ ਲੱਗਣ ਲੱਗੇ?”

ਦੂਜਾ ਸੁਨੇਹਾ ਸੀ:

“ਉਸ ਦਿਨ ਬਲਦੀਪ ਇਕੱਲਾ ਹੀ ਸਭ ਕੁਝ ਕਰਦਾ ਰਿਹਾ, ਥੱਕਿਆ-ਹਾਰਿਆ। ਤੁਹਾਡਾ ਭੇਜਿਆ  ਪੈਸਾ ਅੱਗ ਨਹੀਂ ਸੀ ਬਾਲਦਾ। ਮਾਪਿਆਂ ਦੀ ਚਿਤਾ ’ਤੇ ਲੱਕੜਾਂ ਹੀ ਰੱਖਣੀਆਂ ਪੈਦੀਆਂ ਨੇ ਪੈਸਾ ਨਹੀਂ।”

ਜਗਸੀਰ ਦੇ ਹੱਥ ਕੰਬ ਰਹੇ ਸਨ। ਸਫ਼ਲਤਾ ਦੀ ਚਮਕ ਹੇਠਾਂ, ਉਸਨੂੰ ਪਹਿਲੀ ਵਾਰ ਆਪਣੀ ਰੂਹ ਦੀ ਗ਼ਰੀਬੀ ਮਹਿਸੂਸ ਹੋਈ। ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਉਹ ਜਾਣਦਾ ਸੀ ਕਿ ਉਸਦੀ ਅਸਲ ਗ਼ਲਤੀ ਕੀ ਸੀ, ਉਸਨੇ ਸਮੇਂ ਨੂੰ ਪੈਸੇ ਨਾਲ਼ ਤੋਲਿਆ।

ਉਸਦਾ ਮਨ ਉਸਨੂੰ ਸਮਝਾਉਂਦਾ, “ਕੀ ਮੈਂ ਉਹਨਾਂ ਨੂੰ ਹਰ ਮਹੀਨੇ ਪੈਸੇ ਨਹੀਂ ਭੇਜੇ ? ਮੇਰਾ ਬਿਜ਼ਨੈੱਸ ਖ਼ਰਾਬ ਹੋ ਜਾਂਦਾ ਜੇ ਮੈਂ ਜਾਂਦਾ। ਬਲਦੀਪ ਤਾਂ ਉੱਥੇ ਸੀ ਹੀ।”

ਪਰ ਇਹ ਬਚਾਅ ਵਾਲੀ ਦਲੀਲ ਬਾਪੂ ਹਰਨਾਮ ਸਿੰਘ ਦੀਆਂ ਬੇਨੂਰ ਅੱਖਾਂ ਅਤੇ ਬੇਬੇ ਨਸੀਬ ਕੌਰ ਦੇ ਫਿੱਕੇ ਪਏ ਚਿਹਰੇ ਨੂੰ ਯਾਦ ਕਰਕੇ ਟੁੱਟ ਜਾਂਦੀ। ਉਹ ਸੋਚਦਾ, “ਮੇਰੀ ਸਾਰੀ ਦੌਲਤ ਕਿਸ ਕੰਮ ਦੀ, ਜੇ ਮੈਂ ਆਪਣੇ ਮਾਂ-ਬਾਪ ਦੀਆਂ ਅੱਖਾਂ ਵਿਚਲੀ ਉਡੀਕ ਦਾ ਅੰਤ ਨਾ ਦੇਖ ਸਕਿਆ ?”

ਓਧਰ ਗੁਰਸੀਰ, ਜੋ ਕਿ ਤਿੱਖੀ ਅਕਲ ਵਾਲਾ ਕਾਰੋਬਾਰੀ ਸੀ, ਜ਼ਿਆਦਾਤਰ ਭਾਵਨਾਵਾਂ ਨੂੰ ਤਰਕ ਨਾਲ਼ ਦਬਾ ਦਿੰਦਾ ਪਰ ਇਸ ਵਾਰ, ਤਰਕ ਵੀ ਹਾਰ ਗਿਆ।

ਉਸਦੀ ਕੰਪਨੀ ਦੀ ਵੱਡੀ ਮੀਟਿੰਗ ਸੀ ਜਦੋਂ ਮਾਪਿਆਂ ਦੀ ਮੌਤ ਦੀ ਖ਼ਬਰ ਆਈ। ਉਸਨੇ ਫੋਨ ਕੱਟ ਕੇ ਮੀਟਿੰਗ ਜਾਰੀ ਰੱਖੀ ਸੀ। ਅੱਜ, ਜਦੋਂ ਉਸਦੇ ਸਾਥੀ ਉਸਦੀ ਸਫਲਤਾ ਦੀ ਵਡਿਆਈ ਕਰ ਰਹੇ ਸਨ, ਤਾਂ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਅੰਦਰੋਂ ਕੋਈ ਚੀਜ਼ ਮਰ ਚੁੱਕੀ ਹੈ।

ਉਸਦੀ ਪਤਨੀ, ਜਿਸਦੀ ‘ਰਾਏਗੜ੍ਹ’ ਵਿੱਚ ਕੋਈ ਦਿਲਚਸਪੀ ਨਹੀਂ ਸੀ, ਵੀ ਹੁਣ ਅਜੀਬ ਜਿਹਾ ਵਿਹਾਰ ਕਰ ਰਹੀ ਸੀ। ਉਸਨੇ ਪੁੱਛਿਆ:

“ਗੁਰਸੀਰ, ਕੀ ਅਸੀਂ ਸੱਚਮੁੱਚ ਗ਼ਲਤ ਕੀਤਾ ? ਮੈਨੂੰ ਡਰ ਲੱਗ ਰਿਹਾ ਹੈ। ਸਾਡੇ ਬੱਚੇ ਕੱਲ੍ਹ ਨੂੰ ਸਾਡੇ ਨਾਲ਼ ਵੀ ਇਹੀ ਨਾ ਕਰਨ। ਅਸੀਂ ਉਹਨਾਂ ਨੂੰ ‘ਵਿਦੇਸੀ’ ਸਭਿਆਚਾਰ ਵਿੱਚ ਪਾਲ਼ਿਆ ਹੈ। ਕੀ ਉਹ ਵੀ ਇੱਕ ਦਿਨ ਸਾਨੂੰ ਵੀਡੀਓ ਕਾਲ ‘ਤੇ ਹੀ…?”

ਇਹ ਸਵਾਲ ਗੁਰਸੀਰ ਦੇ ਮਨ ਨੂੰ ਸਭ ਤੋਂ ਵੱਧ ਚੁੱਭਿਆ। ਉਸਦੀ ਸਾਰੀ ਸਫਲਤਾ ਦਾ ਮਕਸਦ ਆਪਣੇ ਬੱਚਿਆਂ ਨੂੰ ‘ਬਿਹਤਰ ਜ਼ਿੰਦਗੀ’ ਦੇਣਾ ਸੀ, ਪਰ ਕੀ ਇਹ ‘ਬਿਹਤਰ ਜ਼ਿੰਦਗੀ’ ਇੰਨੀ ਖਾਲੀ ਸੀ?

ਗੁਰਸੀਰ ਨੇ ਮਹਿਸੂਸ ਕੀਤਾ ਕਿ ਮਾਪਿਆਂ ਦੀ ਮੌਤ ਨਾਲ, ਉਸਦੇ ਜੀਵਨ ਦਾ ਇੱਕ ਵੱਡਾ ਹਿੱਸਾ, ਉਸਦਾ ਅਧਾਰ ਢਹਿ ਗਿਆ ਸੀ। ਹੁਣ ਉਹ ਸਿਰਫ਼ ਇੱਕ ਅਮੀਰ ਪ੍ਰਵਾਸੀ ਸੀ, ਜਿਸਦਾ ਜੱਦੀ ਮੋਹ ਖ਼ਤਮ ਹੋ ਚੁੱਕਾ ਸੀ।

ਦੋਵੇਂ ਭਰਾ ਸ਼ਾਮ ਨੂੰ ਫੋਨ ‘ਤੇ ਗੱਲ ਕਰ ਰਹੇ ਸਨ।

“ਮੈਂ ਪਿੰਡ ਦੇ ਇੱਕ ਬੰਦੇ ਨਾਲ਼ ਗੱਲ ਕੀਤੀ,” ਜਗਸੀਰ ਨੇ ਕਿਹਾ, ਉਸਦੀ ਆਵਾਜ਼ ਭਾਰੀ ਸੀ। “ਉਹ ਕਹਿੰਦਾ, ਪੈਸੇ ਵਾਲ਼ਿਆਂ ਦੇ ਮਾਂ-ਬਾਪ ਰੁਲ਼ ਗਏ, ਤੇ ਮਾਮੂਲੀ ਕਮਾਈ ਕਰਨ ਵਾਲਾ ਬਲਦੀਪ ਅੱਜ ਰਿਸ਼ਤਿਆਂ ਦਾ ਬਾਦਸ਼ਾਹ ਬਣ ਗਿਆ।”

ਗੁਰਸੀਰ ਨੇ ਲੰਮਾ ਸਾਹ ਲਿਆ।  “ਇਹੋ ਉਹ ਗੱਲ ਹੈ ਜਗਸੀਰ ਵੀਰ। ਅਸੀਂ ਦੁਨੀਆਂ ਜਿੱਤ ਲਈ, ਪਰ ਘਰ ਬਾਰ ਹਾਰ ਗਏ। ਮੈਨੂੰ ਲੱਗਦਾ ਹੈ, ਮਾ-ਪਿਓ ਸਾਨੂੰ ਮਰਨ ਤੋਂ ਬਾਅਦ ਸਜਾ ਦੇ ਗਏ ਹਨ। ਇਹ ਸਜਾ ਕੋਈ ਬਦਅਸੀਸ ਨਹੀਂ ਸਗੋਂ ਸਮਾਜਿਕ ਬੇਹੁਰਮਤੀ ਦੀ ਹੈ।

ਉਹਨਾਂ ਨੇ ਬਲਦੀਪ ਨੂੰ ਫੋਨ ਕੀਤਾ, ਉਸਨੂੰ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ, ਇੱਕ ਵੱਡਾ ਘਰ ਖਰੀਦਣ ਦੀ ਗੱਲ ਕੀਤੀ ਪਰ ਬਲਦੀਪ ਦਾ ਜਵਾਬ, ਕਮਰੇ ਵਿੱਚ ਫ਼ੈਲੀ ਮੌਤ ਦੀ ਗੰਧ ਵਾਂਙ, ਠੰਡਾ ਅਤੇ ਸਪੱਸ਼ਟ ਸੀ:

“ਤੁਸੀਂ ਮੇਰੇ ਲਈ ਜੋ ਵੀ ਕਰਨਾ ਸੀ, ਕਰ ਚੁੱਕੇ ਹੋ। ਮਾਪਿਆਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਉਹ ਹੁਣ ਆਰਾਮ ਅਤੇ ਸਕੂਨ ਦੀ ਅਵੱਸਥਾ ਵਿੱਚ ਹਨ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਗ਼ਰੀਬ ਹਾਂ, ਪਰ ਮੇਰੇ ਹੱਥਾਂ ਵਿੱਚ ਕਿਰਤ ਦਾ ਬਲ ਹੈ, ਮਾਪਿਆਂ ਦਾ ਅਸੀਸ ਹੈ। ਤੁਹਾਡੇ ਕੋਲ਼ ਸਭ ਕੁਝ ਹੈ, ਪਰ ਤੁਹਾਡੇ ਹੱਥ ਖਾਲੀ ਹਨ। ਮੈਂ ਇਹ ਬੋਝ ਨਹੀਂ ਚੁੱਕ ਸਕਦਾ। ”

ਬਲਦੀਪ ਨੇ ਫੋਨ ਕੱਟ ਦਿੱਤਾ।

ਜਗਸੀਰ ਅਤੇ ਗੁਰਸੀਰ, ਦੁਨੀਆ ਦੇ ਦੋ ਵੱਖ-ਵੱਖ ਕੋਨਿਆਂ ਵਿੱਚ ਬੈਠੇ, ਇੱਕ ਅਜਿਹਾ ਸਾਂਝਾ ਦਰਦ ਹੰਡਾਉਣ ਦੀ ਤਿਆਰੀ ਕਰ ਰਹੇ ਸਨ ਜੋ ਉਹਨਾਂ ਦੇ ਬੈਂਕ ਖ਼ਾਤਿਆਂ ਦੀਆਂ ਸਾਰੀਆਂ ਜ਼ੀਰੋਆਂ ਮਿਲ ਕੇ ਵੀ ਘੱਟ ਨਹੀਂ ਸਨ ਕਰ ਸਕਦੀਆਂ।

*****

ਰੋਜ਼ੀ ਸਿੰਘ

ਫਤਿਹਗੜ੍ਹ ਚੂੜੀਆਂ

9988964633