ਰੱਖੜੀ -ਧਰਮਿੰਦਰ ਸਿੰਘ ਚੱਬਾ

ਰੱਖੜੀ (ਮਿੰਨੀ ਕਹਾਣੀ)

ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਵਿੱਚ ਚਹਿਲ-ਪਹਿਲ ਸੀ। ਮਾਂ ਨੇ ਪੁੱਤ ਗੁਰਿੰਦਰ ਲਈ ਨਵਾਂ ਕੁੜਤਾ ਕੱਢ ਕੇ ਰੱਖ ਦਿੱਤਾ ਸੀ ਤੇ ਧੀ ਸਿਮਰਨ ਨੇ ਭਰਾ ਦੀ ਕਲਾਈ ’ਤੇ ਬੰਨ੍ਹਣ ਲਈ ਬੜੇ ਚਾਅ ਨਾਲ ਰੱਖੜੀ ਖਰੀਦੀ ਸੀ।

ਪਰ ਇਸ ਵਾਰ ਸਿਮਰਨ ਦੇ ਮਨ ਵਿੱਚ ਇੱਕ ਗੱਲ ਚੁੱਭ ਰਹੀ ਸੀ ਕਿ ਕੁੱਝ ਮਹੀਨੇ ਪਹਿਲਾਂ ਦੋਵੇਂ ਭੈਣ ਭਰਾਵਾਂ ਵਿਚਕਾਰ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਮਨਮੁਟਾਵ ਹੋ ਗਿਆ ਸੀ। ਫਿਰ ਦੋਵਾਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਲਗਭਗ ਛੱਡ ਦਿੱਤੀ ਸੀ।

ਰੱਖੜੀ ਵਾਲੇ ਦਿਨ ਸਿਮਰਨ ਚੁੱਪ-ਚਾਪ ਭਰਾ ਦੇ ਸਾਹਮਣੇ ਆ ਬੈਠੀ। ਉਸ ਨੇ ਰੱਖੜੀ ਕੱਢੀ, ਪਰ ਗੁਰਿੰਦਰ ਦੇ ਕਲਾਈ ਅੱਗੇ ਕਰਨ ਤੋਂ ਪਹਿਲਾਂ ਹੀ ਉਸ ਦੀਆਂ ਅੱਖਾਂ ਭਰ ਆਈਆਂ।

‘ਭਰਾ, ਰੱਖੜੀ ਤਾਂ ਬੰਨ੍ਹ ਦਿਆਂ, ਪਰ ਜੇ ਦਿਲਾਂ ਦੀ ਗੰਢ ਨਾ ਖੁੱਲੀ ਤਾਂ ਇਸ ਧਾਗੇ ਦਾ ਕੀ ਫਾਇਦਾ’?

ਗੁਰਿੰਦਰ ਕੁੱਝ ਪਲ ਚੁੱਪ ਰਿਹਾ। ਫਿਰ ਉਸ ਨੇ ਆਪਣੀ ਕਲਾਈ ਅੱਗੇ ਕਰ ਦਿੱਤੀ।

‘ਪਹਿਲਾਂ ਰੱਖੜੀ ਬੰਨ੍ਹ… ਬਾਕੀ ਗੱਲ੍ਹਾਂ ਬਾਅਦ ’ਚ ਕਰਾਂਗੇ’।

ਸਿਮਰਨ ਨੇ ਭਰਾ ਦੇ ਰੱਖੜੀ ਬੰਨ੍ਹ ਦਿੱਤੀ।

ਗੁਰਿੰਦਰ ਨੇ ਜੇਬ ਵਿੱਚੋਂ ਇੱਕ ਨਿੱਕਾ ਜਿਹਾ ਲਿਫਾਫਾ ਕੱਢ ਕੇ ਸਿਮਰਨ ਦੇ ਹੱਥ ਤੇ ਰੱਖ ਦਿੱਤਾ।

ਸਿਮਰਨ ਨੇ ਹੈਰਾਨ ਹੋ ਕੇ ਪੁੱਛਿਆ, ‘ਇਹ ਕੀ ਹੈ’?

‘ਖੋਲ੍ਹ ਕੇ ਵੇਖ ਲੈ’ ਗੁਰਿੰਦਰ ਨੇ ਕਿਹਾ।

ਉਸ ਲਿਫਾਫੇ ਦੇ ਅੰਦਰ ਪੈਸੇ ਨਹੀ ਸਨ। ਇੱਕ ਪੁਰਾਣੀ ਤਸਵੀਰ ਸੀ- ਬਚਪਨ ਦੀ।ਤਸਵੀਰ ਵਿੱਚ ਸਿਮਰਨ ਆਪਣੇ ਭਰਾ ਦੀ ਉਂਗਲ ਫੜ੍ਹ ਕੇ ਖੜ੍ਹੀ ਸੀ।

ਫੋਟੋ ਪਿੱਛੇ ਗੁਰਿੰਦਰ ਨੇ ਇੱਕ ਲਾਈਨ ਲਿਖੀ ਸੀ-

‘ਵੱਡੇ ਹੋ ਕੇ ਅਸੀਂ ਘਰ ਤਾਂ ਬਣਾ ਲਏ, ਪਰ ਬਚਪਨ ਕਿਤੇ ਪਿੱਛੇ ਛੱਡ ਆਏ’।

ਸਿਮਰਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਸ ਨੇ ਆਪਣੇ ਭਰਾ ਨੂੰ ਜੱਫੀ ਪਾ ਲਈ।

ਮਾਂ ਦੂਰ ਖੜ੍ਹੀ ਸਭ ਕੁੱਝ ਵੇਖ ਰਹੀ ਸੀ। ਉਸ ਦੇ ਚਿਹਰੇ ’ਤੇ ਮੁਸਕਾਨ ਸੀ ਤੇ ਅੱਖਾਂ ਨਮ ਸਨ।

ਉਸ ਦਿਨ ਘਰ ਵਿੱਚ ਸਿਰਫ਼ ਇੱਕ ਰੱਖੜੀ ਨਹੀ ਬੱਝੀ ਸੀ ਸਗੋਂ ਦੋ ਦਿਲਾਂ ਵਿਚਕਾਰ ਪਈ ਨਰਾਜ਼ਗੀ ਵੀ ਉਸੇ ਧਾਗੇ ਨਾਲ ਬੱਝ ਕੇ ਟੁੱਟ ਗਈ ਸੀ।

ਰੱਖੜੀ ਸ਼ਾਇਦ ਇੱਕ ਛੋਟਾ ਜਿਹਾ ਧਾਗਾ ਹੈ, ਪਰ ਜਦੋਂ ਇਸ ਵਿੱਚ ਭੈਣ ਦਾ ਪਿਆਰ ਤੇ ਭਰਾ ਦੀ ਮੁਹੱਬਤ ਗੁੰਨੀ ਹੋਵੇ ਤਾਂ ਇਹ ਧਾਗਾ ਸਾਲਾਂ ਦੀ ਦੂਰੀ ਵੀ ਤੋੜ ਦਿੰਦਾ ਹੈ।

 

ਲੇਖਕ- ਧਰਮਿੰਦਰ ਸਿੰਘ ਚੱਬਾ,

ਪਿੰਡ ਤੇ ਡਾਕਖਾਨ ਚੱਬਾ,
ਲਹਿੰਦੀ ਪੱਤੀ, ਤਰਨ ਤਾਰਨ ਰੋਡ, ਅੰਮ੍ਰਿਤਸਰ- 143022